ਆਮ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਡੇਰਾ ਸਿਰਸਾ ਨੇ ਪਿੰਡ ਬੇਗੂ ਅਤੇ ਨੇਜੀਆ ਦੀ ਖੇਤੀਯੋਗ ਜ਼ਮੀਨ ਕੌਡੀਆਂ ਦੇ ਭਾਅ ਖਰੀਦੀ

September 10, 2017 | By

ਚੰਡੀਗੜ: ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਡੇਰੇ ਵੱਲੋਂ ਕੀਤੇ ਨਵੇਂ ਕਾਰਨਾਮੇ ਸਾਮਣੇ ਆ ਰਹੇ ਹਨ। ਡੇਰੇ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿੰਡ ਵਾਸੀਆਂ ਨੂੰ ਖੇਤੀ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਜਬਰੀ ਵੇਚਣ ਲਈ ਮਜਬੂਰ ਕੀਤਾ।

ਸਿਰਸਾ ਡੇਰੇ ਦੇ ਦੋ ਪਾਸਿਆਂ ’ਤੇ ਪੈਂਦੇ ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬਾਜ਼ਾਰੀ ਮੁੱਲ ਤੋਂ ਕਿਤੇ ਘੱਟ ਉਨ੍ਹਾਂ ਤੋਂ ਧੱਕੇ ਨਾਲ ਜ਼ਮੀਨ ਖ਼ਰੀਦੀ ਗਈ ਸੀ। ਇਕ ਮੋਟੇ ਅੰਦਾਜ਼ੇ ਮੁਤਾਬਕ ਡੇਰੇ ਕੋਲ ਸਿਰਸਾ ’ਚ ਕਰੀਬ 975 ਏਕੜ ਜ਼ਮੀਨ ਹੈ ਜੋ ਮਾਲੀਆ ਰਿਕਾਰਡ ਮੁਤਾਬਕ ਬੇਗੂ ਅਤੇ ਨੇਜੀਆ ਪਿੰਡਾਂ ਦੇ ਨਾਂ ਬੋਲਦੀ ਹੈ। ਇਸ ਜ਼ਮੀਨ ਦਾ ਅੰਦਾਜ਼ਨ ਮੁੱਲ 1500 ਕਰੋੜ ਰੁਪਏ ਬਣਦਾ ਹੈ।

ਬਲਾਤਕਾਰੀ ਰਾਮ ਰਹੀਮ ਖੇਤੀ ਕਰਦੇ ਹੋਏ ਦੀ ਪੁਰਾਣੀ ਤਸਵੀਰ।

ਬਲਾਤਕਾਰੀ ਰਾਮ ਰਹੀਮ ਖੇਤੀ ਕਰਦੇ ਹੋਏ ਦੀ ਪੁਰਾਣੀ ਤਸਵੀਰ।

ਪਿੰਡ ਵਾਸੀਆਂ ਨੇ ਦੱਸਿਆ ਕਿ 1995 ਤੋਂ 2000 ਦੌਰਾਨ 50 ਤੋਂ ਵਧ ਕਿਸਾਨਾਂ ਨੇ ਆਪਣੀ ਖੇਤੀ ਵਾਲੀ ਜ਼ਮੀਨ ਡੇਰੇ ਵੱਲੋਂ ਅਪਣਾਏ ਹੱਥਕੰਡਿਆਂ ਕਾਰਨ ਉਨ੍ਹਾਂ ਦੇ ਨਾਮ ਕਰ ਦਿੱਤੀ ਸੀ। ਪਿੰਡ ਬੇਗੂ ਦੇ ਇਕ ਵਸਨੀਕ ਨੇ ਦੱਸਿਆ,‘‘ਜਦੋਂ ਹਜ਼ਾਰਾਂ ਸ਼ਰਧਾਲੂ ਕਿਸੇ ਦੇ ਖੇਤਾਂ ’ਚ ਸਵੇਰੇ ਹਾਜਤ ਲਈ ਆ ਜਾਣ ਜਾਂ ਸੈਂਕੜੇ ਜੀਪਾਂ ਤੇ ਕੈਂਟਰ ਫ਼ਸਲ ’ਚ ਖੜ੍ਹੇ ਕਰ ਦਿੱਤੇ ਜਾਣ ਤਾਂ ਕੋਈ ਕੀ ਕਰ ਸਕਦਾ ਹੈ?

ਡੇਰਾ ਪਹਿਲਾਂ ਜ਼ਮੀਨ ਦੀ ਪਛਾਣ ਕਰਦਾ ਸੀ ਅਤੇ ਫਿਰ ਨਾਮ ਚਰਚਾ ਵੇਲੇ ਸ਼ਰਧਾਲੂਆਂ ਨੂੰ ਆਖਿਆ ਜਾਂਦਾ ਸੀ ਕਿ ਉਹ ਇਸ ਖਾਸ ਖੇਤ ’ਚ ਹਾਜਤ ਲਈ ਜਾਣ। ਜਦੋਂ ਪੁਲੀਸ ਅਤੇ ਸਿਆਸੀ ਆਗੂਆਂ ਤੋਂ ਕੋਈ ਰਾਹਤ ਨਹੀਂ ਮਿਲਦੀ ਸੀ ਤਾਂ ਪ੍ਰਭਾਵਿਤ ਪਰਿਵਾਰ ਡੇਰੇ ਕੋਲ ਪਹੁੰਚ ਕਰਦੇ ਸਨ ਜਿਥੇ ਆਖਿਆ ਜਾਂਦਾ ਸੀ ਕਿ ਜੇਕਰ ਉਨ੍ਹਾਂ ਨੂੰ ਸ਼ਰਧਾਲੂਆਂ ਤੋਂ ਕੋਈ ਪਰੇਸ਼ਾਨੀ ਹੈ ਤਾਂ ਡੇਰਾ ਉਨ੍ਹਾਂ ਦੀ ਜ਼ਮੀਨ ਖ਼ਰੀਦਣ ਲਈ ਤਿਆਰ ਹੈ।’’ ਜ਼ਮੀਨ ਮਾਲਕ ਤੰਗ ਆ ਕੇ ਆਪਣੇ ਖੇਤ ਕੌਡੀਆਂ ਦੇ ਭਾਅ ਵੇਚ ਦਿੰਦੇ ਸਨ।

ਸਿਰਸਾ ਜ਼ਿਲ੍ਹਾ ਅਦਾਲਤ ’ਚ ਸੀਨੀਅਰ ਵਕੀਲ ਲੇਖਰਾਜ ਢੋਟ ਨੇ ਦੱਸਿਆ ਕਿ ਜਦੋਂ ਸ਼ਾਹ ਮਸਤਾਨਾ ਨੇ 1948 ’ਚ ਡੇਰਾ ਸਥਾਪਤ ਕੀਤਾ ਸੀ ਤਾਂ ਉਸ ਕੋਲ ਬੇਗੂ ਨੇੜੇ ਮੁਸ਼ਕਲ ਨਾਲ 35 ਤੋਂ 40 ਏਕੜ ਜ਼ਮੀਨ ਸੀ। ਜਦੋਂ 1991 ’ਚ ਸ਼ਾਹ ਮਸਤਾਨਾ ਦੀ ਮੌਤ ਹੋਈ ਤਾਂ ਡੇਰੇ ਕੋਲ 70 ਏਕੜ ਜ਼ਮੀਨ ਸੀ। ਢੋਟ ਨੇ ਕਿਹਾ ਕਿ ਰਾਮ ਰਹੀਮ ਨੇ ਧਾਰਮਿਕ ਡੇਰੇ ਨੂੰ ਕਾਰੋਬਾਰ ’ਚ ਤਬਦੀਲ ਕਰ ਦਿੱਤਾ ਅਤੇ 1996 ਤੋਂ 2000 ਦੌਰਾਨ ਡੇਰੇ ਨੇ 750 ਏਕੜ ਤੋਂ ਵਧ ਜ਼ਮੀਨ ਬਣਾ ਲਈ। ਇਸ ਵਕਫ਼ੇ ਦੌਰਾਨ ਡੇਰੇ ਨੇ ਬੇਗੂ ’ਚ 612 ਏਕੜ ਅਤੇ ਨੇਜੀਆ ’ਚ 144 ਏਕੜ ਜ਼ਮੀਨ ਖ਼ਰੀਦੀ।

ਨੇੜਲੇ ਪਿੰਡ ਅਰਨੀਆਵਾਲੀ ’ਚ ਵੀ ਅਜਿਹੇ ਹੱਥਕੰਡੇ ਅਪਣਾ ਕੇ ਜ਼ਮੀਨ ਖ਼ਰੀਦੀ ਗਈ। ਸੂਤਰਾਂ ਮੁਤਾਬਕ ਜ਼ਮੀਨ ਪਹਿਲਾਂ ਡੇਰੇ ਦੇ ਸਾਧੂਆਂ ਦੇ ਨਾਮ ਖ਼ਰੀਦੀ ਗਈ ਪਰ ਬਾਅਦ ’ਚ ਕੁਝ ਸਾਧਾਂ ਦੇ ਡੇਰਾ ਛੱਡਣ ਕਰਕੇ ਜ਼ਮੀਨ ਤੋਹਫ਼ਿਆਂ (ਗਿਫ਼ਟ ਡੀਡ) ਰਾਹੀਂ ਤਬਦੀਲ ਕਰਵਾ ਲਈ ਗਈ।

ਢੋਟ ਨੇ ਜ਼ਮੀਨਾਂ ਦੇ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਉਸ ਕੋਲ ਕਰੀਬ 900 ਏਕੜ ਜ਼ਮੀਨ ਦਾ ਰਿਕਾਰਡ ਹੈ ਅਤੇ ਇਸ ’ਚੋਂ ਬੇਗੂ ਤੇ ਨੇਜੀਆ ਪਿੰਡਾਂ ਦੀ 90 ਫ਼ੀਸਦੀ ਜ਼ਮੀਨ ਤੋਹਫ਼ਿਆਂ ਰਾਹੀਂ ਤਬਦੀਲ ਕਰਵਾ ਲਈ ਗਈ ਜੋ ਦੋਵੇਂ ਪਿੰਡਾਂ ਦੇ ਵਸਨੀਕ ਨਹੀਂ ਸਨ। ਸੂਤਰਾਂ ਨੇ ਕਿਹਾ ਕਿ ਡੇਰੇ ਦੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਪੰਜਾਬ ਅਤੇ ਹੋਰ ਕਈ ਸੂਬਿਆਂ ’ਚ ਜ਼ਮੀਨਾਂ, ਆਸ਼ਰਮ ਅਤੇ ਫਾਰਮ ਹਾਊਸ ਹਨ। ਸੂਤਰ ਨੇ ਕਿਹਾ ਕਿ ਜਿਥੇ ਡੇਰੇ ਵੱਲੋਂ ਜ਼ਮੀਨ ਖ਼ਰੀਦੀ ਜਾਂਦੀ ਹੈ, ਉਥੇ ਉਹ ਇਸ ਨੂੰ ਸ਼ਰਧਾਲੂਆਂ ਵੱਲੋਂ ਤੋਹਫ਼ੇ ’ਚ ਦਿੱਤੀ ਗਈ ਜ਼ਮੀਨ ਦਿਖਾਉਣ ਦੀ ਕੋਸ਼ਿਸ ਕਰਦੇ ਹਨ ਤਾਂ ਜੋ ਰਜਿਸਟਰੀ ਦੀ ਫੀਸ ਅਦਾਇਗੀ ਤੋਂ ਬਚਿਆ ਜਾ ਸਕੇ।

ਇਹ ਖ਼ਬਰ ਅੱਜ ਦੇ ਪੰਜਾਬੀ ਟ੍ਰਿਿਬਊਨ ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਛਾਪ ਰਹੇ ਹਾਂ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: