ਲੇਖ » ਸਿੱਖ ਖਬਰਾਂ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਭਾਰਤੀ ਰਾਸ਼ਟਰਪਤੀ ਦੇ ਨਾਂ ਖੁੱਲੀ ਚਿੱਠੀ

October 9, 2015 | By

”ਰਾਸ਼ਟਰਪਤੀ” ਜੀ,
ਸ਼ਹੀਦੀ ਸਫ਼ਰ ‘ਤੇ ਪਏ ਦੋ ਸਿੰਘਾਂ ਦੀ
ਸਤਿ ਸ੍ਰੀ ਅਕਾਲ ਪ੍ਰਵਾਨ ਕਰੋ।
ਸਿਧਾਂਤ ਰੂਪ ਵਿਚ ਇਹ ਸਪਸ਼ਟ ਕਰਨਾ ਬਿਹਤਰ ਰਹੇਗਾ ਕਿ ਸਾਡਾ ‘ਰਾਸ਼ਟਰ’ ਗੁਰੂ ਗੰ੍ਰਥ ਸਾਹਿਬ ਦੀ ਲਿਵ ਵਿਚ ਜੁੜਿਆ ਖਾਲਸਾ ਪੰਥ ਹੈ, ਜਿਸ ਦੇ ਚਰਨਾਂ ਦੀ ਧੂੜ ਨੂੰ ਮੱਥੇ ਉੱਤੇ ਲਾ ਕੇ ਅਸਾਂ ਖਾਲਿਸਤਨ ਦੀ ਮੰਜ਼ਿਲ ਵੱਲ ਪਹਿਲੇ ਕਦਮ ਰੱਖੇ ਸਨ। ਖਾਲਸਾ ਪੰਥ ਦੀ ਸ਼ਕਤੀ ਨੂੰ ਮਿਟਾਉਣ ਦਾ ਯਤਨ ਕਰਨ ਵਾਲੀਆਂ ਤੁਹਾਡੀਆਂ ਫੌਜਾਂ ਦੇ ਜਨਰਲ ਵੈਦਿਆ ਦਾ ਖਾਤਮਾ ਵੀ ਸ਼ਹਾਦਤ ਵੱਲ ਜਾਂਦੇ ਸਾਡੇ ਇਨ੍ਹਾਂ ਬਿਖੜੇ ਪੈਂਡਿਆਂ ਦੌਰਾਨ ਵਾਪਰਿਆ ਇਕ ਅਜਿਹਾ ‘ਸ਼ੁਭ ਕਰਮ’ ਸੀ, ਜਿਸਨੇ ਇਸ ਇਤਿਹਾਸਕ ਸੱਚਾਈ ਨੂੰ ਇਕ ਵਾਰ ਮੁੜ ਸਾਖਿਆਤ ਕੀਤਾ ਹੈ ਕਿ ਖਾਲਸਾ ਪੰਥ ਦੀ ਆਜ਼ਾਦ ਵਾਤਾਵਰਣ ਵਿਚ ਸਾਹ ਲੈਣ ਦੀ ਰੀਝ, ਗ਼ੈਰਤ ਅਤੇ ਅਣਖ ਨੂੰ ਮਲੀਆਮੇਟ ਨਹੀਂ ਕੀਤਾ ਜਾ ਸਕਦਾ।

ਸ਼ਹੀਦੀ ਪਰਵਾਨਿਆਂ ਦੀ ਲਸਾਨੀ ਜੋੜੀ ...

ਸ਼ਹੀਦੀ ਪਰਵਾਨਿਆਂ ਦੀ ਲਸਾਨੀ ਜੋੜੀ …

ਇਥੇ ਅਸੀਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਸ਼ਬਦ ਅਸੀਂ ਤੁਹਾਨੂੰ ਇਕ ਵਿਅਕਤੀ ਦੀ ਹੈਸੀਅਤ ਵਿਚ ਨਹੀਂ ਸਗੋਂ ਸਦਾ ਤੋਂ ਹੀ ਪੰਥ ਵਿਰੋਧੀ ਚਲੀ ਆ ਰਹੀ ਭਾਰਤ ਦੀ ਫਿਰਕਾਪ੍ਰਸਤੀ ਬ੍ਰਾਹਮਣੀ ਸਰਕਾਰ ਦੇ ਮੁਖੀ ਨੂੰ ਲਿਖ ਰਹੇ ਹਾਂ। ਦਿੱਲੀ ਦੇ ਇਸ ਕੂੜ ਦੇ ਤਖ਼ਤ ਉੱਤੇ ਜੋ ਵੀ ਬਿਰਾਜਮਾਨ ਹੈ, ਸੀ ਜਾਂ ਹੋਵੇਗਾ – ਉਹਾ ਸਾਡੇ ਲਈ ਜ਼ੁਲਮ ਤੇ ਜਬਰ ਦਾ ਪ੍ਰਤੀਕ ਹੈ।

ਅਸੀਂ ਇਹ ਵੀ ਨਹੀਂ ਭੁੱਲ ਰਹੇ ਕਿ ਜਿਸ ਵੇਲੇ ਖੁਦਾ ਤੋਂ ਵਰੋਸਾਏ ਮਹਾਨ ਦਰਵੇਸ਼ ਸਾਈਂ ਮੀਆਂ ਮੀਰ ਵੱਲੋਂ ਰੱਖੀ ਨੀਂਹ ਉੱਤੇ ਉਸਰੇ ਸਾਡੇ ਰੱਬ ਦੇ ਘਰ ਉੱਤੇ ”ਪਾਪ ਦੀ ਜੰਝ” ਚੜ੍ਹੀ ਸੀ, ਉਸ ਵੇਲੇ ਤੁਹਾਡੀ ਥਾਂ ਉੱਤੇ ਸਿੱਖੀ ਦੇ ਭੇਸ ਵਿਚ ਇਕ ਕਾਫ਼ਰ ਬੈਠਾ ਹੋਇਆ ਸੀ। ਪੰਥ ਨੇ ਉਸ ਨਾਲ ਵੱਖਰਿਆਂ ‘ਹਿਸਾਬ’ ਕਰਨਾ ਹੈ, ਜਦੋਂ ਕਿ ਸਿੱਖ ਇਤਿਹਾਸ ਉਸ ਨਾਲ ਬਣਦਾ ‘ਨਿਆਂ’ ਕਰੇਗਾ।

ਫਾਂਸੀ ਦਾ ਹੁਕਮ ਖਿੜੇ ਮੱਥੇ ਪਰਵਾਨ ਹੈ:
ਤੁਹਾਡੀ ਫੌਜ ਨੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਉੱਤੇ ਹਮਲਾ ਕਰਕੇ ਇਲਾਹੀ ਸਾਦਗੀ ਵਿਚ ਵਿਚਰ ਰਹੀ ਇਕ ਸੰਤ-ਸਿਪਾਹੀ ਕੌਮ ਦੇ ਚਿਹਰੇ ਦੀਆਂ ਰੌਣਕਾਂ ਲੁੱਟਣ ਦਾ ਯਤਨ ਕੀਤਾ ਸੀ। ਇਕ ਵਾਰ ਤਾਂ ਸਾਨੂੰ ਵੀ ਇੰਝ ਪਰਤੀਤ ਹੋਇਆ ਜਿਵੇਂ ਸਾਡੀ ਕੌਮ ਘੋਰ ਉੁਦਾਸੀਆਂ ਵਿਚ ਡੁੱਬ ਗਈ ਸੀ। ਪਰ ਅਸਾਂ ਆਪਣਾ ਇਤਿਹਾਸਕ ਫਰਜ਼ ਅਦਾ ਕਰਕੇ ਤੁਹਾਨੁੰ ਇਹ ਅਹਿਸਾਸ ਕਰਵਾਇਆ ਹੈ ਕਿ ਸਾਡੇ ਸੁੱਖਾ ਸਿੰਘ, ਮਹਿਤਾਬ ਸਿੰਘ ਅਤੇ ਊਧਮ ਸਿੰਘ ਤੁਹਾਡੇ ਮੀਰ ਮੰਨੂ, ਵਜੀਦੇ, ਲਖਪਤ, ਰਿਬੈਰੋ ਤੇ ਡਾਇਰਾਂ ਦੇ ਕਿਤੇ ਨੇੜੇ ਤੇੜੇ ਪ੍ਰਛਾਂਵਿਆਂ ਵਾਂਗ ਤੁਰ ਫਿਰ ਰਹੇ ਹਨ। ਖਾਲਸਾ-ਦ੍ਰਿਸ਼ਟੀ ਅਨੁਸਾਰ ਅਸਾਂ ਜੋ ਕੁਝ ਵੀ ਕੀਤਾ ਹੈ, ਉਸ ਦੇ ਇਵਜ਼ ਵਿਚ ਅਗੰਮੀ ਬਖ਼ਸ਼ਿਸ਼ ਤੋਂ ਛੇਕੀ ਹੋਈ ਅਤੇ ”ਬਿਪਰ ਸੰਸਕਾਰ” ਦੀ ਮਾਰ ਹੇਠਾਂ ਆਈ ਤੁਹਾਡੀ ਅਦਾਲਤ ਵੱਲੋਂ ਸਾਨੂੰ ਦਿੱਤਾ ਗਿਆ ਫਾਂਸੀ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਹੈ। ਮੌਤ ਦੀ ਤਿੱਖੀ ਧਾਰ ਨੂੰ ਛੂਹ ਕੇ ਅਸੀਂ ਸੰਪੂਰਨ ਹੋਣ ਜਾ ਰਹੇ ਹਾਂ, ਕਿਉਂਕਿ ਸ਼ਹਾਦਤ ਤੋਂ ਬਿਨਾਂ ਜ਼ਿੰਦਗੀ ਦਾ ਸੁਹਾਵਣਾ ਮੇਲਾ ਜੁੜ ਨਹੀਂ ਸਕਦਾ।

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ

ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ

ਬਿਪਰ ਸੰਸਕਾਰ ਤੇ ਗੁਰੂ ਚੇਤਨਾ:
ਸੱਚ ਤਾਂ ਇਹ ਹੈ ਕਿ ਹਿੰਦੂ ਧਰਮ ਦਾ ਬ੍ਰਾਹਮਣੀ ਰੂਪ ਅਕਾਲ ਤਖ਼ਤ ਦੀ ‘ਗਤਿ ਮਿਤ’ ਨੂੰ ਵਿਵਹਾਰਿਕ ਸੋਚਣੀ ਨਾਲ ਮਿਥਦਾ ਹੈ। ਇਹ ਸੋਚਣੀ ਖਾਲਸਾ ਪੰਥ ਦੀ ਇਸ ਮਹਾਨ ਸੰਸਥਾ ਨੂੰ ਖਰਵੇ ਦੁਨਿਆਵੀ ਧਰਾਤਲ ਉੱਤੇ ਰੱਖ ਕੇ ਵੇਖਦੀ, ਸਮਝਦੀ ਅਤੇ ਬਿਆਨ ਕਰਦੀ ਹੈ। ਇਸ ਹਾਲਤ ਵਿਚ ਪੈਦਾ ਹੋਣ ਵਾਲੀ ਦ੍ਰਿਸ਼ਟੀ ਅੰਦਰ ਅਕਾਲ ਤਖ਼ਤ ਇਕ ਸਾਧਾਰਨ ਇਮਾਰਤ ਜਾਂ ਵੱਧ ਤੋਂ ਵੱਧ ਪੂਜਾ ਦਾ ਸਥਾਨ ਬਣ ਜਾਂਦਾ ਹੈ। ਖਾਲਸਾ ਪੰਥ ਨੂੰ ਇਹ ਸਥਿਤੀ ਪ੍ਰਵਾਨ ਨਹੀਂ ਕਿਉਂਕਿ ਖਾਲਸਾ ਤੇਜ ਦੀ ਪੂਜਾ ਨਹੀਂ ਕਰਦਾ ਸਗੋਂ ਤੇਜ ਨੂੰ ਧਾਰਨ ਕਰਕੇ ਇਤਿਹਾਸ ਵਿਚ ਉਤਰਦਾ ਹੈ। ਅਕਾਲ ਤਖ਼ਤ ਦੇ ਸੱਚ ਨੇ ਸਾਨੂੰ ਇਹ ਸਝਮਾਇਆ ਹੈ ਕਿ ਖਾਲਸਾ ਜੀ ਨੇ ਸ਼ਸਤਰ ਧਾਰਨ ਕਰਕੇ ਮੀਰ ਦੀ ਮੀਰੀ ਖੋਹ ਲੈਣੀ ਹੈ ਅਤੇ ਸ਼ਬਦ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ। ਇਸ ਸਿਧਾਂਤ ਨੇ ਮੀਰੀ ਤੇ ਪੀਰੀ ਦੇ ਖੇਤਰ ਵਿਚ ਕੇਂਦਰੀਕਰਣ ਦੀਆਂ ਤਾਕਤਾਂ ਨੂੰ ਖਤਮ ਕਰਕੇ ‘ਹੰਨੇ ਹੰਨੇ ਪੀਰੀ’ ਦੇ ਸਿਧਾਂਤ ਨੂੰ ਸਥਾਪਤ ਕਰਨਾ ਹੈ।

ਪਰ ਬਿਪਰ ਧਾਰਾ ਲਈ ਇਹ ਸਿਧਾਂਤ ਬੇਹੱਦ ਖਤਰਨਾਕ ਸੀ ਕਿਉਂਕਿ ਇਸ ਨਾਲ ਲੋਕ ਜਾਗਰੂਕ ਹੀ ਨਹੀਂ ਸਨ ਹੁੰਦੇ ਸਗੋਂ ਬਿਪਰ ਧਾਰਾ ਦੇ ਕੁਫਰ ਨੂੰ ਤੋੜ ਕੇ ਅਕਾਲ ਤਖ਼ਤ ਦੀ ਛਾਂ ਹੇਠ ਹਥਿਆਰਬੰਦ ਘੋਲ ਲਈ ਸੰਘਰਸ਼ ਲਾਮਬੰਦ ਕਰ ਰਹੇ ਸਨ। ਕੇਂਦਰੀਕਰਣ ਦੇ ਸਵਾਮੀ ਤੁਰੰਤ ਹਰਕਤ ਵਿਚ ਆਏ ਅਤੇ ਉਨ੍ਹਾਂ ਨੇ ਮੀਰੀ ਦੇ ਖੇਤਰ ਵਿਚ ‘ਦੇਸ਼ ਦੀ ਏਕਤਾ ਅਤੇ ਅਖੰਡਤਾ’ ਨੂੰ ਗੰਭੀਰ ਖਤਰੇ ਦੀ ਦੁਹਾਈ ਅਤੇ ਪੀਰੀ ਦੇ ਖੇਤਰ ਵਿਚ ”ਦੇਹਧਾਰੀ ਗੁਰੂਆਂ ਦੇ ਬੋਲ ਬਾਲੇ” ਨੂੰ ਉਤਸ਼ਾਹਿਤ ਕੀਤਾ।

ਬਿਪਰ ਸੰਸਕਾਰ ਨੇ ਉਂਜ ਤਾਂ ਗੁਰੂ-ਚੇਤਨਾ ਉੱਤੇ ਇਸ ਦੇ ਜਨਮ ਤੋਂ ਹੀ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਪਰ 15 ਅਗਸਤ 1947 ਨੂੰ ”ਸੰਸਾਰੀ ਬਾਦਸ਼ਾਹੀ” ਸਾਂਭਣ ਪਿਛੋਂ ਇਸ ਦੇ ਵਾਰ ਵਧੇਰੇ ਘ੍ਰਿਣਤ ਸ਼ਕਲ ਅਖ਼ਤਿਆਰ ਕਰ ਗਏ। ਤੁਹਾਡੀ ਪਾਰਲੀਮੈਂਟ, ਤੁਹਾਡੀਆਂ ਅਦਾਲਤਾਂ, ਵਿਦਿਅਕ ਸੰਸਥਾਵਾਂ ਅਤੇ ਸੰਚਾਰ ਮਾਧਿਅਮ ਨੇ ਪਿਛਲੇ ਕੁਝ ਦਹਾਕਿਆਂ ਵਿਚ ਖਾਲਸਾ-ਚੇਤਨਾ ਅੰਦਰ ਆਪਣੀ ਸਰੀਰਕ ਬਹੁਗਿਣਤੀ ਅਤੇ ਸੰਸਾਰੀ ਮਾਲਕੀ ਦਾ ਰੋਅਬ ਜਮਾਉਣ ਦੀ ਕੋਸ਼ਿਸ਼ ਕੀਤੀ ਹੈ।

ਸਾਨੂੰ ਇਹ ਕਹਿਣ ਵਿਚ ਝਿਜਕ ਨਹੀਂ ਹੈ ਕਿ ਖਾਲਸਾ ਪੰਥ ਦੀਆਂ ਮਹਾਨ ਸੰਸਥਾਵਾਂ, ਰਵਾਇਤਾਂ, ਇਸਦੀ ਮੌਲਿਕਤਾ ਅਤੇ ਨਿਆਰੀ ਸੁਤੰਤਰਤਾ ਨੂੰ ਤਬਾਹ ਕਰਨ ਲਈ ਹਰ ਪੱਧਰ ਉੱਤੇ ਅਤੇ ਵਿਸ਼ੇਸ਼ ਕਰਕੇ ਮਨੋਵਿਗਿਆਨਕ ਪੱਧਰ ਉੱਤੇ ਸਾਜਿਸ਼ਾਂ ਦੇ ਬਰੀਕ ਸਮਾਨ ਤਿਆਰ ਕੀਤੇ ਗਏ। ਲੱਖਾਂ ਲਸ਼ਕਰ ਭੇਜ ਕੇ ਅਕਾਲ ਤਖ਼ਤ ਦੀ ਪਾਵਨ ਇਮਾਰਤ ਨੂੰ ਨਸ਼ਟ ਕਰਨਾ ਇਸੇ ਹੀ ਸਾਜਿਸ਼ ਦਾ ਇੱਕ ਹਿੱਸਾ ਸੀ। ਬਿਨ੍ਹਾ ਸ਼ੱਕ ਇਹ ਸਾਡੀ ਹਸਤੀ ਨੂੰ ਮਿਟਾਉਣ ਦੀ ਇਕ ਸਾਜਿਸ਼ ਸੀ।

ਅਜਿਹੀ ਹਾਲਤ ਵਿਚ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਇਸ ਸਾਜਿਸ਼ ਵਿਚ ਸ਼ਰੀਕ ਅਤੇ ਇਸ ਨੂੰ ਯੋਜਨਾਬੱਧ ਢੰਗ ਨਾਲ ਸਿਰੇ ਚਾੜ੍ਹਨ ਵਾਲੇ ਫੌਜ ਦੇ ਜਨਰਲ ਵੈਦਿਆ ਦਾ ਖਾਤਮਾ ਕਿੰਨਾ ਵਾਜਿਬ ਸੀ। ਇਹ ਇਤਿਹਾਸਕ ਤੇ ਪਵਿੱਤਰ ਕਾਰਜ ਪੂਰਾ ਕਰਕੇ ਅਸਾਂ ਆਪਣੀ ਜ਼ਮੀਰ ‘ਤੇ ਪਿਆ ਬੋਝ ਲਾਹ ਦਿੱਤਾ ਅਤੇ ਗਵਾਹੀ ਦਿੱਤੀ ਹੈ ਕਿ ਖਾਲਸਾ ਪੰਥ ਦਾ ਅਸਲ ਰੂਪ ਬਿਪਰ ਸੰਸਕਾਰ ਤੋਂ ਸਰਬ ਯੁੱਗਾਂ ਵਿਚ ਆਜ਼ਾਦ ਹੈ। ਅਸਾਂ ਖਾਲਸਾ ਪੰਥ ਨੂੰ ”ਬਿਪਰਨ ਕੀ ਰੀਤ” ਤੋਂ ਖਬਰਦਾਰ ਕਰਕੇ ਦਸ਼ਮੇਸ਼ ਪਿਤਾ ਦੀ ਪਰਤੀਤ ਹਾਸਲ ਕਰ ਲਈ ਹੈ।

ਜਦੋਂ ਕੌਮਾਂ ਕਰਵਟ ਲੈਂਦੀਆਂ ਹਨ:
ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗ ਜਾਂਦਾ ਹੈ। ਇਸੇ ਥਰਥਰਾਹਟ ਦੌਰਾਨ ਕੋਈ ਬੰਦਾ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਆਖ ਸਿਤਮਾਂ ਦੀ ਨਗਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ, ਕੋਈ ਚੇ ਗੁਵੇਰਾ 1 ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਬੋਲੀਵੀਆ ਦੇ ਜੰਗਲਾਂ ਵਿਚ ਦੁਸ਼ਮਣ ਵਿਰੁੱਧ ਮੋਰਚਾਬੰਦੀ ਕਰਦਾ ਹੈ ਅਤੇ ਕੋਈ ਨੈਲਸਨ ਮੰਡੇਲਾ ਨਸਲਵਾਦੀ ਦੁਸ਼ਮਣ ਦਾ ਦੀਨ ਕਬੂਲਣ ਤੋਂ ਨਾਂਹ ਕਰਕੇ ਆਪਣੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਵਧੇਰੇ ਬਿਹਤਰ ਸਮਝਦਾ ਹੈ।

æææ ਤੇ ਸਾਨੂੰ ਤਾਂ ”ਮਰਦ ਅਗੰਮੜੇ” ਦੇ ਵਰੋਸਾਏ ਪੰਥ ਦੇ ਅਦੁੱਤੀ ਜਰਨੈਲ ਸੰਤ ਜਰਨੈਲ ਸਿੰਘ ਦੀ ਪਿਆਰ ਭਰੀ ਛੁਹ ਅਤੇ ਸਾਥ ਮਾਨਣ ਦਾ ਸਦਾ ਸਬੱਬ ਹਾਸਲ ਰਿਹਾ ਹੈ। ਅਸੀਂ ਖੰਡੇ ਦੀ ਧਾਰ ਉੱਤੇ ਤੁਰਨ ਵਾਲੇ ਸਿੱਖ ਕੌਮ ਦੇ ਅਨਮੋਲ ਤੇ ਅਣਗਿਣਤ ਹੀਰਿਆਂ ਦੇ ਪੈਰਾਂ ਦੀ ਧੂੜ ਦਾ ਇਕ ਕਿਣਕਾ ਮਾਤਰ ਹਾਂ। ਕੌਮ ਦੇ ਲੇਖੇ ਜਿੰਦ ਲਾਉਣ ਦਾ ਸੁਭਾਗ ਵਿਰਲਿਆਂ ਵਿਚੋਂ ਕਿਸੇ ਵਿਰਲੇ ਨੂੰ ਨਸੀਬ ਹੁੰਦਾ ਹੈ।

ਸਾਡੇ ਉੱਤੇ ਇਹ ਦੋਸ਼ ਲਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੋਵੇਗਾ ਕਿ ਅਸੀਂ ਇਕ ਨਿਹੱਥੇ ਵਿਅਕਤੀ ਉੱਤੇ ਹਮਲਾ ਕਰਕੇ ਸੂਰਮਗਤੀ ਦਾ ਕੰਮ ਨਹੀਂ ਕੀਤਾ। ਅਸੀਂ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੇਪਨਾਹ ਵਸੀਲਿਆਂ ਦੀ ਨਜਾਇਜ਼ ਵਰਤੋਂ ਕਰਕੇ ਸਾਨੂੰ ਹਰ ਖੇਤਰ ਵਿਚ ਜ਼ਲੀਲ ਕਰਨ ਦਾ ਯਤਨ ਕੀਤਾ ਹੈ। ਅਸੀਂ ਤਾਂ ਹਰ ਖੇਤਰ ਵਿਚ ਨਿਹੱਥੇ ਕਰ ਦਿੱਤੇ ਗਏ ਹਾਂ। ਤੁਸੀਂ ਆਪਣੀ ਅੰਨੀ ਫੌਜੀ ਸ਼ਕਤੀ ਅਤੇ ਆਧੁਲਿਕ ਜ਼ਮਾਨੇ ਦੇ ਵਧੀਆ ਤੋਂ ਵਧੀਆ ਹਥਿਆਰਾਂ ਨਾਲ ਲੈਸ ਹੋ। ਇਸ ਲਈ ਅਸੀਂ ਖੁੱਲ੍ਹੇ ਮੈਦਨ ਦੇ ਵਿਚ ਲੜਨ ਦੇ ਯੋਗ ਨਹੀਂ ਰਹਿਣ ਦਿੱਤੇ ਗਏ। ਮੌਜੂਦਾ ਹਾਲਤ ਵਿਚ ਸਾਡੇ ਕੋਲ ਇਸ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਰਹਿ ਗਿਆ ਕਿ ਅਸੀਂ ਜ਼ਾਲਮਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਵਾਉਣ ਲਈ ਇਹੋ ਜਿਹੇ ਢੰਗ ਤਰੀਕੇ ਅਖ਼ਤਿਆਰ ਕਰੀਏ ਜਿਨ੍ਹਾਂ ਵਿਚੋਂ ਇਕ ਜਨਰਲ ਵੈਦਿਆ ਉੱਤੇ ਲਾਗੂ ਕੀਤਾ ਗਿਆ ਹੈ।

ਜਦੋਂ ਤੁਸੀਂ ਸਾਡੀ ਕੌਮ ਵਿਰੁੱਧ ਇਕ ਅਣਐਲਾਨੀ ਜੰਗ ਹੀ ਛੇੜ ਰੱਖੀ ਹੋਵੇ ਤਾਂ ਇਸ ਹਾਲਤ ਵਿਚ ਲੁੱਕ ਛਿੱਪ ਕੇ ਝਪਟਣਾ ਸਾਡਾ ਸ਼ੌਂਕ ਨਹੀਂ ਸਗੋਂ ਇਤਿਹਾਸਕ ਮਜਬੂਰੀ ਹੈ। ਤੁਹਾਨੂੰ ਇਤਿਹਾਸ ਦੀ ਇਹ ਹਕੀਕਤ ਭੁੱਲਣੀ ਨਹੀਂ ਚਾਹੀਦੀ ਕਿ 18ਵੀਂ ਸਦੀ ਵਿਚ ਜਦੋਂ ਅਬਦਾਲੀ ਤੇ ਨਾਦਰਸ਼ਾਹ ਵਰਗੇ ਧਾੜਵੀ ਤੁਹਾਡੀਆਂ ਬਹੂ ਬੇਟੀਆਂ ਨੂੰ ਪਸ਼ੂਆਂ ਵਾਂਗ ਨੂੜ ਕੇ ਕਾਬਲ ਵੱਲ ਲਿਜਾ ਰਹੇ ਹੁੰਦੇ ਸਨ ਤਾਂ ਸਾਡੇ ਸਿਦਕੀ ਸਿੰਘ ਉਨ੍ਹਾਂ ਨੂੰ ਮੁਕਤ ਕਰਾਉਣ ਲਈ ਜੰਗਲਾਂ, ਬੇਲਿਆਂ ਅਤੇ ਰਕੜਾਂ ਵਿਚੋਂ ਨਿਕਲ ਕੇ ਦੁਸ਼ਮਣ ਉੱਤੇ ਕਰਾਰੇ ਵਾਰ ਕਰਦੇ ਕਿ ਦੁਸ਼ਮਣ ਸਾਡੇ ਹੌਂਸਲੇ ਤੋਂ ਭੈਅਭੀਤ ਤੇ ਹੈਰਾਨ ਹੋ ਜਾਂਦਾ। ਸਾਡਾ ਮਾਨਵਵਾਦ ਤਾਂ ਏਨਾ ਵਿਸ਼ਾਲ ਹੈ ਕਿ ਸਾਡੇ ਕਲਾਵਿਆਂ ਵਿਚ ਸਮੁੱਚੀ ਧੜਕਦੀ ਜ਼ਿੰਦਗੀ ਹੀ ਸਮਾ ਸਕਦੀ ਹੈ।

Shaheed Bhai Sukhdev Singh Ji Sukha and Shaheed Bhai Harjinder Singh Ji Jinda

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ

ਖਾਲਸਈ ਸ਼ਮਸ਼ੀਰਾਂ ਦੇ ਜੌਹਰ:
ਉਂਝ ਪਿਛਲੇ ਦਹਾਕੇ ਵਿਚ ਸਾਡੇ ਸਿੰਘਾਂ ਤੇ ਤੁਹਾਡੇ ਲਸ਼ਕਰਾਂ ਵਿਚ ‘ਅਸਲ ਮੁਕਾਬਲੇ’ ਬਹੁਤ ਘੱਟ ਹੋਏ ਹਨ। ਪਰ ਜਿਥੇ ਕਿਤੇ ਹੋਏ ਹਨ, ਉਥੇ ਸਾਡੀ ਸੂਰਮਗਤੀ ਦਾ ਜਾਹੋਜਲਾਲ ਤੁਹਾਡੀਆਂ ਖੁਫੀਆ ਫਾਈਲਾਂ ਵਿਚ ਸਾਂਭਿਆ ਪਿਆ ਹੋਵੇਗਾ ਅਤੇ ਜਿਸ ਦਾ ਅੱਧ ਪਚੱਧਾ ਸੱਚ ਕਦੇ ਕਦਾਈਂ ਤੁਹਾਡੀਆਂ ਆਪਣੀਆਂ ਅਖ਼ਬਾਰਾਂ ਵਿਚ ਵੀ ਆਉਂਦਾ ਰਹਿੰਦਾ ਹੈ। ਸਾਡਾ ਖਾਲਸਾਈ ਜੋਸ਼ ਸਾਡੇ ਰੂਹਾਨੀ ਤਜਰਬੇ ਦਾ ਇਕ ਅੰਗ ਹੈ। ਅਜਿਹੇ ਸਮੇਂ ਰੂਹਾਨੀਅਤ ਸਾਡੀਆਂ ਸ਼ਮਸ਼ੀਰਾਂ ਦੀ ਚਮਕ ਵਿਚ ਹੁੰਦੀ ਹੈ।
ਬ੍ਰਾਹਮਣਵਾਦ ਦੇ ਪ੍ਰਤੀਨਿਧ ਹੇ ‘ਰਾਸ਼ਟਰਪਤੀ’ ! ਅਹਿਮਦ ਸ਼ਾਹ ਅਬਦਾਲੀ ਦੇ ਸੱਤਵੇਂ ਹਮਲੇ (1764 ਈਸਵੀਂ) ਸਮੇਂ ਸਿੰਘਾਂ ਦੀ ਸੂਰਮਗਤੀ ਦੇ ਚਸ਼ਮਦੀਦ ਗਵਾਹ ਕਾਜ਼ੀ ਨੂਰ ਮੁਹੰਮਦ ਦੀ ਇਹ ਗਵਾਹੀ ਸੁਣ; ”ਇਉਂ ਸਮਝ ਕਿ ਬੰਦੂਕ ਕਿਸੇ ਪਿਛਲੇ ਸਮੇਂ ਵਿਚ ਇਨ੍ਹਾਂ ਸਿੰਘਾਂ ਨੇ ਹੀ ਬਣਾਈ ਹੋਵੇਗੀ, ਲੁਕਮਾਨ ਨੇ ਨਹੀਂ ਬਣਾਈ ਹੋਣੀ। ਭਾਵੇਂ ਬੰਦੂਕਾਂ ਤਾਂ ਹਰ ਕਿਸੇ ਪਾਸ ਬਥੇਰੀਆਂ ਹਨ ਪਰ ਸਿੰਘਾਂ ਨਾਲੋਂ ਵੱਧ ਕੇ ਇਨ੍ਹਾਂ ਬੰਦੂਕਾਂ ਨੂੰ ਜਾਨਣ ਵਾਲਾ ਸੰਸਾਰ ਵਿਚ ਕੋਈ ਨਹੀਂ ਹੈ. ਮੇਰੀ ਗੱਲ ਦੇ ਗਵਾਹ 30 ਹਜ਼ਾਰ ਉਹ ਸੂਰਮੇ ਹਨ ਜਿਹੜੇ ਲੜਾਈ ਵਿਚ ਇਨ੍ਹਾਂ ਨਾਲ ਲੜ ਚੁੱਕੇ ਹਨ।”

ਅਸਾਂ ਨਿਹੱਥੇ ‘ਤੇ ਵਾਰ ਨਹੀਂ ਕੀਤਾ:

ਫਿਰ ਵੀ ਵੈਦਿਆ ਉੱਤੇ ਜਦੋਂ ਅਸਾਂ ਹਮਲਾ ਕੀਤਾ, ਉਸ ਸਮਂ ਅੰਗ ਰਖਿਅਕ ਉਸ ਦੇ ਨਾਲ ਸੀ ਅਤੇ ਉਹ ਖੁਦ ਵੀ ਹਥਿਆਰਾਂ ਨਾਲ ਲੈਸ ਸੀ। ਵੈਦਿਆ ਉੱਤੇ ਹਮਲਾ ਸਾਡੀ ਉਸੇ ਰਣਨੀਤੀ ਦਾ ਹਿੱਸਾ ਸੀ ਜੋ ਕਦੇ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਾਗੂ ਕੀਤੀ ਸੀ ਅਤੇ ਅੱਜ ਵੀ ਦੁਨੀਆਂ ਭਰ ਦੇ ਇਨਕਾਲਬੀ ਇਸ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦੇ ਹਨ।

ਅਸੀਂ ਤੁਹਾਡੇ ਰਾਹੀਂ ਇਹ ਪੈਗ਼ਾਮ ਵੀ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੁਸਤਾਨ ਦੇ ਮਹਾਨ ਲੋਕਾਂ, ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ। ਉਨ੍ਹਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸਂ ਨੇੜੇ ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ-ਅਸਮਾਨ ਨੂੰ ਆਪਣੀ ਗਲਵੱਕੜੀ ਵਿਚ ਲੈਣ ਲਈ ਬਿਹਬਲ ਹਾਂ ਅਤੇ ਸਮੁੱਚੇ ਬ੍ਰਹਮੰਡ ਤੇ ਇਸ ਵਿਚ ਵਸਦੀ ਰੱਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ।

ਮਜਲੂਮ ਵਰਗ ਤੇ ਖਾਲਸਾ:
ਹਿੰਦੁਸਤਾਨ ਵਿਚ ਦੱਬੇ ਕੁੱਚਲੇ ਲੋਕਾਂ, ਸਦੀਆਂ ਤੋਂ ਬ੍ਰਾਹਮਣਵਾਦ ਦੀ ਚੱਕੀ ਵਿਚ ਪਿਸ ਰਹੇ ਕਰੋੜਾਂ ਦਲਿਤ ਭਰਾਵਾਂ, ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਵਾਲੇ ਕਿਰਤੀਆਂ, ਮੁਸਲਮਾਨਾਂ ਤੇ ਹੋਰ ਸਭ ਘੱਟ ਗਿਣਤੀਆਂ, ਨਿਓਟਿਆਂ ਅਤੇ ਨਿਆਸਰਿਆਂ ਨਾਲ ਸਾਡੀਆਂ ਅੰਤਾਂ ਦੀਆਂ ਪਿਆਰ ਭਰੀਆਂ ‘ਖਾਲਸਾਈ ਸਾਂਝਾਂ’ ਹਨ। ਉਹ ਸਾਡੇ ਹੀ ਹੱਡ ਮਾਸ ਤੇ ਸਾਡੇ ਹੀ ਲਹੂ ਦਾ ਹਿੱਸਾ ਹਨ। ਨੀਲੇ ਘੋੜੇ ਦੇ ਸਾਡੇ ਸ਼ਾਹ ਸਵਾਰ ਨੇ ਤਾਂ ਉਨ੍ਹਾਂ ਨੂੰ ਚਿਰੋਕਣਾ ਹੀ ਪਛਾਣ ਲਿਆ ਸੀ। ਜਿੰਨਾ ਨੂੰ ਘਮੰਡੀ ਬ੍ਰਾਹਮਣ ਨੀਚ, ਚੂਹੜੇ, ਚਮਿਆਰ, ਕੱਮੀ ਕਮੀਨ ਅਤੇ ਪਤਾ ਨਹੀਂ ਹੋਰ ਕਿੰਨੇ ਗਲੀਚ ਸ਼ਬਦਾਂ ਨਾਲ ਆਵਾਜ਼ ਮਾਰਦਾ ਸੀ, ਉਹ ਸਾਰੇ ਸਾਡੇ ਦਸਮੇਸ਼ ਪਿਤਾ ਦੇ ਨਾਦੀ ਪੁੱਤਰ ਬਣੇ। ਖਾਲਸੇ ਦੀਆਂ ਫੌਜਾਂ ਵਿਚ ਉਹ ਜਰਨੈਲ ਬਣੇ ਅਤੇ ਤਖ਼ਤਾਂ ਤੇ ਤਾਜਾਂ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ।

ਸ਼ਹੀਦ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ

ਸ਼ਹੀਦ ਸੁਖਦੇਵ ਸਿੰਘ ਸੁੱਖਾ ਅਤੇ ਹਰਜਿੰਦਰ ਸਿੰਘ ਜਿੰਦਾ

ਅਸੀਂ ਸੁਪਨਿਆਂ ਦੀ ਦੁਨੀਆਂ ਵਿਚ ਉਡਾਰੀਆਂ ਨਹੀਂ ਮਾਰ ਰਹੇ, ਸਗੋਂ ਤਵਾਰੀਖ਼ ਵਿਚ ਖਲ੍ਹੋ ਕੇ ਇਹ ਐਲਾਨ ਕਰ ਰਹੇ ਹਾਂ ਕਿ ਸਾਡੇ ਗੁਰੂਆਂ ਨੇ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਇਸ਼ਕ ਨਾਲ ਰੱਤੀਆਂ ਮਹਾਨ ਰੱਬੀ ਰੂਹਾਂ ਦੀ ਬਾਣੀ ਨੂੰ ਪਿਆਰ ਕੀਤਾ, ਪਲਕਾਂ ਉੱਤੇ ਬਿਠਾਇਆ ਅਤੇ ਫਿਰ ਗੁਰੂ ਗੰ੍ਰਥ ਸਾਹਿਬ ਵਿਚ ਆਪਣੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਨਿਵਾਜਿਆ। ਦਲਿਤਾਂ ਦੀ ਰੂਹ ਅਤੇ ਉਨਾਂ ਦੀ ਅੰਤਰੀਵ ਪੀੜ ਸਾਡੇ ਹੀ ਕਿਸੇ ਦਰਦ ਦਾ ਹਿੱਸਾ ਹੈ। ਅਸੀਂ ਤਾਂ ਉਨ੍ਹਾਂ ਦੀ ਹੋਂਦ ਦੇ ਨਿੱਘ ਨੂੰ ਮਾਣ ਰਹੇ ਹਾਂ। ਪਰ ਬ੍ਰਾਹਮਣ ਦੇ ਕੁਫ਼ਰ ਦਾ ਜਾਲ ਏਨਾ ਵੱਡਾ ਹੈ ਕਿ ਅਜੇ ਸਾਡੇ ਇਨ੍ਹਾਂ ਭਰਾਵਾਂ ਨੁੰ ਸਾਡੀ ਲੜਾਈ ਦੀ ਪੂਰੀ ਸਮਝ ਨਹੀਂ ਲੱਗ ਰਹੀ। ਜਦੋਂ ਉਹ ਖਾਲਸੇ ਦੀ ਗਲਵੱਕੜੀ ਵਿਚ ਆ ਜਾਣਗੇ ਤਾਂ ਸੰਸਾਰੀ ਬਾਦਸ਼ਾਹੀਆਂ ਦੇ ਮਹਾਨ ਰੁਤਬੇ ਇਕ ਵਾਰ ਮੁੜ ਉਨ੍ਹਾਂ ਅੱਗੇ ਸੱਜਦਾ ਕਰਨਗੇ। ਸਾਨੂੰ ਉਸ ਸਮੇਂ ਦੀ, ਉਸ ਸੁਲੱਖਣੀ ਘੜੀ ਦੀ ਉਡੀਕ ਹੈ।

ਇਹ ਗੁਰੂ ਗੰ੍ਰਥ ਸਾਹਿਬ ਹੀ ਹੈ, ਜਿਸ ਅੱਗੇ ਅਸੀਂ ਸਰਬੱਤ ਦੇ ਭਲੇ ਦੀ ਦੁਆ ਮੰਗਦੇ ਹਾਂ। ਜਦੋਂ ਸਾਨੂੰ ਇਸ ਪਾਕਿ ਗੰ੍ਰਥ ਤੋਂ ਆਤਮ ਵਿਸ਼ਵਾਸ ਮਿਲਦਾ ਹੈ ਤਾਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਵੱਢ ਲਿਆਉਂਦੇ ਹਨ। ਇਥੋਂ ਹੀ ਪ੍ਰੇਰਨਾ ਲੈ ਕੇ ਅਸੀਂ ਤੁਹਾਡੇ ਕੂੜ ਕੁਸਤ ਦੇ ਸਾਹਮਣੇ ਸ਼ਮੂਲੀਅਤ ਨਾਲ ਹਿੱਕ ਡਾਹ ਕੇ ਖੜ੍ਹੇ ਹਾਂ ਅਤੇ ਅਖੀਰਲੇ ਸਵਾਸ ਤੱਕ ਇਕ ਸੁਤੰਤਰ ਤੇ ਖੁਦਮੁਖ਼ਤਾਰ ਮੁਲਕ ‘ਖਾਲਿਸਤਾਨ’ ਲਈ ਲੜਨ ਤੇ ਜੂਝਣ ਦਾ ਪ੍ਰਣ ਕਰਦੇ ਹਾਂ। ਤੁਸੀਂ ਬਦੀ ਦੇ ਪ੍ਰਤੀਕ ਬਣ ਗਏ ਹੋ ਅਤੇ ਤੁਹਾਡੇ ਪੈਰੋਕਾਰਾਂ ਵੱਲੋਂ ਜਿਹੜੇ ਵੀ ਤਸੀਹੇ ਦਿੱਤੇ ਜਾ ਰਹੇ ਹਨ, ਉਹ ਖਿੜੇ ਮੱਥੇ ਝੱਲ ਰਹੇ ਹਾਂ।

ਸਾਡੇ ਬੇਅੰਤ ਤੇ ਸਤਵੰਤ ਨੂੰ ਵੀ ਗੁਰੂ ਗੰ੍ਰਥ ਸਾਹਿਬ ਦੇ ਪ੍ਰਕਾਸ਼ ਦੀ ਇਕ ਝਲਕ ਨੇ ਕਿਸੇ ਮਹਾਨ ਕਾਰਨਾਮੇ ਲਈ ਤੋਰਿਆ ਸੀ ਅਤੇ ਫਿਰ ਉਸੇ ਅਗੰਮੀ ਪ੍ਰਕਾਸ਼ ਦੀ ਇਕ ਕਿਰਨ ਸਾਨੂੰ ਵੀ ਨਸੀਬ ਹੋਈ ਸੀ ਕਿ ਅਸਾਂ ਜਨਰਲ ਵੈਦਿਆ ਨੂੰ ਜਾ ਪੂਨੇ ਢਾਹਿਆ।

ਅਸੀਂ ਰਹਿਮ ਦੀ ਖੈਰ ਨਹੀਂ ਮੰਗਦੇ:
ਸਾਡੇ ਇਹ ਪੱਤਰ ਨੂੰ ਭੁੱਲ ਕੇ ਵੀ ਕਿਤੇ ਅਪੀਲ ਨਾ ਸਮਝ ਲੈਣਾ। ਅਸੀਂ ਜਨਰਲ ਵੈਦਿਆ ਨੂੰ ਮਾਰਨ ਪਿਛੋਂ ਆਪਣੇ ਕੀਤੇ ਉਤੇ ਅਫ਼ਸੋਸ ਜਾਹਰ ਕਰਕੇ ਤੁਹਾਡੇ ਕੋਲੋਂ ਰਹਿਮ ਦੀ ਖੈਰ ਨਹੀਂ ਮੰਗ ਰਹੇ। ਸਾਨੂੰ ਰਤਾ ਵੀ ਪਛਤਾਵਾ ਨਹੀਂ, ਸਗੋਂ ਸੀਨਾ ਤਾਣ ਕੇ ਵਡਿਆਈ ਦਾ ਸਬੂਤ ਦੇ ਰਹੇ ਹਾਂ। ਅਸੀਂ ਇਹ ਇਤਿਹਾਸਕ ਕਾਰਨਾਮਾ ਕਰਕੇ ਬੁਲਬੁਲ ਦੇ ਗੀਤ ਵਾਂਗ ਹੌਲੇ ਫੁੱਲ ਹਾਂ ਅਤੇ ਸਾਡੇ ਚਿਹਰਿਆਂ ਉੱਤੇ ਕਿਸੇ ਸੱਜਰੀ ਸਵੇਰ ਵਰਗੀ ਤਾਜ਼ਗੀ ਅਤੇ ਚਮਕ ਹੈ।

ਅਸਂੀਂ ਉਸ ਸਿੰਘਾਸਨ ਉੱਤੇ ਬਿਰਾਜਮਾਨ ਹਾਂ ਜਿਥੇ ਸਾਨੂੰ ਜ਼ਿੰਦਗੀ ਦੀਆਂ ਅਸੀਮ ਸੰਭਾਵਨਾਵਾਂ ਦਾ ਦੀਦਾਰ ਕਰਨ ਦਾ ਇਕ ਸੁਭਾਗ ਮੌਕਾ ਮਿਲਿਆ ਹੈ। ਸਾਨੂੰ ਸ਼ਹਾਦਤ ਦੇ ਹੁਸੀਨ ਤੇ ਗੁੱੱਝੇ ਭੇਤ ਪਤਾ ਲੱਗ ਰਹੇ ਹਨ। ਸਾਡੇ ਗੁਰੂ ਤਾਂ ਸਾਡੇ ਪਹਿਲਾਂ ਹੀ ਅੰਗ ਸੰਗ ਹਨ, ਸਗੋਂ ਅਸੀਂ ਦੁਨੀਆਂ ਭਰ ਦੇ ਸ਼ਹੀਦਾਂ ਨੂੰ ਆਪਣੇ ਕੋਲ ਕੋਲ ਖਲੋਤਾ ਮਹਿਸੂਸ ਕਰ ਰਹੇ ਹਾਂ। ਇਹ ਰੂਹਾਂ ਸਾਡੀਆਂ ਭੌਂਦੀਆਂ ਅੱਖਾਂ ਦੀ ਜੋਤ ਦੀ ਬੋਲੀ ਨੂੰ ਪੜ੍ਹ ਕੇ ਸਮਝ ਰਹੀਆਂ ਹਨ। ਮਹਾਨ ਐਮਰਸਨ2 ਨੇ ਕਿੰਨਾ ਪਿਆਰਾ ਲਿਖਿਆ ਹੈ ਕਿ ”ਮਨੁੱਖ ਦੀ ਨੇਕੀ ਨੂੰ ਹਰ ਸਮੇਂ ਆਪਣੇ ਸ਼ਹੀਦਾਂ ਤੇ ਸੂਰਬੀਰਾਂ ਦੀ ਲੋੜ ਹੁੰਦੀ ਹੈ। ਇਸੇ ਲਈ ਤਸੀਹਿਆਂ ਦਾ ਮੁਕੱਦਮਾ ਹਰ ਵੇਲੇ ਚਲਦਾ ਰਹਿੰਦਾ ਹੈ।” ਸਾਡੀ ਸ਼ਹਾਦਤ ਵਿਚ ਸੁਕਰਾਤ ਵਰਗੀ ਚੁੱਪ ਹੈ ਅਤੇ ਮਨਸੂਰ ਵਰਗਾ ਇਲਾਹੀ ਜਨੂੰਨ। ਅਸੀਂ ਉਸ ਮੁਕਾਮ ਉੱਤੇ ਹਾਂ ਜਿਥੇ ਸਮਾਂ ਤੇ ਸਥਾਨ ਆਪਣੀ ਲਕੀਰ ਖਿੱਚਣ ਦੇ ਅਸਮਰਥ ਹੈ। ਅਸੀਂ ਇਤਿਹਾਸ, ਧਰਮ, ਫਲਸਫੇ, ਗੂੜ੍ਹੇ ਇਲਮਾਂ, ਤੱਥਾਂ ਤੇ ਵਸਤੂਆਂ ਨੂੰ ਨਿਰਮਲ ਸਰੂਪ ਵਿਚ ਦੇਖ ਰਹੇ ਹਾਂ।

ਜਦੋਂ ਅਸੀਂ ਅਸਮਾਨਾਂ ਦੇ ਭੇਤ ਦਸਦੇ ਹੋਏ ਸੰਸਾਰ ਦੇ ਰੌਲੇ ਰੱਪੇ ਤੋਂ ਬਹੁਤ ਦੂਰ ਜਾ ਚੁੱਕੇ ਹੋਵਾਂਗੇ, ਉਦੋਂ ਵੀ ਅਸੀਂ ਆਪਣੀ ਕੌਮ ਦੇ ਨੇੜੇ ਹੋਵਾਂਗੇ, ਉਨ੍ਹਾਂ ਦੀ ਸ਼ਾਹਰਗ ਤੋਂ ਵੀ ਨੇੜੇ, ਕਿਉਂਕਿ ਸਾਡੀਆਂ ਉਮੀਦਾਂ ਨੇ ਅਜੇ ਦਮ ਨਹੀਂ ਤੋੜਿਆ, ਕਿਉਂਕਿ ਅਸੀਂ ਮਨੁੱਖੀ ਡੂੰਘਾਣਾਂ ਵਿਚਲੀ ਇਕ ਅਜਿਹੀ ਅਮਰਜੋਤ ਹਾਂ ਜੋ ਖਾਲਸੇ ਦੇ ਦਿਲਾਂ ਵਿਚ ਜਗਮਗ ਜਗਮਗ ਕਰਦੀ ਰਹੇਗੀ।

ਰੱਬ ਦੀ ਮਿਹਰ ਹੀ ਸਾਡਾ ਗਰੂਰ ਹੈ:
ਤੁਹਾਨੂੰ ਆਪਣੀ ਦੁਨਿਆਵੀ ਬਾਦਸ਼ਾਹੀ, ਸਰੀਰਕ ਬਹੁਗਿਣਤੀ, ਨਵੀਨ ਤੋਂ ਨਵੀਨ ਕਿਸਮ ਦੇ ਅਤੀ ਆਧੁਨਿਕ ਹਥਿਆਰਾਂ ਨਾਲ ਲੈੱਸ ਲੱਖਾਂ ਲਾਹੋ ਲਸ਼ਕਰਾਂ, ਬੇਮਿਸਾਲ, ਵਸੀਲਿਆਂ, ਛੋਟੇ ਮੁਲਕਾਂ ਅਤੇ ਕੌਮਾਂ ਉੱਤੇ ਧੌਂਸ ਜਮਾ ਕੇ ਉਨ੍ਹਾਂ ਨੂੰ ਆਪਣੀ ਲੱਤ ਹੇਠ ਰੱਖਣ ਵਾਲੀ ਦਾਦਾਗਿਰੀ ਉੱਤੇ ਕੋਈ ਵਿਸ਼ੇਸ਼ ਹੀ ਗ਼ਰੂਰ ਹੈ। ਪਰ ਜ਼ਰਾ ਸਾਡੇ ਵੱਲ ਦੇਖੋ। ਰੱਬ ਦੀ ਮਿਹਰ ਹੀ ਸਾਡਾ ਗ਼ਰੂਰ ਹੈ। ਸਾਡੇ ਕੋਲ ਨਿਰਭਉ ਤੇ ਨਿਰਵੈਰ ਦਾ ਸੋਹਿਲਾ ਗਾਉਣ ਵਾਲੇ ਖਾਲਸਾ ਪੰਥ ਦੀਆਂ ਅਸੀਸੜੀਆਂ ਦਾ ਅਮੁਕ ਖਜ਼ਾਨਾ ਹੈ। ਤੁਹਾਨੂੰ ਇਤਿਹਾਸ ਵਿਚ ਖਲਾਰ ਕੇ ਦਸਮ ਪਾਤਸ਼ਾਹ ਦੀ ਇਹ ਚਿਤਾਵਨੀ ਮੁੜ ਦੁਹਰਾਉਣਾ ਚਾਹੁੰਦੇ ਹਾਂ :
ਬਬੀਂ ਗਰਦਿਸ਼ਿ ਬੇਵਫਾਏ ਜ਼ਮਾਂ।
ਕਿ ਬਰ ਹਰ ਬਗੁਜ਼ਰਦ ਮਕੀਨੋ ਮਕਾਂ।

ਅਰਥਾਤ ਕਿ ਜ਼ਮਾਨੇ ਦੀ ਬੇਵਫ਼ਾ ਗਰਦਿਸ਼ ਨੂੰ ਦੇਖ। ਇਸ ਨੇ ਦੁਨੀਆਂ ਦੀ ਹਰ ਚੀਜ਼ ਨੂੰ ਆਪਣੀ ਲਪੇਟ ਵਿਚ ਲੈ ਲੈਣਾ ਹੈ।

ਪਰ ਤੁਸੀਂ ਬੇਵਫਾ ਗਰਦਿਸ਼ ਦੀ ਅਸਲੀਅਤ ਨੂੰ ਸਮਝਣ ਲਈ ਉੱਕਾ ਹੀ ਤਿਆਰ ਨਹੀਂ। ਹਉਮੈ ਤੇ ਸੰਸਾਰੀ ਸਵਾਰਥਾਂ ਨੇ ਤੁਹਾਨੂੰ ਗ੍ਰਸ ਲਿਆ ਹੈ। ਵਕਤੀ ਤੇ ਆਰਜ਼ੀ ਕਾਮਯਾਬੀਆਂ ਨਾਲ ਤੁਹਾਡਾ ਸੰਤੁਲਨ ਟੁੱਟਣ ਲੱਗਦਾ ਹੈ ਅਤੇ ਤੁਹਾਡੇ ਉੱਤੇ ਅਭਿਮਾਨ ਦਾ ਨਸ਼ਾ ਹਾਵੀ ਹੋ ਜਾਂਦਾ ਹੈ। ਕੁਦਰਤ ਦੇ ਵੰਨ-ਸੁਵੰਨੇ ਰੰਗ ਤੱਕਣ ਦੀ ਸਮਰੱਥਾ ਤੇ ਅਗੰਮੀ ਦ੍ਰਿਸ਼ਟੀ, ਸਦਾਚਾਰ, ਨਿਆਂ, ਅਕਲ ਦੀਆਂ ਖੂਬੀਆਂ ਤੇ ਦਰਿਆਦਿਲੀ ਵਰਗੀਆਂ ਮਹਾਨ ਬਰਕਤਾਂ ਤੋਂ ਤੁਸੀਂ ਮਹਿਰੂਮ ਹੋ ਗਏ ਹੋ।

ਤੁਸੀਂ ਆਤਮਕ ਤੌਰ ‘ਤੇ ਕੰਗਾਲ ਹੋ:
ਦੁਨਿਆਵੀ ਸਵਾਰਥਾਂ ਨੇ ਤੁਹਾਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਤੁਹਾਡੀ ਜ਼ਮੀਰ ਗੁਨਾਹਾਂ ਦੇ ਭਾਰ ਨਾਲ ਲੱਦ ਗਈ ਹੈ, ਪਰ ਤੁਸੀਂ ਪਛਤਾਵਾ ਜਾਂ ਤੌਬਾ ਕਰਨ ਦੇ ਨੇੜੇ ਤੇੜੇ ਵੀ ਨਹੀਂ ਗਏ ਕਿਉਂਕਿ ਤੁਸੀਂ ਰੱਬੀ ਬਖਸ਼ਿਸ਼ ਦੇ ਮਹਾਨ ਵੇਗ ਤੋਂ ਲਾਂਭੇ ਹੋ ਗਏ ਹੋ, ਇਸ ਲਈ ਖਾਲਸਾ ਤੁਹਾਡੀ ਸੰਸਾਰੀ ਬਾਦਸ਼ਾਹੀ ਨੂੰ ਰੱਦ ਕਰਦਾ ਹੈ। ਤੁਸੀਂ ਸੰਸਾਰੀ ਬਾਦਸ਼ਾਹੀ ਦੇ ਤੋਹਫ਼ੇ ਨੂੰ ਸਾਂਭਣ ਦੇ ਕਾਬਲ ਹੀ ਨਹੀਂ ਹੋ। ਤੁਸੀਂ ਦਿਸਦੀਆਂ ਅਤੇ ਛੂਹੀਆਂ ਜਾ ਸਕਣ ਵਾਲੀਆਂ ਬਿਨਸਨਹਾਰ ਚੀਜ਼ਾਂ ਨੂੰ ਇਸ ਕਦਰ ਮੁਹੱਬਤ ਕਰਦੇ ਹੋ ਕਿ ਇਹ ਤੁਹਾਡੀ ਮੰਜ਼ਿਲ ਬਣ ਗਈਆਂ ਹਨ। ਤੁਹਾਡੀ ਦਰਵੇਸ਼ੀ ਦੀ ਹਰ ਕਿਸਮ ਆਪਣੀ ਚਮਕ ਖੋ ਬੈਠੀ ਹੈ। ਦਿਲ ਨੂੰ ਘਾਇਲ ਕਰਨ ਵਾਲੇ ਤੁਸਾਂ ਬਹੁਤ ਮਾੜੇ ਕੰਮ ਕੀਤੇ ਹਨ। ਇਸ ਲਈ ਸਾਨੂੰ ਇਹ ਐਲਾਨ ਕਰਨਾ ਪੈ ਰਿਹਾ ਹੈ ਕਿ ਖਾਲਸੇ ਦੀ ਫਕੀਰੀ ਨਾਲ ਤੁਹਾਡਾ ਅਨੁਭਵ ਮੇਲ ਨਹੀਂ ਖਾਂਦਾ। ਅਸਾਂ ਤੁਹਾਡੀ ਸ਼ਹਿਨਸ਼ਾਹਤ ਨੂੰ ਹੋਰ ਨਹੀਂ ਪਰਖਣਾ। ਇਸ ਉੱਤੇ ਆਤਮਿਕ ਗਰੀਬੀ ਦੇ ਘੋਰ ਸੰਘਣੇ ਬੱਦਲ ਛਾ ਗਏ ਹਨ।

ਜ਼ਰਾ ਆਪਣਾ ਖੂਨੀ ਚਿਹਰਾ ਦੇਖੋ:
ਅਸੀਂ ਆਪਣੀ ਮਨੋਬਿਰਤੀ, ਪਾਰਖੂ ਵਿਧੀ, ਸਿਆਣਪ, ਕਲਪਨਾ ਅਤੇ ਨੀਝ ਨੂੰ ਇਕ ਸੰਤੁਲਿਤ ਅਵਸਥਾ ਵਿਚ ਰੱਖ ਕੇ ਹੀ ਤੁਹਾਡੇ ਬਾਰੇ ਉਪਰੋਕਤ ਟਿੱਪਣੀਆਂ ਕੀਤੀਆਂ ਹਨ। ਅਸੀਂ ਤੁਹਾਡੇ ਬਾਰੇ ਇਹ ਕਹਿਣ ਦਾ ਇਖਲਾਕੀ ਆਧਾਰ ਵੀ ਰੱਖਦੇ ਹਾਂ ਕਿਉਂਕਿ ਪਿਛਲੇ ਇਕ ਦਹਾਕੇ ਵਿਚ ਖਾਸ ਕਰਕੇ ਸਾਕਾ ਨੀਲਾ ਤਾਰਾ ਪਿਛੋਂ ਅਸੀਂ ਤੁਹਾਡੀ ਬਾਦਸ਼ਾਹੀ ਦਾ ਕਹਿਰ ਆਪਣੇ ਪਿੰਡੇ ‘ਤੇ ਝੱਲਿਆ ਹੈ। ਅਸੀਂ ਇਸ ਪੱਤਰ ਦੇ ਨਾਲ ਇਕ ਵੱਖਰੀ ਦਸਤਾਵੇਜ਼ ਵੀ ਭੇਜ ਰਹੇ ਹਾਂ, ਜੋ ਇਸ ਪੱਤਰ ਦਾ ਇਕ ਹਿੱਸਾ ਹੀ ਹੈ। ਇਸ ਵਿਚ ਤੁਸੀਂ ਅਮਲਾਂ ਦੇ ਸ਼ੀਸ਼ੇ ਵਿਚ ਆਪਣਾ ਖੂਨੀ ਚਿਹਰਾ ਦੇਖ ਸਕੋਗੇ।

Shaheed Bhai Sukhdev Singh Ji Sukha and Shaheed Bhai Harjinder Singh Ji Jinda

ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ

1947 ਵਿਚ ਕਥਿਤ ਆਜ਼ਾਦੀ ਪਿਛੋਂ ਸਭ ਤੋਂ ਕੌੜਾ ਸਵਾਦ ਸਾਨੂੰ ਚੱਖਣਾ ਪਿਆ। ਆਜ਼ਾਦੀ ਲਈ ਸੰਗਰਾਮ ਵਿਚ 95 ਫ਼ੀਸਦੀ ਕੁਰਬਾਨੀਆਂ ਤਾਂ ਖਾਲਸੇ ਨੇ ਕੀਤੀਆਂ। ਪਰ ਰਾਜ ਭਾਗ ਸਾਂਭਦਿਆਂ ਹੀ ਫਿਰਕਾਪ੍ਰਸਤ/ਜਾਤਪ੍ਰਸਤ ਹਾਕਮਾਂ ਦੇ ਤੁਹਾਡੇ ਗ੍ਰਹਿ ਮੰਤਰੀ ਪਟੇਲ ਨੇ ਇਕ ਵਿਸ਼ੇਸ਼ ਸਰਕੁਲਰ ਜਾਰੀ ਕਰਕੇ ਸਿੱਖਾਂ ਨੂੰ ਜਰਾਇਮ-ਪੇਸ਼ਾ ਕੌਮ ਦਾ ਖਿਤਾਬ ਦੇ ਦਿੱਤਾ।

ਦੁੱਧ ਦਿੱਤਾ ਪਰ ਮੀਂਗਣਾ ਘੋਲ ਕੇ:
ਸਾਰੇ ਭਾਰਤ ਵਿਚ ਬੋਲੀਆਂ ਦੇ ਆਧਾਰ ‘ਤੇ ਸੂਬਿਆਂ ਦੀ ਵੰਡ ਹੋ ਗਈ ਪਰ ਪੰਜਾਬ ਦੇ ਲੋਕਾਂ ਨੂੰ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ। ਪੰਜਾਬੀ ਸੂਬਾ ਲੈਣ ਲਈ ਲੱਖਾਂ ਸਿੱਖ ਜੇਲ੍ਹਾਂ ਵਿਚ ਗਏ ਤੇ ਸ਼ਹੀਦ ਹੋਏ। ਜਦੋਂ 19 ਸਾਲਾਂ ਪਿਛੋਂ ਬੱਕਰੀ ਨੇ ਦੁੱਧ ਦਿੱਤਾ ਤਾਂ ਉਹ ਵੀ ਮੇਂਗਣਾ ਪਾ ਕੇ। 1966 ਵਿਚ ਜਦੋਂ ਪੰਜਾਬੀ ਸੂਬਾ ਮਿਲਿਆ ਤਾਂ ਉਹ ਵੀ ਲੰਗੜਾ। ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖ ਦਿੱਤੇ ਗਏ। ਕੌਮਾਂਤਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪੰਜਾਬ ਨੂੰ ਇਸ ਦੇ ਕੁਦਰਤੀ ਸੋਮਿਆਂ ਦੀ ਮਾਲਕੀ ਦੇ ਬੁਨਿਆਦੀ ਹੱਕ ਤੋਂ ਵੀ ਵਿਰਵਿਆਂ ਕੀਤਾ ਗਿਆ। ਦਰਿਆਈ ਪਾਣੀਆਂ ਦੀ ਵੰਡ ਦਾ ਮਾਮਲਾ ਇਸ ਦੀ ਸਪਸ਼ਟ ਮਿਸਾਲ ਹੈ।

ਤੁਸਾਂ ਪੰਜਾਬ ਦੀ ਆਰਥਕ ਉਸਾਰੀ ਦੀ ਤਾਕਤ ਆਪਣੇ ਕੋਲ ਰੱਖੀ। ਪੰਜਾਬ ਦੇ ਅਰਥਚਾਰੇ ਲਈ ਅਪਣਾਇਆ ਰਾਹ ਅੰਗਹੀਣ, ਦਿਸ਼ਾਹੀਣ ਅਤੇ ਇਕ ਪਾਸੜ ਸੀ। ਇਸ ਨਾਲ ਸਮੁੱਚੇ ਅਰਥਚਾਰੇ ਵਿਚ ਅਸਾਂਵੇਪਨ ਨੇ ਜਨਮ ਲਿਆ।

ਤੁਸੀਂ ਚਾਹੁੰਦੇ ਹੋ ਕਿ ਸਾਡੀ ਸਨਅਤ ਤੁਹਾਡੇ ਰਹਿਮ ਉੱਤੇ ਹੀ ਰਹੇ ਅਤੇ ਅਸੀਂ ਕਦੇ ਵੀ ਆਪਣੇ ਪੈਰਾਂ ‘ਤੇ ਆਪ ਖਲ੍ਹੋ ਨਾ ਸਕੀਏ। ਤੁਸੀਂ ਆਪਣੇ ਦਰ ਉੱਤੇ ਸਾਨੂੰ ਮੰਗਤੇ ਬਣੇ ਦੇਖਣਾ ਚਾਹੁੰਦੇ ਹੋ। ਪੰਜਾਬ ਵਿਚ ਖੇਤੀ ਅਧਾਰਤ ਸਨਅਤ ਨਾ ਮਾਤਰ ਹੈ। ਜਦਕਿ ਭਾਰੀ ਸਨਅਤ ਦਾ ਨਾਮ ਨਿਸ਼ਾਨ ਵੀ ਨਹੀਂ ਹੈ। ਅਸੀਂ ਆਪਣੇ ਹੱਥਾਂ ਦੀ ਕਮਾਈ ਆਪਣੇ ਵਾਸਤੇ ਮਹਿਫ਼ੂਜ਼ ਰੱਖਣਾ ਚਾਹੁੰਦੇ ਹਾਂ ਪਰ ਤੁਸੀਂ ਪੰਜਾਬ ਨੂੰ ਇਵੇਂ ਲੁੱਟ ਰਹੇ ਹੋ ਜਿਵੇਂ ਅਸੀਂ ਤੁਹਾਡੀ ਬਸਤੀ ਹੋਈਏ।

ਤੁਸੀਂ ਪੰਜਾਬ ਦੀ ਸ਼ਾਹ-ਰਗ ਵੱਢ ਰਹੇ ਹੋ:
ਤੁਸੀਂ ਸਾਡੇ ਕਲਚਰ ਤੇ ਸੱਭਿਆਚਾਰ ਨੂੰ ਵੀ ਖੋਰਾ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਤੁਸੀਂ ਸਾਡੀ ਮਾਨਸਿਕ ਅਵਸਥਾ ਹੀ ਐਸੀ ਬਣਾ ਦੇਣਾ ਚਾਹੁੰਦੇ ਹੋ ਕਿ ਅਸੀਂ ਆਪਣੇ ਵੱਲੋਂ, ਆਪਣੇ ਸਭ ਕਾਸੇ ਵੱਲੋਂ, ਆਪਣੀ ਬੋਲੀ ਵੱਲੋਂ, ਆਪਣੇ ਕਲਚਰ ਵੱਲੋਂ, ਆਪਣੇ ਸ਼ਾਨਾਮੱਤੇ ਇਤਿਹਾਸ ਵੱਲੋਂ, ਗੱਲ ਕੀ ਆਪਣੇ ਸਭ ਕੁਝ ਵੱਲੋਂ ਆਪਣੇ ਆਪ ਸ਼ਰਮਸਾਰ ਹੋਣ ਲੱਗੀਏ। ਤੁਸੀਂ ਸਾਨੂੰ ‘ਅੰਦਰੋਂ’ ਮਾਰ ਕੇ ‘ਚਾਕਰ’ ਬਣਾਉਣਾ ਚਾਹੁੰਦੇ ਹੋ ਤਾਂ ਜੋ ਤੁਸੀਂ ਸਾਡਾ ਲਹੂ ਪੀਂਦੇ ਰਹੋ ਤੇ ਅਸੀਂ ਅੱਖਾਂ ਮੀਟ ਕੇ ਚੁੱਪਚਾਪ ਬਰਦਾਸ਼ਤ ਕਰਦੇ ਜਾਈਏ।

ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਕਲਚਰ ਦੀ ਬਨਾਵਟੀ ਲਿਸ਼ਕ ਪੁਸ਼ਕ ਨੂੰ ਆਪਣੀ ਤਰਜ਼-ਏ-ਜ਼ਿੰਦਗੀ ਵਿਚ ਢਾਲ ਲਈਏ। ਤੁਸੀਂ ਸਾਡੇ ਕਲਚਰ ਦੀ ਨੀਂਹ ਪੁੱਟ ਕੇ ਸਾਡੀ ਸ਼ਾਹਰਗ ਵੱਢ ਰਹੇ ਹੋ। ਤੁਸੀਂ ਸਮਝਦੇ ਹੋ ਕਿ ਅਸਾਂ ਇਤਿਹਾਸ ਵਿਚ ਘੱਟਾ ਹੀ ਛਾਣਿਆ ਹੈ।

ਪਰ ਹੁਣ ਅਸੀਂ ਤੁਹਾਡੇ ਹਰ ਕਦਮ ਦੀ ਬਿੜਕ ਰੱਖਦੇ ਹਾਂ। ਸਾਡੀਆਂ ਨਾੜਾਂ ਵਿਚ ਅਜੇ ਲਹੂ ਹੈ। ਅਸੀਂ ਆਪਣੇ ਕਲਚਰ, ਆਪਣੇ ਸੱਭਿਆਚਾਰ ਦਾ ਵਿਕਾਸ ਆਪਣੇ ਰੰਗ ਢੰਗ ਨਾਲ, ਆਪਣੀ ਮੌਲਿਕਤਾ ਅਤੇ ਆਪਣੇ ਇਤਿਹਾਸ ਦੇ ਅਨੁਕੂਲ ਕਰਾਂਗੇ। ਸਭ ਜਾਣਦੇ ਹਨ ਕਿ ਸਿਆਸੀ ਤਾਕਤ ਹਾਸਲ ਕੀਤੇ ਤੋਂ ਬਿਨ੍ਹਾਂ ਕੋਈ ਵੀ ਕੌਮ ਆਪਣੇ ਕਲਚਰ ਦੀ ਰਾਖੀ ਨਹੀਂ ਕਰ ਸਕਦੀ ਅਤੇ ਇਹ ਸਭ ਕੁਝ ਇਕ ਸੁਤੰਤਰ, ਵੱਖਰੇ ਤੇ ਖੁਦਮੁਖ਼ਤਾਰ ਖਾਲਿਸਤਾਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਇਹੋ ਸਾਡੀ ਮੰਜ਼ਿਲ ਹੈ, ਜਿਸ ਲਈ ਅਸੀਂ ਸ਼ਹਾਦਤ ਦੇ ਰਹੇ ਹਾਂ:

ਹਮ ਕੋ ਸਤਿਗੁਰ ਰਾਜ ਲਿਖ ਦੀਆ। ਖਾਲਸੈ ਦੇਇ ਭੇਟ ਸਿਰ ਲੀਆ।

ਕੁਝ ਗੱਲਾਂ ਜੁਝਾਰੂ ਵੀਰਾਂ ਨਾਲ:
ਹੁਣ ਅਸੀਂ ਆਪਣੇ ਖਾਲਸਾ ਪੰਥ ਨੂੰ ਮੁਖਾਤਿਬ ਹੋਣ ਦੀ ਇਜਾਜ਼ਤ ਚਾਹੁੰਦੇ ਹਾਂ। ਖਾਲਸਾ ਪੰਥ ਦੀਆਂ ਵਾਟਾਂ ਬਹਤ ਹੀ ਬਿਖਮ ਹਨ। ਇਹ ਪੈਂਡਾ ”ਖੰਨਿਓ ਤਿਖਾ ਤੇ ਵਾਲਹੁ ਨਿਕਾ” ਹੈ। ਪਰ ਖਾਲਸਾ ਪੰਥ ਨੇ ਹਰ ਹੀਲੇ ਆਪਣੀ ਮਹਾਨ ਜਦੋਜਹਿਦ ਦੇ ਮੌਲਿਕ ਤੇ ਸ਼ੁੱਧ ਸਰੂਪ ਨੂੰ ਕਾਇਮ ਰੱਖਣਾ ਹੈ। ਉਸ ਦੀ ਸਮੁੱਚੀ ਜਦੋਜਹਿਦ ਉੱਚੀ ਸੁਰਤਿ ਵਿਚ ਰੰਗਿਆ ਅਜਿਹਾ ਇਕ ਇਲਾਹੀ ਸਫ਼ਰ ਹੈ, ਜਿਸ ਵਿਚ ਉਸ ਦੀ ਲਿਵ ਗੁਰੂ ਗੰ੍ਰਥ ਸਾਹਿਬ ਨਾਲ ਲਗਾਤਾਰ ਜੁੜੀ ਹੋਈ ਹੁੰਦੀ ਹੈ। ਭਾਵੇਂ ਮਨੁੱਖੀ ਗਿਣਤੀਆਂ ਦੇ ਕਹਿਰ ਸਾਹਮਣੇ ਆ ਖਲੋਣ ਤੇ ਭਾਵੇਂ ਦੁਸ਼ਮਣ ਭੜਕੜਾਹਟ ਦੀ ਕੋਈ ਕਸਰ ਬਾਕੀ ਨਾ ਛੱਡੋ ਤਾਂ ਵੀ ਅਜਿਹੀਆਂ ਭਿਆਨਕ ਤੋਂ ਭਿਆਨਕ ਵਹਿਸ਼ੀਆਨਾ ਹਾਲਤਾਂ ਵਿਚ ਵੀ ਖਾਲਸਾ ਪੰਥ ਨੇ ਆਪਣਾ ਜ਼ਬਤ, ਠਰੰਮਾ ਤੇ ਸਹਿਜ ਟੁੱਟਣ ਨਹੀਂ ਦੇਣਾ ਅਤੇ ਬੀਤੇ ਵਿਚ ਸੂਰਬੀਰ ਸਿੰਘਾਂ ਵੱਲੋਂ ਸ਼ਹੀਦੀਆਂ ਦੇ ਕੇ ਸਥਾਪਤ ਕੀਤੀਆਂ ਰਵਾਇਤਾਂ ਨੂੰ ਕਾਇਮ ਰੱਖਣਾ ਹੈ।

ਖਾਲਸੇ ਦੀ ਹਿੰਸਾ:
ਦੁਸ਼ਮਣ ਵੱਲੋਂ ਕੀਤੀ ਹਿੰਸਾ ਦੇ ਮੁਕਾਬਲੇ ਖਾਲਸੇ ਦੀ ਹਿੰਸਾ ਖ਼ੁਦਾਈ ਸਿਫਤਾਂ ਅਤੇ ਆਤਮਕ ਵਰਦਾਨ ਨਾਲ ਮਾਲਾਮਾਲ ਹੁੰਦੀ ਹੈ। ਖਾਲਸੇ ਨੇ ਆਪਣੀ ਜਦੋਜਹਿਦ ਵਿਚ ਇਖਲਾਕ ਦੀ ਖੂਬਸੂਰਤੀ ਨੂੰ ਇਹੋ ਜਿਹਾ ਰੱਬੀ ਰੰਗ ਦੇਣਾ ਹੈ ਕਿ ਜੇਤੂ ਦੁਸ਼ਮਣ ਦੀ ਜ਼ਮੀਰ ਉੱਤੇ ਵੀ ਆਪਣੇ ਕਿਸੇ ਗੁਨਾਹ ਦਾ ਬੋਝ ਪੈ ਜਾਏ। ਇਹ ਇਖਲਾਕੀ ਕ੍ਰਿਸ਼ਮਾ ਤਾਂ ਹੀ ਸੰਭਵ ਹੈ, ਜੇਕਰ ਖਾਲਸੇ ਦੀ ਗੁਰੂ-ਲਿਵ ਅਤੇ ਗੁਰੂ ਗੰ੍ਰਥ ਸਾਹਿਬ ਦਾ ਆਪਸੀ ਤਾਲ ਨਾ ਟੁੱਟੇ। ਇਹੋ ਸਾਡੀ ਮੁੱਖ ਧਾਰਾ ਹੈ ਤੇ ਖਾਲਿਸਤਾਨ ਦੀ ਮੰਜ਼ਿਲ ਵੱਲ ਜਾਣ ਲਈ ਇਹੋ ਸਾਡੀ ਪ੍ਰੇਰਨਾ ਤੇ ਆਤਮਕ ਬਲ ਦਾ ਸੋਮਾ ਹੈ।
ਜੇਕਰ ਖਾਲਸੇ ਦੀ ਗੁਰੂ-ਲਿਵ ਅਤੇ ਗੁਰੂ ਗੰਰਥ ਸਾਹਿਬ ਵਿਚਲਾ ਤਾਲ ਹੀ ਖਾਲਸੇ ਦੀ ਮੁੱਖ ਧਾਰਾ ਹੈ ਤਾਂ ਇਸ ਮੁੱਖ ਧਾਰਾ ਨਾਲ ਗੂੜ੍ਹੀਆਂ ਮੁਹੱਬਤਾਂ ਕਰਨ ਵਾਲੇ ਜੁਝਾਰੂਆਂ ਨਾਲ ਵੀ ਦੋ ਗੱਲਾਂ ਕਰਨੀਆਂ ਜ਼ਰੂਰੀ ਹਨ। ਅਜਿਹਾ ਇਸ ਲਈ ਹੈ ਕਿਉਂਕਿ ਇਤਿਹਾਸ ਦੇ ਇਸ ਭਿਆਨਕ ਸੰਕਟ ਵਿਚ ਇਹੋ ਖਾਲਸੇ ਦਾ ਹਰਾਵਲ ਦਸਤਾ ਹਨ। ਇਹੋ ਅਕਾਲ ਪੁਰਖ ਕੀ ਫੌਜ ਹੈ ਅਤੇ ਇਹੋ ਖਾਲਸੇ ਦੀ ਸ਼ੁੱਧ ਚੇਤਨਾ ਦੇ ਪਹਿਰੇਦਾਰ ਹਨ ਅਤੇ ਸਾਨੂੰ ਵੀ ਉਨ੍ਹਾਂ ਦਾ ਨਗੂਣਾ ਹਿੱਸਾ ਬਣਨ ਦਾ ਮਾਣ ਹਾਸਲ ਹੈ।

ਠੀਕ ਹੈ ਸਾਡਾ ਵਾਹ ਵਾਸਤਾ ਇਕ ਵੱਡੀ ਸੰਸਾਰੀ ਸਲਤਨਤ ਨਾਲ ਹੈ, ਜਿਸ ਕੋਲ ਦੁਨਿਆਵੀ ਵਸੀਲੇ ਹਨ, ਵਿਗਿਆਨਕ ਤਬਦੀਲੀਆਂ ਦੇ ਹੜ੍ਹਾਂ ਦਾ ਡਰਾਵਾ ਹੈ, ਅਕਲ ਤੇ ਅਮਲ ਨੂੰ ਥਕਾ ਦੇਣ ਵਾਲੇ ਵਾਰ ਹਨ, ਸਾਡੇ ਵਿਚ ਘੁਸਪੈਠ ਕਰਕੇ ਸਾਨੂੰ ਕਮਜ਼ੋਰ ਕਰਨ ਦੀਆਂ ਜਸੂਸੀ ਚਾਲਾਂ ਹਨ, ਖਿਆਲਾਂ ਦੀਆਂ ਅਚੰਭਿਤ ਉਡਾਰੀਆਂ ਹਨ ਅਤੇ ਇਸ ਤੋਂ ਵੀ ਵੱਧ ਸਰੀਰਾਂ ਦੇ ਲਸ਼ਕਰ ਹਨ। ਪਰ ਫਿਰ ਕੀ ਹੋਇਆ? ਠੀਕ ਹੈ ਸਰੀਰਾਂ ਨੇ ਲੜਨਾ ਹੈ ਪਰ ਬਾਦਸ਼ਾਹੀਆਂ ਸਰੀਰਾਂ ਦੇ ਜ਼ੋਰ ਨਾਲ ਨਹੀਂ ਕੰਬਦੀਆਂ ਸਗੋਂ ਖਾਲਸੇ ਦੀ ਰੂਹ ਦੇ ਜ਼ੋਰ ਨਾਲ ਕੰਬਦੀਆਂ ਹਨ। ਇਹ ਖਾਲਸੇ ਦੀ ਰੂਹਾਨੀ ਸ਼ਾਨ ਦਾ ਹੀ ਬਲ ਸੀ ਕਿ ਮੁੱਠੀ ਭਰ ਸਿੰਘ ਚਮਕੌਰ ਦੀ ਗੜ੍ਹੀ ਵਿਚ 10 ਲੱਖ ਫੌਜਾਂ ਨੂੰ ਝੁਕਾ ਰਹੇ ਸਨ।

ਪਿਛਲੇ ਇਕ ਦਹਾਕੇ ਵਿਚ ਬ੍ਰਾਹਮਣੀ ਵਿਚਾਰਧਾਰਾ ਨਾਲ ਰੰਗੀ ਹੋਈ ਹਕੂਮਤ ਵਿਰੁੱਧ ਅਸਾਂ ਸ਼ਹੀਦੀਆਂ ਦੀ ਇਕ ਝੜੀ ਹੀ ਤਾਂ ਲਾ ਦਿੱਤੀ ਹੈ। ਚਹੁੰ ਕੂੰਟਾਂ ਵਿਚ ਸਾਡੀ ਜੈ ਜੈ ਕਾਰ ਹੈ। ਹੁਣ ਗੱਲ ਕੇਵਲ ਖਾਲਿਸਤਾਨ ਦੀ ਸੰਭਾਵਨਾ ਉੱਤੇ ਹੀ ਕੇਂਦਰਿਤ ਨਹੀਂ ਹੈ। ਸਗੋਂ ਭਾਰਤ ਦੇ ਕਈ ਖਿੱਤਿਆਂ ਵਿਚ ਸਦੀਆਂ ਤੋਂ ਦੱਬੀਆਂ ਕੁਚਲੀਆਂ ਕੌਮਾਂ ਆਜ਼ਾਦੀ ਲਈ ਮੈਦਾਨ ਵਿਚ ਨਿੱਤਰ ਆਈਆਂ ਹਨ। ਵਿਸ਼ੇਸ਼ ਕਰਕੇ ਦਲਿਤ ਭਰਾ ਬ੍ਰਾਹਮਣਵਾਦ ਦੇ ਅਸਰ ਤੋਂ ਮੁਕਤ ਹੋ ਰਹੇ ਹਨ। ਅਖੌਤੀ ਏਕਤਾ ਤੇ ਅਖੰਡਤਾ ਦੀ ਹਾਲ ਪਾਰਿਆ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਕਰਦਾ, ਜਿਨ੍ਹਾਂ ਨੇ ਇਸ ਨਾਅਰੇ ਵਿਚ ਲੁਕੀ ‘ਅਰੂਪ ਚਾਲ’ ਨੂੰ ਸਮਝ ਲਿਆ ਹੈ। ਪਰ ਇਨ੍ਹਾਂ ਪ੍ਰਾਪਤੀਆਂ ਦੇ ਬਾਵਜੂਦ ਅਸੀਂ ਵੱਡੀਆਂ ਕਮਜ਼ੋਰੀਆਂ ਤੇ ਗਲਤੀਆਂ ਤੋਂ ਮੁਕਤ ਨਹੀਂ।

ਜੁਝਾਰੂ ਸੰਘਰਸ਼ ਦੀਆਂ ਅੰਦਰੂਨੀ ਕਮਜ਼ੋਰੀਆਂ:
ਅਸੀਂ ਆਪਣੇ ਸੰਘਰਸ਼ ਦੌਰਾਨ ਕੁਝ ਇਹੋ ਜਿਹਾ ਕਰ ਬੈਠਦੇ ਹਾਂ, ਜੋ ਇਖਲਾਕ ਪੱਖੋਂ ਆਸਾਧਾਰਨ ਤੇ ਪਵਿੱਤਰ ਨਹੀਂ ਹੁੰਦਾ। ਅਸੀਂ ਦ੍ਰਿੜ੍ਹਤਾ ਨਾਲ ਖਾਲਿਸਤਾਨ ਦੀ ਮੰਜ਼ਿਲ ਉੱਤੇ ਪਹਿਰਾ ਤਾਂ ਦੇ ਰਹੇ ਹਾਂ, ਪਰ ਇਸ ਮੰਜ਼ਿਲ ਵੱਲ ਜਾਂਦੇ ਸਫ਼ਰ ਉੱਤੇ ਅਜੇ ਤੁਰਨ ਦੀ ਪੂਰੀ ਜਾਚ ਸਾਨੂੰ ਨਹੀਂ ਆਈ। ਸਾਡਾ ਆਪਣੇ ਸੰਘਰਸ਼ ਬਾਰੇ ਅਨੁਭਵ ਪੇਤਲਾ, ਸਤੱਈ ਤੇ ਓਪਰਾ ਹੈ। ਦਹਾਕਿਆਂ ਅਤੇ ਸਦੀਆਂ ਤੱਕ ਵੇਖਣ ਵਾਲੀ ਦਿੱਬ ਦ੍ਰਿਸ਼ਟੀ ਅਜੇ ਸਾਨੂੰ ਨਸੀਬ ਨਹੀਂ ਹੋਈ।

ਅਸੀਂ ਕੁਝ ਇਹੋ ਜਿਹਾ ਕਰ ਬੈਠਦੇ ਹਾਂ ਜਿਸ ਨਾਲ ਸਾਡੇ ਦੁਸ਼ਮਣ ਨੂੰ ਸਾਡੇ ਸ਼ਾਨਾਮੱਤੇ ਇਤਿਹਾਸ ਅੱਗੇ ਪ੍ਰਸ਼ਨ ਚਿੰਨ੍ਹ ਲਾਉਣ ਦਾ ਮੌਕਾ ਮਿਲ ਜਾਂਦਾ ਹੈ। ਕਈ ਵਾਰ ਸਾਡੀ ਸ਼ਮਸ਼ੀਰ ਨੇ ਉਨ੍ਹਾਂ ਲੋਕਾਂ ਦੀਆਂ ਖੁਸ਼ੀਆਂ, ਖੇੜੇ ਅਤੇ ਚਾਅ ਖੋਹੇ ਹਨ, ਜਿਨ੍ਹਾਂ ਨੇ ਸਾਡੀ ਲਹਿਰ ਨੂੰ ਸਿੱਧੇ ਰੂਪ ਵਿਚ ਕੋਈ ਢਾਹ ਨਹੀਂ ਲਾਈ ਹੁੰਦੀ।

ਇੰਜ ਜਾਪਦਾ ਹੈ ਜਿਵੇਂ ਅਸੀਂ ਲੋਕਾਂ ਵਿਚ ਭੈਅ ਉਤਪੰਨ ਕਰ ਰਹੇ ਹਾਂ, ਜਦਕਿ ਸਾਡਾ ਨੌਵੇਂ ਪਾਤਸ਼ਾਹ ਨਾਲ ‘ਨਾ ਭੈਅ ਦੇਣ ਅਤੇ ਨਾ ਭੈਅ ਮੰਨਣ’ ਦਾ ਇਕਰਾਰਨਾਮਾ ਹੈ।

ਜੁਝਾਰੂ ਵੀਰੋ! ਇੰਜ ਕਿਉਂ ਨਹੀਂ ਹੋ ਰਿਹਾ ਹੈ ਕਿ ਸਾਡੇ ਅਮਲਾਂ ਤੇ ਕਾਰਨਾਮਿਆਂ ਦੇ ਬਹੁਰੰਗੀ ਅਰਥ ਤੇ ਅਲੌਕਿਕ ਪ੍ਰਭਾਵ ਪੈਣ? ਲੋਕਾਂ ਨੂੰ ਇਹ ਕਹਿਣ ਦਾ ਮੌਕਾ ਕਿਉਂ ਦੇਈਏ ਕਿ ਸਾਡੇ ਮਨ, ਬਚਨ ਤੇ ਕਰਮ ਵਿਚਕਾਰ ਕੋਈ ਡੂੰਘਾ ਵਿਛੋੜਾ ਪੈ ਗਿਆ ਹੈ। ਅਸੀਂ ਜਿੱਤ ਪਿਛੋਂ ਜਿੱਤ ਦੇ ਨਸ਼ੇ ਦੀ ਕਮਜ਼ੋਰੀ ਪਾਲੀ ਬੈਠੇ ਹਾਂ ਅਤੇ ਹਾਰਨ ਪਿਛੋਂ ਹਾਰ ਦੇ ਕਾਰਨਾਂ ਦੀ ਥਾਹ ਨਹੀਂ ਪਾਉਂਦੇ। ਇਸ ਤਰ੍ਹਾਂ ਹਾਰਾਂ ਦਾ ਇਕ ਲੰਮਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਅਸੀਂ ਖਾਲਸੇ ਦੀ ਅੰਗਮੀ ਚੇਤਨਾ ਨਾਲ ਇਕਸੁਰ ਹੋਣ ਲਈ ਗੁਰੂ ਘਰ ਅੱਗੇ ਅਸੀਸ ਦੀ ਸਿੱਕ ਨਹੀਂ ਰੱਖਦੇ।

ਅਸੀਂ ਸ਼ਹੀਦੀਆਂ ਪਾ ਰਹੇ ਹਾਂ, ਜੇਲ੍ਹਾਂ ਵੀ ਕੱਟ ਰਹੇ ਹਾਂ, ਜਾਬਰ ਦਾ ਹਰ ਵਾਰ ਝੱਲ ਰਹੇ ਹਾਂ ਪਰ ਫਿਰ ਵੀ ਸਾਡੀ ਮੂਲ ਬਿਰਤੀ ਵਿਚ ਸ਼ੁਕਰ, ਸਬਰ ਤੇ ਧਰਵਾਸ ਦੇ ਗੁਣਾਂ ਨੇ ਅਜੇ ਪੂਰਾ ਵਾਸ ਨਹੀਂ ਕੀਤਾ। ਕਦੇ ਕਦੇ ਸੰਸਾਰੀ ਰੁਤਬਿਆਂ ਦੀ ਸ਼ਾਨ, ਸਜਾਵਟ ਤੇ ਤਾਕਤ ਸਾਨੂੰ ਖਿੱਚਾਂ ਪਾਉਣ ਲਗਦੀ ਹੈ ਅਤੇ ਰੂਹਾਨੀ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਦੁਨਿਆਵੀ ਕੀਮਤਾਂ ਦੇ ਚਮਤਕਾਰਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਅਜਿਹੇ ਸਮੇਂ ਅਸੀਂ ਆਪਣੀ ਇਖਲਾਕੀ ਸੁੱਚਤਾ, ਸੂਰਮਗਤੀ ਅਤੇ ਰੂਹਾਨੀਅਤ ਦਾ ਨਿਆਰਾ ਰੂਪ ਦੁਨੀਆਂ ਦੇ ਸਭ ਸਵਾਰਥਾਂ ਤੋਂ ਅਛੁਹ ਅਤੇ ਉਚੇਰਾ ਰੱਖਣ ਲਈ ਗੁਰੂ ਗੰ੍ਰਥ ਸਾਹਿਬ ਅੱਗੇ ਜੋਦੜੀਆਂ ਨਹੀਂ ਕਰਦੇ।

ਸਾਡਾ ਗੁਰੂ ਸਾਨੂੰ ਮਿਲਣ ਲਈ ਬਿਹਬਲ ਹੈ:
ਕਈ ਵਾਰ ਅਸੀਂ ਦੁਬਿਧਾ ਦਾ ਸ਼ਿਕਾਰ ਹੁੰਦੇ ਹਾਂ। ਇਸ ਤੋਂ ਮੁਕਤ ਹੋਣ ਲਈ ਗੁਰੂ ਦੇ ਨੇੜੇ ਆਉਣ ਦੀ ਥਾਂ ਦੂਰ ਭੱਜਦੇ ਹਾਂ। ਅਸੀਂ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਜਦੋਂ ਖਾਲਸੇ ਦੀ ਮੁੱਖ ਧਾਰਾ ਦੇ ਪਹਿਰੇਦਾਰਾਂ ਵਿਚ ਕੋਈ ਵੱਡੇ ਮੱਤਭੇਦ ਆ ਖਲੋਣ ਤਾਂ ਅਕਾਲ ਤਖ਼ਤ ਉੱਤੇ ਸਰਬੱਤ ਖਾਲਸਾ ਵੱਲੋਂ ਕੀਤਾ ਗੁਰਮਤਾ ਸਾਨੂੰ ਯਕੀਨਨ ਜੋੜਦਾ ਤੇ ਰਾਹ ਦਿਖਾਉਂਦਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਇਲਾਹੀ ਮੁਹੱਬਤ ਨਾਲ ਰੰਗੇ ਓ ਸਾਡੇ ਜੁਝਾਰੂ ਵੀਰੋ! ਅਕਾਲ ਤਖ਼ਤ ਵੱਲ ਵਹੀਰਾਂ ਕਿਉਂ ਨਹੀਂ ਘੱਤ ਰਹੇ। ਸਾਡਾ ਗੁਰੂ ਬਾਹਾਂ ਖਿਲਾਰ ਕੇ ਸਾਨੂੰ ਮਿਲਣ ਲਈ ਬਿਹਬਲ ਹੈ। ਸਾਡੀ ਪੀੜ ਆਪਣੇ ਅੰਦਰ ਸਮੋਣ ਲਈ ਉਹ ਸਾਨੂੰ ਉਡੀਕ ਰਿਹਾ ਹੈ।

ਕਈ ਵਾਰ ਅਸੀਂ ਬੇਬੁਨਿਆਦ ਸ਼ੰਕਿਆਂ ਨੂੰ ਵਸਾ ਕੇ ਆਪਣੇ ਹੀ ਅੰਦਰ ਧੜੇ ਬਣਾਉਂਦੇ ਹਾਂ, ਧੜੇ ਪਾਲਦੇ ਹਾਂ ਅਤੇ ਫਿਰ ‘ਆਪਣੇ ਧੜੇ’ ਦੀ ਰਾਖੀ ਲਈ ਦੁਜੇ ਧੜੇ ਉੱਤੇ ਤੋਹਮਤਾਂ ਲਾਉਂਦੇ ਹਾਂ ਅਤੇ ਇਥੇ ਹੀ ਬੱਸ ਨਹੀਂ ਕਰਦੇ ਸਗੋਂ ਸਾਡੀ ਸ਼ਮਸ਼ੀਰ ਉਨ੍ਹਾਂ ਦੀਆਂ ਧੌਣਾਂ ਉੱਤੇ ਡਿੱਗਣ ਵਿਚ ਹੀ ਮਾਣ ਸਮਝਦੀ ਹੈ। ਖਾਲਸਾ ਪੰਥ ਦੇ ਜੁਝਾਰੂਆਂ ਨੇ ਹਿਰਦਿਆਂ ਨੂੰ ਪਵਿੱਤਰ ਕਰਕੇ, ਮਨ ਨੀਵਾਂ ਤੇ ਮਤ ਉੱਚੀ ਕਰਨ ਦੀ ਦੁਆ ਲੈ ਕੇ ਇਸ ਗੰਭੀਰ ਚੁਣੌਤੀ ਦਾ ਦ੍ਰਿੜ੍ਹਤਾ ਤੇ ਪਿਆਰ ਨਾਲ ਸਾਹਮਣਾ ਕਰਨਾ ਹੈ। ਕੀ ਸਾਡੇ ਜਾਣ ਪਿਛੋਂ ਜੁਝਾਰੂ ਵੀਰੋ ਇੰਝ ਕਰੋਗੇ?

ਮਿੱਠੇ ਮਹੁਰੇ ਤੋਂ ਸੁਚੇਤ ਰਹੋ:
ਸਿਰ ਤਲੀ ਉੱਤੇ ਰੱਖ ਕੇ ਤੁਰੇ ਕਾਫ਼ਲੇ ਦੇ ਜੁਝਾਰੂ ਹਾਣੀਓ! ਖਾਲਸੇ ਦੀ ਮੁੱਖ ਧਾਰਾ ਅਤੇ ਇਸ ਦੇ ਸ਼ੁੱਧ ਸਰੂਪ ਦੇ ਨਾਲ ਹੀ ਅਗਿਆਨ ਅਤੇ ਤ੍ਰਿਸ਼ਨਾ ਦੀ ਇਕ ਕਮਜ਼ੋਰ ਪਰ ਬਹੁਤ ਖ਼ਤਰਨਾਕ ਲਹਿਰ ਦੀ ਵੀ ਪਹਿਚਾਣ ਕਰਨ ਦੀ ਇਤਿਹਾਸਕ ਜ਼ਿੰਮੇਵਾਰੀ ਤੁਹਾਡੇ ਹੀ ਮੋਢਿਆਂ ‘ਤੇ ਹੈ। ਇਸ ਲਹਿਰ ਨੇ ਸੱਤਾ ਹਾਸਲ ਕਰਨ ਲਈ ‘ਬਿਪਰਨ ਕੀ ਰੀਤ’ ਉੱਤੇ ਚੱਲਣ ਦੀ ਸ਼ਰਤ ਨੂੰ ਮਨਜ਼ੂਰ ਕਰ ਲਿਆ ਹੈ। ਸਿੱਖਾਂ ਪ੍ਰਤੀ ਪੂਰੀ ਹਮਦਰਦੀ ਦੇ ਭੇਸ ਵਿਚ ਆਈ ਇਸ ਲਹਿਰ ਪਿਛੇ ਲੁਕੇ ਸਵਾਰਥਾਂ ਨੂੰ ਸਮਝੋ ਅਤੇ ਇਸ ਵਿਰੁੱਧ ਇਕ ਲਗਾਤਾਰ ਜਹਾਦ ਛੇੜੋ। ਨਿੱਕੇ ਨਿੱਕੇ ਰਾਜਸੀ ਸਵਾਰਥਾਂ ਵਿਚ ਇਹ ਲਹਿਰ ਲਿਪਟੀ ਹੋਈ ਹੈ। ਇਹ ਲਹਿਰ ਜੋੜ ਤੋੜਾਂ ਵਿਚ ਲੱਗੀ ਹੋਈ ਹੈ। ਇਸ ਲਹਿਰ ਨਾਲ ਜੁੜੇ ਲੋਕਾਂ ਦਾ ਬ੍ਰਾਹਮਣ ਦੀ ਸੰਸਾਰੀ ਬਾਦਸ਼ਾਹੀ ਅੱਗੇ ਸਿਦਕ ਡੋਲ ਗਿਆ ਹੈ।

ਇਹ ਬਿਪਰ ਸੰਸਾਰ ਦੇ ਤਾਜ ਤਖ਼ਤ ਤੇ ਸ਼ਾਹੀ ਫੁਰਮਾਨ ਉੱਤੇ ਮੋਹਿਤ ਹੋ ਚੁੱਕੇ ਹਨ। ਇਨ੍ਹਾਂ ਨੂੰ ਕੁਸੰਭੜੇ ਦੇ ਰੰਗ ਨਾਲ ਪਿਆਰ ਹੈ। ਇਨ੍ਹਾਂ ਦੇ ਅਮਲਾਂ ਵਿਚ ਗੁਰੂ ਨਾਨਕ ਦੀਆਂ ਅੰਗਮੀ ਵਾਟਾਂ ਦਾ ਸੰਦੇਸ਼ ਨਹੀਂ ਹੈ। ਇਨ੍ਹਾਂ ਨੂੰ ਕਿਸੇ ਅਗੰਮੀ ਪ੍ਰਤੀਤੀ ਦੀ ਝਲਕ ਨਹੀਂ। ਇਨ੍ਹਾਂ ਦੀ ਅਵਸਥਾ ‘ਮਨ ਹੋਰ ਮੁੱਖ ਹੋਰ’ ਵਾਲੀ ਹੈ। ਇਹ ਐਲਾਨ ਕਰ ਦਿਓ ਕਿ ਇਹ ਕੱਚੇ ਹਨ। ਇਹ ਐਲਾਨ ਕਰੋ ਕਿ ਇਨ੍ਹਾਂ ਨੇ ਬੇਦਾਵਾ ਲਿਖ ਦਿੱਤਾ ਹੈ। ਜੇ ਇਨ੍ਹਾਂ ਨੇ ਬੇਦਾਵਾ ਪੜਵਾਉਣਾ ਹੈ ਅਤੇ ਜੇਕਰ ਉਹ ਮਹਿਸੂਸ ਕਰਦੇ ਹਨ ਕਿ ਗੁਰੂ ਨਾਨਕ ਸੱਚ ਦਾ ਕੋਈ ਨਾ ਕੋਈ ਭੇਤ ਉਨ੍ਹਾਂ ਵਿਚ ਹੈ ਤਾਂ ਉਹ ਸਿੱਧੇ ਤੇ ਸਪਸ਼ਟ ਹੋ ਕੇ ਖਾਲਿਸਤਾਨ ਦੇ ਸਫਰ ਵੱਲ ਆਪਣੇ ਕਦਮ ਪੁੱਟਣ, ਨਹੀਂ ਤਾਂ ਉਹ ਇਤਿਹਾਸ ਦੇ ਕੂੜੇ ਕਰਕਟ ਦਾ ਇਕ ਭਾਗ ਬਣੇ ਰਹਿਣਗੇ।

ਮਹਾਨ ਉੱਥਲ-ਪੁੱਥਲ ਬਾਰੇ ਖਾਲਸਾਈ ਦ੍ਰਿਸ਼ਟੀਕੋਣ:
‘ਰਾਸ਼ਟਰਪਤੀ’ ਜੀ ਆਪਣੇ ਕੌਮ ਨਾਲ ਦੋ ਗੱਲਾਂ ਕਰਨ ਪਿੱਛੋਂ ਫਿਰ ਤੁਹਾਨੁੰ ਮੁਖਾਤਿਬ ਹੁੰਦੇ ਹਾਂ। ਜਦੋਂ ਅਸੀਂ ਅਲਵਿਦਾ ਕਹਿ ਰਹੇ ਹੋਵਾਂਗੇ ਤਾਂ ਇਹ ਦੁਨੀਆਂ ਅਣਗਿਣਤ ਵਿਰੋਧਤਾਈਆਂ ਦਾ ਇਕ ਅਜਬ ਮੇਲਾ ਹੋਵੇਗੀ। ਜੇਕਰ ਇਕ ਅਨੁਭਵੀ ਝਾਤ ਮਾਰੀ ਜਾਵੇ ਤਾਂ ਸਾਰੇ ਸੰਸਾਰ ਵਿਚ ਇਕ ਉੱਥਲ ਪੁੱਥਲ ਹੈ, ਇਕ ਵੱਡੀ ਹਿਲਜੁਲ ਹੈ। ਓਪਰੀ ਨਜ਼ਰੇ ਦੇਖਿਆਂ ਇਹ ਇਕ ਵਿਨਾਸ਼ਕਾਰੀ ਕਰਮ ਦਿਖਾਈ ਦੇ ਸਕਦਾ ਹੈ। ਇਉਂ ਮਹਿਸੂਸ ਹੁੰਦਾ ਹੈ ਜਿਵੇਂ ਮਨੁੱਖੀ ਚੈਨ ਅਤੇ ਅਮਨ ਵਿਚ ਕੋਈ ਖਲਲ ਪੈ ਰਿਹਾ ਹੈ। ਪਰ ਗਹਿਰਾਈਆਂ ਵਿਚ ਜਾਣ ਵਾਲੀਆਂ ਦਿੱਬ ਦ੍ਰਿਸ਼ਟੀਆਂ ਦੇ ਮਾਲਕ ਇਸ ਨੂੰ ਅਸਲੋਂ ਹੀ ਵੱਖਰੇ ਨੁਕਤਾ ਨਿਗਾਹ ਤੋਂ ਦੇਖਦੇ ਹਨ।

ਮਨੁੱਖ ਦੀ ਆਜ਼ਾਦੀ ਦੀ ਰੀਝ ਨੂੰ ਕਿਸੇ ਸਿਸਟਮ ਦੀ ਕੈਦ ਵਿਚ ਨਹੀਂ ਰੱਖਿਆ ਜਾ ਸਕਦਾ। ਇਸ ਸਦੀਵੀ ਤਾਂਘ ਨੂੰ ਖਤਮ ਕਰਨ ਦੇ ਯਤਨਾਂ ਨੂੰ ਅਸਾਂ ਇਤਿਹਾਸ ਦੇ ਕੂੜੇ ਕਰਕਟ ਵਿਚ ਗਰਕ ਹੁੰਦੇ ਦੇਖਿਆ ਹੈ ਅਤੇ ਵਰਤਮਾਨ ਅੰਦਰ ਵੀ ਇਨ੍ਹਾਂ ਯਤਨਾਂ ਨੂੰ ਬੁਰੀ ਤਰ੍ਹਾਂ ਨਾਕਾਮ ਹੁੰਦੇ ਦੇਖ ਰਹੇ ਹਾਂ।
ਮਨੁੱਖ ਦੀ ਧੁਰ ਗਹਿਰਾਈ ਵਿਚ ਆਜ਼ਾਦੀ ਲਈ ਬਲਦਾ ਇਹ ਜਜ਼ਬਾ ਹੀ ਸੀ ਕਿ ਇਸ ਨੇ ਫਰਾਂਸ ਦੇ ਮਹਾਨ ਇਨਕਲਾਬ ਨੂੰ ਜਨਮ ਦਿੱਤਾ ਅਤੇ ਫਿਰ ਇਸ ਸਦੀ ਦੇ ਸ਼ੁਰੂ ਵਿਚ ਆਤੰਕ ਤੇ ਜ਼ੁਲਮ ਦੀ ਪ੍ਰਤੀਕ ਬਣੀ ਜ਼ਾਰ-ਸ਼ਾਹੀ ਹਕੂਮਤ ਨੂੰ ਅਸਾਂ ਇਤਿਹਾਸ ਵਿਚ ਢਹਿ ਢੇਰੀ ਹੁੰਦੇ ਦੇਖਿਆ ਹੈ।
ਪਰ ਜ਼ਾਰਸ਼ਾਹੀ ਦੇ ਖੰਡਰਾਂ ਉੱਤੇ ਜੋ ਵੀ ਸਿਸਟਮ ਉਭਰੇ, ਉਹ ਵੀ ਮਨੁੱਖ ਦੀ ਸਦੀਵੀਂ ਆਜ਼ਾਦੀ ਦੀ ਰੀਝ ਦੇ ਵੇਗ ਨੂੰ ਨਾ ਤਾਂ ਸਾਂਭ ਸਕੇ ਹਨ ਅਤੇ ਨਾ ਹੀ ਸਮਝ ਸਕੇ ਹਨ। ਇਨ੍ਹਾਂ ਵੱਡੇ ਵੱਡੇ ਮਹੱਲਾਂ ਵਿਚ ਤਰੇੜਾਂ ਪੈ ਰਹੀਆਂ ਹਨ। ਸਾਡੇ ਸਮਿਆਂ ਦਾ ਇਹ ਕੈਸਾ ਵਿਅੰਗ ਹੈ ਕਿ ਉਹੋ ਲੋਕ ਆਜ਼ਾਦੀ ਦੇ ਕਾਤਲ ਬਣ ਗਏ ਹਨ ਜਿਨ੍ਹਾਂ ਦੇ ਵਡੇਰਿਆਂ ਨੇ ਆਜ਼ਾਦੀ ਦਾ ਝੰਡਾ ਸੰਸਾਰ ਵਿਚ ਬੁਲੰਦ ਕੀਤਾ ਸੀ।

ਮੁਜ਼ਰਮਾਂ ਦੇ ਘੁਰਨੇ:
ਅਸੀਂ ਇਹ ਗੱਲ ਬੜੇ ਅਫ਼ਸੋਸ ਨਾਲ ਆਖ ਰਹੇ ਹਾਂ ਕਿ ਉਹ ਧਰਤੀ ਜਿਥੇ ਨਾਜ਼ੀਆਂ ਵਿਰੁੱਧ ਜੂਝਦਿਆਂ ਲੱਖਾਂ ਲੋਕਾਂ ਨੇ ਜਾਨਾਂ ਦਿੱਤੀਆਂ, ਉਹੋ ਸਰ-ਜ਼ਮੀਨ ਅੱਜ ਸਿੰਘਾਂ ਦੇ ਕਾਤਲਾਂ ਲਈ ਸ਼ਰਨਗਾਹ ਬਣ ਗਈ ਹੈ। ਸਾਡੀ ਮੁਰਾਦ ਮਹਾਨ ਟਾਲਸਟਾਏ 3 ਤੇ ਲੈਨਿਨ ਦੇ ਦੇਸ਼ ਸੋਵੀਅਤ ਯੂਨੀਅਨ ਅਤੇ ਉਨ੍ਹਾਂ ਦੇ ਸਹਿਯੋਗੀ ਪੂਰਬੀ ਯੂਰਪ ਦੇ ਮੁਲਕ ਹਨ, ਜਿਥੇ ਸੈਂਕੜੇ ਸਿੱਖ ਗੱਭਰੂਆਂ ਨੂੰ ਜ਼ਿਬਾਹ ਕਰਨ ਵਾਲੇ ਬੂਆ ਤੇ ਰਿਬੇਰੋ ਵਰਗੇ ਅਜੋਕੇ ਨਾਜ਼ੀ ਸਫਾਰਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਪੱਜ ਹੇਠ ਸਿਆਸੀ ਸ਼ਰਨ ਦਾ ਆਨੰਦ ਮਾਣ ਰਹੇ ਹਨ। ਪਰ ਨਾਲ ਹੀ ਸਾਨੂੰ ਇਨ੍ਹਾਂ ਮੁਲਕਾਂ ਵਿਚ ਆਜ਼ਾਦੀ ਲਈ ਝੁੱਲ ਰਹੇ ਤਾਜ਼ੀ ਹਵਾ ਦੇ ਬੁੱਲ੍ਹੇ ਇਹ ਆਸ ਬੰਨਾਉਂਦੇ ਹਨ ਕਿ ਮਨੁੱਖਤਾ ਦੇ ਕਾਤਲਾਂ ਲਈ ਇਹ ਘੁਰਨੇ ਵੀ ਹੁਣ ਬਹੁਤਾ ਚਿਰ ਸੁਰੱਖਿਅਤ ਨਹੀਂ ਰਹਿਣਗੇ। ਸਾਡੇ ਲਈ ਉਹ ਘੜੀ ਦੂਰ ਨਹੀਂ, ਜਦੋਂ ਇਨ੍ਹਾਂ ਮੁਲਕਾਂ ਦੇ ਲੋਕ ਆਪਣੀਆਂ ਸ਼ਾਨਦਾਰ ਰਵਾਇਤਾਂ ਉੱਤੇ ਪਹਿਰਾ ਦੇ ਕੇ ਮਾਨਵਤਾ ਦੇ ਇਨ੍ਹਾਂ ਮੁਜਰਿਮਾਂ ਨੂੰ ਸਾਡੇ ਹਵਾਲੇ ਕਰਨਗੇ ਤਾਂ ਜੋ ਖਾਲਸੇ ਦੀ ਕਚਿਹਰੀ ਵਿਚ ਇਨ੍ਹਾਂ ਨਾਲ ਬਣਦਾ ਇਨਸਾਫ਼ ਕੀਤਾ ਜਾ ਸਕੇ।

ਖਾਲਿਸਤਾਨ ਦਾ ਸੱਚ ਸਵੀਕਾਰ ਕਰੋ:
ਖਾਲਸੇ ਉੱਤੇ ਜ਼ੁਲਮ ਦੀ ਜੋ ਕਾਲੀ ਬੋਲੀ ਹਨ੍ਹੇਰੀ ਝੁੱਲ ਰਹੀ ਹੈ ਅਤੇ ਤਸ਼ੱਦਦ ਦੀ ਜੋ ਅੱਗ ਸਿੰਘਾਂ ਉੱਤੇ ਵਰ ਰਹੀ ਹੈ, ਉਸ ਦਾ ਥੋੜ੍ਹਾ ਮਾਸਾ ਸੇਕ ਤਾਂ ਲਿੰਕਨ4, ਐਮਰਸਨ, ਰੂਸੋ5, ਵਾਲਟੇਅਰ6 ਅਤੇ ਸ਼ੈਕਸਪੀਅਰ7 ਦੀਆਂ ਰੂਹਾਂ ਨੂੰ ਵੀ ਪਹੁੰਚ ਗਿਆ ਹੋਵੇਗਾ ਕਿਉਂਕਿ ਆਪਣੀ ਆਜ਼ਾਦੀ ਤੇ ਖੁਦ ਮੁਖਤਾਰੀ ਲਈ ਸੰਗਰਾਮ ਕਰਨ ਵਾਲੇ ਲੋਕਾਂ ਦੇ ਲਹੂ ਦਾ ਰੰਗ ਇਕੋ ਹੀ ਹੁੰਦਾ ਹੈ। ਪਰ ਸਾਨੂੰ ਇਹ ਕਹਿਣ ਦੀ ਇਜਾਜ਼ਤ ਦਿਉ ਕਿ ਇਨ੍ਹਾਂ ਮਹਾਨ ਵਿਅਕਤੀਆਂ ਦੀਆਂ ਧਰਤੀਆਂ ਦੇ ਲੋਕਾਂ ਵਿਚ ਆਪਣੀਆਂ ਰਵਾਇਤਾਂ ਨੂੰ ਅੱਗੇ ਤੋਰਨ ਦੀ ਤਾਂਘ ਮਰ ਰਹੀ ਹੈ। ਉਨ੍ਹਾਂ ਦੀਆਂ ਰੂਹਾਨੀ ਕਦਰਾਂ ਕੀਮਤਾਂ ਉੱਤੇ ਇਕ ਭਿਅੰਕਰ ਸੋਕਾ ਆ ਗਿਆ ਹੈ ਅਤੇ ਉਹ ਵੇਖ ਨਹੀਂ ਰਹੇ ਕਿ ਖਾਲਿਸਤਾਨ ਦੀ ਸਰ-ਜ਼ਮੀਨ ਉੱਤੇ ਇਕ ਨਵੇਂ ਸੂਰਜ ਦਾ ਪ੍ਰਕਾਸ਼ ਹੋ ਰਿਹਾ ਹੈ ਜਿਸ ਦੀਆਂ ਕਿਰਨਾਂ ਨੇ ਸਾਰੇ ਬ੍ਰਹਿਮੰਡ ਨੂੰ ਰੋਸ਼ਨ ਕਰਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਖਾਲਿਸਤਾਨ ਦੀ ਹਕੀਕਤ ਨੂੰ ਪ੍ਰਵਾਨ ਕਰਨਗੇ। ਅਸੀਂ ਯੂæਐਨæਓæ ਨੂੰ ਵੀ ਅਪੀਲ ਕਰਾਂਗੇ ਕਿ ਉਹ ਖਾਲਿਸਤਾਨ ਦੇ ਸੱਚ ਨੂੰ ਸਵੀਕਾਰ ਕਰੇ, ਤਾਂ ਜੋ ਖਾਲਸਾ ਕੌਮ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ, ਭਾਰਤ ਸਮੇਤ ਸਭ ਮੁਲਕਾਂ ਨਾਲ ਚੰਗੇ ਗਵਾਂਢੀਆਂ ਵਾਂਗ ਅਮਨ ਅਤੇ ਸਹਿਣਸ਼ੀਲਤਾ ਦੇ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਸੰਸਾਰ ਦੇ ਇਤਿਹਾਸ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕੇ।

ਮੌਤ ਵਿਚ ਵੀ ਜ਼ਿੰਦਗੀ ਦੀ ਸ਼ਾਨ ਦਾ ਪਰਚਮ ਝੂਲਦਾ ਹੈ:
‘ਰਾਸ਼ਟਰਪਤੀ’ ਜੀ! ਅਸੀਂ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਜਾ ਰਹੇ ਹਾਂ, ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਮੌਤ ਵਿਚ ਵੀ ਜ਼ਿੰਦਗੀ ਦੀ ਸ਼ਾਨ ਦਾ ਪਰਚਮ ਝੁੱਲਦਾ ਹੈ। ਅਸੀਂ ਤਾਂ ਕੀ ਸਾਡੀ ਸਮੁੱਚੀ ਕੌਮ ਹੀ ‘ਤਲੀ ਉੱਤੇ ਸੀਸ’ ਧਰਨ ਦੇ ਕਰਮ ਵਿਚੋਂ ਉਪਜੀ ਹੈ। ਫਿਰ ਬਦੀ ਦੀਆਂ ਬੰਦੂਕਾਂ ਸਾਨੂੰ ਭਲਾ ਕੀ ਡਰਾਉਣਗੀਆਂ?

ਇਸ ਬੇਵਫ਼ਾ ਦੌਰ ਵਿਚ ਵੀ ਅਸੀਂ ਸਾਬਤ ਤੇ ਸਿਦਕਵਾਨ ਹੋ ਕੇ ਆਪਣੇ ਮਾਹੀ ਨੂੰ ਮਿਲਣ ਜਾ ਰਹੇ ਹਾਂ। ਸਾਡੀ ਸ਼ਹਾਦਤ ਇਕ ਜਿਸਮ ਵਾਂਗ ਹੋਵੇਗੀ। ਸ਼ਹਾਦਤ ਦੇ ਰਹੇ ਹਾਂ ਤਾਂ ਜੋ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੀ ਸਿਖ਼ਰ ਨੂੰ ਛੂਹ ਸਕੀਏ।

ਅਸੀਂ ਇਉਂ ਮਹਿਸੂਸ ਕਰ ਰਹੇ ਹਾਂ ਜਿਵੇਂ ਸ਼ਹਾਦਤ ਜ਼ਿੰਦਗੀ ਦੇ ਕੁੱਲ ਡਰਾਂ, ਲਾਲਚਾਂ, ਸਰੀਰ ਦੀਆਂ ਅਸ਼ਲੀਲ ਭਾਵਨਾਵਾਂ ਦੇ ਤਿਆਗ ਦਾ ਨਾਂਅ ਹੈ। ਖਾਲਸੇ ਦੀ ਚੇਨਤਾ ਸ਼ਹਾਦਤ ਦੇ ਅਮਲ ਦੌਰਾਨ ਹੀ ਵੱਧ ਤੋਂ ਵੱਧ ਰੋਸ਼ਨ ਤੇ ਖਾਲਿਸ ਹੁੰਦੀ ਹੈ।

ਅਸੀਂ ਸ਼ਹਾਦਤ ਦੇ ਰਹੇ ਹਾਂ ਤਾਂ ਜੋ ਖਾਲਸੇ ਦੀ ਕੁਦਰਤੀ ਮੌਲਿਕਤਾ, ਇਸ ਦੀ ਨਿਆਰੀ ਛੱਬ ਤੇ ਇਸ ਦਾ ਸਰਸਬਜ਼ ਚਿਹਰਾ ਇਕ ਵਾਰ ਮੁੜ ਆਪਣੇ ਜਾਹੋ ਜਲਾਲ ਵਿਚ ਆ ਕੇ ਸਾਰੇ ਸੰਸਾਰ ਨੂੰ ਰੌਸ਼ਨ ਕਰੇ। ਗੁਰੂਆਂ ਨੇ ਕਿਸੇ ਅਨੰਤ ਖੁਸ਼ੀ ਵਿਚ ਤੁਰੱਠ ਕੇ ਸਾਨੂੰ ਆਪਣੀ ਮੁਹੱਬਤ ਦੀ ਇਕ ਚਿਣਗ ਬਖਸ਼ੀ ਹੈ ਅਤੇ ਇਸ ਚਿਣਗ ਨਾਲ ਅਸੀਂ ਸਾਰਾ ਅਸਮਾਨ ਰੋਸ਼ਨ ਕਰਨ ਜਾ ਰਹੇ ਹਾਂ। ਅਸੀਂ ਇਸ ਰੋਸ਼ਨੀ ਦੀ ਗੋਦ ਵਿਚ ਬੈਠ ਕੇ ਪੂਰਨ ਖੇੜੇ ਵਿਚ ਹਾਂ ਅਤੇ ਸ਼ਹਾਦਤ ਦੇ ਸ਼ੌਂਕ ਵਿਚ ਅਸੀਂ ਅਡੋਲ ਕਿਸੇ ਵੱਡੀ ਅਵਸਥਾ ਵਿਚ ਵਿਚਰ ਰਹੇ ਹਾਂ।

ਸਾਨੂੰ ‘ਸਤਿਗੁਰੂ’ ਮਿਲ ਗਿਆ ਹੈ ਤੇ ਰਾਗਾਂ ਦੀਆਂ ਪਰੀਆਂ ਆਪਣੇ ਪਰਿਵਾਰਾਂ ਸਮੇਤ ਸਾਨੂੰ ਵਧਾਈਆਂ ਦੇਣ ਲਈ ਇਸ ਅਲੌਕਿਕ ਮੇਲੇ ਵਿਚ ਪੁੱਜੀਆਂ ਹੋਈਆਂ ਹਨ।

ਸ਼ਹਾਦਤ ਦਾ ਵੀ ਇਕ ਆਪਣਾ ਹੀ ਨਿਰਾਲਾ ਸਵਾਦ ਹੁੰਦਾ ਹੈ। ਇਹ ਕੈਸਾ ਵਿਸਮਾਦ ਹੈ ਜੋ ਠੋਸ ਅਤੇ ਅਣਕਹੇ ਜਜ਼ਬਿਆਂ ਤੋਂ ਵੀ ਪਰੇ ਹੈ।

ਸਾਡੀ ਕੌਮ ਨੂੰ ਆਖਣਾ ਕਿ ਉਹ ਉਦਾਸ ਨਾ ਹੋਏ; ਕਿਉਂਕਿ ਅਸੀਂ ਕਲਗੀਆਂ ਵਾਲੇ ਦੀ ਯਾਦ ਦਾ ਦਰਿਆ ਵਗਾ ਦਿੱਤਾ ਹੈ। ਆਖਣਾ ਕਿ ਦਸਮ ਪਾਤਸ਼ਾਹ ਦੀ ਮੁਹੱਬਤ ਦਾ ਚਸ਼ਮਾ ਫੁੱਟ ਚੁੱਕਾ ਹੈ ਅਤੇ ਅਸੀਂ ਸਾਬਤ ਸਿਦਕਵਾਨ ਹੋ ਕੇ ਕਿਸੇ ਅਦਿੱਖ ਸ਼ਾਂਤੀ ਤੇ ਸਹਿਜ ਵਿਚ ਮਕਤਲ ਵੱਲ ਜਾ ਰਹੇ ਹਾਂ। ਅਸੀਂ ਸਿਦਕ ਦੀ ਅਨੋਖੀ ਕਿਸ਼ਤੀ ਵਿਚ ਸਵਾਰ ਹਾਂ, ਜਿਥੇ ਸਮੁੰਦਰ ਦੀਆਂ ਲਹਿਰਾਂ ਸਾਨੂੰ ਡੋਬਣ ਤੋਂ ਅਸਮਰਥ ਹਨ।

ਲਗੜੀ ਸੁਥਾਨਿ ਜੋੜਨਹਾਰੈ ਜੋੜੀਆ॥
ਨਾਨਕ ਲਹਰੀ ਲਖ ਸੋ ਆਣ ਡੁਬਣ ਦੇਇ ਨਾ ਮਾ ਪਿਰੀ॥

ਖਾਲਸੇ ਦਾ ਨਾਅਰਾ ਹੈ ਕਿ ਮੌਤ ਕਿਤੇ ਵੀ ਆਏ ਖਿੜੇ ਮੱਥੇ ਕਬੂਲ ਕਰੋ। ਇਸ ਲਈ ਸੰਸਾਰ ਭਰ ਵਿਚ ਆਜ਼ਾਦੀ ਦੇ ਜਜ਼ਬੇ ਨਾਲ ਬਲ ਰਹੇ ਯੋਧਿਆਂ ਨੂੰ ਆਖਣਾ ਕਿ ਸਾਡੀ ਲਲਕਾਰ ਮੱਠੀ ਨਾ ਪਵੇ ਅਤੇ ਮੈਦਾਨੇ-ਜੰਗ ਵਿਚ ਉਨ੍ਹਾਂ ਦੀਆਂ ਗੋਲੀਆਂ ਦੀ ਤੜ-ਤੜ ਸਾਡੀ ਮੌਤ ਦੇ ਵੈਣ ਹੋਣ।

ਫਾਂਸੀ ਦਾ ਰੱਸਾ ਸਾਨੂੰ ਯਾਰੜੇ ਦੀ ਗਲਵੱਕੜੀ ਵਾਂਗ ਹੀ ਪਿਆਰਾ ਹੈ ਪਰ ਜੇ ਸਾਡੇ ਉੱਤੇ ਜੰਗੀ ਕੈਦੀ ਹੋਣ ਦਾ ਇਲਜ਼ਾਮ ਹੈ ਤਾਂ ਅਸੀਂ ਚਾਹਾਂਗੇ ਕਿ ਸਾਡੀਆਂ ਹਿੱਕਾਂ ਵਿਚਲੇ ਸੰਚ ਨੂੰ ਗੋਲੀਆਂ ਦੇ ਚੁੰਮਣ ਮਿਲਣ ਤਾਂ ਜੋ ਸਾਡੇ ਗਰਮ ਲਹੂ ਨਾਲ ਖਾਲਿਸਤਾਨ ਦੀ ਪਵਿੱਤਰ ਸਰ-ਜ਼ਮੀਨ ਹੋਰ ਵੀ ਜ਼ਰਖੇਜ਼ ਹੋਏ।

ਖਾਲਿਸਤਾਨ ਜ਼ਿੰਦਾਬਾਦ!!!
ਖਾਲਿਸਤਾਨ ਲਈ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲੇ ਅਸੀਂ ਹਾਂ :
ਹਰਜਿੰਦਰ ਸਿੰਘ-ਸੁਖਦੇਵ ਸਿੰਘ (ਪੂਨਾ ਜੇਲ੍ਹ, ਮਹਾਂਰਾਸ਼ਟਰ, 4 ਮਈ 1990)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,