ਸਿਆਸੀ ਖਬਰਾਂ

2024 ਤੱਕ ਭਾਰਤ ਹਿੰਦੂ ਰਾਸ਼ਟਰ ਬਣੇਗਾ, ਹਿੰਦੂ ਤਰੀਕੇ ਵਾਲੇ ਮੁਸਲਮਾਨ ਹੀ ਇੱਥੇ ਰਹਿ ਸਕਣਗੇ: ਭਾਜਪਾ ਵਿਧਾਇਕ

January 16, 2018 | By

ਚੰਡੀਗੜ: ਬਲੀਆ (ਯੂਪੀ) ਜ਼ਿਲ੍ਹੇ ਨਾਲ ਸਬੰਧਤ ਭਾਜਪਾ ਵਿਧਾਇਕ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਹਿੰਦੂ ਸਭਿਆਚਾਰ ਵਿੱਚ ਰਲਗੱਡ ਹੋਣ ਵਾਲੇ ਮੁਸਲਮਾਨਾਂ ਨੂੰ ਹੀ ਮੁਲਕ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਤੇ ਭਾਰਤ ‘ਹਿੰਦੂ ਰਾਸ਼ਟਰ’ ਜ਼ਰੂਰ ਬਣੇਗਾ।

ਬੈਰੀਆ ਤੋਂ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਦੀ ਤਸਵੀਰ।

ਬੈਰੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ, ‘ਕੁਝ ਗਿਣਤੀ ਦੇ ਮੁਸਲਮਾਨਾਂ ਵਿੱਚ ਹੀ ਦੇਸ਼ਭਗਤੀ ਹੈ। ਇਕ ਸਮਾਂ ਆਏਗਾ ਜਦੋਂ ਭਾਰਤ ਹਿੰਦੂ ਰਾਸ਼ਟਰ ਬਣੇਗਾ ਅਤੇ ਜਿਹੜੇ ਮੁਸਲਮਾਨ ਸਾਡੇ ਸਭਿਆਚਾਰ ਵਿੱਚ ਰਚ ਮਿਚ ਜਾਣਗੇ ਉਹੀ ਇਥੇ ਰਹਿ ਸਕਣਗੇ ਜਦਕਿ ਬਾਕੀਆਂ ਨੂੰ ਕਿਸੇ ਵੀ ਹੋਰ ਮੁਲਕ ਵਿੱਚ ਸ਼ਰਣ ਲੈਣ ਦੀ ਪੂਰੀ ਖੁੱਲ੍ਹ ਹੋਵੇਗੀ।’ ਵਿਧਾਇਕ ਨੇ ਦਾਅਵਾ ਕੀਤਾ ਕਿ ਸਾਲ 2024 ਤਕ ਭਾਰਤ ਹਿੰਦੂ ਰਾਸ਼ਟਰ ਬਣ ਜਾਏਗਾ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅਵਤਾਰ ਪੁਰਸ਼’ ਦੱਸਦਿਆਂ ਭਾਜਪਾ ਵਿਧਾਇਕ ਨੇ ਕਿਹਾ, ‘ਆਰ. ਐਸ. ਐਸ. ਜਿੱਥੇ 2025 ਤਕ ਆਪਣੀ ਸਥਾਪਨਾ ਦੀ ਸੌ ਸਾਲ ਪੂਰੇ ਕਰ ਲਏਗਾ, ਉਥੇ 2024 ਤਕ ਭਾਰਤ ਹਿੰਦੂ ਰਾਸ਼ਟਰ ਬਣ ਜਾਏਗਾ’।

ਉਸ ਨੇ ਕਿਹਾ ਕਿ ਭਾਰਤ ਆਲਮੀ ਸੁਪਰਪਾਵਰ ਬਣੇਗਾ, ਜਿਸ ਲਈ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਦੀ ਅਗਵਾਈ ਦਾ ਧੰਨਵਾਦ ਕਰਨਾ ਬਣਦਾ ਹੈ। 2024 ਤਕ ਭਾਰਤ ‘ਵਿਸ਼ਵ ਗੁਰੂ’ ਹੀ ਨਹੀਂ ਬਲਕਿ ਹਿੰਦੂ ਰਾਸ਼ਟਰ ਬਣੇਗਾ।’

ਸਾਲ 2014 ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਭਾਰਤੀ ਉਪਮਹਾਂਦੀਪ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਹਿੰਦੂਤਵੀ ਸਮਰਥਕ ਖੁੱਲੇਆਮ ਘੱਟਗਿਣਤੀਆਂ ਵਿਰੁਧ ਅਜਿਹੇ ਬਿਆਨ ਦਾਗ ਰਹੇ ਹਨ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: