ਖਾਸ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਮੁੱਖ ਸਿੰਘ ਮੁਤਾਬਕ; ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਹੁਕਮ ਬਾਦਲਾਂ ਨੇ ਦਿੱਤੇ ਸਨ

April 20, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਦੇ ਮੁਖੀ ਨੂੰ 2015 ਵਿੱਚ ਦਿਤੀ ਗਈ ਬਿਨ ਮੰਗੀ ਮੁਆਫੀ ਮਾਮਲੇ ਵਿੱਚ ਸ਼ਾਮਲ ਰਹੇ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਦਾ ਮਾਮਲਾ ਨਿਬੇੜਣ ਦੇ ਹੁਕਮ ਉਸ ਵੇਲੇ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਜਥੇਦਾਰਾਂ ਨੂੰ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਬੁਲਾਕੇ ਦਿੱਤੇ ਸਨ। ਗਿਆਨੀ ਗੁਰਮੁਖ ਸਿੰਘ ਨੇ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਿੱਖ ਸੰਗਤਾਂ ਨੂੰ ਦੱਸਣ ਕਿ 16 ਸਤੰਬਰ 2015 ਨੂੰ ਚੰਡੀਗੜ੍ਹ ਵਿਖੇ ਬਾਦਲਾਂ ਵਲੋਂ ਵਿਖਾਈ ਡੇਰੇ ਦੀ ਚਿੱਠੀ ਅੰਮ੍ਰਿਤਸਰ ਕਿਸਨੇ ਪਹੁੰਚਾਈ ਸੀ। ਗਿਆਨੀ ਗੁਰਮੁਖ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ 15 ਸਤੰਬਰ 2015 ਨੂੰ ਗਿਆਨੀ ਗੁਰਬਚਨ ਸਿੰਘ ਦਾ ਫੋਨ ਮੈਨੂੰ ਆਇਆ ਕਿ ‘ਸਵੇਰੇ ਆਪਾਂ ਚੰਡੀਗੜ੍ਹ ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮ੍ਰਿਤਸਰ ਆ ਜਾਓ’। ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ 16 ਸਤੰਬਰ 2015 ਨੂੰ ਉਹ, ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ ਜਿਥੇ ਉੱਪ ਮੁਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੰਤਰੀ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।

ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਬਾਦਲ ਦੀ ਸਰਕਾਰੀ ਰਿਹਾਇਸ਼ ‘ਤੇ ਸੁਖਬੀਰ ਬਾਦਲ ਨੇ ਸਾਡੇ ਤਿੰਨਾਂ ਵੱਲ ਇਕ ਪੱਤਰ ਵਧਾਉਂਦਿਆਂ  ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ।

ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ ਹਿੰਦੀ ਵਿਚ ਲਿਖਿਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਉਨ੍ਹਾਂ ਦੱਸਿਆ ਕਿ ਪੱਤਰ ਪੜ੍ਹ ਅਤੇ ਸੁਣ ਲੈਣ ਤੋਂ ਬਾਅਦ ਗਿਆਨੀ ਗੁਬਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਚਿੱਠੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚਾਓ ਤਾਂ ਹੀ ਇਸ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਗਿਆਨੀ ਗੁਰਮੁੱਖ ਸਿੰਘ ਦੇ ਦੱਸਣ ਮੁਤਾਬਕ ਉਦੋਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਇਸ ਮਾਮਲੇ ‘ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂ ਜੋ ਅਸੀਂ ਇਸ ਮਸਲੇ ‘ਤੇ ਕੌਮੀ ਰਾਏ ਬਣਾ ਸਕੀਏ। ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ‘ਤੇ ਜਿੰਨਾ ਜਲਦੀ ਹੋ ਸਕੇ ਤੁਸੀਂ ਫੈਸਲਾ ਸੁਣਾਓ। ਇਸ ‘ਤੇ ਅਸੀਂ ਤਿੰਨਾਂ ਨੇ ਕਿਹਾ ਕਿ ਪਹਿਲਾਂ ਚਿੱਠੀ ਨੂੰ ਅਕਾਲ ਤਖ਼ਤ ਸਾਹਿਬ ਪਹੁੰਚਾਓ ਫਿਰ ਹੀ ਅਗਲੀ ਕਾਰਵਾਈ ਹੋ ਸਕਦੀ ਹੈ।

ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਆਉਣ ਲੱਗਿਆਂ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ‘ਤੁਸੀਂ ਸਾਡੇ ਬਜ਼ੁਰਗਾਂ ਦੇ ਸਮਾਨ ਹੋ। ਸਾਨੂੰ ਇਸ ਤਰ੍ਹਾਂ ਨਾਲ ਸਰਕਾਰੀ ਰਿਹਾਇਸ਼ ‘ਤੇ ਨਾ ਬੁਲਾਇਆ ਕਰੋ। ਸਾਨੂੰ ਹਰ ਰੋਜ਼  ਹਜ਼ਾਰਾਂ ਲੋਕ ਮਿਲਦੇ ਹਨ ਤੁਸੀਂ ਵੀ ਸਾਨੂੰ ਤਖ਼ਤਾਂ ‘ਤੇ ਮਿਲ ਲਿਆ ਕਰੋ। ਅੱਜ ਤਾਂ ਇਂਜ ਲੱਗ ਰਿਹਾ ਹੈ ਜਿਵੇਂ ਤੁਸੀਂ ਸਾਨੂੰ ਤਲਬ ਕਰ ਲਿਆ ਹੋਵੇ।’ ਇਹ ਸੁਣ ਕੇ ਪਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿੱਖ ਵਿਚ ਅਜਿਹਾ ਹੀ ਹੋਵੇਗਾ।

ਗਿਆਨੀ ਗੁਰਮੁਖ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਗਿਆਨੀ ਇਕਬਾਲ ਸਿੰਘ, ਪਿੱਛੇ ਖੜ੍ਹੇ ਹਨ ਹਰਚਰਨ ਸਿੰਘ

ਗਿਆਨੀ ਗੁਰਮੁਖ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਗਿਆਨੀ ਇਕਬਾਲ ਸਿੰਘ, ਪਿੱਛੇ ਖੜ੍ਹੇ ਹਨ ਹਰਚਰਨ ਸਿੰਘ

ਗਿਆਨੀ ਗੁਰਮੁੱਖ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਤੋਂ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਇਸ ਮਾਮਲੇ ‘ਤੇ ਜਥੇਦਾਰਾਂ ਵਲੋਂ ਵਿਚਾਰ ਸ਼ੁਰੂ ਕਰ ਦਿੱਤੀ ਗਈ ਜਦ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ ਉਨ੍ਹਾ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ‘ਤੇ ਆ ਗਏ। ਗਿਆਨੀ ਗੁਰਮੁਖ ਸਿੰਘ ਅਨੁਸਾਰ ਜਥੇਦਾਰਾਂ ਦੀ ਇਸ ਗੱਲਬਾਤ ਦੌਰਾਨ ਹੀ ਸੁਖਬੀਰ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ‘ਤੇ ਆਇਆ, ਮੇਰੀ ਵੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਵਾਈ ਗਈ। ਸੁਖਬੀਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪ੍ਰਕਿਕਿਆ ਵਿਚ ਸਹਾਇਤਾ ਦੇਣ ਦੀ ਗੱਲ ਮਨ ਲੈਣ ‘ਤੇ ਜ਼ੋਰ ਦਿੰਦੇ ਰਹੇ। ਗਿਆਨੀ ਗੁਰਮੁਖ ਸਿੰਘ ਅਨੁਸਾਰ ਇਸੇ ਦੌਰਾਨ ਸੁਖਬੀਰ ਬਾਦਲ ਦੇ ਇੱਕ ਨਿੱਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨ੍ਹਾ ਦੀ ਰਿਹਾਇਸ਼ ‘ਤੇ ਆ ਗਏ ਤੇ ਉਨ੍ਹਾ ‘ਤੇ ਦਬਾਅ ਬਣਾਉਣ ਦਾ ਸਿਲਸਲਾ ਤੇਜ਼ ਹੁੰਦਾ ਗਿਆ।

ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਨਿਜੀ ਤੌਰ ‘ਤੇ ਦਬਾਅ ਬਣਾੳੇੁਣ ਦੇ ਨਾਲ-ਨਾਲ ਸੁਖਬੀਰ ਬਾਦਲ ਨਾਲ ਫੋਨ ‘ਤੇ ਗੱਲ ਕਰਵਾਉਣ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ। ਮੈਨੂੰ ਵਾਰ-ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤੁਸੀਂ ਕਿਉਂ ਨਹੀਂ ਮੰਨ ਰਹੇ। 24 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਮੀਟਿੰਗ ਸ਼ੁਰੂ ਹੋਈ। ਉਥੇ ਪੰਜਾਬੀ ਵਿਚ ਲਿਖਿਆ ਇਕ ਪੱਤਰ ਸਾਨੂੰ ਦਿਖਾਇਆ ਗਿਆ ਜਿਸ ਬਾਰੇ ਅਸੀਂ ਵਿਚਾਰ ਕਰਨੀ ਸੀ। ਅਕਾਲ ਤਖ਼ਤ ਸਾਹਿਬ ‘ਤੇ ਪੱਤਰ ਲਿਆਉਣ ਦਾ ਇਕ ਵਿਧੀ ਵਿਧਾਨ ਹੈ ਪੱਤਰ ਕੋਣ ਲੈ ਕੇ ਆਇਆ ਕਿਸ ਨੇ ਪੱਤਰ ਪ੍ਰਾਪਤ ਕੀਤਾ, ਇਕ ਰਜਿਸਟਰ ‘ਤੇ ਨੋਟ ਕੀਤਾ ਜਾਂਦਾ ਹੈ ਤੇ ਹੁਣ ਤਾਂ ਉਸ ਦੀ ਤਸਵੀਰ ਵੀ ਲਈ ਜਾਂਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦੱਸ ਸਕਦੇ ਹਨ ਕਿ ਸਿਰਸਾ ਡੇਰਾ ਮੁਖੀ ਦਾ ਇਹ ਪੱਤਰ ਉਨ੍ਹਾˆ ਨੂੰ ਕੋਣ ਦੇ ਕੇ ਗਿਆ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ 24 ਸਤੰਬਰ ਦੀ ਮੀਟਿੰਗ ਸ਼ੁਰੂ ਹੋਈ। 2007 ਤੋਂ ਲੈ ਕੇ ਹੁਣ ਤਕ ਸਾਰਾ ਮਾਮਲਾ ਫਿਰ ਤੋਂ ਪੜ੍ਹਿਆ ਗਿਆ। ਕੇਸ ਕਿਵੇਂ ਚਲਿਆ, ਡੇਰਾ ਸਿਰਸਾ ਨਾਲ ਸੰਬਧਤ ਫਾਇਲ ਵਿਚ ਤਿੰਨ ਪੱਤਰਕਾਵਾਂ ਪਹਿਲਾਂ ਹੀ ਮੌਜੂਦ ਸਨ। ਆਖਿਰ ਫੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ ਮੁਆਫੀ ਨਹੀਂ ਦਿੱਤੀ ਪੱਤਰ ਹੀ ਪ੍ਰਵਾਨ ਕੀਤਾ ਸੀ। ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਕਿ ਅਖ਼ਬਾਰਾਂ ਲਈ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਸੀ ਕਿ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ ਪਰ ਅਖ਼ਬਾਰਾਂ ਨੇ ਇਸ ਪ੍ਰਵਾਨਗੀ ਨੂੰ ਮੁਆਫੀ ਦਾ ਨਾਮ ਦੇ ਦਿੱਤਾ, ਤੇ ਇਸ ਨੂੰ ਬਿਨਾਂ ਮੰਗੀ ਮੁਆਫੀ ਛਾਪ ਦਿੱਤਾ। ਪੰਥ ਵਿਚ ਰੋਸ ਫੈਲ ਗਿਆ। ਸਾਡੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਸੀ। ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੁਖਬੀਰ ਬਾਦਲ ਨਾਲ ਹੋਈ ਗੱਲਬਾਤ ‘ਚ ਮੈਂ ਕਿਹਾ ਕਿ ਪੰਥ ਨੂੰ ਦੱਸੋ ਕਿ ਚਿੱਠੀ ਲੈ ਕੇ ਕੌਣ ਆਇਆ। ਤਾਂ ਬਾਦਲ ਨੇ ਕਿਹਾ ਕਿ 2 ਦਿਨਾਂ ਵਿਚ ਸਪੱਸ਼ਟ ਕਰ ਦਿਆਂਗੇ ਕਿ ਤੁਸੀਂ ਚਿੱਠੀ ਨਹੀਂ ਲਿਆਏ।

ਸਬੰਧਤ ਖ਼ਬਰ:

ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ …

ਗਿਆਨੀ ਗੁਰਮੁੱਖ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 1 ਫਰਵਰੀ ਨੂੰ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਦਿਲੀ ਕਮੇਟੀ ਦੇ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਫੋਨ ਆਇਆ ਕਿ ‘ਚੋਣਾਂ ਦਾ ਸਮਾ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋਂ ਸਮਰਥਨ ਲੈਣਾ ਪੈਣਾ ਪੈ ਰਿਹਾ ਹੈ’। 2 ਫਰਵਰੀ ਨੂੰ ਫਿਰ ਮਨਜਿੰਦਰ ਸਿਰਸਾ ਨੇ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਕਾਇਮ ਰਹਿਣਾ ਅਸੀ ਮਜਬੂਰੀ ਵਸ ਡੇਰੇ ਦਾ ਸਮਰਥਨ ਲਿਆ ਹੈ। ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ ਮੈਂ ਸਿਰਸਾ ਨੂੰ ਦਸਿਆ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀਂ ਰਹੀ। ਮਨਜਿੰਦਰ ਸਿਰਸਾ ਨੇ ਕਿਹਾ ਕਿ ‘ਮੈ ਸਮਝਦਾ ਹਾਂ ਪਰ ‘ਬੌਸ’ ਨਹੀਂ ਮੰਨਦਾ’। ਗਿਆਨੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਬੌਸ ਤੋਂ ਭਾਵ ਸੁਖਬੀਰ ਸਿੰਘ ਬਾਦਲ ਤੋਂ ਹੈ। ਗਿਆਨੀ ਗੁਰਮੁੱਖ ਸਿੰਘ ਨੇ ਦਸਿਆ ਕਿ 3 ਫਰਵਰੀ ਨੂੰ ਉਨ੍ਹਾਂ ਨਿਜੀ ਚੈਨਲਾਂ ‘ਤੇ ਆਪਣੇ ਵਿਚਾਰ ਦਿੱਤੇ ਜਿਸ ਤੋਂ ਬਾਅਦ ਸਿਰਸਾ ਦਾ ਫਿਰ ਫੋਨ ਆਇਆ ਕਿ ‘ਤੁਸੀਂ ਸਾਡੇ ਨਾਲ ਨਹੀਂ ਖੜੇ ਹੁਣ ਜਥੇਦਾਰੀ ਦੀ ਵੀ ਆਸ ਨਾ ਰਖੋ’। ਮੈਂ ਜਵਾਬ ਦਿੱਤਾ ‘ਇਹ ਜਥੇਦਾਰੀਆਂ ਗੁਰੂ ਪੰਥ ਦੀ ਬਖਸ਼ਿਸ਼ ਹਨ ਮੈਂ ਤੁਹਾਡੇ ਨਿਜੀ ਕਾਰਖਾਨੇ ਵਿਚ ਕੰਮ ਨਹੀਂ ਕਰਦਾ ਜੋ ਕਿਹਾ ਨਾ ਮੰਨਣ ਕਰਕੇ ਤੁਸੀਂ ਮੈਨੂੰ ਹਟਾ ਦਿਓਗੇ’। ਗਿਆਨੀ ਗੁਰਮੁੱਖ ਸਿੰਘ ਨੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ ਤੇ ਹੁਣ ਫੈਸਲਾ ਪੰਥ ਨੇ ਲੈਣਾ ਹੈ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆˆ ਭੁਲਾ ਮੰਨ ਕੇ ਪੰਥ ਦੀ ਸ਼ਰਨ ਵਿਚ ਆ ਜਾਣ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਨੂੰ ਬਿਨਾਂ ਮੰਗੀ ਮਾਫੀ ਦੇਣ ‘ਚ ਗਿਆਨੀ ਗੁਰਮੁੱਖ ਸਿੰਘ ਨੂੰ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: