ਸਿਆਸੀ ਖਬਰਾਂ

ਕੁਆਟਰ ਖਾਲੀ ਨਾ ਕਰਨ ਦੀ ਸੂਰਤ ‘ਚ ਗਿਆਨੀ ਗੁਰਮੁਖ ਸਿੰਘ ਦਾ ਬਿਜਲੀ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਏਗਾ

July 14, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸਤੰਬਰ 2015 ਵਿੱਚ ‘ਜਥੇਦਾਰਾਂ’ ਵਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਮਾਮਲੇ ਵਿੱਚ ਬਾਦਲ ਪਿਉ ਪੁੱਤਰ ਦੀ ਦਖਲਅੰਦਾਜ਼ੀ ਦਾ ਇੰਕਸ਼ਾਫ ਕਰਨ ਵਾਲੇ ਗਿਆਨੀ ਗੁਰਮੁਖ ਸਿੰਘ ਦੀਆਂ ਮੁਸ਼ਕਿਲਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਕੰਪਲੈਕਸ ਸਥਿਤ ਰਿਹਾਇਸ਼ ਖਾਲੀ ਕਰਨ ਲਈ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਤੇ ਸੰਕੇਤ ਵਜੋਂ ਉਨ੍ਹਾਂ ਦੇ ਭਰਾ ਦੀ ਰਿਹਾਇਸ਼ ਖਾਲੀ ਕਰਵਾ ਲਈ ਗਈ ਹੈ।

ਗਿਆਨੀ ਗੁਰਮੁਖ ਸਿੰਘ (ਫਾਈਲ ਫੋਟੋ)

ਗਿਆਨੀ ਗੁਰਮੁਖ ਸਿੰਘ (ਫਾਈਲ ਫੋਟੋ)

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਗੁਰਮੁੱਖ ਸਿੰਘ ਦੇ ਭਰਾ ਭਾਈ ਹਿੰਮਤ ਸਿੰਘ ਜੋ ਕਿ ਅਕਾਲ ਤਖਤ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਨਿਭਾਅ ਰਹੇ ਹਨ ਤੇ ਗਿਆਨੀ ਗੁਰਮੁਖ ਸਿੰਘ ਦੇ ਨਿੱਜੀ ਸਹਾਇਕ ਵੀ ਰਹੇ ਹਨ ਪਾਸੋਂ ਦਰਬਾਰ ਸਾਹਿਬ ਕੰਪਲੈਕਸ ਸਥਿਤ ਰਿਹਾਇਸ਼ ਖਾਲੀ ਕਰਵਾ ਲਈ ਗਈ ਹੈ। ਉਧਰ ਗਿਆਨੀ ਗੁਰਮੁਖ ਸਿੰਘ ਦਾ ਪ੍ਰੀਵਾਰ ਦੱਬੀ ਜ਼ੁਬਾਨ ਨਾਲ ਇਹ ਮੰਨ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਕੁਆਟਰ ਖਾਲੀ ਕਰਨ ਲਈ ਜ਼ੋਰ ਪਾ ਰਹੀ ਹੈ। ਪਰਿਵਾਰ ਇਹ ਵੀ ਦੱਸ ਰਿਹਾ ਹੈ ਕਿ ਕੁਆਟਰ ਖਾਲੀ ਨਾ ਕਰਨ ਦੀ ਸੂਰਤ ਵਿੱਚ ਪ੍ਰਬੰਧਕਾਂ ਵਲੋਂ ਬਿਜਲੀ ਪਾਣੀ ਬੰਦ ਕਰ ਦਿੱਤੇ ਜਾਣ ਦੀ ਧਮਕੀ ਦੇ ਦਿੱਤੀ ਗਈ ਹੈ। ਉਧਰ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਵਿੱਚ ਸ਼ਾਮਲ ਹੋਣ ਅਤੇ ਇਸੇ ਮਾਮਲੇ ਵਿੱਚ ਬਾਦਲ ਪਿਉ ਪੁੱਤਰ ਦੀ ਸ਼ਮੂਲੀਅਤ ਦਾ ਪਰਦਾਫਾਸ਼ ਕਰਨ ਕਰਕੇ ਸਿੱਖ ਪੰਥ, ਬਾਦਲਾਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠਲੀ ਸ਼੍ਰੋਮਣੀ ਕਮੇਟੀ ਦਾ ਵਿਸ਼ਵਾਸ਼ ਗਵਾ ਚੁੱਕੇ ਗਿਆਨੀ ਗੁਰਮੁਖ ਸਿੰਘ, ਇਸ ਮਾਮਲੇ ਤੇ ਇਹ ਕਹਿਕੇ ਖਾਮੋਸ਼ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ‘ਮੇਰੀ ਤਬੀਅਤ ਠੀਕ ਨਹੀਂ ਹੈ। ਥੋੜ੍ਹਾ ਸਮਾਂ ਰੁੱਕੋ ਸਭ ਠੀਕ ਹੋ ਜਾਵੇਗਾ’। ਉਧਰ ਕਮੇਟੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਗਿਆਨੀ ਗੁਰਮੁਖ ਸਿੰਘ ਨੂੰ ਰਿਹਾਇਸ਼ ਖਾਲੀ ਕਰਨ ਸਬੰਧੀ ਦਫਤਰੀ ਪੱਤਰ ਤਾਂ ਬਹੁਤ ਪਹਿਲਾਂ ਹੀ ਭੇਜ ਦਿੱਤਾ ਗਿਆ ਸੀ ਪਰ ਉਹ ਟਾਲ ਮਟੋਲ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਗਿਆਨੀ ਗੁਰਮੁਖ ਸਿੰਘ ਨੇ ਇਸੇ ਸਾਲ ਵੈਸਾਖੀ ਦੇ ਦਿਨ ਤਖਤ ਦਮਦਮਾ ਸਾਹਿਬ ਤੋਂ ਇਕ ਲਿਖਤੀ ਸੰਦੇਸ਼ ਰਾਹੀਂ ਸਮੁੱਚੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਸੀ ਕਿ ਡੇਰਾ ਸਿਰਸਾ-ਸਿੱਖ ਵਿਵਾਦ ਦੇ 10 ਸਾਲਾਂ ਦਾ ਸੱਚ ਸਾਹਮਣੇ ਲਿਆਉਣ ਲਈ ਕੌਮਾਂਤਰੀ ਪੱਧਰ ‘ਤੇ ਇੱਕ ਮਰਿਆਦਾ ਕਮੇਟੀ ਬਣਾਈ ਜਾਏ। ਗਿਆਨੀ ਗੁਰਮੁਖ ਸਿੰਘ ਨੇ ਪਹਿਲਾਂ ਤਾਂ ਗਿਆਨੀ ਗੁਰਬਚਨ ਸਿੰਘ ਪਾਸੋਂ ਇਹ ਮੰਗ ਕੀਤੀ ਕਿ ਉਹ ਉਸ ਹਰਕਾਰੇ ਦਾ ਨਾਮ ਨਸ਼ਰ ਕਰਨ ਜੋ ਡੇਰਾ ਸਿਰਸਾ ਮੁਖੀ ਦੀ ਮੁਆਫੀ ਨੁਮਾ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਪਾਸ ਲੈਕੇ ਆਇਆ। ਪਰ ਗਿਆਨੀ ਗੁਰਬਚਨ ਸਿੰਘ ਵਲੋਂ ਖਾਮੋਸ਼ ਰਹਿਣ ‘ਤੇ ਗਿਆਨੀ ਗੁਰਮੁਖ ਸਿੰਘ ਨੇ ਪਹਿਲਾਂ ਜਥੇਦਾਰਾਂ ਦੀ 17 ਅਪ੍ਰੈਲ ਨੂੰ ਹੋਣ ਵਾਲੀ ਇੱਕਤਰਤਾ ਵਿੱਚ ਸ਼ਾਮਿਲ ਹੋਣ ਤੋਂ ਨਾਂਹ ਕਰ ਦਿੱਤੀ ਤੇ ਫਿਰ ਇਹ ਵੀ ਇੰਕਸ਼ਾਫ ਕਰ ਦਿੱਤਾ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਲਈ ਪਰਕਾਸ਼ ਸਿੰਘ ਬਾਦਲ ਨੇ ਮੁਖ ਮੰਤਰੀ ਰਹਿੰਦਿਆਂ, ਆਪਣੀ ਚੰਡੀਗੜ੍ਹ ਵਾਲੀ ਸਰਕਾਰੀ ਰਿਹਾਇਸ਼ ‘ਤੇ ‘ਜਥੇਦਾਰਾਂ’ ਨੂੰ ਤਲਬ ਕਰਕੇ ਮਾਮਲਾ ਖਤਮ ਕਰਨ ਦਾ ਹੁਕਮ ਸੁਣਾਇਆ ਸੀ। ਇਸ ਸਭ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਅਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਮੁਕਤ ਕਰਕੇ ਹਰਿਆਣਾ ਸਥਿਤ ਗੁ: ਧਮਤਾਨ ਸਾਹਿਬ ਜੀਂਦ ਤਬਦੀਲ ਕਰ ਦਿੱਤਾ ਪ੍ਰੰਤੂ ਉਨ੍ਹਾਂ ਨੇ ਅੰਮ੍ਰਿਤਸਰ ਵਾਲੀ ਰਿਹਾਇਸ਼ ਖਾਲੀ ਨਾ ਕੀਤੀ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: