ਸਿਆਸੀ ਖਬਰਾਂ

ਜੇ ਅਕਾਲੀ ਸਰਕਾਰ ਨਾ ਰਹੀ ਤਾਂ ਮੁਫਤ ਆਟਾ-ਦਾਲ, ਬਿਜਲੀ, ਮੁਫ਼ਤ ਟਿਊਬਵੈੱਲ ਕੁਨੈਕਸ਼ਨ ਨਹੀਂ ਮਿਲਣੇ: ਬਾਦਲ

January 10, 2017 | By

ਲੰਬੀ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੱਲ੍ਹ ਆਪਣੇ ਪਿੰਡ ਬਾਦਲ ਦੇ ਗੁਰਦੁਆਰੇ ’ਚ ਅਰਦਾਸ ਕਰਕੇ ਆਪਣੀ 11ਵੀਂ ਵਿਧਾਨ ਸਭਾ ਚੋਣ ਲਈ ਮੁਹਿੰਮ ਦਾ ਆਗਾਜ਼ ਕੀਤਾ। ਉਹ ਮੰਦਰ ਤੇ ਮਸਜਿਦ ’ਚ ਵੀ ਗਏ। ਬਾਦਲ ਨੇ ਪਿੰਡ ਧੌਲਾ ’ਚ ਪਹਿਲੇ ਜਲਸੇ ਦੌਰਾਨ ਲੋਕਾਂ ਨੂੰ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਆਟਾ-ਦਾਲ ਸਕੀਮ, ਮੁਫ਼ਤ ਬਿਜਲੀ, ਸ਼ਗਨ ਸਕੀਮ, ਮੁਫ਼ਤ ਟਿਊਬਵੈੱਲ ਕੁਨੈਕਸ਼ਨ ਅਕਾਲੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਕਰਕੇ ਮਿਲਦੇ ਹਨ। ਜੇਕਰ ਤੁਸੀਂ ਗਲਤੀ ਨਾਲ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪ ਦਿੱਤੀ ਤਾਂ ਇਹ ਸਾਰੀਆਂ ਸਹੂਲਤਾਂ ਗੁਆਚ ਜਾਣਗੀਆਂ। ਬਾਦਲ ਨੇ ਸੱਤਾ ’ਚ ਆਉਣ ’ਤੇ ਗ਼ਰੀਬਾਂ ਨੂੰ ਪੱਕੇ ਮਕਾਨ ਤੇ ਪੰਜਾਬ ਦੇ ਸਾਰੇ ਪਿੰਡਾਂ ’ਚ ਸੀਮਿੰਟਡ ਸੜਕਾਂ ਅਤੇ ਸੀਵਰੇਜ ਪਾਉਣ ਦਾ ਵਾਅਦਾ ਕੀਤਾ।

ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਉਨ੍ਹਾਂ ਕਿਹਾ, ‘ਕਾਂਗਰਸ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਲਈ ਸਿਰਫ਼ ਅਕਾਲੀ-ਭਾਜਪਾ ਗੱਠਜੋੜ ਹੈ ਜਿਸ ਨੇ ਪੰਜਾਬ ਦੇ ਹਰ ਵਰਗ ਤੇ ਧਰਮ ਦੀਆਂ ਭਾਵਨਾਵਾਂ ਨੂੰ ਬਰਾਬਰ ਸਨਮਾਨ ਦਿੱਤਾ ਹੈ। ਲੰਬੀ ਹਲਕੇ ਦੀ ਜਨਤਾ ਲਈ ਮੈਂ ਜੋ ਕਰਦਾ ਸੀ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕੀਤੀ ਹੈ।’ ਪਿੰਡ ਧੌਲਾ ’ਚ ਮੁੱਖ ਮੰਤਰੀ ਦੇ ਜਲਸੇ ਤੋਂ ਦੋ ਸੌ ਮੀਟਰ ਦੂਰ ‘ਆਪ’ ਦੇ ਉਮੀਦਵਾਰ ਜਰਨੈਲ ਸਿੰਘ ਦਾ ਚੋਣ ਜਲਸਾ ਸੀ। ਦੋਵੇਂ ਉਮੀਦਵਾਰਾਂ ਦੀਆਂ ਤਕਰੀਰਾਂ ਸਪੀਕਰਾਂ ਰਾਹੀਂ ਆਪਸ ’ਚ ਟਕਰਾ ਰਹੀਆਂ ਸਨ। ਇੱਕ ਪਾਸੇ ਬਾਦਲ ਅਕਾਲੀ ਦਲ ਨੂੰ ਪੰਜਾਬ ਦਾ ਸੱਚਾ ਰਾਖਾ ਕਰਾਰ ਦੇ ਰਹੇ ਸਨ ਅਤੇ ਦੂਜੇ ਪਾਸੇ ਜਰਨੈਲ ਸਿੰਘ ਅਕਾਲੀ ਦਲ ਤੇ ਮੁੱਖ ਮੰਤਰੀ ਬਾਦਲ ’ਤੇ ਪੰਜਾਬ ਨੂੰ ਡੋਬਣ ਜਿਹੇ ਦੋਸ਼ ਮੜ੍ਹ ਰਹੇ ਸਨ। ਅਕਾਲੀ ਦਲ ਦੇ ਜਲਸੇ ’ਚ ‘ਆਪ’ ਦੇ ਜਲਸੇ ਦੀ ਆਵਾਜ਼ ਗੂੰਜਣ ਕਾਰਨ ਕਈ ਵਾਰ ਮੁੱਖ ਮੰਤਰੀ ਬਾਦਲ ਦੀ ਤਕਰੀਰ ਅੜਕੀ।

ਮਕਾਨ ਮੁਰੰਮਤ ਲਈ 15 ਹਜ਼ਾਰੀ ਚੈੱਕ ਅਕਾਲੀ ਦਲ ਲਈ ਗਲੇ ਦੀ ਹੱਡੀ ਬਣਨ ਲੱਗੇ ਹਨ। ਚੋਣ ਮੁਹਿੰਮ ਦੇ ਪਹਿਲੇ ਦਿਨ ਇਨ੍ਹਾਂ ਚੈੱਕਾਂ ਦੀ ਵੰਡ ਤੇ ਪਖਾਨਿਆਂ ’ਚ ਘਪਲੇਬਾਜ਼ੀ ਕਰਕੇ ਬਾਦਲ ਨੂੰ ਲੋਕਾਂ ਦੀ ਨਾਰਾਜ਼ਗੀ ਝੱਲਣੀ ਪਈ। ਪਿੰਡ ਲਾਲਬਾਈ ’ਚ ਚੋਣ ਜਲਸੇ ’ਚ ਮਕਾਨ ਮੁਰੰਮਤ ਦੇ ਚੈੱਕਾਂ ਤੋਂ ਵਾਂਝੇ ਲੋਕਾਂ ਨੇ ਬਾਦਲ ਲਈ ਬੋਲਣਾ ਔਖਾ ਕਰ ਦਿੱਤਾ। ਲੋਕਾਂ ਦੀ ਅਵਾਜ਼ ਤਿੱਖੀ ਹੁੰਦੀ ਵੇਖ ਬਾਦਲ ਨੂੰ ਕਹਿਣਾ ਪਿਆ, ‘ਮੈਂ ਜਾਣਦਾਂ, ਤੁਸੀਂ ਜਾਣ-ਬੁੱਝ ਕੇ ਰੌਲਾ ਪਾਉਂਦੇ। ਤੁਸੀਂ ਜੀਹਨੂੰ ਚਾਹੁੰਦੇ ਓ ਉਹਦੇ ਜਲਸੇ ’ਚ ਜੋ ਮਰਜ਼ੀ ਕਰਿਓ, ਇਹ ਤਰੀਕਾ ਵੀ ਚੰਗਾ ਨਹੀਂ। ਮੈਂ ਤੁਹਾਡੇ ਪਿੰਡ ਆਇਆ ਹਾਂ। ਬਜ਼ੁਰਗ ਹਾਂ, ਤੁਹਾਡੇ ਦਾਦਿਆਂ ਵਰਗਾ। ਤੁਸੀਂ ਮੇਰੀ ਇੰਨ੍ਹੀ ਹੀ ਕਦਰ ਕਰਦੇ ਓਂ। ਤੁਸੀਂ ਮੇਰੇ ਬੱਚਿਆਂ ਵਰਗੇ ਓ। ਸਾਰਿਆਂ ਦੀ ਇੱਜ਼ਤ ਹੁੰਦੀ ਐ। ਮੈਂ ਤਾਂ ਆਖਦਾਂ ਕਿ ਜੇ ਕੋਈ ਦੂਜਾ ਆਵੇ ਉਹਦੀ ਵੀ ਇੱਜ਼ਤ ਕਰੋ। ਮੈਂ ਪੰਜਾਬ ਤੇ ਦੇਸ਼ ਲਈ 17 ਸਾਲ ਜੇਲ੍ਹ ਕੱਟੀ ਹੈ। ਇਸ ਲਈ ਛੋਟੀਆਂ ਗੱਲਾਂ ਛੱਡੋ ਅਤੇ ਵੱਡੀਆਂ ਗੱਲਾਂ ਕਰੋ। ਤੁਹਾਡੀ ਟੌਹਰ ਵੀ ਲੰਬੀ ਹਲਕੇ ਤੋਂ ਮੁੱਖ ਮੰਤਰੀ ਹੋਣ ਕਰਕੇ ਹੀ ਹੈ।”

ਇਸ ਮਗਰੋਂ ਮੁੱਖ ਮੰਤਰੀ ਦੇ ਬੁਲਾਵੇ ’ਤੇ ਅਸੰਤੁਸ਼ਟ ਲੋਕਾਂ ਦਾ ਆਗੂ ਗੁਰਮੀਤ ਸਿੰਘ ਪੰਡਾਲ ’ਚ ਵੀ.ਆਈ.ਪੀ. ਰੱਸੀ ਪਾਰ ਕਰਕੇ ਮੁੱਖ ਮੰਤਰੀ ਨੂੰ ਮਿਲਿਆ। ਉਸ ਨੇ ਕਿਹਾ, ‘ਬਾਦਲ ਸਾਬ੍ਹ, ਸਾਡੀਆਂ ਵੋਟਾਂ ਸੌ ਫ਼ੀਸਦੀ ਤੁਹਾਡੀਆਂ ਹਨ ਪਰ ਤੁਹਾਡੇ ਆਗੂਆਂ ਸਾਡੇ ਚੈੱਕ ਖਾ ਲਏ। ਪਖਾਨਿਆਂ ਦੇ ਪੈਸੇ ਵੀ ਛਕ ਗਏ।’ ਮੁੱਖ ਮੰਤਰੀ ਵੱਲੋਂ ਨੁਮਾਇੰਦਿਆਂ ਦੀ ਗਲਤੀ ਲਈ ਮਾਫ਼ੀ ਮੰਗਣ ’ਤੇ ਲੋਕਾਂ ਨੇ ਜੈਕਾਰੇ ਬੁਲਾ ਦਿੱਤੇ। ਪਿੰਡ ਧੌਲਾ ਦੇ ਜਲਸੇ ’ਚ ਔਰਤਾਂ ਭੜਾਸ ਕੱਢਦੀਆਂ ਰਹੀਆਂ ਸਨ ਜਿਨ੍ਹਾਂ ਨੂੰ ਚੁੱਪ ਕਰਵਾਉਣ ਲਈ ਔਰਤ ਪੁਲਿਸ ਕੋਸ਼ਿਸ਼ ਕਰਦੀ ਵੇਖੀ ਗਈ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: