ਸਿਆਸੀ ਖਬਰਾਂ » ਸਿੱਖ ਖਬਰਾਂ

ਵੋਟਾਂ ਖਾਤਰ ਸਿਰਸਾ ਸਾਧ ਦੇ ਡੇਰੇ ‘ਤੇ ਜਾਣ ਵਾਲੇ ਤਨਖਾਹੀਏ ਕਰਾਰ (ਵਿਸਤਾਰਤ ਰਿਪੋਰਟ)

April 17, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਜਾਂ ਉਸਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਸਿਆਸੀ ਆਗੂਆਂ ਨੂੰ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਅਤੇ ਹੋਰਾਂ ਵਲੋਂ ਤਨਖਾਹੀਏ ਐਲਾਨਦਿਆਂ ਧਾਰਮਿਕ ਸਜਾ ਸੁਣਾਈ ਗਈ। ਸੁਣਾਈ ਗਈ ਸਜਾ ਵਿੱਚ ਜਿਥੇ ਕਾਂਗਰਸ ਦੇ 10, ਬਾਦਲ ਦਲ ਦੇ 7 ਅਤੇ ਆਮ ਆਦਮੀ ਪਾਰਟੀ ਦੇ 1 (ਕੁਲ 18) ਆਗੂਆਂ ਨੂੰ ਨੇੜਲੇ ਗੁਰਦੁਆਰਾ ਸਾਹਿਬ ਵਿਖੇ 10 ਦਿਨ ਇਕ ਘੰਟੇ ਲਈ ਕੋਈ ਵੀ ਸੇਵਾ ਕਰਨ ਅਤੇ ਬਾਕੀ 21 ਸਾਬਤ ਸੂਰਤ ਆਗੂਆਂ ਨੂੰ ਇੱਕ ਦਿਨ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਦਰਸ਼ਨੀ ਡਿਉੜੀ, ਘੰਟਾ ਘਰ ਤੱਕ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਰਸਤੇ ਦੀ ਸਫਾਈ ਕਰਨ, ਇੱਕ ਦਿਨ ਸਾਰੀ ਪ੍ਰਕਰਮਾ ਵਿਚ ਸਫਾਈ-ਧੁਆਈ ਦੀ ਸੇਵਾ ਕਰਨ, ਇੱਕ ਦਿਨ ਦੋ ਘੰਟੇ ਜੋੜੇ ਘਰ ਵਿਚ ਜੋੜੇ ਪਾਲਿਸ਼ ਕਰਨ ਦੀ ਸੇਵਾ ਕਰਨ, ਇੱਕ ਦਿਨ ਦੋ ਘੰਟੇ ਲੰਗਰ ਵਰਤਾਉਣ ਦੀ ਸੇਵਾ ਕਰਨ, ਇੱਕ ਦਿਨ ਇੱਕ ਘੰਟਾ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਣ ਕਰਕੇ ਪ੍ਰਤੀ ਵਿਅਕਤੀ 501 ਰੁਪਏ ਦੀ ਵੱਖਰੀ-ਵੱਖਰੀ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਲੈ ਕੇ ਇਕਵੰਜਾ-ਇਕਵੰਜਾ ਸੌ ਰੁਪਏ ਗੋਲਕ ਵਿਚ ਪਾ ਕੇ ਅਕਾਲ ਤਖ਼ਤ ਸਾਹਿਬ ਵਿਖੇ ਖਿਮਾਂ-ਯਾਚਨਾ ਦੀ ਅਰਦਾਸ ਕਰਵਾਉਣ ਦਾ ਹੁਕਮ ਕੀਤਾ ਹੈ। ਬਾਦਲ ਦਲ ਦੇ ਜਨਮੇਜਾ ਸਿੰਘ ਸੇਖੋਂ, ਕਾਂਗਰਸ ਦੇ ਰਜਿੰਦਰ ਕੌਰ ਭੱਠਲ, ਅਜਾਇਬ ਸਿੰਘ ਭੱਟੀ ਅਤੇ ਅਰਜਨ ਸਿੰਘ ਅੱਜ ਪੇਸ਼ ਨਹੀਂ ਹੋਏ। ਬਾਦਲ ਦਲ ਦੇ ਮਨਪ੍ਰੀਤ ਸਿੰਘ ਇਆਲੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਡੇਰਾ ਸਿਰਸਾ ਗਏ ਹੀ ਨਹੀਂ ਇਸ ਲਈ ਜਥੇਦਾਰਾਂ ਨੇ ਉਸਨੂੰ ਕੜਾਹ ਪ੍ਰਸ਼ਾਦਿ ਦੀ ਦੇਗ ਕਰਾਉਣ ਦਾ ਹੁਕਮ ਦਿੱਤਾ। ਬਾਅਦ ਦੁਪਿਹਰ ਚਾਰ ਵਜੇ ਦੇ ਕਰੀਬ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ੍ਹ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣਾ ਅਤੇ ਗਿਆਨੀ ਰਘਬੀਰ ਸਿੰਘ ਨੇ ਇਹ ਹੁਕਮ ਸੁਣਾਇਆ ਜਿਸਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜੇ ਸਿਆਸੀ ਆਗੂਆਂ ਨੇ ਪ੍ਰਵਾਨ ਕੀਤਾ।

ਗਿਆਨੀ ਗੁਰਬਚਨ ਸਿੰਘ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਜ਼ਾ ਸੁਣਾਉਂਦੇ ਹੋਏ

ਗਿਆਨੀ ਗੁਰਬਚਨ ਸਿੰਘ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਜ਼ਾ ਸੁਣਾਉਂਦੇ ਹੋਏ

ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਪਾਸੋਂ ਵੋਟਾਂ ਮੰਗਣ ਵਾਲੇ ਕੁਲ 44 ਸਿਆਸੀ ਆਗੂਆਂ ਨੂੰ ਸਪੱਸ਼ਟੀਕਰਨ ਦੇਣ ਹਿੱਤ ਇਥੇ ਬੁਲਾਇਆ ਗਿਆ ਸੀ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਅੱਜ ਦੀ ਜਥੇਦਾਰਾਂ ਦੀ ਇਕਤਰਤਾ ਵਿੱਚ ਇਹ ਕਹਿ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸਿਰਫ ਉਸੇ ਇਕਤਰਤਾ ਵਿੱਚ ਸ਼ਾਮਿਲ ਹੋਣਗੇ ਜੋ ਗੁਰੂ ਕਾਲ ਤੋਂ ਪ੍ਰਚਲਤ ਰਵਾਇਤ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰ ਹਜ਼ੂਰੀ ਵਿੱਚ ਹੋਵੇ। ਜਦੋਂ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਤੇ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਸ. ਹਰਚਰਨ ਸਿੰਘ ਵਲੋਂ ਗਿਆਨੀ ਗੁਰਮੁੱਖ ਸਿੰਘ ਨੂੰ ਮਨਾਉਣ ਦੇ ਸਾਰੇ ਹੀਲੇ ਵਿਅਰਥ ਹੋ ਗਏ ਤਾਂ ਗਿਆਨੀ ਗੁਰਮੁਖ ਸਿੰਘ ਦੀ ਥਾਂ ਤੇ ਗਿਆਨੀ ਜਗਤਾਰ ਸਿੰਘ ਲੁਧਿਆਣਾ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੂੰ ਸ਼ਾਮਿਲ ਕਰ ਲਿਆ ਗਿਆ। ਇਸਤੋਂ ਪਹਿਲਾਂ ਸਪੱਸ਼ਟੀਕਰਨ ਦੇਣ ਲਈ ਪੁਜੇ ਬਾਦਲ ਦਲ, ਕਾਂਗਰਸੀ ਤੇ ਆਪ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਹੇਠਲੇ ਭੋਰੇ ਵਿਚ ਬੈਠਾਈ ਰੱਖਿਆ ਗਿਆ। ਸਭ ਤੋਂ ਪਹਿਲਾਂ ਕਾਂਗਰਸੀ ਤੇ ਆਪ ਆਗੂਆਂ ਨੂੰ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਤੇ ਫਿਰ ਬਾਦਲ ਦਲ ਨਾਲ ਸਬੰਧਤ ਆਗੂਆਂ ਨੂੰ। ਸਪਸ਼ਟੀਕਰਨ ਦੇਣ ਲਈ ਪੁਜੇ 18 ਆਗੂ ਪਤਿਤ ਸਨ ਇਸ ਲਈ ਇਨ੍ਹਾਂ ਦੀ ਸੁਣਵਾਈ ਕਰਦਿਆਂ ਹੀ ਆਪੋ ਆਪਣੇ ਇਲਾਕੇ ਦੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ 10 ਦਿਨ ਲਈ ਇੱਕ ਇੱਕ ਘੰਟੇ ਲਈ ਵੱਖ ਵੱਖ ਸੇਵਾ ਕਰਨ ਦਾ ਆਦੇਸ਼ ਦੇਕੇ ਭੇਜ ਦਿੱਤਾ ਗਿਆ। ਜਦੋਂਕਿ ਸਪਸ਼ਟੀਕਰਨ ਦੇਣ ਲਈ ਪੁਜੇ ਸਾਬਤ ਸੂਰਤ ਆਗੂਆਂ ਨੂੰ ਬਕਾਇਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹੀਆ ਕਰਾਰ ਦੇਕੇ ਧਾਰਮਿਕ ਸਜਾ ਸੁਣਾਈ ਗਈ। ਦੱਸਿਆ ਗਿਆ ਹੈ ਕਿ ਸਾਬਤ ਸੂਰਤ ਇਹ ਸਾਰੇ ਆਗੂ ਇਕੱਠੇ ਆ ਕੇ ਸੇਵਾ ਕਰਨਗੇ।

ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦੱਸਿਆ ਕਿ ਉਹ ਇਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸੁਣਕੇ ਸਪਸ਼ਟੀ ਕਰਨ ਦੇਣ ਪੁਜੇ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਡੇਰਾ ਸਿਰਸਾ ਨਾਲ ਸਾਂਝ ਦੇ ਮੁਖ ਦੋਸ਼ੀ ਪਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਜਾਏ।

ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋ ਕੇ ਸਜ਼ਾ ਸੁਣਦੇ ਹੋਏ

ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋ ਕੇ ਸਜ਼ਾ ਸੁਣਦੇ ਹੋਏ

ਗੁਰਦੁਆਰਾ ਹਿੰਦ ਦੀ ਚਾਦਰ ਪਿੰਡ ਔਲਖ, ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਅਗਨ ਭੇਂਟ ਹੋਏ ਪਾਵਨ ਸਰੂਪਾਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸਬੰਧਤ ਗੰ੍ਰਥੀ ਸਿੰਘ ਅਤੇ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੋ ਕੇ ਆਪਣੇ ਦਿੱਤੇ ਸਪੱਸ਼ਟੀਕਰਨ ਪੁਰ ਦੀਰਘ ਵਿਚਾਰ ਕਰਨ ਉਪਰੰਤ ਜਥੇਦਾਰਾਂ ਵਲੋਂ ਆਦੇਸ਼ ਦਿੱਤਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦਾ ਗੰ੍ਰਥੀ ਸਿੰਘ ਹੋਈ ਬੇਅਦਬੀ ਦੇ ਪਸ਼ਚਾਤਾਪ ਲਈ ਇੱਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਅਤੇ ਇੱਕ ਸਹਿਜ ਪਾਠ ਖੁਦ ਆਪ ਕਰੇ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਪਾਠ ਸਰਵਣ ਕਰੇ। ਉਪਰੰਤ ਹਰੇਕ ਵਿਅਕਤੀ ਗਿਆਰਾਂ-ਗਿਆਰਾਂ ਸੌ ਰੁਪਏ ਗੁਰੂ ਕੀ ਗੋਲਕ ਵਿਚ ਪਾ ਕੇ ਖਿਮਾਂ-ਯਾਚਨਾਂ ਦੀ ਅਰਦਾਸ ਕਰੇ। ਇਸਦੇ ਨਾਲ ਹੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਜਿਨ੍ਹਾਂ ਚਿਰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਓਨੀ ਦੇਰ ਤੱਕ ਇੱਕ ਸੇਵਾਦਾਰ ਹਾਜ਼ਰ ਰਹੇ ਤਾਂ ਜੋ ਅਜਿਹੀ ਮੰਦਭਾਗੀ ਘਟਨਾ ਮੁੜ ਦੁਬਾਰਾ ਨਾ ਵਾਪਰ ਸਕੇ।

Related Topics: , , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: