ਸਿਆਸੀ ਖਬਰਾਂ » ਸਿੱਖ ਖਬਰਾਂ

ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਦੀ ਤਰੀਕ ਲਈ ‘ਤੀਸਰੀ ਤਾਕਤ’ ਦੀ ਦਖਲਅੰਦਾਜ਼ੀ !

November 20, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): 13 ਨਵੰਬਰ 2017 ਨੂੰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਪੰਜ ਤਖਤਾਂ ਦੇ ਜਥੇਦਾਰਾਂ ਨੇ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ 2017 ਨੂੰ ਹੀ ਮਨਾਏ ਜਾਣ ਦਾ ਫੈਸਲਾ ਕਿਵੇਂ ਲੈ ਲਿਆ? ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਪੰਦਰਾਂ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਪੱਤਰਿਕਾ ਲਿਖਕੇ ਜਾਣੂ ਕਰਵਾਇਆ ਗਿਆ ਸੀ ਕਿ ਸੰਗਤਾਂ ਵਿੱਚ ਇਸ ਤਾਰੀਕ ਨੂੰ ਲੈਕੇ ਰੋਸ ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ 6 ਨਵੰਬਰ 2017 ਨੂੰ ਬਕਾਇਦਾ ਮਤਾ ਵੀ ਪਾਸ ਕੀਤਾ ਕਿ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ 2018 ਨੂੰ ਮਨਾਇਆ ਜਾਵੇ। ਆਖਿਰ ਉਹ ਕਿਹੜੀ ਤੀਸਰੀ ਤਾਕਤ ਸੀ ਜਿਸਨੇ ਗਿਆਨੀ ਗੁਰਬਚਨ ਸਿੰਘ ਨੂੰ ਮਜਬੂਰ ਕੀਤਾ ਕਿ ਉਹ ਮੀਟਿੰਗ ਵਿੱਚ ਨਾ ਆਣਾ ਚਾਹੁਣ ਵਾਲੇ ਗਿਆਨੀ ਇਕਬਾਲ ਸਿੰਘ ਨੂੰ 13 ਨਵੰਬਰ ਦੀ ਇਕਤਰਤਾ ਵਿੱਚ ਪਹੁੰਚ ਯਕੀਨੀ ਬਨਾਉਣ ਲਈ ਕਿਹਾ ਤੇ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਫੈਸਲਾ ਲੈ ਲਿਆ ਗਿਆ।

IMG-20171120-WA0202

ਇਹ ਸਵਾਲ 13 ਨਵੰਬਰ 2017 ਨੂੰ ਹੀ ਮੀਡੀਆ ਦੇ ਸਾਹਮਣੇ ਸੀ ਕਿ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਸ਼੍ਰੋਮਣੀ ਕਮੇਟੀ ਨੂੰ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਲਿਖੀ ਕਿਸੇ ਚਿੱਠੀ ਦੀ ਕਨਸੋਅ 13 ਨਵੰਬਰ ਤੋਂ ਕਾਫੀ ਦਿਨ ਪਹਿਲਾਂ ਹੀ ਮਿਲ ਗਈ ਸੀ। ਪੰਜਾਬ ਦੇ ਮੀਡੀਏ ਦੀ ਨਿਗਾਹ ਸ਼੍ਰੋਮਣੀ ਕਮੇਟੀ ਵਲੋਂ 6 ਨਵੰਬਰ 2017 ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਵਲੋਂ ਪਟਿਆਲਾ ਵਿਖੇ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਨੂੰ 5 ਜਨਵਰੀ 2018 ਨੂੰ ਮਨਾਉਣ ਬਾਰੇ ਲਏ ਫੈਸਲੇ ‘ਤੇ ਵੀ ਸੀ। ਪਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੇਜੀ ਚਿੱਠੀ ਅਤੇ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਵਲੋਂ ਲਏ ਫੈਸਲੇ (ਪਾਸ ਮਤੇ) ਦੀ ਸ਼ਬਦਾਵਲੀ ਬਾਰ-ਬਾਰ ਸੋਚਣ ਨੂੰ ਮਜਬੂਰ ਕਰ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹੋਣ ਨਾਤੇ ਗਿਆਨੀ ਇਕਬਾਲ ਸਿੰਘ ਨੂੰ ਛੱਡਕੇ ਬਾਕੀ ਚਾਰ ਜਥੇਦਾਰ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੇ ਫੈਸਲੇ ਖਿਲਾਫ ਫੈਸਲਾ ਕਿਵੇਂ ਲੈ ਸਕਦੇ ਹਨ? ਆਖਿਰ ਕਾਫੀ ਦਿਨ ਦੀ ਮਿਹਨਤ ਬਾਅਦ ਜੋ ਸਾਹਮਣੇ ਆਇਆ ਉਹ ਸਬੰਧਤ ਚਿੱਠੀ ਅਤੇ ਮਤੇ ਦੀ ਸ਼ਬਦਾਵਲੀ ਨੇ ਸਪੱਸ਼ਟ ਕਰ ਦਿੱਤਾ।

IMG-20171120-WA0201

ਸਕੱਤਰੇਤ ਵਲੋਂ ਲਿਖੀ ਪਤਰਿਕਾ ਨੰਬਰ ਅ:ਤ: 17/3372 ਮਿਤੀ 26-10-2017 ਦੀ ਸ਼ਬਦਾਵਲੀ ਦਸਦੀ ਹੈ ਕਿ ਪਤਰਿਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਨੂੰ ਲਿਖੀ ਗਈ ਕਿ ‘ਲੁਧਿਆਣਾ ਦੀਆਂ ਸੰਗਤਾਂ ਵਲੋਂ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ 2017 ਨੂੰ ਮਨਾਏ ਜਾਣ ਸਬੰਧੀ ਉਠਾਏ ਇਤਰਾਜ਼ ਦੇ ਮੱਦੇ ਨਜ਼ਰ ਕੈਲੰਡਰ ਸਲਾਹਕਾਰ ਕਮੇਟੀ ਇਸ ਸਬੰਧੀ ਘੋਖ ਪੜਤਾਲ ਕਰਕੇ, ਅਗਲੇਰੀ ਤਰੀਕ ਨਿਸ਼ਚਿਤ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਾਣੂੰ ਕਰਵਾਏ’। ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ 2018 ਨੂੰ ਮਨਾਏ ਜਾਣ ਬਾਰੇ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੋਮਣੀ ਕਮੇਟੀ ਨੂੰ ਭੇਜੀ ਸਹਿਮਤੀ/ ਸੁਝਾਅ ਦਾ ਜ਼ਿਕਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਮਿਤੀ 6 ਨਵੰਬਰ 2017 ਨੂੰ ਕਰਦੀ ਹੈ ਤੇ ਇਸਦੇ ਮਤਾ ਨੰਬਰ 1216 ਮਿਤੀ 6-11-2017 ਦੀ ਮਨਸ਼ਾ ਅਨੁਸਾਰ, ਪ੍ਰਕਾਸ਼ ਪੁਰਬ 5 ਜਨਵਰੀ 2018 ਨੂੰ ਮਨਾਏ ਜਾਣ ਦਾ ਫੈਸਲਾ ਲਿਆ ਜਾਂਦਾ ਹੈ। ਮਤੇ ਵਿੱਚ ਇਹ ਵੀ ਅੰਕਿਤ ਹੈ ਕਿ ‘ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਗੁਰਪੁਰਬ ਦੀ ਤਾਰੀਖ 5 ਜਨਵਰੀ 2018 ਕਰ ਦਿੱਤੀ ਜਾਵੇ ਤਾਂ ਕਿ ਸ਼ਹੀਦੀ ਦਿਹਾੜੇ ਦੀ ਗੰਭੀਰਤਾ, ਸਾਦਗੀ ਤੇ ਸਿੱਖ ਭਾਵਨਾਵਾਂ ਅਨੁਸਾਰ ਮਨਾਇਆ ਜਾ ਸਕੇ’।

ਸਬੰਧਤ ਖ਼ਬਰ:

ਗਿਆਨੀ ਗੁਰਬਚਨ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 25 ਦਸੰਬਰ ਨੂੰ ਹੀ ਮਨਾਉਣ ਦਾ ਐਲਾਨ …

ਉਧਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਕਮੇਟੀ ਵਲੋਂ 6 ਨਵੰਬਰ 2017 ਨੂੰ ਪਾਸ ਕੀਤਾ ਕੈਲੰਡਰ ਸਬੰਧੀ ਮਤਾ, ਦਫਤਰੀ ਕਾਰਵਾਈਆਂ ‘ਚ ਲੰਘਦਾ ਹੋਇਆ ਡਿਸਪੈਚ ਨੰਬਰ 28288 ਮਿਤੀ 10-11-2017 ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਪੁੱਜਦਾ ਹੈ ਤਾਂ ਕੌਮ ਵਿੱਚ ਦੁਵਿਧਾ ਪਾਣ ਲਈ ਪਿਛਲੇ ਇੱਕ ਦਹਾਕੇ ਤੋਂ ਯਤਨਸੀਲ ਤੀਸਰੀ ਤਾਕਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੀਕ ਪੁੱਜ ਜਾਂਦੀ ਹੈ। ਗਿਆਨੀ ਇਕਬਾਲ ਸਿੰਘ ਸਾਫ ਕਹਿ ਰਹੇ ਹਨ ਕਿ ਉਹ ਕਿਸੇ ਵਿਆਹ ਸਮਾਗਮ ਕਾਰਣ 13 ਨਵੰਬਰ ਦੀ ਜਥੇਦਾਰਾਂ ਦੀ ਇਕੱਤਰਤਾ ਵਿੱਚ ਨਹੀਂ ਪੁਜ ਸਕਦੇ। ਪ੍ਰੰਤੂ ਦਬਾਅ ਬਣਾਇਆ ਜਾਂਦਾ ਹੈ ਤੇ 13 ਨਵੰਬਰ ਦੀ ਇਕੱਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਗਿਆਨੀ ਇਕਬਾਲ ਸਿੰਘ, ਸਿੱਖ ਕੌਮ ਦੀ ਪਾਰਲੀਮੈਂਟ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦਾ ਫੈਸਲਾ ਰੱਦ ਕਰਕੇ ਆਪਣਾ ਨਵਾਂ ਆਦੇਸ਼ ਸੁਣਾ ਦਿੰਦੇ ਹਨ ਕਿ ‘ਦਸਮੇਸ਼ ਪਿਤਾ ਦਾ ਪ੍ਰਕਾਸ਼ ਉਸ ਦਿਨ ਮਨਾਇਆ ਜਾਵੇ ਜਿਸ ਨਾਲ ਕੌਮ ਦੀਆਂ ਭਾਵਨਾਵਾਂ ‘ਤੇ ਠੇਸ ਲੱਗਦੀ ਹੈ’।

ਸਬੰਧਤ ਖ਼ਬਰ:

ਸਿੱਖ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਵੇਂ ਪਾਤਸ਼ਾਹ ਦਾ ਗੁਰਪੁਰਬ 5 ਜਨਵਰੀ ਨੂੰ ਮਨਾਉਣ:ਦਲ ਖਾਲਸਾ …

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: