ਸਿੱਖ ਖਬਰਾਂ

ਭਾਈ ਜਗਤਾਰ ਸਿੰਘ ਹਵਾਰਾ ਦੀ 22 ਸਾਲ ਹਿਰਾਸਤ ਤੋਂ ਬਾਅਦ ਵੀ ਇਰਾਦਾ ਕਤਲ ਕੇਸ ਵਿਚੋਂ ਜ਼ਮਾਨਤ ਖਾਰਜ

September 12, 2017 | By

ਲੁਧਿਆਣਾ: ਭਾਈ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਅੱਜ ਅਤੁਲ ਕਸਾਨਾ, ਐਡੀਸ਼ਨਲ ਸੈਸ਼ਨਜ ਜੱਜ ਵਲੋਂ ਖਾਰਜ ਕਰ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਥਾਣਾ ਕੋਤਵਾਲੀ ਲੁਧਿਆਣਾ ਵਲੋਂ ਘੰਟਾ ਘਰ ਲੁਧਿਆਣਾ ਨੇੜੇ 6 ਦਸੰਬਰ 1995 ਨੂੰ ਹੋਏ ਬੰਬ ਧਮਾਕੇ ਸਬੰਧੀ ਐਫ.ਆਈ.ਆਰ. ਨੰਬਰ 133/1995 ਅਧੀਨ ਧਾਰਾ 427, 307 ਆਈ.ਪੀ.ਸੀ. ਅਤੇ 3, 4 ਧਮਾਕਾਖੇਜ਼ ਸਮੱਗਰੀ ਐਕਟ ਦਰਜ ਕੀਤਾ ਗਿਆ ਸੀ। ਜਿਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ 23 ਦਸੰਬਰ 1995 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੇਸ ਵਿਚ 1995 ਤੋਂ ਹੁਣ ਤਕ ਭਾਈ ਹਵਾਰਾ ਹਿਰਾਸਤ ਵਿਚ ਹਨ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਮੀਡੀਆ ਨਾਲ ਗੱਲ ਕਰਦੇ ਹੋਏ (ਫਾਈਲ ਫੋਟੋ)

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਰਾਜੇਸ਼ ਕੁਮਾਰ ਵਲੋਂ ਵੀ 2 ਮਾਰਚ 2017 ਨੂੰ ਜ਼ਮਾਨਤ ਇਹ ਕਹਿ ਕੇ ਖਾਰਜ ਕੀਤੀ ਗਈ ਸੀ ਕਿ ਭਾਈ ਹਵਾਰਾ ਨੂੰ ਜੇ ਜ਼ਮਾਨਤ ਦਿੱਤੀ ਗਈ ਤਾਂ ਉਸਦੇ ਬਾਹਰ ਆਉਣ ਨਾਲ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ ਪਰ ਹੁਣ ਲਾਈ ਜ਼ਮਾਨਤ ਅਰਜ਼ੀ ਵਿਚ ਦੱਸਿਆ ਗਿਆ ਸੀ ਕਿ ਭਾਈ ਹਵਾਰਾ ਇਕ ਉਮਰ ਕੈਦੀ ਹਨ ਅਤੇ ਉਹਨਾਂ ਨੂੰ ਇਸ ਕੇਸ ਵਿਚੋਂ ਜ਼ਮਾਨਤ ਮਿਲਣ ਉਪਰੰਤ ਉਨ੍ਹਾਂ ਦੀ ਜੇਲ੍ਹ ਵਿਚੋਂ ਰਿਹਾਈ ਨਹੀਂ ਹੋਵੇਗੀ ਸਗੋਂ ਕੇਵਲ ਜ਼ਮਾਨਤ ਮਿਲਣ ਨਾਲ ਉਹ ਬਤੌਰ ਉਮਰ ਕੈਦੀ ਪੈਰੋਲ ਪ੍ਰਾਪਤੀ ਲਈ ਅਰਜ਼ੀ ਦਾਖਲ ਕਰ ਸਕਣਗੇ। ਇਸ ਤੋਂ ਵੀ ਜ਼ਿਆਦਾ ਕਿ ਉਹਨਾਂ ਦੀ ਇਸ ਇਰਾਦਾ ਕਤਲ ਦੇ ਕੇਸ ਵਿਚ ਕਰੀਬ 22 ਸਾਲ ਹਿਰਾਸਤ ਹੋ ਚੁੱਕੀ ਹੈ ਅਤੇ ਜਿਸ ਵਿਅਕਤੀ ਮੱਲ ਸਿੰਘ ਦੇ ਬਿਆਨਾਂ ਉੱਪਰ ਭਾਈ ਹਵਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ ਉਸਦੀ ਮੌਤ ਹੋਣਾ ਵੀ ਜੁਡੀਸ਼ਲ ਰਿਕਾਰਡ ਮੁਤਾਬਕ ਦਰਜ ਹੋ ਚੁੱਕਾ ਹੈ।

ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਇਸ ਸਬੰਧੀ ਹਾਈਕੋਰਟ ਵਿਚ ਜ਼ਮਾਨਤ ਅਰਜ਼ੀ ਦਾਖਲ ਕਰਨਗੇ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: