ਵਿਦੇਸ਼ » ਸਿਆਸੀ ਖਬਰਾਂ

ਪਾਕਿ ਨੇ ਬਲੋਚਿਸਤਾਨ, ਕਰਾਚੀ ‘ਚ ਭਾਰਤ ਦੀ ਦਖਲਅੰਦਾਜ਼ੀ ਖਿਲਾਫ ਸੰਯੁਕਤ ਰਾਸ਼ਟਰ ਨੂੰ ਦਸਤਾਵੇਜ਼ ਸੌਂਪੇ

January 8, 2017 | By

ਸੰਯੁਕਤ ਰਾਸ਼ਟਰ: ਪਾਕਿਸਤਾਨ ਨੇ ਆਪਣੇ ਮੁਲਕ ’ਚ ਭਾਰਤ ਦੀ ਦਖ਼ਲਅੰਦਾਜ਼ੀ ਨਾਲ ਜੁੜਿਆ ਇਕ ਦਸਤਾਵੇਜ਼ ਸੰਯੁਕਤ ਰਾਸ਼ਟਰ ਦੇ ਨਵੇਂ ਬਣੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੂੰ ਸੌਂਪਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤੀ ਸਰਗਰਮੀਆਂ ਨੂੰ ਰੋਕਣ ’ਚ ਆਪਣੀ ਭੂਮਿਕਾ ਨਿਭਾਏ। ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ’ਚ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮੁਖੀ ਨਾਲ ਮੁਲਾਕਾਤ ਦੌਰਾਨ ਇਹ ਦਸਤਾਵੇਜ਼ ਉਨ੍ਹਾਂ ਨੂੰ ਸੌਂਪੇ।

ਇਸ ਦਸਤਾਵੇਜ਼ ਨਾਲ ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਵੱਲੋਂ ਲਿਖਿਆ ਗਿਆ ਪੱਤਰ ਵੀ ਸੌਂਪਿਆ। ਗੁਟੇਰੇਜ਼ ਦੇ ਤਰਜਮਾਨ ਸਟੀਫ਼ਨ ਡੂਜਾਰਿਕ ਨੇ ਕਿਹਾ ਕਿ ਬੈਠਕ ਪਾਕਿਸਤਾਨੀ ਸਫ਼ੀਰ ਦੀ ਬੇਨਤੀ ’ਤੇ ਹੋਈ ਸੀ। ਉਨ੍ਹਾਂ ਬੈਠਕ ’ਚ ਹੋਏ ਵਿਚਾਰ ਵਟਾਂਦਰੇ ਸਬੰਧੀ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।

pak-dossier-to-un

ਪਾਕਿਸਤਾਨ ਦੀ ਸੰਯੁਕਤ ਰਾਸ਼ਟਰ ’ਚ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮੁਖੀ ਨਾਲ ਮੁਲਾਕਾਤ ਦੌਰਾਨ ਭਾਰਤ ਦੀ ਦਖਲਅੰਦਾਜ਼ੀ ਖਿਲਾਫ ਦਸਤਾਵੇਜ਼ ਸੌਂਪੇ

ਪਾਕਿਸਤਾਨ ਨਾਲ ਸਰਹੱਦ ’ਤੇ ਤਣਾਅ ਸਬੰਧੀ ਨਵੇਂ ਸਕੱਤਰ ਜਨਰਲ ਵੱਲੋਂ ਭਾਰਤ ਨਾਲ ਗੱਲਬਾਤ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਤਰਜਮਾਨ ਨੇ ਕਿਹਾ ਕਿ ਪਹਿਲਾਂ ਦੀ ਨੀਤੀ ’ਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਜੇਕਰ ਅਜਿਹਾ ਕੁਝ ਹੋਇਆ ਤਾਂ ਜ਼ਰੂਰ ਜਾਣਕਾਰੀ ਦਿੱਤੀ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਇਸਲਾਮਾਬਾਦ ’ਚ ਕਿਹਾ ਕਿ ਦਸਤਾਵੇਜ਼ ’ਚ ਭਾਰਤੀ/ਰਾਅ ਦੀ ਪਾਕਿਸਤਾਨ ’ਚ ਦਖ਼ਲਅੰਦਾਜ਼ੀ ਅਤੇ ਅਤਿਵਾਦ, ਖ਼ਾਸ ਤੌਰ ’ਤੇ ਬਲੋਚਿਸਤਾਨ, ਫਾਟਾ ਅਤੇ ਕਰਾਚੀ ’ਚ ਸ਼ਮੂਲੀਅਤ ਦੀ ਜਾਣਕਾਰੀ ਅਤੇ ਸਬੂਤ ਸਾਂਝੇ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਅਕਤੂਬਰ 2015 ’ਚ ਵੀ ਤਿੰਨ ਮਿਸਲਾਂ (ਫਾਈਲਾਂ) ਸੌਂਪੀਆਂ ਜਾ ਚੁੱਕੀਆਂ ਹਨ। ਮਿਸਲ ਨਾਲ ਭੇਜੇ ਪੱਤਰ ’ਚ ਅਜ਼ੀਜ਼ ਨੇ ਦਾਅਵਾ ਕੀਤਾ ਕਿ ਬਲੋਚਿਸਤਾਨ ’ਚ ਭਾਰਤੀ ਰਾਅ ਏਜੰਟ ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ ਅਤੇ ਪਾਕਿਸਤਾਨ ਨੂੰ ਅਸਥਿਰ ਕਰਨ ਤੇ ਦਹਿਸ਼ਤੀ ਅਨਸਰਾਂ ਨੂੰ ਹਮਾਇਤ ਦੇਣ ਦੀਆਂ ਕਾਰਵਾਈਆਂ ’ਚ ਸ਼ਮੂਲੀਅਤ ਦੀ ਗੱਲ ਮੰਨੇ ਜਾਣ ਵਾਲੇ ਉਸ ਦੇ ਬਿਆਨ ਨੇ ਪਾਕਿਸਤਾਨ ਦੇ ਦਾਅਵਿਆਂ ਦੀ ਤਸਦੀਕ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਚਾਰਟਰ, ਅਤਿਵਾਦ ਨਾਲ ਨਜਿੱਠਣ ਲਈ ਸੁਰੱਖਿਆ ਪ੍ਰੀਸ਼ਦਾਂ ਦੇ ਪ੍ਰਸਤਾਵਾਂ ਅਤੇ ਅਤਿਵਾਦ ’ਤੇ ਕੌਮਾਂਤਰੀ ਸਮਝੌਤਿਆਂ ਦਾ ਸਪੱਸ਼ਟ ਉਲੰਘਣ ਕਰਦਿਆਂ ਇਨ੍ਹਾਂ ਸਰਗਰਮੀਆਂ ਨੂੰ ਅੰਜਾਮ ਦੇ ਰਿਹਾ ਹੈ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: