ਸਿਆਸੀ ਖਬਰਾਂ

ਆਮ ਆਦਮੀ ਪਾਰਟੀ ਨੇ ਸੰਸਦ ਮੈਂਬਰਾਂ ਦੀ ਤਰਜ ਉਤੇ ਵਿਧਾਇਕਾਂ ਲਈ ਸਥਾਨਕ ਵਿਕਾਸ ਫੰਡ ਦੀ ਕੀਤੀ ਮੰਗ

May 17, 2017 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਮੈਂਬਰ ਪਾਰਲੀਮੈਂਟ ਦੀ ਤਰਜ ਉਤੇ ਵਿਧਾਇਕਾਂ ਲਈ ਸਥਾਨਕ ਵਿਕਾਸ ਫੰਡ ਲਈ 3 ਕਰੋੜ ਰੁਪਏ ਸਲਾਨਾ ਦੀ ਮੰਗ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਅਤੇ ਬਾਕੀ ਵਿਧਾਇਕਾਂ ਨੇ ਇਸ ਸੰਬੰਧੀ ਬਿਲ ਪਾਸ ਲਈ ਸਰਕਾਰ ਤੋਂ ਮੰਗ ਕੀਤੀ।

ਅਮਨ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਲੋਕ ਸਭਾ ਦੇ ਨਾਲ-ਨਾਲ ਭਾਰਤ ਦੇ ਕਈ ਰਾਜਾਂ ਵਿਚ ਵਿਧਾਇਕਾਂ ਲਈ ਸਲਾਨਾ ਫੰਡ ਜਾਰੀ ਕੀਤੇ ਜਾਂਦੇ ਹਨ, ਜੋ ਕਿ ਭਾਰਤ ਸਰਕਾਰ ਦੇ ਕਾਨੂੰਨ ਅਨੁਸਾਰ 1993 ਤੋਂ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸਾਮ, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਕੇਰਲਾ, ਕਰਨਾਟਕਾ, ਦਿੱਲੀ ਆਦਿ ਰਾਜਾਂ ਵਿਚ ਵਿਧਾਇਕਾਂ ਨੂੰ 2 ਤੋਂ 4 ਕਰੋੜ ਰੁਪਏ ਆਪਣੇ ਖੇਤਰ ਦੇ ਵਿਕਾਸ ਲਈ ਜਾਰੀ ਕੀਤੇ ਜਾਂਦੇ ਹਨ, ਪਰ ਪੰਜਾਬ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਰਾਜਾਂ ਦੀ ਤਰਜ ‘ਤੇ ਹੀ ਪੰਜਾਬ ਦੇ 117 ਵਿਧਾਇਕਾਂ ਆਪਣੀ ਵਿਧਾਨ ਸਭਾ ਖੇਤਰ ਦੇ ਵਿਕਾਸ ਲਈ 3 ਕਰੋੜ ਸਲਾਨਾ ਜਾਰੀ ਕੀਤੇ ਜਾਣ। ਅਰੋੜਾ ਨੇ ਕਿਹਾ ਕਿ ਵਿਧਾਇਕ ਅਪਣੇ ਖੇਤਰ ਨੂੰ ਭਲੀਭਾਂਤੀ ਜਾਣਦੇ ਹਨ ਅਤੇ ਛੋਟੇ ਕੰਮਾਂ ਲਈ ਇਸ ਫੰਡ ਦੀ ਵਰਤੋਂ ਕਰ ਸਕਣਗੇ।

ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਅਤੇ ਐਚ.ਐਸ. ਫੂਲਕਾ (ਫਾਈਲ ਫੋਟੋ)

ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਅਤੇ ਐਚ.ਐਸ. ਫੂਲਕਾ (ਫਾਈਲ ਫੋਟੋ)

ਪਾਰਟੀ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਅਕਸਰ ਇਹ ਵੇਖਿਆ ਜਾਂਦਾ ਹੈ ਕਿ ਸੱਤਾਧਾਰੀ ਧਿਰ ਨਾਲ ਸੰਬੰਧਤ ਵਿਧਾਇਕ ਦੇ ਖੇਤਰਾਂ ਨੂੰ ਵਿਰੋਧੀ ਧਿਰ ਦੇ ਵਿਧਾਇਕਾਂ ਨਾਲੋਂ ਵੱਧ ਫੰਡ ਜਾਰੀ ਕੀਤੇ ਜਾਂਦੇ ਹਨ ਅਤੇ ਬਿਲ ਦੇ ਪੇਸ਼ ਹੋਣ ਨਾਲ ਸਾਰੇ ਖੇਤਰਾਂ ਵਿਚ ਬਰਾਬਰ ਵਿਕਾਸ ਕੀਤਾ ਜਾ ਸਕਦਾ ਹੈ।

ਫੂਲਕਾ ਨੇ ਕਿਹਾ ਕਿ ਇਹ ਹੈਰਾਨੀਜਨਕ ਗੱਲ ਹੈ ਪਿਛਲੇ 15 ਸਾਲਾਂ ਦੇ ਵਿਚ ਕਿਸੇ ਵੀ ਦਲ ਦੇ ਵਿਧਾਇਕ ਨੇ ਪ੍ਰਾਈਵੇਟ ਮੈਂਬਰ ਬਿਲ ਪੇਸ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿਲ ਨੂੰ ਲਾਗੂ ਕਰਕੇ ਸਮੂਹ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਬਰਾਬਰ ਵਿਕਾਸ ਕਰਨ ਦੇ ਦਾਅਵੇ ਨੂੰ ਸੱਚ ਸਾਬਿਤ ਕਰੇ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: