ਸਿਆਸੀ ਖਬਰਾਂ

ਆਸਟ੍ਰੇਲੀਆ ‘ਚ ਕਤਲ ਹੋਏ ਮਨਮੀਤ ਅਲੀਸ਼ੇਰ ਦੇ ਸਸਕਾਰ ਮੌਕੇ ਭਗਵੰਤ ਮਾਨ ਦੀ ਅਕਾਲੀ ਆਗੂਆਂ ਨਾਲ ਹੋਈ ਬਹਿਸ

November 5, 2016 | By

ਸੰਗਰੂਰ: ਆਸਟਰੇਲੀਆ ਵਿੱਚ ਕਤਲ ਕੀਤੇ ਗਏ ਨੌਜਵਾਨ ਮਨਮੀਤ ਅਲੀਸ਼ੇਰ ਦੇ ਅੱਜ ਪਿੰਡ ਅਲੀਸ਼ੇਰ ਵਿੱਚ ਸਸਕਾਰ ਮੌਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮਨਮੀਤ ਅਲੀਸ਼ੇਰ ਦੇ ਘਰ ਵਿੱਚ ਖਿੱਚ-ਧੂਹ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੇਹ ਪਿੰਡ ਪਹੁੰਚਣ ਮਗਰੋਂ ਅਕਾਲੀ ਦਲ ਦੇ ਸਕੱਤਰ ਜਰਨਲ ਤੇ ਐਮ.ਪੀ. ਸੁਖਦੇਵ ਸਿੰਘ ਢੀਂਡਸਾ ਆਪਣੇ ਸਮਰਥਕਾਂ ਸਮੇਤ ਮਨਮੀਤ ਦੇ ਘਰ ਪਹੁੰਚੇ ਅਤੇ ਬਾਅਦ ’ਚ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਪੁੱਜ ਗਏ।

ਭਗਵੰਤ ਮਾਨ ਕਹਿ ਰਿਹਾ ਸੀ ਕਿ ਮਨਮੀਤ ਦੀ ਮ੍ਰਿਤਕ ਦੇਹ ਪਰਿਵਾਰ ਦੀਆਂ ਔਰਤਾਂ ਨੂੰ ਹੋਰ ਸਮਾਂ ਦੇਖਣ ਦਿੱਤੀ ਜਾਵੇ ਪਰ ਪਰਿਵਾਰਕ ਮੈਂਬਰ ਤਰਸੇਮ ਸ਼ਰਮਾ ਤੇ ਦੋਸਤ ਪੀਆਰਟੀਸੀ ਦੇ ਉਪ ਚੇਅਰਮੈਨ ਬਿਨਰਜੀਤ ਸਿੰਘ ਗੋਲਡੀ, ਜੋ ਦੇਹ ਨੂੰ ਬ੍ਰਿਸਬਨ ਤੋਂ ਨਾਲ ਲੈ ਕੇ ਆਏ ਸਨ, ਨੇ ਕਿਹਾ ਕਿ ਸਮਾਂ ਬਹੁਤ ਹੋ ਚੁੱਕਾ ਹੈ ਇਸ ਕਰਕੇ ਸਸਕਾਰ ਕਰ ਦਿੱਤਾ ਜਾਵੇ। ਇਸ ਗੱਲੋਂ ਤੈਸ਼ ਵਿੱਚ ਆਉਂਦਿਆਂ ਭਗਵੰਤ ਮਾਨ ਨੇ ਬਿਨਰਜੀਤ ਗੋਲਡੀ ਨੂੰ ਕਿਹਾ ਕਿ ਇਹ ਮਨਮੀਤ ਨਹੀਂ ਹੈ ਤੁਸੀਂ ਕਿਸੇ ਹੋਰ ਨੂੰ ਲਿਆਂਦਾ ਹੈ। ਇਸ ਮਗਰੋਂ ਦੋਹਾਂ ਧਿਰਾਂ ’ਚ ਤਕਰਾਰ ਹੋ ਗਈ ਅਤੇ ਲੋਕਾਂ ਨੇ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਭਗਵੰਤ ਮਾਨ ਨੂੰ ਜਬਰੀ ਉਥੋਂ ਹਟਾਇਆ ਅਤੇ ਦੇਹ ਸਸਕਾਰ ਲਈ ਲੈ ਗਏ। ਮਾਨ ਉਸ ਸਮੇਂ ਉੱਚੀ ਉੱਚੀ ਪੁਲਿਸ ਤੇ ਸੱਤਾਧਾਰੀ ਪਾਰਟੀ ਖ਼ਿਲਾਫ਼ ਬੋਲਦੇ ਰਹੇ।

ਅਲੀਸ਼ੇਰ ਵਿੱਚ ਮਨਮੀਤ ਅਲੀਸ਼ੇਰ ਦੇ ਸਸਕਾਰ ਮੌਕੇ ਬਹਿਸਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ

ਅਲੀਸ਼ੇਰ ਵਿੱਚ ਮਨਮੀਤ ਅਲੀਸ਼ੇਰ ਦੇ ਸਸਕਾਰ ਮੌਕੇ ਬਹਿਸਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ

ਭਗਵੰਤ ਮਾਨ ਨੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੂੰ ਜਨਤਕ ਹਦਾਇਤ ਕੀਤੀ ਕਿ ਉਹ ਅਜਿਹੇ ਸੋਗਮਈ ਸਮਾਗਮ ’ਚ ਗੱਡੀ ’ਤੇ ਬੱਤੀ ਲਗਾ ਕੇ ਨਾ ਆਇਆ ਕਰਨ ਪਰ ਐਸਐਸਪੀ ਨੇ ਸੰਸਦ ਮੈਂਬਰ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸ਼ਮਸ਼ਾਨਘਾਟ ਵਿੱਚ ਆਪਣੇ ਸਮਰਥਕਾਂ ਨਾਲ ਬੈਠੇ ਭਗਵੰਤ ਮਾਨ ਨੇ ਕਿਹਾ ਕਿ ਉਹ ਪਰਿਵਾਰ ਦੀਆਂ ਲੜਕੀਆਂ ਨੂੰ ਕੁਝ ਸਮਾਂ ਮ੍ਰਿਤਕ ਭਰਾ ਕੋਲ ਬੈਠਣ ਦੇਣਾ ਚਾਹੁੰਦੇ ਸਨ ਪਰ ਸੱਤਾਧਾਰੀ ਧਿਰ ਨੂੰ ਇਹ ਮਨਜ਼ੂਰ ਨਹੀਂ। ਕੁਝ ਲੋਕਾਂ ਨੇ ਭਗਵੰਤ ਮਾਨ ’ਤੇ ਨਸ਼ੇ ਵਿਚ ਹੋਣ ਦਾ ਦੋਸ਼ ਲਾਇਆ। ਜ਼ਿਕਰਯੋਗ ਹੈ ਕਿ ਮਨਮੀਤ ਦਾ ਇਥੋਂ ਵਾਲਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਜਦੋਂ ਕਿ ਮਨਮੀਤ ਬਾਰੇ ‘ਆਪ’ ਦਾਅਵਾ ਕਰਦੀ ਹੈ ਕਿ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,