ਸਿਆਸੀ ਖਬਰਾਂ

ਛੇੜਛਾੜ ਦੇ ਦੋਸ਼ ‘ਚ ਹਰਿਆਣਾ ਭਾਜਪਾ ਦੇ ਪ੍ਰਧਾਨ ਦਾ ਪੁੱਤਰ ਵਿਕਾਸ ਬਰਾਲਾ ਆਖ਼ਿਰ ਗ੍ਰਿਫ਼ਤਾਰ

August 10, 2017 | By

ਚੰਡੀਗੜ੍ਹ: ਹਰਿਆਣਾ ਦੇ ਇਕ ਆਈਏਐਸ ਅਫਸਰ ਦੀ ਧੀ ਨਾਲ ਅੱਧੀ ਰਾਤੀਂ ਸ਼ਰੇਰਾਹ ਛੇੜਖ਼ਾਨੀ ਅਤੇ ਉਸ ਦੇ ਅਗਵਾ ਦੀ ਕੋਸ਼ਿਸ ਦੇ ਮਾਮਲੇ ਵਿੱਚ ‘ਢਿੱਲੀ ਕਾਰਵਾਈ’ ਤੇ ‘ਨਰਮ ਧਰਾਵਾਂ’ ਤਹਿਤ ਕੇਸ ਦਰਜ ਕਰਨ ਕਾਰਨ ਹੋ ਰਹੀ ਆਪਣੀ ਚੌਤਰਫ਼ਾ ਨਿਖੇਧੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ (9 ਅਗਸਤ) ਨੂੰ ਆਖ਼ਰ ਕੇਸ ਵਿੱਚ ਗ਼ੈਰਜ਼ਮਾਨਤੀ ਧਾਰਾਵਾਂ ਜੋੜ ਕੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਅਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਛੇੜਛਾੜ ਦਾ ਕੇਸ ਤਾਂ 5 ਅਗਸਤ ਨੂੰ ਹੀ ਦਰਜ ਕਰ ਲਿਆ ਸੀ ਪਰ ਇਸ ’ਚ ਅਗਵਾ ਦੀ ਕੋਸ਼ਿਸ਼ ਦੀਆਂ ਧਰਾਵਾਂ ਬੁੱਧਵਾਰ ਨੂੰ ਮੁਲਜ਼ਮਾਂ ਗ੍ਰਿਫਤਾਰ ਕਰਨ ਤੋਂ ਐਨ ਪਹਿਲਾਂ ਜੋੜੀਆਂ। ਪੁਲਿਸ ਨੇ ਵਿਕਾਸ ਨੂੰ ਜਾਂਚ ਲਈ ਤਲਬ ਕੀਤਾ ਸੀ, ਜਿਥੇ ਉਸ ਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਦੇ ਡੀਜੀਪੀ ਤੇਜਿੰਦਰ ਸਿੰਘ ਲੂਥਰਾ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਵਿਕਾਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਲੰਬਾ ਚਿਰ ਪੁਲਿਸ ਥਾਣਾ ਸੈਕਟਰ 26 ਅਤੇ ਭਾਜਪਾ ਆਗੂ ਦੀ ਸੈਕਟਰ 7 ਸਥਿਤ ਕੋਠੀ ’ਚ ਵੱਡੇ ਪੱਧਰ ’ਤੇ ਡਰਾਮਾ ਚਲਦਾ ਰਿਹਾ ਹੈ। ਥਾਣੇ ਵਿੱਚ ਪੇਸ਼ੀ ਲਈ ਵਿਕਾਸ ਮੁਲਜ਼ਮ ਵਾਂਗ ਨਹੀਂ, ਸਗੋਂ ਕਿਸੇ ਵੱਡੇ ਆਗੂ ਵਾਂਗ ਆਇਆ। ਉਸ ਦੇ ਥਾਣੇ ਪੁੱਜਣ ਤੋਂ ਪਹਿਲਾਂ ਹੀ ਪੁਲਿਸ ਨੇ ਮੀਡੀਆ ਤੋਂ ਬਚਾਅ ਲਈ ਵਾਧੂ ਫੋਰਸ ਲਾ ਕੇ ਮੀਡੀਆ ਸਣੇ ਆਮ ਲੋਕਾਂ ਨੂੰ ਥਾਣੇ ਤੋਂ ਦੂਰ ਕਰ ਦਿੱਤਾ। ਐਨ ਆਪਣੇ ਕਾਕੇ ਦੀ ਪੇਸ਼ੀ ਸਮੇਂ ਹਰਿਆਣਾ ਭਾਜਪਾ ਦੇ ਪ੍ਰਧਾਨ ਬਰਾਲਾ ਨੇ ਆਪਣੀ ਕੋਠੀ ’ਚ ਪ੍ਰੈਸ ਕਾਨਫਰੰਸ ਰੱਖ ਲਈ, ਪਰ ਵਿਕਾਸ ਦਾ ਫ਼ੋਨ ਆਉਣ ’ਤੇ ਉਹ ਪ੍ਰੈਸ ਕਾਨਫਰੰਸ ਵਿਚਾਲੇ ਛੱਡ ਕੇ ਚਲੇ ਗਏ। ਪ੍ਰੈਸ ਕਾਨਫਰੰਸ ਦੇ ਸੱਦੇ ਨੂੰ ਵਿਕਾਸ ਦੀ ਪੇਸ਼ੀ ਵੇਲੇ ਮੀਡੀਆ ਦਾ ਧਿਆਨ ਭਟਕਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ।

ਮੁਲਜ਼ਮ ਵਿਕਾਸ ਬਰਾਲਾ ਚੰਡੀਗੜ੍ਹ ਦੇ ਸੈਕਟਰ 26 ਦੇ ਥਾਣੇ ਵਿੱਚ ਪੁਲੀਸ ਹਿਰਾਸਤ ਵਿੱਚ

ਮੁਲਜ਼ਮ ਵਿਕਾਸ ਬਰਾਲਾ ਚੰਡੀਗੜ੍ਹ ਦੇ ਸੈਕਟਰ 26 ਦੇ ਥਾਣੇ ਵਿੱਚ ਪੁਲੀਸ ਹਿਰਾਸਤ ਵਿੱਚ

ਚੰਡੀਗੜ੍ਹ ਪੁਲਿਸ ਕਈ ਦਿਨਾਂ ਤੋਂ ਭਾਜਪਾ ਦੇ ਦਬਾਅ ਹੇਠ ਵਿਕਾਸ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੀ ਸੀ ਪਰ ਚੌਤਰਫ਼ਾ ਦਬਾਅ ਤੋਂ ਬਾਅਦ ਪੁਲਿਸ ਨੂੰ ਆਪਣਾ ਰਵੱਈਆ ਬਦਲਣਾ ਪਿਆ। ਆਲ੍ਹਾ ਮਿਆਰੀ ਸੂਤਰਾਂ ਮੁਤਾਬਕ ਕੇਂਦਰ ਤੋਂ ਮਿਲ ਰਹੇ ਇਸ਼ਾਰਿਆਂ ’ਤੇ ਬੀਤੇ ਦਿਨ ਪੁਲਿਸ ਪਲ-ਪਲ ਆਪਣਾ ਰੌਂਅ ਬਦਲਦੀ ਰਹੀ ਤੇ ਬੁੱਧਵਾਰ ਸਵੇਰੇ ਆਖ਼ਰ ਬਰਾਲਾ ਦੀ ਸੈਕਟਰ 7 ਸਥਿਤ 57 ਨੰਬਰ ਕੋਠੀ ਵਿੱਚ ਸੰਮਨ ਭੇਜ ਕੇ ਵਿਕਾਸ ਨੂੰ ਤਲਬ ਕਰ ਲਿਆ ਗਿਆ। ਵਿਕਾਸ ਦੇ ਉਥੇ ਨਾ ਮਿਲਣ ’ਤੇ ਮੁੱਖ ਗੇਟ ਉਤੇ ਸੰਮਨ ਚਸਪਾ ਕਰ ਦਿੱਤਾ ਤੇ ਹਰਿਆਣਾ ਦੇ ਕਸਬੇ ਫਤਿਆਬਾਦ ਨੇੜੇ ਉਸ ਦੇ ਜੱਦੀ ਪਿੰਡ ਵੀ ਸੰਮਨਾਂ ਸਮੇਤ ਟੀਮ ਭੇਜ ਦਿੱਤੀ। ਪੁਲਿਸ ਨੇ ਵਿਕਾਸ ਨੂੰ ਸਵੇਰੇ ਗਿਆਰਾਂ ਵਜੇ ਲਈ ਤਲਬ ਕੀਤਾ ਸੀ ਪਰ ਉਹ ਬਾਅਦ ਦੁਪਹਿਰ ਢਾਈ ਵਜੇ ਮੋਹਲੇਧਾਰ ਬਾਰਸ਼ ਦੌਰਾਨ ਥਾਣੇ ਪੁੱਜਿਆ ਤੇ ਮੀਡੀਆ ਤੋਂ ਬਚਣ ’ਚ ਕਾਮਯਾਬ ਹੋ ਗਿਆ। ਦੂਜੇ ਪਾਸੇ ਥਾਣੇ ਅੱਗੇ ਇਕੱਤਰ ਕਾਂਗਰਸੀ ਮੀਂਹ ਵਿੱਚ ਵੀ ਨਾਅਰੇਬਾਜ਼ੀ ਲਈ ਡਟੇ ਰਹੇ। ਬਾਅਦ ਦੁਪਹਿਰ ‘ਆਪ’ ਦੇ ਕਾਰਕੁੰਨ ਵੀ ਪੁੱਜ ਗਏ। ਭਰੋਸੇਯੋਗ ਸੂਤਰਾਂ ਮੁਤਾਬਕ ਪੁਲਿਸ ਨੇ ਉਸ ਤੋਂ 5 ਅਗਸਤ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਲਈ ਹੈ। ਉਸ ਤੋਂ ਆਈਏਐਸ ਅਫਸਰ ਦੀ ਧੀ ਦਾ ਪਿੱਛਾ ਕਰਨ ਦੇ ਰਸਤੇ ਅਤੇ ਸ਼ਰਾਬ ਆਦਿ ਪੀਣ ਸਮੇਤ ਹੋਰ ਸੁਆਲ ਕੀਤੇ ਗਏ। ਪੁੱਛ-ਗਿੱਛ ਦੌਰਾਨ ਚੰਡੀਗੜ੍ਹ ਦੇ ਐਸਐਸਪੀ ਈਸ਼ ਸਿੰਘਲ ਅਤੇ ਡੀਐਸਪੀ ਸਤੀਸ਼ ਕੁਮਾਰ ਮੌਜੂਦ ਰਹੇ। ਪੁਲਿਸ ਵਲੋਂ ਦੋਹਾਂ ਦਾ ਸੈਕਟਰ 16 ਦੇ ਜਨਰਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਉਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਦੋਹਾਂ ਦੀ ਛੇੜਛਾੜ ਦੇ ਰਸਤੇ ਦੀ ਪਰੇਡ ਵੀ ਕਰਵਾਈ ਜਾਵੇਗੀ।

ਪੁਲਿਸ ਕਾਰਵਾਈ ਮੁਕੰਮਲ ਹੁੰਦਿਆਂ ਹੀ ਡੀਜੀਪੀ ਲੂਥਰਾ ਨੇ ਪੁਲਿਸ ਹੈਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਸੱਦ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਕੇਸ ’ਚ ਧਾਰਾ 365 ਅਤੇ 511 ਜੋੜਨ ਦੀ ਪੁਸ਼ਟੀ ਕੀਤੀ। ਪਹਿਲਾਂ ਆਈਪੀਸੀ ਦੀਆਂ ਧਾਰਾਵਾਂ 354 ਡੀ, 185 ਅਤੇ 341 ਹੀ ਲਾਈਆਂ ਸਨ। ਉਨ੍ਹਾਂ ਦੱਸਿਆ ਕਿ 5 ਅਗਸਤ ਦੀ ਰਾਤ ਪੁਲਿਸ ਨੇ ਜਦੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲਿਆਂਦਾ ਤਾਂ ਉਨ੍ਹਾਂ ਮੈਡੀਕਲ ਜਾਂਚ ਲਈ ਖ਼ੂਨ ਅਤੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਨਾਂਹ ਕਰ ਦਿੱਤੀ ਸੀ, ਪਰ ਡਾਕਟਰਾਂ ਨੇ ਮੁਲਜ਼ਮਾਂ ਦਾ ਰੰਗ-ਢੰਗ ਦੇਖ ਕੇ ਦੋਹਾਂ ਦੇ ਸ਼ਰਾਬ ਪੀਤੀ ਹੋਣ ਦੀ ਰਿਪੋਰਟ ਕਰ ਦਿੱਤੀ ਸੀ। ਇਹ ਦੋਨੋਂ ਗੱਲਾਂ ਮੁਲਜ਼ਮਾਂ ਦੇ ਖ਼ਿਲਾਫ ਜਾਂਦੀਆਂ ਹਨ।

ਜ਼ਿਕਰਯੋਗ ਹੈ ਕਿ 5 ਅਗਸਤ ਰਾਤ ਹਰਿਆਣਾ ਦੇ ਆਈਏਐਸ ਅਫਸਰ ਵਰਿੰਦਰ ਕੁੰਡੂ ਦੀ ਧੀ ਵਰਣਿਕਾ ਕੁੰਡੂ ਸੈਕਟਰ 17, ਚੰਡੀਗੜ੍ਹ ਤੋਂ ਆਪਣੀ ਕਾਰ ਰਾਹੀਂ ਪੰਚਕੂਲਾ ਸਥਿਤ ਆਪਣੇ ਘਰ ਲਈ ਨਿਕਲੀ ਤਾਂ ਵਿਕਾਸ ਨੇ ਆਪਣੇ ਸਾਥੀ ਅਸ਼ੀਸ਼ ਸਮੇਤ ਕਾਰ ਵਿੱਚ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ। ਮੁਲਜ਼ਮਾਂ ਦੀਆਂ ਹਰਕਤਾਂ ਤੋਂ ਵਰਣਿਕਾ ਨੂੰ ਉਨ੍ਹਾਂ ਦੀ ਗ਼ਲਤ ਨੀਅਤ ਦਾ ਅੰਦਾਜ਼ਾ ਹੋ ਗਿਆ ਤੇ ਉਸ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਮਨੀਮਾਜਰਾ ਚੌਕ ’ਤੇ ਦੋਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਐਫਆਈਆਰ ਦਰਜ ਕਰ ਲਈ। ਇਸ ਦੌਰਾਨ ਵਿਕਾਸ ਦੇ ਸੁਭਾਸ਼ ਬਰਾਲਾ ਦਾ ਕਾਕਾ ਹੋਣ ਦੀ ਭਿਣਕ ਪੈਂਦਿਆਂ ਹੀ ਪੁਲਿਸ ‘ਪਿਘਲ’ ਗਈ ਅਤੇ ਕੇਸ ਵਿੱਚ ਪਹਿਲਾਂ ਸ਼ਾਮਲ ਸਖ਼ਤ ਧਾਰਾਵਾਂ ਹਟਾ ਕੇ ਦੋਵਾਂ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਦੇ ਦਿੱਤੀ।

ਘਟਨਾ ਪਿੱਛੋਂ ਮੀਡੀਆ ਨੇ ਲੜਕੀ ਦੀ ਸ਼ਨਾਖ਼ਤ ਲੁਕਾਅ ਕੇ ਰੱਖੀ ਸੀ ਪਰ ਵਰਣਿਕਾ ਖ਼ੁਦ ਹੀ ਫੇਸਬੁੱਕ ਰਾਹੀਂ ਸਾਹਮਣੇ ਆ ਗਈ। ਉਸ ਨੇ ਕਿਹਾ ਕਿ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਲੁਕਣ ਦੀ ਲੋੜ ਹੈ, ਉਹ ਚਿਹਰਾ ਕਿਉਂ ਛੁਪਾਵੇ। ਉਸ ਦੇ ਪਿਤਾ ਵੀ ਆਪਣੀ ਫੇਸਬੁੱਕ ਆਈਡੀ ’ਤੇ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਆ ਰਹੇ ਹਨ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਦੀ ਸਿਆਸਤ ਵਿਚ ਸਿਆਸਤਦਾਨਾਂ ਦੇ ਕਾਕਿਆਂ ਨੂੰ ਅਜਿਹੇ ਮਾਮਲਿਆਂ ‘ਚ ਸਜ਼ਾਵਾਂ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸਮਾਂ ਪਾ ਕੇ ਲੋਕ ਵੀ ਇਸ ਗੱਲ ਨੂੰ ਭੁੱਲ ਜਾਂਦੇ ਹਨ ਅਤੇ ‘ਕਾਕੇ’ ਫਿਰ ਸਿਆਸਤ ‘ਚ ਆ ਕੇ ਚੋਣਾਂ ਜਿੱਤ ਕੇ ਵਿਧਾਇਕ ਆਦਿ ਬਣ ਕੇ ਫਿਰ ਤੋਂ ਸਿਆਸਤ ‘ਚ ਸਰਗਰਮ ਹੋ ਜਾਂਦੇ ਹਨ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: