ਸਿਆਸੀ ਖਬਰਾਂ » ਸਿੱਖ ਖਬਰਾਂ

ਜਿਨ੍ਹਾਂ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਬਚਾਇਆ, ਕੀ ਉਹ ਦਿਵਾਉਣਗੇ ਇਨਸਾਫ?: ਖਾਲੜਾ ਮਿਸ਼ਨ

July 14, 2017 | By

ਤਰਨਤਾਰਨ: ਅਖੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਇਕੱਠੇ ਝੂਠੇ ਮੁਕਾਬਲਿਆਂ ਦੇ ਅੰਕੜੇ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਚਾਰ ਸਕੱਤਰ ਪ੍ਰਵੀਨ ਕੁਮਾਰ, ਜੱਥੇਬੰਧਕ ਸਕੱਤਰ ਕਾਬਲ ਸਿੰਘ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਮੀਡੀਆ ਦੇ ਨਾਂ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਾਦਲਕਿਆਂ ਵੱਲੋਂ ਧਰਮ ਪ੍ਰਚਾਰ, ਯਾਦਗਾਰਾਂ ਬਣਾਉਣ ਅਤੇ ਝੂਠੇ ਮੁਕਾਬਲਿਆਂ ਦਾ ਨਿਆਂ ਦਿਵਾਉਣ ਦੀਆਂ ਖਬਰਾਂ ਚਰਚਾ ਵਿੱਚ ਹਨ। ਖ਼ਬਰ ਆਈ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅੰਦਰ ਝੂਠੇ ਮੁਕਾਬਲਿਆਂ ਦੇ ਅੰਕੜੇ ਇਕੱਠੇ ਕਰਕੇ ਪੀੜਤਾਂ ਨੂੰ ਨਿਆਂ ਦਵਾਏਗੀ।

ਬਾਦਲ ਦਲ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ (ਫਾਈਲ ਫੋਟੋ)

ਬਾਦਲ ਦਲ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਬਦਨਾਮ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ (ਫਾਈਲ ਫੋਟੋ)

ਜੱਥੇਬੰਦੀਆਂ ਨੇ ਬਾਦਲ ਦਲ ਵਾਲਿਆਂ ਨੂੰ ਕਿਹਾ, “ਸਿੱਖ ਜਗਤ ਭਾਵੇਂ ਭੋਲਾ ਹੈ ਪਰ ਸੱਜਣ ਠੱਗਾਂ ਦੀਆਂ ਚਾਲਾਂ ਸਮਝਦਾ ਹੈ”। ਸਿੱਖ ਜਗਤ ਨੂੰ ਪਤਾ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਬਣ ਕੇ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲਿਆਂ ‘ਤੇ ਪਰਦਾ ਪਾਇਆ ਹੈ। ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ 1997 ਵਿੱਚ ਝੂਠੇ ਮੁਕਾਬਲੇ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਭੁੱਲ ਜਾਣ ਦਾ ‘ਸੰਦੇਸ਼’ ਦਿੱਤਾ ਅਤੇ ਇਸੇ ਲੜੀ ਵਿੱਚ ਉਨ੍ਹਾਂ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਬਣਿਆ ਪੀਪਲਜ ਕਮਿਸ਼ਨਰ ਬੰਦ ਕਰਾਇਆ। ਬਾਦਲ, ਕੇ.ਪੀ.ਐਸ ਗਿੱਲ ਦੀਆਂ ਗੁਪਤ ਮੁਲਾਕਾਤਾਂ ਦੇ ਸੱਚ ਤੋਂ ਵੀ ਪੰਥ ਜਾਣੂ ਹੈ। ਇਸੇ ਕਰਕੇ ਪੂਰੇ 15 ਸਾਲ ਗਿੱਲ ਖਿਲਾਫ ਕੋਈ ਕਾਰਵਾਈ ਨਾ ਹੋ ਸਕੀ। ਪੰਥ ਅਤੇ ਪੰਜਾਬ ਜਾਣਦਾ ਹੈ ਝੂਠੇ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਬਚਾਉਣ ਅਤੇ ਤਰੱਕੀਆਂ ਦੇਣ ਦਾ ਸੱਚ।

ਪੰਥ ਨੂੰ ਪਤਾ ਹੈ ਸੁਮੇਧ ਸੈਣੀ ਦੇ ਡੀ.ਜੀ.ਪੀ. ਲੱਗਣ ਦਾ ਅਤੇ ਇਜ਼ਹਾਰ ਆਲਮ ਦੇ ਬਾਦਲ ਦਲ ਦੇ ਮੀਤ ਪ੍ਰਧਾਨ ਬਣਨ ਦਾ। ਸਿੱਖ ਜਗਤ ਜਾਣਦਾ ਹੈ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ‘ਤੇ ਪਰਦਾ ਪਾ ਕੇ ਅਕਾਲ ਤਖਤ ਸਾਹਿਬ ਤੋਂ ਫਖਰ-ਏ-ਕੌਮ ਦੀ ਉਪਾਧੀ ਹਾਸਲ ਕੀਤੀ। ਪੰਜਾਬ ਜਾਣਦਾ ਹੈ ਕਿ ਕਿਵੇਂ ਬਾਦਲ ਦਲ ਨੇ ਪਿੰਕੀ ਕੈਟ ਵੱਲੋਂ ਸੈਂਕੜੇ ਝੂਠੇ ਮੁਕਾਬਲਿਆਂ ਬਾਰੇ ਕੀਤੇ ਖੁਲਾਸਿਆ ਉੱਪਰ ਪਰਦਾ ਪਾਇਆ। ਸਭ ਨੂੰ ਪਤਾ ਹੈ ਕਿਵੇਂ ਏ.ਐਸ.ਆਈ. ਸੁਰਜੀਤ ਸਿੰਘ ਵੱਲੋਂ ਝੂਠੇ ਮੁਕਾਬਲਿਆਂ ਬਾਰੇ ਖੋਲ੍ਹੇ ਭੇਦਾਂ ਉੱਪਰ ਪਰਦਾ ਪਾਇਆ ਗਿਆ। ਸਿੱਖ ਜਗਤ ਜਾਣਦਾ ਹੈ ਕਿ ਸਿਪਾਹੀ ਸਤਵੰਤ ਸਿੰਘ ਮਾਣਕ ਵੱਲੋਂ ਦੱਸੇ ਦਰਜਨਾਂ ਝੂਠੇ ਮੁਕਾਬਲਿਆਂ ਦੀ ਬਾਦਲ ਦਲ ਨੇ ਪੜਤਾਲ ਕਿਉਂ ਨਹੀਂ ਕਰਾਈ।

ਬਾਦਲ ਦਲ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਬਦਨਾਮ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਗਿਆ (ਫਾਈਲ ਫੋਟੋ)

ਬਾਦਲ ਦਲ ਵਲੋਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ਵਾਲੇ ਬਦਨਾਮ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਗਿਆ (ਫਾਈਲ ਫੋਟੋ)

ਪੰਥ ਚੰਗੀ ਤਰ੍ਹਾਂ ਜਾਣਦਾ ਹੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਸ਼ਹੀਦ ਕਰਾਉਣ ਲਈ ਬਾਦਲਕਿਆਂ ਵੱਲੋਂ ਕਾਂਗਰਸੀਆਂ, ਭਾਜਪਾਈਆਂ, ਆਰ.ਐਸ.ਐਸ. ਨਾਲ ਕੀਤੀ ਗੁਪਤ ਯੋਜਨਾਬੰਦੀ ਬਾਰੇ। ਇਹ ਵੀ ਜਾਣਦਾ ਹੈ ਕਿ ਗੁਪਤ ਮੁਲਾਕਾਤਾਂ ਅਤੇ ਗੁਪਤ ਚਿੱਠੀਆਂ ਰਾਹੀਂ ਬਾਦਲਕੇ ਕੁੱਲ ਨਾਸ਼ ਦੀ ਯੋਜਨਾਬੰਦੀ ਵਿੱਚ ਕਿਵੇਂ ਸ਼ਾਮਿਲ ਹੋਏ। ਪੰਜਾਬ ਦੇ ਲੋਕ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਨਹੀਂ ਭੁੱਲੇ ਜਿਸ ਵਿੱਚ ਐਸ.ਵਾਈ.ਐਲ. ਨਹਿਰ ਪੁੱਟ ਕੇ ਦੇਣੀ ਮੰਨੀ ਗਈ ਜਿਸ ਕਾਰਨ ਧਰਮ ਯੁੱਧ ਮੋਰਚਾ ਲੱਗਾ ਸੀ। ਜੱਥੇਬੰਦੀਆਂ ਸਿੱਖ ਜਗਤ ਅਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੀਆਂ ਹਨ ਕਿ ਉਹ ਬਾਦਲਕਿਆਂ, ਕਾਂਗਰਸੀਆਂ, ਭਾਜਪਾਈਆਂ ਅਤੇ ਆਰ.ਐਸ.ਐਸ. ਦੀਆਂ ਕਾਰਵਾਈਆਂ ਤੋਂ ਗੁੰਮਰਾਹ ਨਾ ਹੋਣ।

ਸਬੰਧਤ ਖ਼ਬਰ:

1980-90ਵਿਆਂ ਦੌਰਾਨ ਪੁਲਿਸ ਵੱਲੋਂ ਲਾਪਤਾ ਕੀਤੇ ਜਾਂ ਮਾਰੇ ਗਏ ਸਿੱਖਾਂ ਦੇ ਪਰਵਾਰ ਦਿੱਲੀ ਕਮੇਟੀ ਤੱਕ ਪਹੁੰਚ ਕਰਨ …

Related Topics: , , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: