ਆਮ ਖਬਰਾਂ » ਸਿਆਸੀ ਖਬਰਾਂ

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਪੰਜਾਬ ਤੇ ਹੋਰ ਸੂਬਿਆਂ ’ਚੋਂ ਆਈਐਸ ਨਾਲ ਸਬੰਧਤ 10 ਬੰਦੇ ਫੜੇ

April 21, 2017 | By

ਜਲੰਧਰ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜ ਰਾਜਾਂ ਦੀਆਂ ਪੁਲੀਸ ਟੀਮਾਂ ਨੇ ਵੀਰਵਾਰ ਨੂੰ ਵੱਖ-ਵੱਖ ਥਾਈਂ ਮਾਰੇ ਛਾਪਿਆਂ ਦੌਰਾਨ ਆਈਐਸਆਈਐਸ ਖੁਰਾਸਾਨ ਧੜੇ ਦੇ 10 ਬੰਦਿਆਂ ਨੂੰ ਗ੍ਰਿਫ਼ਤਾਰ ਕਰ ਕੇ “ਵੱਡਾ ਅਤਿਵਾਦੀ ਹਮਲਾ” ਟਾਲ ਦੇਣ ਦਾ ਦਾਅਵਾ ਕੀਤਾ ਹੈ। ਇਹ ਛਾਪੇ ਵੀਰਵਾਰ ਸਵੇਰੇ ਮੁੰਬਰਾ (ਮਹਾਰਾਸ਼ਟਰ), ਜਲੰਧਰ (ਪੰਜਾਬ), ਨਰਕਟੀਗੰਜ (ਬਿਹਾਰ) ਅਤੇ ਬਿਜਨੌਰ ਤੇ ਮੁਜ਼ੱਫ਼ਰਨਗਰ (ਦੋਵੇਂ ਉਤਰ ਪ੍ਰਦੇਸ਼) ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਯੂਪੀ ਤੇ ਮਹਾਰਾਸ਼ਟਰ ਦੇ ਦਹਿਸ਼ਤਗਰਦੀ-ਰੋਕੂ ਦਸਤਿਆਂ (ਏਟੀਐਸ) ਅਤੇ ਆਂਧਰਾ ਪ੍ਰਦੇਸ਼, ਪੰਜਾਬ ਤੇ ਬਿਹਾਰ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਤਹਿਤ ਮਾਰੇ ਗਏ।

ਮੁਜ਼ੰਮਿਲ ਖਾਨ ਨੂੰ ਫੜ੍ਹ ਕੇ ਲਿਜਾਂਦੇ ਹੋਏ ਪੁਲਿਸ ਮੁਲਾਜ਼ਮ

ਮੁਜ਼ੰਮਿਲ ਖਾਨ ਨੂੰ ਫੜ੍ਹ ਕੇ ਲਿਜਾਂਦੇ ਹੋਏ ਪੁਲਿਸ ਮੁਲਾਜ਼ਮ

ਯੂਪੀ ਏਟੀਐਸ ਦੇ ਆਈਜੀ ਅਸੀਮ ਅਰੁਣ ਨੇ ਨੋਇਡਾ ਵਿੱਚ ਇਕ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਵਿੱਚੋਂ ਚਾਰ ਬੰਦਿਆਂ ਨੂੰ ਸਾਜ਼ਿਸ਼ਾਂ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਛੇ ਹੋਰਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਨੋਇਡਾ ਵਿੱਚ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਆਈਐਸ ਦੇ ਖੁਰਾਸਾਨ ਧੜੇ ਨਾਲ ਸਬੰਧਤ ਇਹ ਬੰਦੇ ਭਾਰਤ ਵਿੱਚ ਵੱਡੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਮੁਤਾਬਕ ਗ੍ਰਿਫਤਾਰ ਦੋ ਬੰਦਿਆਂ ਮੁਫ਼ਤੀ ਫ਼ੈਜ਼ਾਨ ਤੇ ਤਨਵੀਰ ਨੂੰ ਯੂਪੀ ਦੇ ਬਿਜਨੌਰ ਜ਼ਿਲ੍ਹੇ ਵਿੱਚੋਂ ਫੜਿਆ ਗਿਆ, ਜੋ ਆਈਐਸਆਈਐਸ ਨਾਲ ਜੁੜੇ ਹੋਏ ਹਨ। ਬਿਜਨੌਰ ਨਾਲ ਹੀ ਸਬੰਧਤ ਨਾਜ਼ਿਮ ਸ਼ਮਸ਼ਾਦ ਅਹਿਮਦ (26) ਨੂੰ ਮਹਾਰਾਸ਼ਟਰ ਵਿੱਚ ਮੁੰਬਈ ਦੇ ਨਾਲ ਲੱਗੇ ਜ਼ਿਲ੍ਹਾ ਠਾਣੇ ਦੇ ਮੁੰਬਰਾ ਕਸਬੇ ਵਿੱਚੋਂ ਅਤੇ ਮੁਜ਼ੰਮਿਲ ਖ਼ਾਨ ਨੂੰ ਜਲੰਧਰ ਜ਼ਿਲ੍ਹੇ ਵਿੱਚੋਂ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਗ੍ਰਿਫਤਾਰ ਬੰਦਿਆਂ ਕੋਲੋਂ ਆਈਐਸਆਈਐਸ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ। ਪੁਲਿਸ ਦੇ ਦੱਸਣ ਮੁਤਾਬਕ ਇਨ੍ਹਾਂ ਦਾ ਆਪਸ ਵਿੱਚ ਇੰਟਰਨੈਟ ਰਾਹੀਂ ਰਾਬਤਾ ਬਣਿਆ ਹੋਇਆ ਸੀ। ਮੀਡੀਆ ਦੀਆਂ ਖ਼ਬਰਾਂ ‘ਚ ਦੱਸਿਆ ਗਿਆ ਕਿ ਇਸ ਅਪਰੇਸ਼ਨ ਵਿੱਚ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਅਹਿਮ ਕਿਰਦਾਰ ਨਿਭਾਇਆ ਹੈ।

ਸਬੰਧਤ ਖ਼ਬਰ:

ਮੀਡੀਆ ਰਿਪੋਰਟ: 12 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਆਈ.ਐਸ. ਨਾਲ ਸਬੰਧਤ ਇਕ ਹਮਲਾਵਰ ਲਖਨਊ ‘ਚ ਮਾਰਿਆ ਗਿਆ …

ਯੂਪੀ ਦੇ ਏਡੀਜੀ (ਅਮਨ-ਕਾਨੂੰਨ) ਦਲਜੀਤ ਚੌਧਰੀ ਨੇ ਲਖਨਊ ਵਿੱਚ ਦੱਸਿਆ, “ਫੜੇ ਗਏ ਸਾਰੇ ਮੁਲਜ਼ਮ 18 ਤੋਂ 25 ਉਮਰ ਵਰਗ ਨਾਲ ਸਬੰਧਤ ਹਨ।” ਪੁਲਿਸ ਅਧਿਕਾਰੀ ਮੁਤਾਬਕ ਭਾਰਤ ਵਿੱਚ ਵੱਡੇ ਹਮਲੇ ਕਰਨ ਲਈ ਉਨ੍ਹਾਂ ਦੀ ਇੰਟਰਨੈੱਟ ’ਤੇ ਲਗਾਤਾਰ ਚਰਚਾ ਚੱਲਦੀ ਰਹਿੰਦੀ ਸੀ। ਦਲਜੀਤ ਚੌਧਰੀ ਨੇ ਕਿਹਾ ਕਿ 7 ਮਾਰਚ ਨੂੰ ਲਖਨਊ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਖੁਰਾਸਾਨ ਧੜੇ ਦਾ ਇਕ ਬੰਦਾ ਮਾਰਿਆ ਗਿਆ ਸੀ ਤੇ ਉਥੋਂ ਭਾਰਤੀ ਪੁਲਿਸ ਦਸਤਿਆਂ ਨੂੰ ਕੁਝ ਅਹਿਮ ਦਸਤਾਵੇਜ਼ ਮਿਲੇ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਜਲੰਧਰ ਤੋਂ ਗ੍ਰਿਫਤਾਰ 22 ਸਾਲਾ ਮੁਜ਼ੰਮਿਲ ਖਾਨ ਉਰਫ ਗਾਜ਼ੀ ਬਾਬਾ ਨੂੰ ਅਦਾਲਤ ’ਚ ਪੇਸ਼ ਕਰ ਕੇ ਪੰਜ-ਦਿਨਾਂ ਰਿਮਾਂਡ ’ਤੇ ਏਟੀਐਸ ਯੂਪੀ ਹਵਾਲੇ ਕਰ ਦਿੱਤਾ ਗਿਆ ਹੈ।

ਪੁਲਿਸ ਅਨੁਸਾਰ ਗਾਜ਼ੀ ਬਾਬਾ ਦੋ-ਤਿੰਨ ਸਾਲਾਂ ਤੋਂ ਜਲੰਧਰ ਦੇ ਗੁਰਸੰਤ ਨਗਰ ’ਚ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਿਹਾ ਸੀ ਅਤੇ ਦਰਜ਼ੀ ਦਾ ਕੰਮ ਕਰਦਾ ਸੀ। ਉਸ ਦਾ ਪਿਤਾ ਨੇੜੇ ਹੀ ਭੁਲੱਥ ਇਲਾਕੇ ’ਚ ਰਹਿੰਦਾ ਹੈ। ਉਹ ਉੱਤਰ ਪ੍ਰਦੇਸ਼ ਦੇ ਉਨਾਉ ਇਲਾਕੇ ਨਾਲ ਸਬੰਧਤ ਹਨ। ਪੁਲਿਸ ਮੁਤਾਬਕ ਤਿੰਨ ਸਾਲ ਪਹਿਲਾਂ ਲਖਨਊ ’ਚ ਉਸ ’ਤੇ “ਦੇਸ਼ ਧ੍ਰੋਹ” ਦਾ ਕੇਸ ਦਰਜ ਹੋਇਆ ਸੀ, ਜਿਸ ਪਿੱਛੋਂ ਉਹ ਭੱਜ ਕੇ ਪੰਜਾਬ ਆ ਗਿਆ ਸੀ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਮੁਲਜ਼ਮ ਇੰਟਰਨੈਟ ਰਾਹੀਂ ਆਈ.ਐਸ.ਆਈ.ਐਸ. ਨਾਲ ਜੁੜਿਆ ਹੋਇਆ ਸੀ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: