ਆਮ ਖਬਰਾਂ

ਕਸ਼ਮੀਰ: ਮੁਕਾਬਲੇ ਦੌਰਾਨ 2 ਕਸ਼ਮੀਰੀ ਲੜਾਕੇ ਅਤੇ 2 ਭਾਰਤੀ ਹਵਾਈ ਫ਼ੌਜ ਦੇ ਕਮਾਂਡੋ ਮਾਰੇ ਗਏ

October 12, 2017 | By

ਸ੍ਰੀਨਗਰ: ਭਾਰਤੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 11 ਅਕਤੂਬਰ 2017 (ਬੁੱਧਵਾਰ) ਨੂੰ ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਹਾਜਿਨ ਇਲਾਕੇ ‘ਚ ਭਾਰਤੀ ਫੌਜੀ ਦਸਤਿਆਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦੇ ਦੋ ਲੜਾਕੇ ਮਾਰੇ ਗਏ ਜਦਕਿ ਮੁਕਾਬਲੇ ‘ਚ ਭਾਰਤੀ ਹਵਾਈ ਫ਼ੌਜ ਦੇ 2 ਕਮਾਂਡੋ ਵੀ ਲਸ਼ਕਰ ਦੇ ਲੜਾਕਿਆਂ ਹੱਥੋਂ ਮਾਰੇ ਗਏ। ਖ਼ਬਰਾਂ ਮੁਤਾਬਕ ਤਕਰੀਬਨ 6 ਕਸ਼ਮੀਰੀ ਲੜਾਕੇ ਭਾਰਤੀ ਫੌਜ ਦੇ ਘੇਰੇ ਵਿਚੋਂ ਨਿਕਲਣ ‘ਚ ਸਫਲ ਰਹੇ। ਉੱਤਰੀ ਕਸ਼ਮੀਰ ਦੇ ਡੀ.ਆਈ.ਜੀ. ਬੀ.ਕੇ. ਬਿਰਦੀ ਅਨੁਸਾਰ ਮੁਖ਼ਬਰ ਖਾਸ ਦੀ ਸੂਚਨਾ ਦੇ ਆਧਾਰ ‘ਤੇ 13 ਆਰ.ਆਰ, ਸੀਆਰਪੀਐਫ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਨੇ ਹਾਜਿਨ ਦੇ ਰੱਖ-ਏ-ਹਾਜਿਨ (ਪਾਰੀਬਲਕ) ਇਲਾਕੇ ‘ਚ ਤੜਕੇ 5 ਵਜੇ ਇਕ ਦਰਜਨ ਦੇ ਕਰੀਬ ਲਸ਼ਕਰ ਲੜਾਕਿਆਂ ਦੀ ਮੌਜੂਦਗੀ ਦੀ ਖਬਰ ਮਿਲਣ ਦੇ ਬਾਅਦ ਇਲਾਕੇ ਨੂੰ ਘੇਰਾ ਪਾ ਲਿਆ ਸੀ।

ਨਸਰੁੱਲਾ ਦੇ ਜਨਾਜ਼ੇ ਮੌਕੇ ਜੁੜੇ ਹਜ਼ਾਰਾਂ ਲੋਕ

ਮੁਕਾਲਬੇ ਦੌਰਾਨ 2 ਭਾਰਤੀ ਫੌਜੀ ਮਾਰੇ ਗਏ ਜਦਕਿ 4 ਹੋਰ ਜ਼ਖਮੀ ਹੋ ਗਏ। ਮਰਨ ਵਾਲੇ ਫੌਜੀਆਂ ਦੀ ਪਛਾਣ ਹਵਾਈ ਫੌਜ ਨਾਲ ਸਬੰਧਿਤ ਕਮਾਂਡੋ ਸੀਪੀਐਲ ਨੀਲੇਸ਼ ਕੁਮਾਰ ਅਤੇ ਸਾਰਜੈਂਟ ਮਿਲਿੰਦ ਕਿਸ਼ੋਰ ਵਜੋਂ ਹੋਈ ਹੈ। ਜਦਕਿ ਮਰਨ ਵਾਲੇ ਕਸ਼ਮੀਰੀ ਲੜਾਕਿਆਂ ਦੀ ਪਛਾਣ ਭਾਰਤੀ ਮੀਡੀਆ ਮੁਤਾਬਕ ਨਸਰੂਲਾ ਮੀਰ ਵਾਸੀ ਹਾਜਿਨ ਅਤੇ ਅਬੂ ਮਾਜ਼ ਉਰਫ ਅਲੀ ਬਾਬਾ ਵਜੋਂ ਹੋਈ ਹੈ।

ਮਾਰੇ ਗਏ ਭਾਰਤੀ ਹਵਾਈ ਫੌਜ ਦੇ ਕਮਾਂਡੋ

ਮਾਰੇ ਗਏ ਭਾਰਤੀ ਹਵਾਈ ਫੌਜ ਦੇ ਕਮਾਂਡੋ

ਇਸ ਦੌਰਾਨ ਸਥਾਨਕ ਨੌਜਵਾਨ ਨਸਰੂਲਾ ਦੇ ਮਾਰੇ ਜਾਣ ਦੀ ਖਬਰ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਾਜਿਨ ਕਸਬੇ ‘ਚ ਹਿੰਸਕ ਝੜਪਾਂ ਦਾ ਸਿਲਸਿਲਾ ਦਿਨ ਭਰ ਜਾਰੀ ਰਿਹਾ ਤੇ ਇਲਾਕੇ ‘ਚ ਮੋਬਾਈਲ ਇੰਟਰਨੈਟ ਸੇਵਾ ਮੁਅੱਤਲ ਰਹੀ। ਨਸਰੂਲਾ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ ‘ਚ ਮੀਰ ਮੁਹੱਲੇ ਦੇ ਕਬਰਸਤਾਨ ‘ਚ ਦਫਨਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮੌਕੇ ਨਸਰੁੱਲਾ ਦੇ 2 ਸਾਥੀ ਆਪਣੇ ਸਾਥੀ ਨੂੰ ਸਲਾਮੀ ਦੇਣ ਲਈ ਕਬਰਸਤਾਨ ਪਹੁੰਚੇ ਤੇ ਹਵਾ ‘ਚ ਕੁਝ ਗੋਲੀਆਂ ਚਲਾ ਕੇ ਆਪਣੇ ਸਾਥੀ ਨੂੰ ਸਲਾਮੀ ਦਿੱਤੀ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: