ਸਿਆਸੀ ਖਬਰਾਂ

ਦੋ ਧੜਿਆਂ ਦੀ ਖਹਿਬਾਜ਼ੀ ਨੂੰ ਸੁਖਬੀਰ ‘ਤੇ ਹਮਲੇ ਦੇ ਰੂਪ ‘ਚ ਪੇਸ਼ ਕੀਤਾ ਜਾ ਰਿਹੈ: ਹਰਸਿਮਰਤ ਬਾਦਲ

January 10, 2017 | By

ਚੰਡੀਗੜ੍ਹ: ਜਲਾਲਾਬਾਦ ਵਿਖੇ ਸੁਖਬੀਰ ਬਾਦਲ ਦੇ ਕਾਫਲੇ ਉਪਰ ਹਮਲਾ ਹੋਣ ਦੀ ਘਟਨਾ ਸਬੰਧੀ ਚਰਚਾ ਨਿਰਮੂਲ ਹੈ। ਇਹ ਹਮਲਾ ਬਾਦਲ ਦੇ ਕਾਫਲੇ ਉਪਰ ਨਹੀਂ ਹੋਇਆ ਸਗੋਂ ਦੋ ਧੜਿਆਂ ਦੀ ਆਪਸੀ ਖਹਿਬਾਜ਼ੀ ਦੀ ਘਟਨਾ ਸੀ। ਇਹ ਦਾਅਵਾ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁਕਤਸਰ ਦੇ ਅਕਾਲੀ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ‘ਚ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ‘ਆਮ ਆਦਮੀ ਪਾਰਟੀ’ ਦੇ ਬੁਲਾਰੇ ਅਤੇ ਐਮ. ਪੀ. ਭਗਵੰਤ ਮਾਨ ਵੱਲੋਂ ਸ਼ਰੇਆਮ ਲੋਕਾਂ ਨੂੰ ਪੱਥਰਬਾਜ਼ੀ ਲਈ ਭੜਕਾਇਆ ਜਾ ਰਿਹਾ ਜੋ ਕਿ ਬਹੁਤ ਹੀ ਨਿੰਦਣਯੋਗ ਤੇ ਚਿੰਤਾਜਨਕ ਗੱਲ ਹੈ।

ਮੁਕਤਸਰ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਬਾਦਲ

ਮੁਕਤਸਰ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਬਾਦਲ

ਉਨ੍ਹਾਂ ਕਾਂਗਰਸ ਦੇ ਮਨੋਰਥ ਪੱਤਰ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਨੋਰਥ ਪੱਤਰ ਝੂਠ ਦਾ ਪੁਲੰਦਾ ਹੈ। ਕਾਂਗਰਸ ਵੱਲੋਂ ਪਹਿਲਾਂ ਵੀ ਜਾਰੀ ਕੀਤੇ ਗਏ ਮੈਨੀਫੈਸਟੋ ਵੇਖ ਲਵੋ ਉਨ੍ਹਾਂ ਕਦੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਹਲਕਾ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਤੋਂ ਬਾਗੀ ਹੋ ਕੇ ਖੜ੍ਹੇ ਆਜ਼ਾਦ ਉਮੀਦਵਾਰ ਸੁਖਦਰਸ਼ਨ ਸਿੰਘ ਮਰਾੜ੍ਹ ਸਬੰਧੀ ਕਿਹਾ ਕਿ ਉਹ ਮਤਲਬਪ੍ਰਸਤ ਹੈ।

ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕੁਝ ਚੈਨਲਾਂ ਵੱਲੋਂ ਕੀਤੇ ਸਰਵਿਆਂ ਬਾਰੇ ਕਿਹਾ ਕਿ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ। ਪਿਛਲੀਆਂ ਚੋਣਾਂ ਵੇਲੇ ਸਰਵੇਖਣ, ਨਤੀਜੇ ਆਉਣ ਤੋਂ ਕੁਝ ਪਲ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਬਣਾਉਂਦੇ ਸੀ ਪਰ ਨਤੀਜੇ ਉਲਟ ਆਏ। ਹੁਣ ਵੀ ਇਸੇ ਤਰ੍ਹਾਂ ਹੀ ਹੋਵੇਗਾ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਭਾਜਪਾ ਨੂੰ ਜ਼ਿਲ੍ਹੇ ਦੇ ਅਕਾਲੀ ਆਗੂਆਂ ਵੱਲੋਂ ਪਹਿਲਾਂ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ ਤੇ ਹੁਣ ਵੀ ਕੋਈ ਪਹੁੰਚ ਨਹੀਂ ਕੀਤੀ ਗਈ। ਇਸ ਕਰਕੇ ਬੀਬੀ ਹਰਸਿਮਰਤ ਬਾਦਲ ਦੇ ਚੋਣ ਦੌਰੇ ਮੌਕੇ ਵੀ ਭਾਜਪਾ ਨੇ ਕੋਈ ਸਟੇਜ ਸਾਂਝੀ ਨਹੀਂ ਕੀਤੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: