ਆਮ ਖਬਰਾਂ

ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਵੱਲੋਂ ਚਰਨਜੀਤ ਸਿੰਘ ਚੱਢਾ ਨੂੰ ਪੰਥ ਵਿੱਚੋਂ ਖ਼ਾਰਜ ਕਰਨ ਦੀ ਮੰਗ

January 16, 2018 | By

ਚੰਡੀਗੜ: ਚੀਫ਼ ਖ਼ਾਲਸਾ ਦੀਵਾਨ ਦੇ 11 ਮੈਂਬਰਾਂ ਨੇ ਬੈਠਕ ਕਰਕੇ ਇਤਰਾਜ਼ਯੋਗ ਵੀਡਿਓ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਚਰਨਜੀਤ ਸਿੰਘ ਚੱਢਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ। ਇਹ ਮਤਾ ਸ਼੍ਰੋਮਣੀ ਕਮੇਟੀ ਕੋਲ ਅੱਜ (16 ਜਨਵਰੀ ਨੂੰ) ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਵਿਚਾਰਨ ਲਈ ਭੇਜਿਆ ਗਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਤੇ ਸਿੱਖ ਫੋਰਮ ਦੇ ਮੁਖੀ ਭਾਗ ਸਿੰਘ ਅਣਖੀ ਨੇ ਦੱਸਿਆ ਕਿ ਦੀਵਾਨ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਮਤਾ ਪਾਸ ਕੀਤਾ, ਜਿਸ ਰਾਹੀਂ ਚਰਨਜੀਤ ਸਿੰਘ ਚੱਢਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਵਾਇਰਲ ਹੋਈ ਇਤਰਾਜ਼ਯੋਗ ਵੀਡਿਓ ਕਾਰਨ ਸਿੱਖਾਂ ਦੀ 115 ਸਾਲ ਪੁਰਾਣੀ ਧਾਰਮਿਕ ਤੇ ਵਿਿਦਅਕ ਸੰਸਥਾ ਨੂੰ ਵੱਡੀ ਢਾਹ ਲੱਗੀ ਹੈ।

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਤੇ ਹੋਰ ਮੈਂਬਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਉਨ੍ਹਾਂ ਆਖਿਆ ਕਿ ਚਰਨਜੀਤ ਸਿੰਘ ਚੱਢਾ ਸ਼੍ਰੋਮਣੀ ਕਮੇਟੀ ਤੋਂ ਵੀ ਪੁਰਾਣੀ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਹੈ ਤੇ ਉਸ ’ਤੇ ਵੀ ਰਹਿਤ ਮਰਿਆਦਾ ਦੀ ਉਲੰਘਣਾ ਦਾ ਦੋਸ਼ ਹੈ। ਉਨ੍ਹਾਂ ਇਹ ਮਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜ ਕੇ ਅਪੀਲ ਕੀਤੀ ਹੈ ਕਿ 16 ਜਨਵਰੀ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਵਿਚਾਰ ਕੇ ਸ਼੍ਰੋਮਣੀ ਕਮੇਟੀ ਰਾਹੀਂ ਅਕਾਲ ਤਖ਼ਤ ਨੂੰ ਕਾਰਵਾਈ ਲਈ ਭੇਜਿਆ ਜਾਵੇ।

ਬੀਤੇ ਕੱਲ੍ਹ ਚਰਨਜੀਤ ਸਿੰਘ ਚੱਢਾ ਵੱਲੋਂ ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਯਤੀਮਖਾਨੇ ਵਿੱਚ ਕੁਝ ਮੈਂਬਰਾਂ ਤੇ ਸਿਆਸੀ ਆਗੂਆਂ ਨਾਲ ਮੀਟਿੰਗ ਕਰਨ ਦਾ ਦੋਸ਼ ਲਾਉਂਦਿਆਂ ਸਿੱਖ ਆਗੂਆਂ ਨੇ ਆਖਿਆ ਕਿ ਚੱਢਾ ਤੇ ਉਸ ਦੇ ਸਮਰਥਕਾਂ ਵੱਲੋਂ ਅਜਿਹਾ ਕਰਕੇ ਅਕਾਲ ਤਖ਼ਤ ਵੱਲੋਂ ਲਾਈ ਰੋਕ ਸਬੰਧੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 23 ਜਨਵਰੀ ਨੂੰ ਹੋ ਰਹੀ ਹੈ, ਜਿਸ ਵਿੱਚ ਆਪਣਾ ਪੱਖ ਰੱਖਣ ਲਈ ਚਰਨਜੀਤ ਸਿੰਘ ਚੱਢਾ ਨੂੰ ਵੀ ਸੰਮਨ ਭੇਜਿਆ ਗਿਆ ਹੈ। ਇਸੇ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਦੀ ਜਨਰਲ ਬਾਡੀ ਮੀਟਿੰਗ 6 ਫਰਵਰੀ ਨੂੰ ਸੱਦੀ ਗਈ ਹੈ, ਜਿਸ ਵਿੱਚ ਇਹ ਮਾਮਲਾ ਵਿਚਾਰਿਆ ਜਾਵੇਗਾ।

ਇਸ ਬੈਠਕ ਵਿੱਚ ਦੀਵਾਨ ਦੇ ਮੈਂਬਰ ਵਜੋਂ ਸਾਬਕਾ ਸੰਸਦ ਮੈਂਬਰ ਰਾਜ ਮਹਿੰਦਰ ਸਿੰਘ ਮਜੀਠਾ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਧਰਮ ਪ੍ਰਚਾਰ ਕਮੇਟੀ ਮੈਂਬਰ ਅਜਾਇਬ ਸਿੰਘ ਅਭਿਆਸੀ, ਨਿਰਮਲ ਸਿੰਘ, ਅਵਤਾਰ ਸਿੰਘ, ਹਰੀ ਸਿੰਘ, ਅਜੀਤ ਸਿੰਘ ਬਮਰਾਹ, ਜਸਪਾਲ ਸਿੰਘ ਭੋਆ, ਜੋਗਿੰਦਰ ਸਿੰਘ ਭਾਟੀਆ ਤੇ ਜਸਪਾਲ ਸਿੰਘ ਢਿੱਲੋਂ ਸ਼ਾਮਲ ਸਨ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: