ਸਿੱਖ ਖਬਰਾਂ

ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਨਿਹੰਗ ਸਿੰਘਾਂ ਵੱਲੋਂ ਸਜ਼ਾਏ ਮੁਹੱਲੇ ਨਾਲ ਹੋਇਆ ਸਮਾਪਤ

December 24, 2015 | By

ਸ੍ਰੀ ਚਮਕੌਰ ਸਾਹਿਬ (23 ਦਸੰਬਰ, 2015): ਸ੍ਰੀ ਚਮਕੌਰ ਸਾਹਿਬ ਵਿਖੇ ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੂਝਾਰ ਸਿੰਘ ਅਤੇ ਗੜ੍ਹੀ ਚਮਕੌਰ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਅੱਜ ਆਖਰੀ ਦਿਨ ਸ਼੍ਰੋਮਣੀ ਕਮੇਟੀ ਵੱਲੋਂ ਸਜਾਏ ਨਗਰ ਕੀਰਤਨ ਅਤੇ ਨਿਹੰਗ ਸਿੰਘਾਂ ਵੱਲੋਂ ਸਜਾਏ ਮੁਹੱਲੇ ਨਾਲ ਸਮਾਪਤ ਹੋ ਗਿਆ।

ਅੱਜ ਆਖਰੀ ਦਿਨ ਵੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁ: ਸ੍ਰੀ ਗੜੀ੍ਹ ਸਾਹਿਬ, ਗੁ: ਸ੍ਰੀ ਦਮਦਮਾ ਸਾਹਿਬ, ਸ੍ਰੀ ਰਣਜੀਤਗੜ੍ਹ ਸਾਹਿਬ, ਸ੍ਰੀ ਤਾੜੀ ਸਾਹਿਬ, ਸ਼ਹੀਦੀ ਬੁਰਜ ਭਾਈ ਜੈਤਾ ਜੀ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੁੰਦਿਆਂ ਕੌਮ ਦੇ ਸੂਰਬੀਰ ਨਾਈਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਨੇ ਲੰਮੀਆਂ ਕਤਾਰਾਂ ਵਿਚ ਖੜ ਕੇ ਮੱਥਾ ਟੇਕਿਆ।

ਨਗਰ ਕੀਰਤਨ ਦਾ ਦ੍ਰਿਸ਼

ਨਗਰ ਕੀਰਤਨ ਦਾ ਦ੍ਰਿਸ਼

ਸਵੇਰੇ ਇਨ੍ਹਾਂ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਸਵੇਰੇ 10:30 ਵਜੇ ਇਤਿਹਾਸਕ ਗੁ: ਸ੍ਰੀ ਗੜ੍ਹੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਰੰਭਤਾ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਕੀਤੀ ਗਈ।

ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਅਰੰਭ ਹੋ ਕੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ਼ਹੀਦੀ ਬੁਰਜ ਭਾਈ ਜੈਤਾ ਜੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ, ਗੁਰਦੁਆਰਾ ਤਾੜੀ ਸਾਹਿਬ ਨਤਮਸਤਕ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਮਾਪਤ ਹੋਇਆ।

ਇਸ ਨਗਰ ਕੀਰਤਨ ਵਿਚ ਖਾਲਸਾ ਸਕੂਲ ਸ੍ਰੀ ਜੰਡ ਸਾਹਿਬ ਦੇ ਵਿਦਿਆਰਥੀਆਂ ਤੋਂ ਇਲਾਵਾ ਸ਼ਬਦ ਚੌਾਕੀ ਜਥਾ ਗੁ: ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ, ਗੁਰਪੁਰਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਸਮੇਤ ਬਸੀ ਬਸੀ ਪਠਾਣਾ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਸਰਹਿੰਦ, ਗੋਬਿੰਦਗੜ੍ਹ ਆਦਿ ਸ਼ਹਿਰਾਂ ਤੋਂ ਆਈ ਧਾਰਮਿਕ ਸੰਸਥਾਵਾਂ ਦੀਆਂ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਚੱਲ ਰਹੀਆਂ ਸਨ।

ਇਸ ਨਗਰ ਕੀਰਤਨ ਦੀ ਅਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਮੈਨੇਜਰ ਭਾਈ ਨੱਥਾ ਸਿੰਘ,ਬਾਬਾ ਡੱਲਾ ਜੀ ਕਾਰ ਸੇਵਾ ਵਾਲੇ, ਬਾਬਾ ਗਰੀਬ ਸਿੰਘ, ਬਾਬਾ ਸੁਰਮੁੱਖ ਸਿੰਘ, ਬਾਬਾ ਨਿਰਮਲ ਸਿੰਘ, ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਰਾਣਾ, ਨੰਬਰਦਾਰ ਬਲਜਿੰਦਰ ਸਿੰਘ ਭਜੋਲੀ, ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਜਥੇਦਾਰ ਰਾਜਿੰਦਰ ਸਿੰਘ ਮੁੰਡੀਆਂ, ਜਥੇਦਾਰ ਮਨੋਹਰ ਸਿੰਘ ਮੱਕੜ, ਪਰਮਜੀਤ ਸਿੰਘ ਚੱਢਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨਗਰ ਕੀਰਤਨ ਵਿਚ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: