ਪੰਜਾਬ ਦੀ ਰਾਜਨੀਤੀ » ਲੇਖ » ਸਿਆਸੀ ਖਬਰਾਂ

ਮਾਘੀ ਮੇਲੇ ਦੀਆਂ ਕਾਨਫ਼ਰੰਸਾਂ ਤੋਂ ਸ਼ੁਰੂ ਹੋਈ ਸਿਆਸੀ ਜੰਗ ਦਿਲਸਚਪ ਮੋੜ ’ਤੇ ਪੁੱਜੀ

December 26, 2016 | By

ਚੰਡੀਗੜ੍ਹ (ਹਮੀਰ ਸਿੰਘ): ਪੰਜਾਬ ਪਹਿਲੀ ਵਾਰ ਲਗਭਗ ਇੱਕ ਸਾਲ ਤੋਂ ਚੋਣ ਮੋਡ (Mode) ਵਿੱਚ ਹੈ। ਸੱਤਾ ਦੀਆਂ ਦਾਅਵੇਦਾਰ ਤਿੰਨ ਵੱਡੀਆਂ ਪਾਰਟੀਆਂ ਵੱਲੋਂ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਕੀਤੀਆਂ ਕਾਨਫਰੰਸਾਂ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਰੈਲੀਆਂ ਵਿੱਚ ਨਸ਼ੇ, ਬੇਰੁਜ਼ਗਾਰੀ ਤੇ ਕਿਸਾਨ ਖ਼ੁਦਕੁਸ਼ੀਆਂ ਮੁੱਖ ਚੋਣ ਮੁੱਦਿਆਂ ਵਜੋਂ ਉਭਾਰੇ ਗਏ। ਆਮ ਆਦਮੀ ਪਾਰਟੀ ਦੀ ਵੱਡੀ ਰੈਲੀ ਨੇ ਇਹ ਸੰਕੇਤ ਦਿੱਤਾ ਸੀ ਕਿ ਵਿਧਾਨ ਸਭਾ ਚੋਣਾਂ ਇਸ ਵਾਰ ਸਖ਼ਤ ਤਿਕੋਨੇ ਮੁਕਾਬਲੇ ਦਾ ਦ੍ਰਿਸ਼ ਪੇਸ਼ ਕਰਨਗੀਆਂ।

ਲੇਖਕ: ਹਮੀਰ ਸਿੰਘ

ਲੇਖਕ: ਹਮੀਰ ਸਿੰਘ

ਕਾਂਗਰਸ ਪਾਰਟੀ ਦੀ ਸੱਤਾ ਦੀ ਅੰਦਰੂਨੀ ਲੜਾਈ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਬੇਸ਼ੱਕ ਦਸੰਬਰ ਦੇ ਅੱਧ ਵਿੱਚ ਬਠਿੰਡਾ ਦੀ ਵੱਡੀ ਰੈਲੀ ਰਾਹੀਂ ਹੋ ਗਈ ਸੀ ਪਰ ਮਾਘੀ ਦੇ ਮੇਲੇ ’ਤੇ ਇੱਕ-ਦੂਜੇ ਤੋਂ ਵੱਧ ਇਕੱਠ ਦਿਖਾਉਣ ਦੇ ਦਾਅਵੇ ਨਾਲ ਕੀਤੀਆਂ ਰੈਲੀਆਂ ਨੇ ਪੰਜਾਬੀਆਂ ਦਾ ਧਿਆਨ ਖਿੱਚਿਆ। ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਵੱਡੀ ਸਿਆਸੀ ਰੈਲੀ ਸੀ, ਜਿਸ ਨੇ ਚੋਣ ਮੁਹਿੰਮ ਦਾ ਆਗਾਜ਼ ਕਰਨਾ ਸੀ। ਉਸ ਸਮੇਂ ਮਹਿਸੂਸ ਕੀਤਾ ਗਿਆ ਕਿ ਮੁਕਾਬਲਾ ਇੰਨਾ ਆਸਾਨ ਵੀ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੇ ਪੰਜਾਬੀਆਂ ਨੂੰ ਟੋਪੀ ਵਾਲਿਆਂ ਤੋਂ ਬਚ ਕੇ ਰਹਿਣ ਦਾ ਸੱਦਾ ਦਿੰਦਿਆਂ ਪੰਜਾਬੀ ਅਤੇ ਗ਼ੈਰ ਪੰਜਾਬੀ ਹੋਣ ਦੇ ਮੁੱਦੇ ਨੂੰ ਉਭਾਰਿਆ।

ਕੈਪਟਨ ਅਮਰਿੰਦਰ ਸਿੰਘ ਨੇ ਭਰਵੇਂ ਇਕੱਠ ਵਿੱਚ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਤੇ ‘ਆਪ’ ਵਿੱਚ ਜਾਣ ਤੋਂ ਰੋਕਣ। ਇਸ ਦੌਰਾਨ ਕੇਜਰੀਵਾਲ ਦੇ ਹਰਿਆਣਵੀ ਹੋਣ ਕਾਰਨ ਪੰਜਾਬ ਦੇ ਮੁੱਦਿਆਂ ਜਿਵੇਂ ਪਾਣੀ ਅਤੇ ਪੰਜਾਬੀ ਬੋਲਣ ਵਾਲੇ ਇਲਾਕਿਆਂ ਉੱਤੇ ਪੰਜਾਬ ਪੱਖੀ ਸਟੈਂਡ ਨਾ ਲੈਣ ਦੀ ਦਲੀਲ ਦਿੰਦਿਆਂ ਪੰਜਾਬ ਦੇ ਤਜ਼ਰਬੇਕਾਰ ਆਗੂ ਨੂੰ ਮੁੱਖ ਮੰਤਰੀ ਬਣਾਉਣ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਬਠਿੰਡਾ ਦੀ ਰੈਲੀ ਵਿੱਚ ਪੰਜਾਬ ਵਿੱਚੋਂ ਇੱਕ ਮਹੀਨੇ ਅੰਦਰ ਨਸ਼ਿਆਂ ਦਾ ਖ਼ਾਤਮਾ ਕਰਨ ਦੇ ਵਾਅਦੇ ਨੂੰ ਦੁਹਰਾਇਆ। ਕੇਜਰੀਵਾਲ ਨੇ ਪਾਰਟੀ ਦੀ ਰੈਲੀ ਦੌਰਾਨ ਨਸ਼ਿਆਂ ਦੇ ਮੁੱਦੇ ’ਤੇ ਬਿਕਰਮ ਸਿੰਘ ਮਜੀਠੀਆ ਉੱਤੇ ਨਸ਼ਿਆਂ ਦੀ ਤਸ਼ਕਰੀ ਵਿੱਚ ਕਥਿਤ ਤੌਰ ’ਤੇ ਸ਼ਾਮਿਲ ਹੋਣ ਦੇ ਦੋਸ਼ ਵੀ ਲਗਾਏ। ਕੇਜਰੀਵਾਲ ਨੇ ਪੰਜਾਬ ਵਿੱਚ 100 ਸੀਟਾਂ ਜਿੱਤਣ ਦਾ ਦਾਅਵਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਮਾਘੀ ਰੈਲੀ ਦੂਜੀਆਂ ਦੋਵਾਂ ਨਾਲੋਂ ਫਿੱਕੀ ਰਹਿਣ ਕਰਕੇ ਇਹ ਪ੍ਰਭਾਵ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨੀ ਸੰਕਟ ਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਕਾਰਨ ਲੋਕਾਂ ਦੀ ਸਰਕਾਰ ਨਾਲ ਨਾਰਾਜ਼ਗੀ ਦੂਰ ਨਹੀਂ ਹੋ ਰਹੀ। ਇਸ ਦੇ ਬਾਵਜੂਦ ਪਾਰਟੀ ਨੇ ਮੈਦਾਨ ਵਿੱਚ ਡਟੇ ਰਹਿਣ ਦਾ ਸੰਕੇਤ ਦਿੱਤਾ।

ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ (ਫਾਈਲ ਫੋਟੋ)

ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ (ਫਾਈਲ ਫੋਟੋ)

ਇੱਕ ਸਾਲ ਦੇ ਇਸ ਦੌਰ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਆਪਣੇ ਸਿਆਸੀ ਜੀਵਨ ਵਿੱਚ ਇੰਨੀ ਲੰਮੀ ਤੇ ਟਿਕਾਊ ਤਰੀਕੇ ਦੀ ਚੋਣ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਖ਼ੁਦ ਵੀ ਮੰਨਿਆ ਹੈ ਕਿ ਉਨ੍ਹਾਂ ਦੇ ਸਿਆਸੀ ਜੀਵਨ ਦੀ ਇਹ ਆਖ਼ਰੀ ਚੋਣ ਹੈ। ਇਸ ਦੌਰਾਨ ਵੀ ਕਾਂਗਰਸ ਦੀ ਅੰਦਰੂਨੀ ਲੜਾਈ ਕਿਸੇ ਨਾ ਕਿਸੇ ਰੂਪ ਵਿੱਚ ਲਗਾਤਾਰ ਜਾਰੀ ਹੈ ਪਰ ਕਾਂਗਰਸ ਅਜੇ ਵੀ ਆਮ ਲੋਕਾਂ ਵਿੱਚ ਪਾਰਟੀ ਸੱਤਾ ਦੀ ਮਜ਼ਬੂਤ ਦਾਅਵੇਦਾਰ ਵਜੋਂ ਕਾਇਮ ਹੈ। ਬਚੀਆਂ ਹੋਈਆਂ 30 ਸੀਟਾਂ ਦੀ ਟਿਕਟ ਵੰਡ ਇਸ ਦੀ ਵੱਡੀ ਪ੍ਰਖਿਆ ਹੋਵੇਗੀ, ਕਿਉਂਕਿ ਇਨ੍ਹਾਂ ਵਿੱਚੋਂ ਹੀ ਬਾਗ਼ੀ ਰੁਖ਼ ਅਪਣਾਉਣ ਵਾਲੇ ਆਗੂਆਂ ਦੀ ਅਸਲ ਗਿਣਤੀ ਸਾਹਮਣੇ ਆ ਸਕੇਗੀ। ਵਿਵਸਥਾ ਪਰਿਵਰਤਨ ਦੇ ਨਾਅਰੇ ਨਾਲ ਸਿਆਸੀ ਲੜਾਈ ਵਿੱਚ ਕੁੱਦੀ ਆਮ ਆਦਮੀ ਪਾਰਟੀ ਦਾ ਉਹ ਇਖ਼ਲਾਕੀ ਮੁਹਾਂਦਰਾ ਤਾਂ ਗੁਆਚਦਾ ਜਾਪਣ ਲੱਗਿਆ ਹੈ, ਪਰ  ਵੱਡੇ ਸਿਆਸੀ ਘਰਾਣਿਆਂ ਤੋਂ ਹਟ ਕੇ ਗ਼ੈਰ ਸਿਆਸੀ ਪਰਿਵਾਰਾਂ ਦੇ ਨੌਜਵਾਨਾਂ ਵਿੱਚ ਸੱਤਾ ਵਿੱਚ ਹਿੱਸੇਦਾਰ ਬਣਨ ਦੀ ਖਾਹਿਸ਼ ਅਤੇ ਚੋਣਾਂ ਲੜਨ ਦੀ ਸਮਰੱਥਾ ਹੋਣ ਦਾ ਭਰੋਸਾ ਪੈਦਾ ਕਰਨਾ ਇਸ ਦੀ ਦੇਣ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬਾਹਰ ਕੱਢਣ, ਟਿਕਟਾਂ ਦੇ ਮਾਮਲੇ ਵਿੱਚ ਪੈਸੇ ਦੇ ਦਖ਼ਲ ਦੇ ਦੋਸ਼ਾਂ ਨੇ ਪਾਰਟੀ ਦੇ ਅਕਸ ਨੂੰ ਸੱਟ ਮਾਰੀ ਹੈ। ਇਸੇ ਅਹਿਸਾਸ ਕਰਕੇ ਕਿਸੇ ਨਾਲ ਸਮਝੌਤਾ ਨਾ ਕਰਨ ਵਾਲੀ ਪਾਰਟੀ ਨੂੰ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨਾਲ ਸਮਝੌਤਾ ਕਰਨਾ ਪਿਆ ਹੈ। ‘ਆਪ’ ਹੁਣ ਅਕਾਲੀ-ਕਾਂਗਰਸੀ ਮਿਲੇ ਹੋਣ ਦੇ ਬਿਆਨਾਂ ਨੂੰ ਦੁਹਰਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਐਸਵਾਈਐਲ ਬਾਰੇ ਰਾਸ਼ਟਰਪਤੀ ਦੀ ਰਾਇ ਤੋਂ ਬਾਅਦ ਪਾਣੀਆਂ ਨੂੰ ਮੁੱਖ ਮੁੱਦੇ ਵਜੋਂ ਉਭਾਰਨ ਨਾਲ ਖ਼ੁਦ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਖੜ੍ਹਾ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਲਹਾਲ ਉਹ ਸੱਤਾ ਦੇ ਦਾਅਵੇਦਾਰਾਂ ਦੀ ਦੌੜ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਇਸ ਤਰ੍ਹਾਂ ਪੰਜਾਬ ਵਿੱਚ ਤਿੰਨਾਂ ਪਾਰਟੀਆਂ ਦੀ ਫਸਵੀਂ ਟੱਕਰ ਦਿਲਚਸਪ ਰਹਿਣ ਦੇ ਆਸਾਰ ਹਨ।

(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)

Related Topics: , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: