ਵੀਡੀਓ » ਸਿੱਖ ਖਬਰਾਂ

ਪੰਜਾਬੀ ਯੂਨੀਵਰਸਿਟੀ ‘ਚ ਦੁਰਲੱਭ ਦਸਤਾਵੇਜ਼ਾਂ ਨੂੰ ਹਟਾਉਣ ਦੀ ਕੋਸ਼ਿਸ਼ ‘ਤੇ ਵਿਸ਼ੇਸ਼ ਵੀਡੀਓ ਰਿਪੋਰਟ

March 19, 2017 | By

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਕੁਝ ਦੁਰਲੱਭ ਦਸਤਾਵੇਜ਼ਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। 15 ਮਾਰਚ ਨੁੰ ਕੁਝ ਵਿਦਿਆਰਥੀਆਂ ਨੇ ਦੇਖਿਆ ਕਿ ਕਈ ਦਸਤਾਵੇਜ਼, ਕਿਤਾਬਾਂ, ਦੁਰਲੱਭ ਅਖ਼ਬਾਰ ਅਤੇ ਹੱਥ ਲਿਖਤਾਂ ਇਕ ਟਰੱਕ ਵਿਚ ਲੱਦੀਆਂ ਜਾ ਰਹੀਆਂ ਸੀ। ਪਤਾ ਕਰਨ ‘ਤੇ ਵਿਦਿਆਰਥੀਆਂ ਨੂੰ ਪਤਾ ਚੱਲਿਆ ਕਿ ਯੂਨੀਵਰਸਿਟੀ ਨੇ ਇਨ੍ਹਾਂ ਕਾਗਜ਼ਾਂ, ਕਿਤਾਬਾਂ ਨੂੰ ਕਿਸੇ ਰੱਦੀ ਵਾਲੇ ਨੂੰ ਵੇਚ ਦਿੱਤਾ ਸੀ।

ਇਸ ਮਾਮਲੇ ਨੂੰ ਮੀਡੀਆ ਸਾਹਮਣੇ ਲਿਆਉਣ ਵਾਲੇ ਇਕ ਵਿਦਿਆਰਥੀ ਰਣਜੀਤ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਉਨ੍ਹਾਂ ਨੇ “ਖ਼ਾਲਸਾ ਸਮਾਚਾਰ” ਅਤੇ “ਨਿਰਗੁਨੀਆਰਾ” ਵਰਗੇ ਦੁਰਲੱਭ ਅਖ਼ਬਾਰ ਵੀ ਉਥੇ ਦੇਖੇ। ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਉਥੇ ਕੁਰਾਨ ਸ਼ਰੀਫ ਅਤੇ ਬਾਈਬਲ ਦੀ ਲਿਪੀ-ਅੰਤਰ (transliteration) ਦੀਆਂ ਕਾਪੀਆਂ ਵੀ ਦੇਖੀਆਂ।

ਪੀ.ਐਚ.ਡੀ. ਕਰਨ ਵਾਲੇ ਇਕ ਵਿਦਿਆਰਥੀ ਜਗਤਾਰ ਸਿੰਘ ਨੇ ਕਿਹਾ, “ਮੇਰੇ ਇਕ ਦੋਸਤ ਨੇ ਮੈਨੂੰ ਦੱਸਿਆ ਕਿ ਡਾ. ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਤੋਂ ਦਸਤਾਵੇਜ਼ਾਂ ਦਾ ਭਰਿਆ ਟਰੱਕ ਲਿਜਾਇਆ ਜਾ ਰਿਹਾ ਹੈ। ਮੇਰੇ ਦੋਸਤ ਨੇ ਕਿਹਾ ਕਿ ਮੈਂ ਖੁਦ ਜਾ ਕੇ ਉਥੇ ਦੇਖਾਂ। ਮੈਂ ਉਥੇ ਜਾ ਕੇ ਦੇਖਿਆ ਕਿ ਕਈ ਦੁਰਲੱਭ ਦਸਤਾਵੇਜ਼ਾਂ ਨੂੰ ਟਰੱਕ ‘ਚ ਲੱਦਿਆ ਜਾ ਰਿਹਾ ਸੀ।”

ਜਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਲਾਇਬ੍ਰੇਰੀਅਨ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਯੂਨੀਵਰਸਿਟੀ ਨੇ ਮੂਲ ਕਾਪੀਆਂ ਰੱਖ ਲਈਆਂ ਹਨ ਅਤੇ ਸਿਰਫ ਨਕਲ ਹੀ ਰੱਦੀ ਦੇ ਰੂਪ ‘ਚ ਵੇਚੀ ਜਾ ਰਹੀ ਹੈ।

ਇਕ ਵਿਦਿਆਰਥੀ ਨੇ ਲਾਇਬ੍ਰੇਰੀਅਨ ਵਲੋਂ ਫਾੜੇ ਗਈ ਦੁਰਲੱਭ ਮੈਗਜ਼ੀਨ ਦੀ ਕਾਪੀ ਦਿਖਾਉਂਦੇ ਹੋਏ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਲਾਇਬ੍ਰੇਰੀਅਨ ਨੂੰ ਨਿਰਗੁਣਿਆਰਾ ਮੈਗਜ਼ੀਨ ਦਾ ਇਕ ਖਾਸ ਅੰਕ ਦਿਖਾਉਣ ਲਈ ਕਿਹਾ ਤਾਂ ਲਾਇਬ੍ਰੇਰੀਅਨ ਨੇ ਵਿਦਿਆਰਥੀ ਦੇ ਹੱਥੋਂ ਉਹ ਰਸਾਲਾ ਖੋਹ ਕੇ ਪਾੜ ਦਿੱਤਾ। ਵਿਦਿਆਰਥੀ ਨੇ ਪਾੜੇ ਹੋਏ ਕੁਝ ਭਾਗ ਨੂੰ ਵੀ ਦਿਖਾਇਆ।
ਇਸ ਮੁੱਦੇ ਨੇ ਗੰਭੀਰ ਮੋੜ ਲਿਆ ਅਤੇ ਲਾਇਬ੍ਰੇਰੀਅਨ ਨੂੰ ਆਪਣਾ ਅਸਤੀਫਾ ਸੌਂਪਣਾ ਪਿਆ ਅਤੇ ਟਰੱਕ ‘ਚ ਲੱਦੇ ਦਸਤਾਵੇਜ਼ਾਂ ਨੂੰ ਲਾਹ ਦਿੱਤਾ ਗਿਆ। ਯੂਨੀਵਰਸਿਟੀ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾ ਦਿੱਤੀ ਹੈ।

ਚਾਰ ਮੈਂਬਰੀ ਜਾਂਚ ਟੀਮ ਦੇ ਮੈਂਬਰ ਡਾ. ਗੁਰਨਾਮ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਕਮੇਟੀ ਨੇ ਦਸਤਾਵੇਜ਼ਾਂ ਨੂੰ ਸੁਲਝਾਉਣ ਲਈ ਲਾਇਬ੍ਰੇਰੀ ਦੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਹਨ ਅਤੇ ਸਾਰੇ ਦਸਤਾਵੇਜ਼ਾਂ, ਹੱਥ ਲਿਖਤਾਂ ਅਤੇ ਕਿਤਾਬਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ।

15 ਮਾਰਚ ਸ਼ਾਮ ਨੂੰ ਸਿੱਖ ਸਿਆਸਤ ਨਿਊਜ਼ ਦੀ ਟੀਮ ਨੇ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਪਤਾ ਚੱਲਿਆ ਕਿ ਜਿਹੜੇ ਦਸਤਾਵੇਜ਼ ਯੂਨੀਵਰਸਿਟੀ ਵਲੋਂ ਰੱਦੀ ਵਾਂਗ ਸੁੱਟੇ ਜਾ ਰਹੇ ਸਨ, ਉਨ੍ਹਾਂ ਵਿਚ 1984-85 ਦੇ ਦੌਰ ਨਾਲ ਸਬੰਧਤ ਦਸਤਾਵੇਜ਼ ਵੀ ਸਨ ਜਦੋਂ ਭਾਰਤੀ ਰਾਜ ਵਲੋਂ ਸਿੱਖ ਲਹਿਰ ਨੂੰ ਦਬਾਉਣ ਲਈ ਤਸ਼ੱਦਦ ਦਾ ਦੌਰ ਚਲਾਇਆ ਜਾ ਰਿਹਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

#Students stop #PunjabiUniversity from Dumping Away #Rare #Documents | video report …

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: