ਸਿਆਸੀ ਖਬਰਾਂ

ਗਿਆਨੀ ਗੁਰਮੁੱਖ ਸਿੰਘ ਦੇ ਖੁਲਾਸੇ ਤੋਂ ਬਾਅਦ ਸਿੱਖ ਪੰਥ ਬਾਦਲਾਂ ਦਾ ਬਾਈਕਾਟ ਕਰੇ:ਹਰਵਿੰਦਰ ਸਿੰਘ ਸਰਨਾ

April 21, 2017 | By

ਨਵੀਂ ਦਿੱਲੀ: ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੱਲੋਂ ਸੰਗਤ ਸਾਹਮਣੇ ਸੱਚ ਲਿਆਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਕੁਝ ਵੀ ਬਾਕੀ ਨਹੀਂ ਰਹਿ ਗਿਆ ਅਤੇ ਤਖਤਾਂ ਦੇ ਜਥੇਦਾਰਾਂ ਵਿੱਚ ਜੇਕਰ ਰੱਤੀ ਮਾਤਰ ਵੀ ਨੈਤਿਕਤਾ ਬਚੀ ਹੈ ਤਾਂ ਉਹਨਾਂ ਨੂੰ ਤੁਰੰਤ ਅਸਤੀਫੇ ਦੇ ਕੇ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਖੁਦ ਦੀ “ਤਨਖਾਹ” ਤਹਿ ਕਰਨੀ ਚਾਹੀਦੀ ਹੈ। ਤਾਂ ਕਿ ਭਵਿੱਖ ਵਿੱਚ ਕੋਈ ਜਥੇਦਾਰ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੀ ਹਿੰਮਤ ਨਾ ਜੁਟਾ ਸਕੇ।

ਗਿਆਨੀ ਗੁਰਮੁੱਖ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ

ਗਿਆਨੀ ਗੁਰਮੁੱਖ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ

ਜਾਰੀ ਇੱਕ ਬਿਆਨ ਰਾਹੀਂ ਸ. ਸਰਨਾ ਨੇ ਕਿਹਾ ਕਿ ਸੱਚ ਦਾ ਕਦੇ ਬੀਜ ਨਾਸ਼ ਨਹੀਂ ਹੁੰਦਾ ਤੇ ਸੱਚ ਬੋਲ ਕੇ ਗਿਆਨੀ ਗੁਰਮੁੱਖ ਸਿੰਘ ਨੇ ਸਿਰਫ ਆਪਣਾ ਬੋਝ ਹੀ ਨਹੀਂ ਲਾਹਿਆ ਸਗੋਂ ਪੰਥ ਨੂੰ ਸੱਚਾਈ ਤੋਂ ਜਾਣੂ ਕਰਵਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਕਾਲ ਤਖਤ ਹੁਣ ਪੰਥ ਦੋਖੀਆਂ ਕੋਲੋਂ ਅਜ਼ਾਦ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਦਾ ਮੰਨਣਾ ਹੈ ਕਿ ਤਖਤਾਂ ਦੇ ਜਥੇਦਾਰ ਗੁਲਾਮ ਹਨ ਤੇ ਬਾਦਲਕੇ ਉਹਨਾਂ ਨੂੰ ਆਪਣੀ ਕੋਠੀ ਵਿਖੇ ਬੁਲਾ ਕੇ ਇਸ ਤਰ੍ਹਾਂ ਨਿਰਦੇਸ਼ ਦਿੰਦੇ ਹਨ ਜਿਵੇਂ ਕਿਸੇ ਮੁਤਾਹਿਦ ਨੂੰ ਹੁਕਮ ਸੁਣਾਏ ਜਾਂਦੇ ਹਨ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਤੇ ਮਨਜਿੰਦਰ ਸਿੰਘ ਸਿਰਸਾ ਦਾ ਸੱਚ ਜਿਸ ਤਰੀਕੇ ਦਾ ਗਿਆਨੀ ਗੁਰਮੁੱਖ ਸਿੰਘ ਨੇ ਜਨਤਕ ਕੀਤਾ ਹੈ ਉਸ ਨੂੰ ਲੈ ਕੇ ਤਖਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਚਾਰਾਂ ਵਿਅਕਤੀਆਂ ਨੂੰ ਤੁਰੰਤ ਪੰਥ ਵਿੱਚੋਂ ਬਾਹਰ ਕੱਢਣ ਦਾ ਫੁਰਮਾਨ ਜਾਰੀ ਕਰਨ ਪਰ ਮੌਜੂਦਾ ਜਥੇਦਾਰਾਂ ‘ਚ ਦਮ ਨਹੀਂ ਕਿ ਉਹ ਕੋਈ ਕਾਰਵਾਈ ਕਰ ਸਕਣ ਇਸ ਲਈ ਸਮੁੱਚੇ ਪੰਥ ਨੂੰ ਅੱਗੇ ਆਉਣਾ ਪਵੇਗਾ ਅਤੇ ਇਹਨਾਂ ਪੰਥ ਦੋਖੀਆਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦਾ ਐਲਾਨ ਕਰਨਾ ਪਵੇਗਾ।

ਹਰਵਿੰਦਰ ਸਿੰਘ ਸਰਨਾ (ਫਾਈਲ ਫੋਟੋ)

ਹਰਵਿੰਦਰ ਸਿੰਘ ਸਰਨਾ (ਫਾਈਲ ਫੋਟੋ)

ਉਹਨਾਂ ਕਿਹਾ ਕਿ ਜੇਕਰ ਆਦੇਸ਼ ਸਾਰੇ ਸੁਖਬੀਰ ਸਿੰਘ ਬਾਦਲ ਦੀ ਕੋਠੀ ਤੋਂ ਹੀ ਜਾਰੀ ਹੋਣੇ ਹਨ ਤਾਂ ਫਿਰ ਤਖਤਾਂ ਦੇ ਜਥੇਦਾਰਾਂ ਨੂੰ ਵਿਹਲਿਆਂ ਕਰਕੇ ਇਹਨਾਂ ਚਾਰਾਂ ਨੂੰ ਚਾਹੀਦਾ ਹੈ ਕਿ ਉਹ ਤਖਤਾਂ ਦਾ ਚਾਰਜ ਵੀ ਖੁਦ ਸੰਭਾਲ ਲੈਣ। ਉਹਨਾਂ ਕਿਹਾ ਕਿ ਬਾਦਲਾਂ ਨੇ ਕਦੇ ਸੌਦਾ ਸਾਧ ਨੂੰ ਮੁਆਫੀ ਦਿਵਾ ਕੇ ਤੇ ਕਦੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਸਿੱਖ ਪੰਥ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰ ਪੂਰੀ ਤਰ੍ਹਾਂ ਜ਼ਮੀਰ ਵਾਲੇ ਥਾਪੇ ਜਾਣੇ ਜ਼ਰੂਰੀ ਹਨ ਅਤੇ ਇਹ ਕੰਮ ਸਿੱਖ ਪੰਥ ਨੂੰ ਆਪਣੇ ਪੱਧਰ ‘ਤੇ ਕਰਨਾ ਪਵੇਗਾ। ਉਹਨਾਂ ਕਿਹਾ ਕਿ ਗਿਆਨੀ ਗੁਰੁਮੱਖ ਸਿੰਘ ਦੀ ਛੁੱਟੀ ਹੋ ਜਾਣੀ ਕੋਈ ਮਹੱਤਵ ਨਹੀਂ ਰੱਖਦੀ ਸਗੋਂ ਮਹੱਤਵ ਤਾਂ ਉਸ ਦੁਆਰਾ ਬਿਆਨਿਆ ਸੱਚ ਰੱਖਦਾ ਹੈ ਜਿਸ ਨੇ ਬਾਦਲਾਂ ਦੀ ਪੰਥ ਪ੍ਰਤੀ ਅਪਣਾਈ ਤਾਨਾਸ਼ਾਹ ਵਾਲੀ ਨੀਤੀ ਦੀ ਬਿੱਲੀ ਥੈਲਿਉ ਬਾਹਰ ਲਿਆ ਦਿੱਤੀ ਹੈ ਤੇ ਬਾਦਲਾਂ ਦਾ ਪੰਥਕ ਹੋਣ ਦਾ ਨਕਾਬ ਉਤਰ ਦਿੱਤਾ ਹੈ।

ਸਬੰਧਤ ਖ਼ਬਰ:

ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ …

Related Topics: , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: