ਸਿਆਸੀ ਖਬਰਾਂ

ਬਾਦਲ ਦਲ ਦੇ ਸਾਬਕਾ ਚੇਅਰਮੈਨ ਵਲੋਂ ਚਲਾਈ ਗੋਲੀ ਨਾਲ ਬੱਚਾ ਜ਼ਖਮੀ, ਲਾਲੀ ਮਜੀਠੀਆ ਦੀ ਗੱਡੀ ਦੀ ਭੰਨ੍ਹ-ਤੋੜ

October 11, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜ਼ਿਲ੍ਹੇ ਦੇ ਕਸਬੇ ਜਯੰਤੀਪੁਰ ਵਿਖੇ ਵਾਪਰੀ ਇੱਕ ਘਟਨਾ ਵਿੱਚ ਬਾਦਲ ਦਲ ਦੇ ਇੱਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵਲੋਂ ਅੱਜ (11 ਅਕਤੂਬਰ, 2017) ਚਲਾਈ ਗੋਲੀ ਨਾਲ ਇਕ ਛੋਟਾ ਬੱਚਾ ਵੀ ਜ਼ਖਮੀ ਹੋ ਗਿਆ। ਘਟਨਾ ਬਾਰੇ ਸੁਣਦਿਆਂ ਜਦੋਂ ਹਲਕੇ ਤੋਂ ਵਿਧਾਇਕ ਦੀ ਚੋਣ ਲੜ ਚੁੱਕੇ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜ਼ਖਮੀ ਬੱਚੇ ਦੀ ਸਾਰ ਲੈਣ ਪੁਜੇ ਤਾਂ ਇਸ ਚੇਅਰਮੈਨ ਦੇ ਹਮਾਇਤੀਆਂ ਨੇ ਲਾਲੀ ਮਜੀਠੀਆ ‘ਤੇ ਵੀ ਇੱਟਾਂ ਰੋੜਿਆਂ ਨਾਲ ਹਮਲਾ ਕਰਦਿਆਂ ਗੱਡੀ ਦੀ ਭੰਨ੍ਹ-ਤੋੜ ਕੀਤੀ ਗਈ।

ਜ਼ਖਮੀ ਕਾਰਤਿਕ ਦੀ ਤਸਵੀਰ ਅਤੇ ਸ਼ੀਸ਼ੇ 'ਤੇ ਲੱਗੀ ਗੋਲੀ ਦਾ ਨਿਸ਼ਾਨ

ਜ਼ਖਮੀ ਕਾਰਤਿਕ ਦੀ ਤਸਵੀਰ ਅਤੇ ਸ਼ੀਸ਼ੇ ‘ਤੇ ਲੱਗੀ ਗੋਲੀ ਦਾ ਨਿਸ਼ਾਨ

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਬਾਦਲ ਦਲ ਦੇ ਕਰੀਬੀ ਆਗੂ ਪੱਪੂ ਜਯੰਤੀਪੁਰ ਦਾ ਜ਼ਮੀਨ ਦੇ ਮਾਮਲੇ ਵਿਚ ਆਪਣੇ ਭਰਾ ਪ੍ਰਾਨ ਨਾਥ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਅੱਜ (11 ਅਕਤੂਬਰ, 2017) ਸਵੇਰੇ 8.00 ਵਜੇ ਪੱਪੂ ਨੇ ਆਪਣੇ ਭਰਾ ਦੇ ਘਰ ‘ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਪਰਿਵਾਰ ਤਾਂ ਮੌਕਾ ਸੰਭਾਲਦਿਆਂ ਬੂਹੇ ਬਾਰੀਆਂ ਬੰਦ ਕਰਕੇ ਬਚਾਅ ਕਰ ਗਿਆ ਪਰ ਗਲੀ ਵਿੱਚ ਖੇਡਦਾ ਇੱਕ ਛੋਟਾ ਬੱਚਾ ਕਾਰਤਿਕ ਗੋਲੀਆਂ ਦੀ ਮਾਰ ਵਿੱਚ ਆਕੇ ਜ਼ਖਮੀ ਹੋ ਗਿਆ। ਕਾਰਤਿਕ ਵੀ ਰਿਸ਼ਤੇਦਾਰੀ ਵਿੱਚ ਪੱਪੂ ਦੇ ਨੇੜਲੇ ਰਿਸ਼ਤੇਦਾਰਾਂ ‘ਚੋਂ ਹੈ। ਉਸਦੇ ਪੇਟ ਅਤੇ ਮੱਥੇ ‘ਤੇ ਗੋਲੀਆਂ ਦੇ ਛਰੇ ਲੱਗੇ ਹਨ।

ਘਟਨਾ ਬਾਰੇ ਪਤਾ ਲੱਗਣ ‘ਤੇ ਹਲਕੇ ਦੇ ਕਾਂਗਰਸੀ ਆਗੂ ਲਾਲੀ ਮਜੀਠੀਆ ਜਦੋਂ ਮੌਕੇ ‘ਤੇ ਪੁਜੇ ਤਾਂ ਪੱਪੂ ਜਯੰਤੀਪੁਰ ਦੇ ਹਮਾਇਤੀਆਂ ਨੇ ਇੱਟਾਂ ਰੋੜਿਆਂ ਨਾਲ ਲਾਲੀ ਮਜੀਠੀਆ ‘ਤੇ ਹਮਲਾ ਕਰ ਦਿੱਤਾ। ਕੁਝ ਸਮੇਂ ਬਾਅਦ ਹੀ ਪੁਲਿਸ ਵੀ ਮੌਕੇ ‘ਤੇ ਪੁੱਜ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੁਖੀ ਐਸ.ਐਸ.ਪੀ. ਪਰਮਪਾਲ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਹੈ ਕਿ ਪੁਲਿਸ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: