ਖਾਸ ਖਬਰਾਂ » ਵੀਡੀਓ » ਸਿੱਖ ਖਬਰਾਂ

ਕਸ਼ਮੀਰੀ ਆਗੂ ਵਲੋਂ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ: ਭਾਰਤੀ ਚੈਨਲ ਦੇ ਐਂਕਰ ਨੂੰ ਲੱਗੀ ਸੱਤੀਂ ਕੱਪੜੀਂ ਅੱਗ

June 14, 2017 | By

ਚੰਡੀਗੜ੍ਹ: ਇਕ ਵੀਡੀਓ ਕਲਿਪ ਹਾਲ ਹੀ ਵਿਚ ਇੰਟਰਨੈਟ ‘ਤੇ ਵਾਇਰਲ ਹੋਇਆ ਹੈ ਜਿਸ ਵਿਚ ਇਕ ਕਸ਼ਮੀਰੀ ਆਗੂ ਨੇ ਜੂਨ 1984 ‘ਚ ਵਾਪਰੇ ਘੱਲੂਘਾਰੇ ‘ਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਖ਼ਬਰਾਂ ਦੇ ਇਕ ਭਾਰਤੀ ਚੈਨਲ ‘ਨਿਊਜ਼ 18 ਇੰਡੀਆ’ ਨੇ ਆਪਣੇ ਇਕ ਪ੍ਰੋਗਰਾਮ ‘ਆਰ-ਪਾਰ’ ‘ਚ ਕਸ਼ਮੀਰ ‘ਚ ਭਾਰਤੀ ਫੌਜ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਨੂੰ ਅਖੌਤੀ ਦੇਸ਼-ਭਗਤੀ ਦਾ ਰੰਗ ਦੇ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਪ੍ਰੋਗਰਾਮ 6 ਜੂਨ ਦੇ ਘੱਲੂਘਾਰੇ ਦੀ 33ਵੀਂ ਬਰਸੀ ਮੌਕੇ ਦਿਖਾਇਆ ਗਿਆ। ਪ੍ਰੋਗਰਾਮ ਪੇਸ਼ ਕਰਨ ਲਈ ਚੈਨਲ ਬੇਸ਼ਰਮੀ ਦੀ ਹੱਦ ਤਕ ਭਾਰਤੀ ਫੌਜ ਦੇ ਹੱਕ ਵਿਚ ਝੁਕਿਆ ਹੋਇਆ ਸੀ ਪ੍ਰੋਗਰਾਮ ਦਾ ਸਿਰਲੇਖ ਸੀ ਕਿ “ਆਰਮੀ ਕਾ ਅਪਮਾਨ, ਨਹੀਂ ਸਹੇਗਾ ਹਿੰਦੁਸਤਾਨ”।

ਟੀਵੀ ਸ਼ੋ ਦੇ ਸਬੰਧਤ ਵੀਡੀਓ ਕਲਿਪ ਤੋਂ ਪਤਾ ਚਲਦਾ ਹੈ ਕਿ ਕਸ਼ਮੀਰ ਦੀ ਆਵਾਮੀ ਇਤਹਾਦ ਪਾਰਟੀ (ਏ.ਆਈ.ਪੀ.) ਦੇ ਆਗੂ ਇਨਾਮ ਉਲ ਨਬੀ ਨੇ ਭਾਰਤੀ ਫੌਜ ਵਲੋਂ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਹਮਲੇ ਮੌਕੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਜਿਵੇਂ ਹੀ ਕਸ਼ਮੀਰੀ ਆਗੂ ਨੇ ਜੂਨ 84 ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਤਾਂ ਟੀਵੀ ਸ਼ੋ ਦੇ ਹਿੰਦੂਵਾਦੀ ਐਂਕਰ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਟੀ.ਵੀ. ਐਂਕਰ ਨੇ ਕਸ਼ਮੀਰੀ ਆਗੂ ਨੂੰ ਕਿਹਾ ਕਿ ਹਾਲੇ ਤਾਂ ਕੁਝ ਹੋਇਆ ਨਹੀਂ, ਹੋਣਾ ਤਾਂ ਹਾਲੇ ਬਾਕੀ ਹੈ।

ਟੀ.ਵੀ. ਸ਼ੋਅ ਦੇ ਐਂਕਰ ਨੇ ਇਨਾਮ ਉਲ ਨਬੀ ਨੂੰ ਬੁਲਾਇਆ ਕਿ ਉਹ ਇਤਿਹਾਸਕਾਰ ਪਾਰਥਾ ਚੈਟਰਜੀ ਵਲੋਂ ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਦੀ ਤੁਲਨਾ ਅੰਗ੍ਰੇਜ਼ ਜਨਰਲ ਡਾਇਰ ਨਾਲ ਕਰਨ ‘ਤੇ ਕੁਝ ਬੋਲੇ। ਇਨਾਮ ਉਲ ਨਬੀ ਨੇ ਖ਼ਬਰ ਚੈਨਲ ਦੇ ਐਂਕਰ ਅਮਰੀਸ਼ ਦੇਵਗਨ ਨੂੰ ਕਿਹਾ ਕਿ ਉਸਦੇ ਚੈਨਲ ਨੇ ਉਸਦੇ (ਨਬੀ ਦੇ) ਬੋਲਣ ‘ਤੇ ਕਰਫਿਊ ਲਾ ਦਿੱਤਾ ਹੈ। ਚੈਨਲ ਦੇ ਐਂਕਰ ਨੇ ਕਿਹਾ ਕਿ ਇਨਾਮ ਉਲ ਨਬੀ ਬਹੁਤ ਖੁਸ਼ ਹੋਇਆ ਕਿ ਭਾਰਤ ‘ਚ ਹੋਰ ਵੀ ਪਾਕਿਸਤਾਨ ਦੇ ਏਜੰਡੇ ਨੂੰ ਲਾਗੂ ਕਰ ਰਹੇ ਹਨ। ਐਂਕਰ ਨੇ ਕਸ਼ਮੀਰੀ ਆਗੂ ਨੂੰ ਕਿਹਾ ਕਿ ਉਹ (ਨਬੀ) ਇਤਿਹਾਸ ਦਾ ਵਿਦਿਆਰਥੀ ਹੈ ਇਸ ਲਈ ਉਸਨੂੰ ਜਨਰਲ ਡਾਇਰ ਦੇ ਕੰਮਾਂ ਬਾਰੇ ਪਤਾ ਹੋਵੇਗਾ।

ਜਵਾਬ ‘ਚ ਇਨਾਮ ਉਲ ਨਬੀ ਨੇ ਕਿਹਾ ਕਿ ਉਹ ਦੱਸ ਤਾਂ ਦੇਣਗੇ ਪਰ ਐਂਕਰ ਅਤੇ ਹੋਰਾਂ ‘ਚ ਹਿੰਮਤ ਹੋਣੀ ਚਾਹੀਦੀ ਹੈ ਸੱਚ ਸੁਣਨ ਦੀ, ਅਤੇ ਮੇਰੇ ਮਾਈਕ ਦੀ ਅਵਾਜ਼ ਨਾ ਘਟਾਈ ਜਾਵੇ। ਐਂਕਰ ਨੇ ਕਿਹਾ ਕਿ ਉਸ ਕੋਲ ਹਿੰਮਤ ਹੈ ਇਨਾਮ ਉਲ ਨਬੀ ਨੂੰ ਸੁਣਨ ਦੀ।

ਪਰ ਜਿਵੇਂ ਹੀ ਇਨਾਮ ਉਲ ਨਬੀ ਨੇ ਭਾਰਤੀ ਫੌਜ ਵਲੋਂ ਜੂਨ 1984 ‘ਚ ਮਾਰੇ ਗਏ ਸਿੱਖਾਂ ਨੂੰ ਸ਼ਰਧਾਂਜਲੀ ਦਿੱਤੀ ਤਾਂ ਐਂਕਰ ਇਕਦਮ ਭੜਕ ਗਿਆ ਕਿ ਸਾਡੇ ਚੈਨਲ ‘ਤੇ ਤੁਸੀਂ ਇਸ ਤਰ੍ਹਾਂ ਦੀ ਸ਼ਰਧਾਂਜਲੀ ਨਹੀਂ ਦੇ ਸਕਦੇ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹੋਣ ਕਰਕੇ ਇਨਾਮ ਉਲ ਨਬੀ ਦੀ ਇਹ ਗੱਲ ਦਿਖਾਈ ਜਾ ਚੁਕੀ ਸੀ।

ਦੇਖੋ ਵੀਡੀਓ

News 18 India

ਸਿੱਖ ਸਿਆਸਤ ਨਿਊਜ਼ (SSN) ਨਾਲ ਫੋਨ ‘ਤੇ ਗੱਲ ਕਰਦਿਆਂ ਇਨਾਮ ਉਲ ਨਬੀ ਨੇ ਕਿਹਾ ਕਿ ਕਸ਼ਮੀਰੀ ਹਮੇਸ਼ਾ ਸਿੱਖਾਂ ਦੇ ਸੰਘਰਸ਼ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ, “ਅਸੀਂ ਹਮੇਸ਼ਾ ਸਿੱਖਾਂ ਨੂੰ ਯਾਦ ਰੱਖਦੇ ਹਾਂ, ਸਾਡਾ ਦਰਦ ਇੱਕੋ ਜਿਹਾ ਹੈ।”

ਉਸਨੇ ਕਿਹਾ ਕਿ ਅੱਜ ਦੇ ਸਮੇਂ ਭਾਰਤੀ ਫੌਜ ਦੇ ਕਬਜ਼ੇ ਹੇਠ ਕਸ਼ਮੀਰੀ ਵੱਧ ਪੀੜਤ ਹਨ।

ਛੱਤੀਸਿੰਘਪੁਰਾ ‘ਚ ਹੋਏ ਕਤਲੇਆਮ ਬਾਰੇ ਪੁੱਛੇ ਜਾਣ ‘ਤੇ ਇਨਾਮ ਉਲ ਨਬੀ ਨੇ ਕਿਹਾ, “ਅਸੀਂ ਲਗਾਤਾਰ ਮੰਗ ਕਰਦੇ ਰਹੇ ਹਾਂ ਕਿ ਛੱਤੀਸਿੰਘਪੁਰਾ ‘ਚ ਸਿੱਖਾਂ ਦੇ ਕਤਲੇਆਮ ਬਾਰੇ ਭਾਰਤ ਸਰਕਾਰ ਜਾਂਚ ਜਨਤਕ ਕਰੇ ਕਿ ਕੌਣ ਜ਼ਿੰਮੇਵਾਰ ਸੀ?”

ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਸਰਕਾਰ ਨੇ ਛੱਤੀਸਿੰਘਪੁਰਾ ‘ਚ ਹੋਏ ਸਿੱਖ ਕਤਲੇਆਮ ਲਈ ਕਸ਼ਮੀਰੀ ਮੁਜਾਹਦੀਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਅਤੇ ਪਥਰੀਬਲ ‘ਚ ਮਾਰੇ ਗਏ ਕਸ਼ਮੀਰੀਆਂ ‘ਤੇ ਦੋਸ਼ ਲਾਇਆ ਸੀ ਕਿ ਇਨ੍ਹਾਂ ਨੇ ਹੀ ਛੱਤੀਸਿੰਘਪੁਰਾ ‘ਚ ਸਿੱਖਾਂ ਦਾ ਕਤਲੇਆਮ ਕੀਤਾ ਹੈ। ਪਰ ਬਾਅਦ ‘ਚ ਇਹ ਗੱਲ ਸਾਹਮਣੇ ਆਈ ਕਿ ਪਥਰੀਬਲ ‘ਚ ਹੋਇਆ ਕਸ਼ਮੀਰੀਆਂ ਦਾ ਮੁਕਾਬਲਾ ਝੂਠਾ ਸੀ ਅਤੇ ਪਥਰੀਬਲ ‘ਚ ਮਾਰੇ ਕਸ਼ਮੀਰੀ ਬੇਕਸੂਰ ਸਨ, ਭਾਰਤ ਦੀ ਸੁਪਰੀਮ ਕੋਰਟ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਪੁੱਛਿਆ, “ਫੇਰ ਛਿੱਤੀਸਿੰਘਪੁਰਾ ‘ਚ ਬੇਕਸੂਰ ਸਿੱਖਾਂ ਨੂੰ ਕਿਸਨੇ ਕਤਲ ਕੀਤਾ?”

ਕਸ਼ਮੀਰੀ ਆਗੂ ਨੇ ਇਹ ਵੀ ਦੱਸਿਆ ਕਿ 2015 ‘ਚ ਦਰਬਾਰ ਸਾਹਿਬ ‘ਤੇ ਹਮਲੇ ਦੀ 31ਵੀਂ ਬਰਸੀ ਮਨਾਉਣ ਵੇਲੇ ਇਕ ਸਿੱਖ ਨੌਜਵਾਨ ਜਸਜੀਤ ਸਿੰਘ ਨੂੰ ਵੀ ਪੁਲਿਸ ਨੇ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਅਤੇ ਕਤਲ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਵਲੋਂ ਸਨਮਾਨਤ ਵੀ ਕੀਤਾ ਗਿਆ।

ਇਨਾਮ ਉਲ ਨਬੀ ਨੇ ਕਿਹਾ ਕਿ ਇਸ ਵੇਲੇ ਭਾਰਤੀ ਉਪ ਮਹਾਂਦੀਪ ‘ਚ ਸਿਰਫ ਮੁਸਲਮਾਨ ਹੀ ਨਹੀਂ ਬਲਕਿ ਹੋਰ ਘੱਟਗਿਣਤੀ ਕੌਮਾਂ ਸਿੱਖ, ਦਲਿਤ ਅਤੇ ਆਦਿਵਾਸੀ ਸਾਰੇ ਪੀੜਤ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Indian News Channel Anchor gets Maddened After Kashmiri leader pays Tribute to June 1984 Sikh Martyrs …


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: