ਖਾਸ ਖਬਰਾਂ » ਸਿੱਖ ਖਬਰਾਂ

ਭਿੱਖੀਵਿੰਡ ਸਥਿਤ ਕੁਟੀਆ ਵੱਲੋਂ ਗੁਰਬਾਣੀ ਨਾਲ ਛੇੜਛਾੜ ਦਾ ਮਸਲਾ: ਸਤਿਕਾਰ ਕਮੇਟੀ ਵੱਲੋਂ ਠੋਸ ਕਾਰਵਾਈ ਦੀ ਮੰਗ

July 13, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਭਿਖੀਵਿੰਡ ਸਥਿਤ ਕੁਟੀਆ ਸਵਾਮੀ ਸ਼ੰਭੂ ਦੇਵਾ ਦੇ ਸੰਚਾਲਕਾਂ ਵਲੋਂ ਇਕ ਸਲਾਨਾ ਸਮਾਗਮ ਨੂੰ ਲੈਕੇ ਭੇਜੇ ਗਏ ਸੱਦਾ ਪੱਤਰ ਵਿੱਚ ਸ਼ਬਦ ‘ਅਚਾਰੀਆ ਗਰੀਬ ਦਾਸ ਜੀ ਦੀ ਪਵਿਤਰ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ)’ਦੇ ਅਖੰਡ ਪਾਠ ਦਾ ਜਿਕਰ ਕਰਨ ਦਾ ਮਾਮਲਾ ਸਾਹਮਣੇ ਆਣ ਤੇ ਕੁਟੀਆ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ‘ਲਿਖਤੀ ਮੁਆਫੀ’ਮੰਗ ਲਈ ਹੈ।ਪ੍ਰੰਤੂ ਇਸੇ ਸੱਦਾ ਪੱਤਰ ਛਾਪੀ ਗਈ ਭਗਤ ਕਬੀਰ ਜੀ ਦੀ ਬਾਣੀ ਦੀ ਇੱਕ ਤੁੱਕ ਨੂੰ ਬਦਲ ਕੇ ਗਰੀਬ ਦਾਸ ਦੀ ਬਾਣੀ ਦੱਸਣ ਅਤੇ ਚਰਚਾ ਵਿੱਚ ਆਏ ਗ੍ਰੰਥ ਦੀ ਮੁਕੰਮਲ ਜਾਂਚ ਕੌਣ ਕਰਵਾਏਗਾ?

ਭਿਖੀਵਿੰਡ ਸਥਿਤ ਕੁਟੀਆ ਸਵਾਮੀ ਸ਼ੰਭੂ ਦੇਵਾ ਦੇ ਸੰਚਾਲਕਾਂ ਵਲੋਂ ਇਕ ਸਲਾਨਾ ਸਮਾਗਮ ਨੂੰ ਲੈਕੇ ਭੇਜੇ ਗਏ ਸੱਦਾ ਪੱਤਰ ਦਾ ਮਾਮਲਾ ਸਾਹਮਣੇ ਆਣ ਤੇ ਸਾਹਮਣੇ ਆਇਆ ਹੈ ਕਿ ਇਸ ਸੱਦਾ ਪੱਤਰ ਦੀ ਸ਼ਬਦਾਵਲੀ ਨੂੰ ਲੈਕੇ ਸਭ ਤੋਂ ਪਹਿਲਾਂ 8 ਜੁਲਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਭਾਈ ਰਣਜੀਤ ਸਿੰਘ ਵਲੋਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਧਿਆਨ ਵਿੱਚ ਲਿਆਂਦਾ ਗਿਆ ।ਜਿਸਤੇ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਭਿਖੀਵਿੰਡ,ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਸ੍ਰ:ਸਤਨਾਮ ਸਿੰਘ ਵੱਡੀ ਗਿਣਤੀ ਗੁਰਦੁਆਰਾ ਸਟਾਫ ਲੈਕੇ ਭਿਖੀ ਵਿੰਡ ਪੁਜੇ ਤੇ ਕੁਟੀਆ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ।

ਕੁਟੀਆ ਪ੍ਰਬੰਧਕਾਂ ਨੇ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੀ ਇਸ ਜਾਂਚ ਕਮੇਟੀ ਨੂੰ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ਚਰਚਾ ਵਿੱਚ ਆਇਆ ਸੱਦਾ ਪੱਤਰ,ਹਰਿਦੁਆਰ ਸਥਿਤ ਕਿਸੇ ਸ਼ਰਧਾਲੂ ਵਲੋਂ ਛਪਵਾਏ ਗਏ ਹਨ। ਲੇਕਿਨ ਥੋੜਾ ਜਿਹਾ ਦਬਾਅ ਪਾਣ ਤੇ ਪ੍ਰਬੰਧਕ ਝੱਟ ਹੀ ਹੋਈ ਗਲਤੀ ਲਈ ਮੁਆਫੀ ਮੰਗਣ ਤੇ ਆ ਗਏ ਤੇ ਫਿਰ ਆਪਣੇ ਲੈਟਰ ਪੈਡ ਤੇ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ‘ਲਿਖਤੀ ਮੁਆਫੀ’ ਵੀ ਮੰਗ ਲਈ।

ਹਾਲਾਂਕਿ ਕੁਟੀਆ ਪ੍ਰਬੰਧਕਾਂ ਵਲੋਂ ਭੇਜੀ ਲਿਖਤੀ ਮੁਆਫੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਣ ਤੀਕ ਵੀ ਪ੍ਰਵਾਨ ਜਾਂ ਅਪ੍ਰਵਾਨ ਨਹੀ ਕੀਤੀ ਗਈ ਲੇਕਿਨ ਸਬੰਧਤ ਆਸ਼ਰਮ ਵਿੱਚ ਸਮਾਗਮ ਜਰੂਰ ਹੋਇਆ।

ਜਦੋਂ ਇਸ ਮਾਮਲੇ ਦੀ ਜਾਂਚ ਕਮੇਟੀ ਦੇ ਪ੍ਰਮੁਖ ਗਿਆਨੀ ਨਿਸ਼ਾਨ ਸਿੰਘ ਭਿਖੀਵਿੰਡ ਹੈਡ ਗ੍ਰੰਥੀ ਗੁ:ਬੀੜ ਬਾਬਾ ਬੱੁਢਾ ਸਾਹਿਬ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਡੇਰਾ ਕਾਫੀ ਪੁਰਾਣਾ ਹੈ ਤੇ ਹਰਿਦੁਆਰ ਦੇ ਕਿਸੇ ਅਖਾੜੇ ਨਾਲ ਸਬੰਧਤ ਹੈ।ਡੇਰੇ ਅੰਦਰ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ।ਜੋ ਵੀ ਕੋਈ ਭਜਨ ਗਾਇਨ ਉਸ ਵੇਲੇ ਹੋ ਰਿਹਾ ਸੀ ਉਹ ਸਨਾਤਨੀ ਪ੍ਰੰਪਰਾ ਦਾ ਸੂਚਕ ਸੀ।

ਗਿਆਨੀ ਨਿਸ਼ਾਨ ਸਿੰਘ ਹੁਰਾਂ ਦੱਸਿਆ ਕਿ ਕੁਟੀਆ ਵਿੱਚ ਜਿਸ ਗ੍ਰੰਥ ਦੇ ਅਖੰਡ ਪਾਠ ਦੀ ਗਲ ਕਹੀ ਗਈ ਹੈ ਉਸਤੇ ਵੀ ਸ਼ਬਦ ‘ਅਚਾਰੀਆ ਗਰੀਬ ਦਾਸ ਜੀ ਦੀ ਪਵਿਤਰ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ)’ਅੰਕਿਤ ਹਨ।

ਇਸ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ ,ਇਹ ਪੁੱਛੇ ਜਾਣ ਤੇ ਹੈਡ ਗ੍ਰੰਥੀ ਜੀ ਨੇ ਦੱਸਿਆ ਕਿ ਜਦੋਂ ਜਾਂਚ ਟੀਮ ਕੁਟੀਆ ਪੁੱਜੀ,ਉਸ ਵੇਲੇ ਉਸ ਗ੍ਰੰਥ ਤੋਂ ਕੁਝ ਪੜ੍ਹਿਆ ਜਾ ਰਿਹਾ ਸੀ ,ਇਸ ਕਰਕੇ ਉਹ ਗ੍ਰੰਥ ਦੀ ਜਾਂਚ ਨਹੀ ਕਰ ਸਕੇ।ਇਹ ਪੱਛੇ ਜਾਣ ਤੇ ਕਿ ਕੀ ਉਹ ਕੁਟੀਆ ਪ੍ਰਬੰਧਕਾਂ ਵਲੋਂ ਭੇਜੀ ਗਈ ਲਿਖਤੀ ਮੁਆਫੀ ਨਾਲ ਸਹਿਮਤ ਹਨ ਤਾਂ ਉਨ੍ਹਾਂ ਸਾਫ ਕਿਹਾ ਕਿ ਮੁਆਫੀ ਬਾਰੇ ਫੈਸਲਾ ਕਰਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਕੰਮ ਹੈ ਪ੍ਰੰਤੂ ਚਰਚਾ ਵਿੱਚ ਆਏ ਸੱਦਾ ਪੱਤਰ ਉਪਰ,ਕੁਟੀਆ ਦੇ ਸੰਚਾਲਕਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਭਗਤ ਕਬੀਰ ਜੀ ਦੀ ਬਾਣੀ ਦੀ ਇੱਕ ਤੁੱਕ ‘ਕਬੀਰ ਸੇਵਾ ਕੋ ਦੋਊ ਭਲੇ ਇਕ ਸੰਤ ਇਕ ਰਾਮ’ਨੂੰ ‘ਗਰੀਬ ਸੇਵਾ ਕੋ ਦੋਊ ਭਲੇ’ ਛਾਪਕੇ ਬਾਣੀ ਦੀ ਤੁੱਕ ਨੂੰ ਗਰੀਬ ਦਾਸ ਦੀ ਦੱਸਣ ਦੀ ਕੀਤੀ ਬਜ਼ਰ ਭੁੱਲ ਦੀ ਮੁਕੰਮਲ ਜਾਂਚ ਜਰੂਰ ਹੋਣੀ ਚਾਹੀਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਭਾਈ ਰਣਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਣ ਤੇ ਉਨ੍ਹਾਂ ਕੁਟੀਆ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਕੁਟੀਆ ਪ੍ਰਬੰਧਕਾਂ ਨੇ ਇਹ ਕਹਿਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ ‘ਸਾਡੇ ਪਾਠੀ ਨਹੀ ਆਏ,ਉਹ ਹੀ ਗ੍ਰੰਥ ਦੇ ਦਰਸ਼ਨ ਕਰਵਾਣਗੇ’।ਜਦੋਂ ਸਤਿਕਾਰ ਕਮੇਟੀ ਨੇ ਸਖਤ ਰੁਖ ਅਪਣਾਇਆ ਕਿ ‘ਪਾਠੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲੇ ਹੁੰਦੇ ਨੇ।ਆਪਣੇ ਪੰਡਤ ਬੁਲਾਉ’ਤਾਂ ਕੁਟੀਆ ਪ੍ਰਬੰਧਕਾਂ ਨੇ ਸੱਦਾ ਪੱਤਰ ਦੀ ਸ਼ਬਦਾਵਲੀ ਲਈ ਅਫਸੋਸ ਜਾਹਿਰ ਕਰ ਦਿੱਤਾ ਅਤੇ ਸੱਦਾ ਪੱਤਰ ਛਪਵਾਣ ਵਾਲਾ ਸਾਹਮਣੇ ਕਰਨ ਲਈ 12 ਜੁਲਾਈ ਤੀਕ ਦਾ ਸਮਾਂ ਮੰਗ ਲਿਆ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਡੀ.ਐਸ.ਪੀ. ਭਿਖੀਵਿੰਡ ਨੂੰ ਵੀ ਜਾਣੂ ਕਰਵਾ ਚੱੁਕੇ ਹਨ ਤੇ ਮੰਗ ਵੀ ਇਹੀ ਹੈ ਕਿ ਚਰਚਾ ਵਿੱਚ ਆਏ ਗ੍ਰੰਥ ਅਤੇ ਸਮੁਚੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਰੂਰ ਹੋਣੀ ਚਾਹੀਦੀ ਹੈ।ਉਨ੍ਹਾਂ ਰੋਸ ਜਿਤਾਇਆ ਕਿ ਇਹ ਮਾਮਲਾ ਉਨ੍ਹਾਂ ਨੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਇਸਦੇ ਬਾਵਜੂਦ ਜਾਂਚ ਕਮੇਟੀ ਨੇ ਕੁਟੀਆ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰਦਿਆਂ ਉਨ੍ਹਾਂ ਨੂੰ ਬੁਲਾਉਣਾ ਵੀ ਜਰੂਰੀ ਨਹੀ ਸਮਝਿਆ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: