ਕੌਮਾਂਤਰੀ ਖਬਰਾਂ

ਆਸਟਰੇਲੀਆ ਵਲੋਂ ਹੁਣ ਨਾਗਰਿਕਤਾ ਕਾਨੂੰਨ ਸਖ਼ਤ ਕਰਨ ਦਾ ਐਲਾਨ

April 21, 2017 | By

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ਨੇ ਵੀਰਵਾਰ ਨੂੰ ਆਪਣੇ ਨਾਗਰਿਕਤਾ ਕਾਨੂੰਨਾਂ ‘ਚ ਵੱਡੇ ਫ਼ੇਰਬਦਲ ਦਾ ਐਲਾਨ ਕਰ ਦਿੱਤਾ ਹੈ ਸਖ਼ਤ ਤਰਮੀਮਾਂ ਸਹਿਤ ਲਾਗੂ ਕੀਤੇ ਨਵੇਂ ਫ਼ੈਸਲੇ ਪਹਿਲੇ ਨਿਯਮਾਂ ਤੋਂ ਸਖਤ ਹਨ ਜਿਸ ਨਾਲ ਮੁਲਕ ਦੀ ਨਾਗਰਿਕਤਾ ਲੈਣ ਦੇ ਇੱਛੁਕ ਲੋਕਾਂ ਨੂੰ ਹੁਣ ਨਵੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ।

ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਆਪਣੇ ਇਸ ਐਲਾਨ ਦੀ ਇੱਕ ਦਿਨ ਪਹਿਲਾਂ ਤੱਕ ਜਨਤਕ ਤੌਰ ਉੱਤੇ ਭਿਣਕ ਨਹੀਂ ਲੱਗਣ ਦਿੱਤੀ ਅਤੇ ਜਦੋਂ ਅੱਜ ਸਖ਼ਤ ਕਾਨੂੰਨਾਂ ਦਾ ਰਾਜਧਾਨੀ ਕੈਨਬਰਾ ਤੋਂ ਐਲਾਨ ਹੋਇਆ ਤਾਂ ਉਨ੍ਹਾਂ ਹਜ਼ਾਰਾਂ ਲੋਕਾਂ ‘ਚ ਹੈਰਾਨੀ ਦੇਖਣ ਨੂੰ ਮਿਲੀ ਜਿਨ੍ਹਾਂ ਨਾਗਰਿਕਤਾ ਅਰਜ਼ੀਆਂ ਲਗਾਉਣੀਆਂ ਸਨ। ਹੁਣ ਤੱਕ ਆਸਟਰੇਲੀਆ ਦੀ ਨਾਗਰਿਕਤਾ ਲਈ ਮੁਲਕ ਦੀ ਪੀ.ਆਰ ਲੈਣ ਮਗਰੋਂ ਇੱਕ ਸਾਲ ਇੰਤਜ਼ਾਰ ਕਰਨਾ ਲਾਜ਼ਮੀ ਸੀ ਪਰ ਨਵੇਂ ਫ਼ੈਸਲੇ ਮੁਤਾਬਕ ਹੁਣ ਚਾਰ ਸਾਲ ਇੰਤਜ਼ਾਰ ਕਰਨਾ ਹੋਵੇਗਾ ਇਸ ਤੋਂ ਇਲਾਵਾ ਹੁਣ ਅੰਗਰੇਜ਼ੀ ਜ਼ੁਬਾਨ ‘ਚ ਚੰਗੀ ਮੁਹਾਰਤ ਵੀ ਲਾਜ਼ਮੀ ਹੋਵੇਗੀ ਇਸੇ ਤਰ੍ਹਾਂ ਨਾਗਰਿਕਤਾ ਲੈਣ ਤੋਂ ਪਹਿਲਾਂ ਲਏ ਜਾਂਦੀ ਪ੍ਰੀਖਿਆ ਲਈ ਹੁਣ ਤਿੰਨ ਮੌਕੇ ਹੀ ਦਿੱਤੇ ਜਾਣਗੇ ਇਸ ਪ੍ਰੀਖਿਆ ਦੇ ਸੁਆਲਾਂ ਨੂੰ ਵੀ ਬਦਲ ਦਿੱਤਾ ਗਿਆ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਨਵੇਂ ਐਲਾਨਾਂ ਨੂੰ ਮੁਲਕ ਦੀ ਸਿਆਸਤ ‘ਤੇ ਵੱਧ ਰਹੇ ਸੱਜੇ ਪੱਖੀ ਪ੍ਰਭਾਵ ਦੇ ਅਸਰ ਹੇਠ ਦੇਖਿਆ ਜਾ ਰਿਹਾ ਹੈ ਨਵੇਂ ਕਾਨੂੰਨਾਂ ਤਹਿਤ ਇਹ ਵੀ ਦੇਖਿਆ ਜਾਵੇਗਾ ਕਿ ਨਾਗਰਿਕਤਾ ਦਾ ਇੱਛੁਕ ਵਿਅਕਤੀ ਕਿਸੇ ਗੰਭੀਰ ਜ਼ੁਰਮ ‘ਚ ਸ਼ਾਮਲ ਨਾ ਹੋਵੇ ਅਤੇ ਘਰੇਲੂ ਹਿੰਸਾ ਨਾ ਕਰਦਾ ਹੋਵੇ , ਬੱਚਿਆਂ ਨੂੰ ਚੰਗੀ ਤਾਲੀਮ ਦਿੰਦਾ ਹੋਵੇ ਅਤੇ ਨਾਲ ਹੀ ਹੁਣ ਮੁਲਕ ਦੀਆਂ ਰਹੁ ਰੀਤਾਂ ‘ਚ ਵਿਸ਼ਵਾਸ ਦਾ ਸਬੂਤ ਪੇਸ਼ ਕਰਨਾ ਵੀ ਜ਼ਰੂਰੀ ਹੈ।

ਚੁੱਕੀ ਜਾਣ ਵਾਲੀ ਸਹੁੰ ਦੀ ਸ਼ਬਦਾਵਲੀ ਵੀ ਹੁਣ ਬਦਲ ਦਿੱਤੀ ਗਈ ਹੈ ਅੱਜ ਰਾਜਧਾਨੀ ਕੈਨਬਰਾ ‘ਚ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਸਟਰੇਲੀਆ ਦੇ ਸਿਟਿਜ਼ਨਸ਼ਿਪ ਪ੍ਰੋਗਰਾਮ ਵਿੱਚ ਆਸਟਰੇਲੀਅਨ ਕਦਰਾਂ ਕੀਮਤਾਂ ਦੀ ਮੁੜ ਸੁਰਜੀਤੀ ਲਈ ਇਹ ਕਦਮ ਜ਼ਰੂਰੀ ਸਨ ਉਨ੍ਹਾਂ ਕਿਹਾ, “ਆਸਟਰੇਲੀਆ ਧਰਮ ਨਸਲ ਸਭਿਆਚਾਰ ਦੇ ਅਧਾਰ ‘ਤੇ ਅਧਾਰਿਤ ਮੁਲਕ ਨਹੀਂ ਅਸੀਂ ਸਾਂਝੀਆਂ ਕਦਰਾਂ ਕੀਮਤਾਂ, ਬਰਾਬਰਤਾ ਲਈ ਵਚਨਬੱਧ ਮੁਲਕ ਦੇ ਨਾਗਰਿਕ ਹਾਂ ਤੇ ਇਥੋਂ ਦੀ ਨਾਗਰਿਕਤਾ ‘ਚੋਂ ਇਹ ਝਲਕਣਾ ਜ਼ਰੂਰੀ ਹੈ। ਪੀ.ਆਰ ਤੋਂ ਬਾਅਦ ਚਾਰ ਸਾਲ ਇੱਥੇ ਰਹੋ, ਅੰਗਰੇਜ਼ੀ ਬੋਲੋ, ਆਸਟਰੇਲੀਅਨ ਕਦਰਾਂ ਕੀਮਤਾਂ ਯਕੀਨੀ ਕਰੋ ਖ਼ੁਦ ਨੂੰ ਸਮਾਜ ਦਾ ਹਿੱਸਾ ਬਣਾਓ ਇਹ ਸ਼ਰਤਾਂ ਰਾਸ਼ਟਰ ਦੀ ਮਜ਼ਬੂਤੀ ਦਾ ਵੀ ਅਧਾਰ ਹੋਣਗੀਆਂ”।

ਸਬੰਧਤ ਖ਼ਬਰ:

ਆਸਟਰੇਲੀਅਨ ਸਰਕਾਰ ਵਲੋਂ 457 ਵੀਜ਼ਾ ਬੰਦ: ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ ਕਾਮੇ …

ਇਹ ਫ਼ੈਸਲੇ ਤੁਰਤ ਪ੍ਰਭਾਵ ਤੋਂ ਲਾਗੂ ਹੋਣਗੇ ਉਪਰੋਕਤ ਕਾਨੂੰਨਾਂ ਨੂੰ ਭਾਵੇਂ ਸੰਸਦ ਦੇ ਦੋ ਸਦਨਾਂ ਦੀ ਪ੍ਰਵਾਨਗੀ ਜ਼ਰੂਰੀ ਹੈ ਜਿਸ ਲਈ ਇਹ ਕਾਨੂੰਨ ਸਾਲ ਦੇ ਅੰਤ ਤੱਕ ਪਾਰਲੀਮੈਂਟ ‘ਚ ਰੱਖਿਆ ਜਾਵੇਗਾ ਪਰ ਸ਼ਰਤਾਂ ਅੱਜ ਤੋਂ ਹੀ ਸਾਰੀਆਂ ਅਰਜ਼ੀਆਂ ‘ਤੇ ਲਾਗੂ ਹੋਣਗੀਆਂ।

ਉਧਰ ਸੱਜੇ ਪੱਖੀਆਂ ਦੇ ਅਸਰ ਨੂੰ ਸਖ਼ਤੀ ਦਾ ਕਾਰਨ ਦੱਸ ਰਹੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੇ ਦੱਬਵੇਂ ਸੁਰ ‘ਚ ਸਰਕਾਰ ਨੂੰ ਹਮਾਇਤ ਦੇਣ ਦਾ ਇਸ਼ਾਰਾ ਕੀਤਾ ਹੈ ਜਦਕਿ ਗਰੀਨਜ਼ ਪਾਰਟੀ ਨੇ ਇਸ ਫ਼ੈਸਲੇ ਦੀ ਮੁਖ਼ਾਲਫ਼ਤ ਕੀਤੀ ਹੈ ਪਾਰਟੀ ਮੁਤਾਬਕ “ਮਹਿਜ਼ ਅੰਗਰੇਜ਼ੀ ‘ਚ ਮੁਹਾਰਤ ਦੇਸ਼ ਭਗਤੀ ਦਾ ਪ੍ਰਮਾਣ ਨਹੀਂ ਹੋ ਸਕਦੀ”ਙ ਸੱਜੇ ਪੱਖੀ ਪਾਰਟੀ ਵਨ ਨੇਸ਼ਨ ਪਾਰਟੀ ਨੇ ਇਸ ਨੂੰ ਦੇਰੀ ਨਾਲ ਆਇਆ ਦਰੁਸਤ ਫ਼ੈਸਲਾ ਕਿਹਾ ਹੈ।

ਇਸੇ ਹਫ਼ਤੇ 457 ਵੀਜ਼ੇ ਨੂੰ ਬੰਦ ਕਰਨ ਤੋਂ ਬਾਅਦ ਨਾਗਰਿਕਤਾ ਕਾਨੂੰਨਾਂ ‘ਚ ਸਖ਼ਤੀ ਨੂੰ ਸਿਆਸੀ ਮਾਹਿਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਤਰਜ਼ ਦੇ ਹੋਇਆ ਸੱਜੇ ਪੱਖੀ ਫ਼ੈਸਲਾ ਮੰਨ ਰਹੇ ਹਨ ਜਿਸ ਦਾ ਆਵਾਸ ਗਿਣਤੀ ‘ਤੇ ਪ੍ਰਭਾਵ ਯਕੀਨੀ ਮੰਨਿਆ ਜਾ ਰਿਹਾ ਹੈ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: