ਆਮ ਖਬਰਾਂ » ਸਿਆਸੀ ਖਬਰਾਂ

ਪੰਜਾਬ-ਹਰਿਆਣਾ ਸਰਹੱਦ ‘ਤੇ ਸੁਰੱਖਿਆ ਵਧਾਈ; ਪੀ.ਆਰ.ਟੀ.ਸੀ. ਦੀਆਂ ਬੱਸਾਂ ਕੱਲ ਹਰਿਆਣੇ ਨਹੀਂ ਜਾਣਗੀਆਂ

July 9, 2017 | By

ਚੰਡੀਗੜ੍ਹ: ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਕਿਹਾ ਹੈ ਕਿ ਇਸ ਵੱਲੋਂ ਸੋਮਵਾਰ (10 ਜੁਲਾਈ) ਨੂੰ ਵਿਵਾਦਤ ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ ਸਬੰਧੀ ਕੀਤੇ ਜਾਣ ਵਾਲੇ ਮੁਜ਼ਾਹਰੇ ਦੌਰਾਨ ਪੰਜਾਬ ਤੋਂ ਕੋਈ ਵੀ ਵਾਹਨ ਸੂਬੇ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਭਾਵੇਂ ਇਸ ਲਈ ਗੋਲੀਆਂ ਅਤੇ ਡਾਗਾਂ ਖਾਣੀਆਂ ਪੈਣ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਸਤਲੁਜ ਯਮੁਨਾ ਨਹਿਰ ਦੀ ਉਸਾਰੀ ਸਬੰਧੀ ਤੁਰੰਤ ਐਲਾਨ ਕਰਨ ਦੀ ਮੰਗ ਕੀਤੀ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਕਰਨ ’ਤੇ ਸਥਿਤੀ ਖਰਾਬ ਹੋ ਸਕਦੀ ਹੈ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਅਸੀਂ ਪੰਜਾਬ ਤੋਂ ਹਰਿਆਣਾ ਵਿੱਚ ਕੋਈ ਵੀ ਵਾਹਨ ਦਾਖ਼ਲ ਨਹੀਂ ਹੋਣ ਦੇਵਾਂਗੇ, ਭਾਵੇਂ ਇਸ ਲਈ ਸਾਨੂੰ ਲਾਠੀਚਾਰਜ ਜਾਂ ਗੋਲੀਆਂ ਹੀ ਕਿਉਂ ਨਾ ਖਾਣੀਆਂ ਪੈਣ। ਅਸੀਂ ਕੁਰਬਾਨੀ ਦੇਣ ਤੋਂ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਮੁਜ਼ਾਹਰਾ ਸ਼ਾਂਤਮਈ ਹੋਵੇਗਾ।

ਹਰਿਆਣਾ ਸਰਕਾਰ ਵੱਲੋਂ ਨੀਮ ਫ਼ੌਜੀ ਬਲ ਬੁਲਾ ਕੇ ਇਸ ਦੇ ਵਰਕਰਾਂ ਨੂੰ ਡਰਾਉਣ ਦਾ ਯਤਨ ਕਰਨ ’ਤੇ ਰੋਸ ਜਾਹਰ ਕਰਦਿਆਂ ਸ੍ਰੀ ਚੌਟਾਲਾ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੀ ਕੈਬਨਿਟ ’ਤੇ ਭੇਤਭਰੀ ਚੁੱਪ ਧਾਰਨ ਦਾ ਦੋਸ਼ ਲਾਇਆ।

ਇਨੈਲੋ ਵਰਕਰ ਸ਼ੰਭੂ ਬੈਰੀਅਰ ’ਤੇ ਹਰਿਆਣਾ ਵਾਲੇ ਪਾਸੇ ਐਸਵਾਈਐਲ ਨਹਿਰ ਦੀ ਖੁਦਾਈ ਕਰਦੇ ਹੋਏ

ਇਨੈਲੋ ਵਰਕਰ ਸ਼ੰਭੂ ਬੈਰੀਅਰ ’ਤੇ ਹਰਿਆਣਾ ਵਾਲੇ ਪਾਸੇ ਐਸਵਾਈਐਲ ਨਹਿਰ ਦੀ ਖੁਦਾਈ ਕਰਦੇ ਹੋਏ

ਦੋਵਾਂ ਰਾਜਾਂ ਦੇ ਗ੍ਰਹਿ ਸਕੱਤਰਾਂ, ਡੀਜੀਪੀਜ਼ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ 10 ਜੁਲਾਈ ਨੂੰ ਕਿਸੇ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਵਾਸਤੇ ਕੀਤੀ ਗਈ ਮੀਟਿੰਗ ਤੋਂ ਬਾਅਦ ਐਸਵਾਈਐਲ ਮਾਮਲੇ ’ਤੇ ਸ੍ਰੀ ਚੌਟਾਲਾ ਨੇ ਆਪਣੀ ਪਾਰਟੀ ਦਾ ਸਟੈਂਡ ਸਖ਼ਤ ਢੰਗ ਨਾਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਅੰਬਾਲਾ-ਰਾਜਪੁਰਾ ਰੋਡ ਉੱਤੇ ਸ਼ੰਭੂ ਬੈਰੀਅਰ ’ਤੇ ਮੁਜ਼ਾਹਰੇ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹਿਰ ਦੀ ਉਸਾਰੀ ਕਿਸੇ ਏਜੰਸੀ ਵੱਲੋਂ ਕਰਵਾਉਣ ਦਾ ਭਰੋਸਾ ਦਿੰਦੇ ਹਨ ਤਾਂ ਪਾਰਟੀ ਮੁਜ਼ਾਹਰਾ ਰੱਦ ਕਰ ਦੇਵੇਗੀ।
ਪੰਜਾਬ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਐਸ. ਵਾਈ. ਐਲ. ਮਾਮਲੇ ’ਤੇ ‘ਇਨੈਲੋ’ ਵੱਲੋਂ ਪੰਜਾਬ ਤੋਂ ਜਾਣ ਵਾਲੇ ਕਿਸੇ ਵੀ ਵਾਹਨ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੇ ਐਲਾਨ ਤੋਂ ਬਾਅਦ ਪੀਆਰਟੀਸੀ ਦੀਆਂ ਦਿੱਲੀ ਜਾਣ ਵਾਲੀਆਂ 40 ਬੱਸਾਂ 10 ਜੁਲਾਈ ਨੂੰ ਬੰਦ ਰਹਿਣਗੀਆਂ। ਇਸ ਤਹਿਤ ਇਸ ਰੂਟ ’ਤੇ ਆਉਣ ਵਾਲੇ ਸਾਰੇ ਵਾਹਨਾਂ ਨੂੰ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਅੰਤਲੇ ਹਿੱਸੇ ਤੱਕ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਹਰਿਆਣਾ ਵਿੱਚ ਪ੍ਰਵੇਸ਼ ਕਰਵਾਉਣ ਦਾ ਮਾਮਲਾ ਹਰਿਆਣਾ ਸਰਕਾਰ ’ਤੇ ਛੱਡਿਆ ਗਿਆ ਹੈ। ਉਸ ਦਿਨ ਤਿੰਨ ਐਸ.ਐਸ.ਪੀਜ਼. ਦੀ ਅਗਵਾਈ ਹੇਠ ਪਟਿਆਲਾ, ਸੰਗਰੂਰ ਅਤੇ ਮੁਹਾਲੀ ਦੇ ਹਰਿਆਣਾ ਨਾਲ ਲੱਗਦੇ ਖੇਤਰਾਂ ਵਿੱਚ ਇੱਕ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ। ਇਹ ਫ਼ੈਸਲਾ ਅੱਜ ਸ਼ਾਮ ਪਟਿਆਲਾ ਦੇ ਆਈ.ਜੀ. ਅਮਰਦੀਪ ਸਿੰਘ ਰਾਏ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਪਟਿਆਲਾ ਦੇ ਐਸਐਸਪੀ ਡਾ. ਐਸ. ਭੂਪਤੀ ਨੇ ਅੱਜ ਅੰਬਾਲਾ, ਜੀਂਦ, ਨਰਵਾਣਾ ਅਤੇ ਕੁਰੂਕਸ਼ੇਤਰ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,