ਸਿਆਸੀ ਖਬਰਾਂ

ਕੈਪਟਨ ਅਮਰਿੰਦਰ ਨੇ ਤਾਂ ਚੋਣਾਂ ਤੋਂ ਪਹਿਲਾਂ ਹੀ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ: ਮਾਨ

July 16, 2017 | By

ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ਨੀਵਾਰ (15 ਜੁਲਾਈ) ਨੂੰ ਭਦੌੜ ਵਿਖੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਹੁਣ ਤੱਕ ਨਮੋਸ਼ੀ ਭਰੀ ਰਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਕਾਂਗਰਸ ਨੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਭੱਦਾ ਮਜ਼ਾਕ ਕੀਤਾ ਹੈ। ਬੇਰੁਜ਼ਗਾਰੀ, ਨਸ਼ਾ ਖ਼ਤਮ ਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ, ਸਮਾਰਟ ਫੋਨ ਆਦਿ ਦੇਣ ਦੇ ਵਾਅਦੇ ਕੇਵਲ ਚੋਣ ਸਟੰਟ ਸਾਬਤ ਹੋਏ ਹਨ।

bhagwant maan bhadaur

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸ਼ਨੀਵਾਰ ਨੂੰ ਭਦੌੜ ਤੋਂ ‘ਪੰਜਾਬ ਹਰਿਆਵਲ ਲਹਿਰ’ ਸ਼ੁਰੂ ਕਰਨ ਮੌਕੇ ਸਕੂਲ ਵਿੱਚ ਪੌਦਾ ਲਾਉਂਦੇ ਹੋਏ

ਮਾਨ ਸ਼ਨੀਵਾਰ ਨੂੰ ਭਦੌੜ ਤੋਂ ‘ਪੰਜਾਬ ਹਰਿਆਵਲ ਲਹਿਰ’ ਸ਼ੁਰੂ ਕਰਨ ਮੌਕੇ ਸਕੂਲ ਵਿੱਚ ਪੌਦਾ ਲਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਉਦੋਂ ਤੱਕ ਖ਼ਤਮ ਨਹੀਂ ਹੋ ਸਕਦਾ ਜਦੋਂ ਤੱਕ ਨਸ਼ੇ ਦੇ ‘ਵੱਡੇ ਮਗਰਮੱਛਾਂ’ ਨੂੰ ਨੱਥ ਨਹੀਂ ਪਾਈ ਜਾਂਦੀ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਚੋਣਾਂ ਤੋਂ ਪਹਿਲਾਂ ਹੀ ਬਿਕਰਮ ਮਜੀਠਆ ਨੂੰ ਕਲੀਨ ਚਿੱਟ ਦੇ ਚੁੱਕੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬਿਕਰਮ ਮਜੀਠੀਆ ਦਾ ਈਡੀ ਵਿੱਚ ਨਾਮ ਸੀ। ਇਹ ਦੋਵੇਂ (ਕੈਪਟਨ ਅਤੇ ਮਜੀਠੀਆ) ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਬੋਲਣ ਨਹੀਂ ਦਿੱਤਾ ਗਿਆ।

ਸੰਸਦ ਮੈਂਬਰ ਨੇ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਬਾਰੇ ਵੀ ਲੋਕਾਂ ਨੂੰ ਭੰਬਲਭੂਸੇ ਵਿੱਚ ਰੱਖਿਆ ਹੋਇਆ ਹੈ। ਬੇਰੁਜ਼ਗਾਰੀ ਭੱਤਾ, ਬੁਢਾਪਾ ਪੈਨਸ਼ਨ 2500 ਰੁਪਏ, ਸਮਾਰਟ ਫੋਨ ਕਾਂਗਰਸ ਸਰਕਾਰ ਤੋਂ ਉਡੀਕ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੀ ਟੀਮ ਵੱਲੋਂ ਕੈਨੇਡਾ ਵਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਬਰਨਾਲਾ ਵਿੱਚ ਸੁਹਾਂਝਣਾ ਦੇ 40 ਹਜ਼ਾਰ ਪੌਦੇ ਲਗਾਏ ਜਾ ਰਹੇ ਹਨ।

ਇਸ ਮੌਕੇ ਵਿਧਾਇਕ ਪਿਰਮਲ ਸਿੰਘ ਧੌਲਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੁਖਚੈਨ ਸਿੰਘ ਚੈਨਾ, ਕੁਲਦੀਪ ਸਿੰਘ ਕਾਲਾ ਢਿੱਲੋਂ, ਸੁਖਦੀਪ ਸਿੰਘ ਸੋਹੀ, ਜਗਸੀਰ ਸਿੰਘ ਸੰਧੂ ਕਲਾਂ ਅਤੇ ਬਲਵੀਰ ਸਿੰਘ ਠੰਢੂ ਹਾਜ਼ਰ ਸਨ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: