ਸਿਆਸੀ ਖਬਰਾਂ

ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪੋਤੇ ਗੁਰਇਕਬਾਲ ਨੂੰ ਡੀ.ਐਸ.ਪੀ. ਲਾਏਗੀ ਪੰਜਾਬ ਸਰਕਾਰ

May 18, 2017 | By

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਪਰਿਵਾਰ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਹੈ। ਮਰਹੂਮ ਮੁੱਖ ਮੰਤਰੀ ਦੇ ਪੋਤਰੇ ਗੁਰਇਕਬਾਲ ਸਿੰਘ, ਜੋ ਕਿ ਸੁਖਵੰਤ ਸਿੰਘ ਕੋਟਲੀ ਦਾ ਪੁੱਤਰ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਛੋਟਾ ਭਰਾ ਹੈ, ਨੂੰ ਪੰਜਾਬ ਪੁਲਿਸ ਵਿੱਚ ਡੀਐਸਪੀ ਦੀ ਨੌਕਰੀ ਮਿਲੇਗੀ। ਗ੍ਰਹਿ ਵਿਭਾਗ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਡੀਜੀਪੀ ਵੱਲੋਂ ਨਿਯੁਕਤੀ ਸਬੰਧੀ ਤਜਵੀਜ਼ ਭੇਜ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਦਾ ਦੱਸਣਾ ਹੈ ਕਿ ਮਰਹੂਮ ਮੁੱਖ ਮੰਤਰੀ ਦੇ ਪੋਤਰੇ ਨੂੰ ਬਿਨਾਂ ਪ੍ਰੀਖਿਆ ਅਤੇ ਉਮਰ ਵਿੱਚ ਵੀ ਛੋਟ ਦਿੱਤੀ ਜਾਵੇਗੀ। ਨੌਕਰੀ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਇਹ ਮਾਮਲਾ ਜਲਦੀ ਹੀ ਵਜ਼ਾਰਤ ਨੂੰ ਭੇਜਿਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਪੁਲਿਸ ਨਿਯਮਾਂ ਮੁਤਾਬਕ ਡੀਐਸਪੀ ਦੀ ਭਰਤੀ ਲਈ ਘੱਟੋ ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਜੋ ਵੇਰਵੇ ਦਿੱਤੇ ਗਏ ਹਨ ਉਨ੍ਹਾਂ ਅਨੁਸਾਰ ਗੁਰਇਕਬਾਲ ਸਿੰਘ ਦੀ ਜਨਮ ਮਿਤੀ 1 ਸਤੰਬਰ, 1998 ਮੁਤਾਬਕ ਉਮਰ 28 ਸਾਲ 7 ਮਹੀਨੇ ਤੇ 21 ਦਿਨ ਪਹਿਲੀ ਜਨਵਰੀ 2017 ਨੂੰ ਬਣਦੀ ਹੈ। ਗੁਰਇਕਬਾਲ ਨੇ ਤਾਮਿਲਨਾਡੂ ਦੀ ‘ਪੇਰੀਆਰ ਯੂਨੀਵਰਸਿਟੀ’ ਤੋਂ ਬੀ. ਕੌਮ. ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਗੁਰਇਕਬਾਲ ਨੂੰ ਨੌਕਰੀ ਦੇਣ ਦਾ ਮੁੱਖ ਆਧਾਰ ਇਹੀ ਬਣਾਇਆ ਗਿਆ ਹੈ ਕਿ ਬੇਅੰਤ ਸਿੰਘ ਨੇ ਪੰਜਾਬ ਵਿੱਚ “ਅਮਨ ਸ਼ਾਂਤੀ ਲਿਆਉਣ ਲਈ ਆਪਣੀ ਜਾਨ” ਦਿੱਤੀ। ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਮੁੱਖ ਮੰਤਰੀ ਦੀ ਮੌਤ ਤੋਂ ਬਾਅਦ ਰਾਜ ਸਰਕਾਰ ਦੇ ਕਿਸੇ ਵਿਭਾਗ ਵਿੱਚ ਨੌਕਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਬੇਅੰਤ ਸਿੰਘ ਦਾ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਦੋ ਵਾਰੀ ਤੇ ਪੁੱਤਰੀ ਗੁਰਕੰਵਲ ਕੌਰ ਇੱਕ ਵਾਰ ਵਜ਼ੀਰ ਰਹਿ ਚੁਕੀ ਹੈ। ਬੇਅੰਤ ਦਾ ਵੱਡਾ ਪੋਤਰਾ ਗੁਰਕੀਰਤ ਕੋਟਲੀ ਹੁਣ ਦੂਜੀ ਵਾਰ ਖੰਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣਿਆ ਗਿਆ ਹੈ। ਇਸੇ ਤਰ੍ਹਾਂ ਰਵਨੀਤ ਸਿੰਘ ਬਿੱਟੂ ਸਾਲ 2009 ਵਿੱਚ ਆਨੰਦਪੁਰ ਸਾਹਿਬ ਤੇ 2014 ਵਿੱਚ ਲੁਧਿਆਣਾ ਸੰਸਦੀ ਹਲਕੇ ਤੋਂ ਮੈਂਬਰ ਚੁਣਿਆ ਗਿਆ ਸੀ।

ਸਬੰਧਤ ਖ਼ਬਰ:

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨਾਲ ਮੁਲਾਕਾਤ ਕੀਤੀ …

ਸਰਕਾਰ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਜਦੋਂ ਬੇਅੰਤ ਦੀ ਮੌਤ ਹੋਈ ਤਾਂ ਗੁਰਇਕਬਾਲ ਦੀ ਉਮਰ ਛੋਟੀ ਸੀ ਅਤੇ ਪਰਿਵਾਰ ਉਸ ਵੇਲੇ ਤੋਂ ਹੀ ਲਗਾਤਾਰ ਦਹਿਸ਼ਤ ਦੇ ਸਾਏ ਹੇਠ ਹੀ ਰਹਿ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਦੇ ਦੌਰ (1992-1995) ‘ਚ ਸਿੱਖ ਨੌਜਵਾਨਾਂ ਦੇ ਵੱਡੀ ਗਿਣਤੀ ‘ਚ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਅਤੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜਿਆ ਗਿਆ। ਇਸ ਦੌਰ ‘ਚ ਪੁਲਿਸ ਨੂੰ ਆਮ ਸਿੱਖਾਂ ਦਾ ਸ਼ਿਕਾਰ ਖੇਡਣ ਦੀ ਪੂਰੀ ਖੁੱਲ੍ਹ ਮਿਲੀ ਹੋਈ ਸੀ।

ਬੇਅੰਤ ਸਿੰਘ ਨੂੰ 31 ਅਗਸਤ 1995 ਨੂੰ ਸਿੱਖ ਜੁਝਾਰੂਆਂ ਨੇ ਚੰਡੀਗੜ੍ਹ ਵਿਖੇ ਕਤਲ ਕਰ ਦਿੱਤਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Capt. Amarinder Govt. plans to install former CM Beant Singh’s Grandson Guriqbal as DSP in Punjab Police …

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: