ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਮੁਖ ਸਿੰਘ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਬਿਠਾਉਣ ਦੇ ਯਤਨ ਨਾਕਾਮ ਰਹੇ

April 18, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਵਾਲੇ ਸਿਆਸੀ ਆਗੂਆਂ ਪਾਸੋਂ ਸਪੱਸ਼ਟੀਕਰਨ ਦੇਣ ਦੇ ਮਾਮਲੇ ਨੂੰ ਲੈਕੇ ਡੇਰਾ ਸਿਰਸਾ ਮੁਖੀ ਨੂੰ ਸਾਲ 2015 ਵਿੱਚ ਦਿੱਤੀ ਗਈ ਮੁਆਫੀ ਦਾ ਮਾਮਲਾ ਮੁੜ ਉਭਾਰਨ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੁਆਰਾ ਥਾਪੇ ਹੋਏ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਆਪਣੀ ਉਸ ਜ਼ਿੱਦ ‘ਤੇ ਕਾਇਮ ਨਜ਼ਰ ਆਏ ਜਿਸ ਰਾਹੀਂ ਉਨ੍ਹਾਂ ਸਵਾਲ ਕੀਤਾ ਸੀ ਕਿ ਆਖਿਰ ਡੇਰਾ ਸਿਰਸਾ ਮੁਖੀ ਦੀ ਮੁਆਫੀ ਵਾਲੀ ਚਿੱਠੀ ਲੈਕੇ ਕੌਣ ਆਇਆ। ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਧਰਮ ਪ੍ਰਚਾਰ ਕਮੇਟੀ ਮੈਂਬਰ ਅਵਤਾਰ ਸਿੰਘ ਵਣਾਂਵਾਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲੋਂ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰਾਂ ਦੀ ਇਕਤਰਤਾ ਵਿੱਚ ਬੈਠਾਉਣ ਦੀਆਂ ਕੋਸ਼ਿਸ਼ਾਂ ਵੀ ਅਸਫਲ ਰਹੀਆਂ। ਗਿਆਨੀ ਗੁਰਮੁਖ ਸਿੰਘ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਜਥੇਦਾਰਾਂ ਪਾਸੋਂ ਹੁਣ ਇਨਸਾਫ ਦੀ ਆਸ ਨਹੀਂ ਹੈ। ਪੰਥ ਆਪਣੇ ਫੈਸਲੇ ਆਪ ਕਰੇ।

ਗਿਆਨੀ ਗੁਰਮੁਖ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਗਿਆਨੀ ਇਕਬਾਲ ਸਿੰਘ, ਪਿੱਛੇ ਖੜ੍ਹੇ ਹਨ ਹਰਚਰਨ ਸਿੰਘ

ਗਿਆਨੀ ਗੁਰਮੁਖ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਗਿਆਨੀ ਇਕਬਾਲ ਸਿੰਘ, ਪਿੱਛੇ ਖੜ੍ਹੇ ਹਨ ਹਰਚਰਨ ਸਿੰਘ

ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਕਿ 24 ਸਤੰਬਰ 2015 ਨੂੰ ਪੰਜ ਜਥੇਦਾਰਾਂ ਵਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫੀ ਕਾਰਣ ਉਨ੍ਹਾਂ ‘ਤੇ ਉਂਗਲਾਂ ਉਠੀਆਂ। ਉਨ੍ਹਾਂ ਗਿਆਨੀ ਗੁਰਬਚਨ ਸਿੰਘ ਪਾਸੋਂ ਕਈ ਵਾਰ ਜਵਾਬ ਮੰਗਿਆ ਕਿ ਆਖਿਰ ਇਹ ਚਿੱਠੀ ਲੈਕੇ ਕੌਣ ਆਇਆ ਸੀ ਪਰ ਗਿਆਨੀ ਗੁਰਬਚਨ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਆਪਣੇ ਉਪਰ ਲੱਗੇ ਅਜੇਹੇ ਸੰਗੀਨ ਦੋਸ਼ ਤੇ ਪੰਥ ਵਲੋਂ ਪ੍ਰਗਟਾਈ ਜਾ ਰਹੀ ਸ਼ੰਕਾ ਕਾਰਣ ਉਹ ਮਾਨਸਿਕ ਦਬਾਅ ਭੁਗਤ ਰਹੇ ਹਨ। ਇਹ ਜਥੇਦਾਰ ਕੋਈ ਇਨਸਾਫ ਦੇਣ ਲਈ ਤਿਆਰ ਨਹੀਂ ਹਨ।

ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਹ ਵੀ ਬੇਨਤੀ ਕੀਤੀ ਸੀ ਕਿ ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਦੇ ਮਾਮਲੇ ਦੀ ਸੁਣਵਾਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤੀ ਜਾਏ ਪਰ ਕੋਈ ਤਿਆਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ, ਧਰਮ ਪ੍ਰਚਾਰ ਕਮੇਟੀ ਮੈਂਬਰ ਅਵਤਾਰ ਸਿੰਘ ਵਣਾਂਵਾਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਵਲੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਜਥੇਦਾਰਾਂ ਦੀ ਸਕਤਰੇਤ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਜਾਣ ਲੇਕਿਨ ਮੇਰੀ ਸ਼ਰਤ ਦਾ ਕੋਈ ਜਵਾਬ ਨਹੀਂ ਦੇ ਰਿਹਾ ਇਸ ਲਈ ਉਹ ਅੱਜ ਇਕਤਰਤਾ ਵਿੱਚ ਸ਼ਾਮਿਲ ਨਹੀਂ ਹੋਏ।

ਜਥੇਦਾਰਾਂ ਵਲੋਂ ਪ੍ਰੰਪਰਾ ਦਾ ਉਲੰਘਣ ਕਰਦਿਆਂ ਕਿਸੇ ਪਤਿਤ ਨੂੰ ਸਪਸ਼ਟੀਕਰਨ ਲਈ ਸੱਦਣ ਬਾਰੇ ਪੁਛੇ ਜਾਣ ‘ਤੇ ਗਿਆਨੀ ਗੁਰਮੁੱਖ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਨੇ ਰਿਪੋਰਟ ਨਹੀਂ ਵਿਖਾਈ ਨਾ ਕੋਈ ਪੜਤਾਲ ਹੀ ਹੋਈ ਹੈ ਤੇ ਨਾ ਹੀ ਕਿਸੇ ਪਾਸ ਕੋਈ ਫੋਟੋ ਸੀ ਜਿਸਤੋਂ ਪਤਾ ਲੱਗਦਾ ਕਿ ਕਿਹੜਾ ਆਗੂ ਪਤਿਤ ਹੈ। ਇਕ ਸਵਾਲ ਦੇ ਜਵਾਬ ਵਿੱਚ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਉਹ ਤਖਤ ਸਾਹਿਬ ਦੀ ਮਰਿਆਦਾ ਦਾ ਉਲੰਘਣ ਨਹੀਂ ਹੋਣ ਦੇਣਗੇ ਬੇਸ਼ਕ ਉਨ੍ਹਾਂ ਪਾਸੋਂ ਅਸਤੀਫਾ ਲੈ ਲਿਆ ਜਾਏ। ਉਨ੍ਹਾਂ ਦੁਹਰਾਇਆ ਕਿ ਡੇਰਾ ਸਿਰਸਾ ਵਿਵਾਦ ਦੇ 10 ਸਾਲਾਂ ਦੀ ਮੁਕੰਮਲ ਜਾਂਚ ਲਈ ਇਕ ਮਰਿਆਦਾ ਕਮੇਟੀ ਦਾ ਗਠਨ ਜ਼ਰੂਰੀ ਹੈ।

Related Topics: , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: