ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਚੋਣ ਕਮਿਸ਼ਨਰ ਜ਼ੈਦੀ 11 ਜਨਵਰੀ ਨੂੰ ਪੰਜਾਬ ‘ਚ; ਬਾਦਲ ਪਰਿਵਾਰ ਦੀ ਸੁਰੱਖਿਆ ਵਧਾਈ,ਪਥਰਾਅ ਮਾਮਲੇ ’ਚ ਕੇਸ ਦਰਜ

January 10, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਸਿਆਸਤਦਾਨਾਂ ਦੇ ਜਲਸਿਆਂ ਦੌਰਾਨ ਟਕਰਾਅ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੁਲਿਸ ਨੂੰ ਖਾਸ ਤੌਰ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸਮਾਗਮਾਂ ਦੌਰਾਨ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਧੀਕ ਡੀਜੀਪੀ (ਚੋਣਾਂ) ਵੀ ਕੇ ਭਾਵੜਾ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।

ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ’ਚ ਐਤਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਾਫਲੇ ’ਤੇ ਹੋਏ ਪਥਰਾਅ ਤੋਂ ਬਾਅਦ ਇਹ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਭਾਰਤੀ ਅਤੇ ਪੰਜਾਬ ਪੁਲਿਸ ਦੀ ਖੁਫ਼ੀਆ ਏਜੰਸੀਆਂ ਨੇ ਚੋਣ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਕਿ ਲੋਕਾਂ ’ਚ ਰੋਹ ਹੋਣ ਕਾਰਨ ਬਾਦਲਾਂ ਦੀਆਂ ਰੈਲੀਆਂ ਦੌਰਾਨ ਗੜਬੜ ਹੋਣ ਦੇ ਆਸਾਰ ਹਨ। ਦੱਸਣਯੋਗ ਹੈ ਕਿ ਬਾਦਲਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ।

ਬਾਦਲ ਪਰਿਵਾਰ (ਫਾਈਲ ਫੋਟੋ)

ਬਾਦਲ ਪਰਿਵਾਰ (ਫਾਈਲ ਫੋਟੋ)

ਪੁਲਿਸ ਇੰਸਪੈਕਟਰ ਗੁਰਬੀਰ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਪਿੰਡ ਕੰਧਵਾਲਾ ਹਾਜ਼ਰ ਖਾਨ ’ਚ ਹੋਏ ਪਥਰਾਅ ਦੇ ਮਾਮਲੇ ’ਚ ਹਰਪ੍ਰ੍ਰੀਤ ਸਿੰਘ ਨਾਂ ਦੇ ਵਿਅਕਤੀ ਸਮੇਤ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਦੌਰਾਨ ਬਾਘਾਪੁਰਾਣਾ ਵਿੱਚ ਅਕਾਲੀ ਵਰਕਰਾਂ ਵੱਲੋਂ ਕਾਂਗਰਸੀ ਵਰਕਰਾਂ ’ਤੇ ਕੀਤੇ ਹਮਲੇ ਸਬੰਧੀ ਅਕਾਲੀਆਂ ਤੇ ਕਾਂਗਰਸੀਆਂ ਨੇ ਪੁਲਿਸ ਨੂੰ ਰਾਜ਼ੀਨਾਮਾ ਲਿਖ ਕੇ ਦਿੱਤਾ ਹੈ। ਭਾਵੜਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ ਕਾਫ਼ਲੇ ’ਤੇ ਹਮਲੇ ਦੇ ਮਾਮਲੇ ’ਚ ਜਿਹੜੀ ਐਫਆਈਆਰ ਦਰਜ ਕੀਤੀ ਹੈ ਉਸ ’ਚ ਕਿਸੇ ਵੀ ਪਾਰਟੀ ਦਾ ਜ਼ਿਕਰ ਨਹੀਂ ਹੈ।

ਰਾਜ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਲੋਕਾਂ ਨੂੰ ਹਿੰਸਾ ਦਾ ਰਾਹ ਨਾ ਫੜਨ ਦੀ ਅਪੀਲ ਕਰਦਿਆਂ ਕਿਹਾ ਕਿ 4 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਜੇਕਰ ਲੋਕਾਂ ਨੂੰ ਕਿਸੇ ਪਾਰਟੀ ਪ੍ਰਤੀ ਗੁੱਸਾ ਹੈ ਤਾਂ ਵੋਟਿੰਗ ਮਸ਼ੀਨ ਦਾ ਬਟਨ ਦੱਬ ਕੇ ਕੱਢ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ’ਚ ਲੈਣ ਨਹੀਂ ਦਿੱਤਾ ਜਾਵੇਗਾ ਤੇ ਹਿੰਸਾ ਦੇ ਰਾਹ ਪੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਟਾ-ਦਾਲ ਸਕੀਮ ਬੰਦ ਕਰਨ ਬਾਰੇ ਕਾਂਗਰਸ ਜਾਂ ‘ਆਪ’ ਵੱਲੋਂ ਸੂਬਾਈ ਦਫ਼ਤਰ ’ਚ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ। ਵਿਭਾਗ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਏ ਫੈਸਲੇ ਦੇ ਮੱਦੇਨਜ਼ਰ ਖ਼ੁਦ ਹੀ ਇਹ ਸਕੀਮ ਬੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਬਾਰੇ ਚੋਣ ਕਮਿਸ਼ਨ ਨੂੰ ਮਾਮਲਾ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸ਼ਿਕਾਇਤਾਂ ਦਾ ਨਿਪਟਾਰਾ ਯੋਜਨਾਬੱਧ ਤੇ ਘੱਟ ਸਮੇਂ ਅੰਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 889 ਸ਼ਿਕਾਇਤਾਂ ’ਚੋਂ 736 ਨਿਪਟਾ ਦਿੱਤੀਆਂ ਹਨ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ‘ਪੇਡ ਨਿਊਜ਼’ ਦਾ ਪਹਿਲਾ ਮਾਮਲਾ ਗਿੱਦੜਬਾਹਾ ’ਚ ਸਾਹਮਣੇ ਆਇਆ ਹੈ, ਜਿਸ ਵਿੱਚ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਉਮੀਦਵਾਰ ਜਾਂ ਪਾਰਟੀ ਦੇ ਨਿੱਜੀ ਚੈਨਲ ਵੱਲੋਂ ਕੀਤੇ ਜਾਣ ਵਾਲੇ ਪ੍ਰਚਾਰ ਦਾ ਖ਼ਰਚਾ ਸਬੰਧਤ ਮਾਲਕ ਉਮੀਦਵਾਰ ਜਾਂ ਸਬੰਧਤ ਪਾਰਟੀ ਦੇ ਖ਼ਰਚੇ ’ਚ ਸ਼ਾਮਲ ਕੀਤਾ ਜਾਵੇਗਾ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤਕ ਸਰਕਾਰੀ ਇਮਾਰਤਾਂ ’ਤੇ 17647 ਥਾਵਾਂ ਤੋਂ ਪੋਸਟਰ, ਬੈਨਰ, ਬੋਰਡ ਹਟਾਏ ਗਏ ਹਨ। 461 ਥਾਵਾਂ ਤੋਂ ਕੰਧਾਂ ’ਤੇ ਕੀਤੀ ਇਸ਼ਤਿਹਾਰਬਾਜ਼ੀ ਹਟਾਈ ਗਈ ਹੈ।

ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਬੰਧਾਂ ਦੇ ਜਾਇਜ਼ੇ ਲਈ ਦੋ-ਰੋਜ਼ਾ ਦੌਰਾ 11 ਜਨਵਰੀ ਤੋਂ ਕਰਨਗੇ। ਉਹ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਸਮੇਤ ਚੰਡੀਗੜ੍ਹ ਆਉਣਗੇ। ਪਹਿਲੇ ਦਿਨ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਵੇਗੀ। ਦੂਜੇ ਦਿਨ ਜ਼ਿਲ੍ਹਾ ਪੁਲਿਸ ਮੁਖੀਆਂ, ਡਿਪਟੀ ਕਮਿਸ਼ਨਰਾਂ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।

Related Topics: , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: