ਖਾਸ ਖਬਰਾਂ

ਭਾਰਤ ਦੇ 1% ਅਮੀਰਾਂ ਦੀ ਆਮਦਨ ‘ਚ ਇਕ ਸਾਲ ਵਿੱਚ ਕੇਂਦਰ ਸਰਕਾਰ ਦੇ ਕੁੱਲ ਬਜਟ ਜਿੰਨਾ ਵਾਧਾ ਹੋਇਆ: ਪੜਤਾਲੀਆ ਰਿਪੋਰਟ

January 22, 2018 | By

ਚੰਡੀਗੜ੍ਹ: ਆਮਦਨ ਦੀ ਅਸਾਵੀਂ ਵੰਡ ਦੇ ਮਾਮਲੇ ਨੂੰ ਮੁੜ ਉਜਾਗਰ ਕਰਦਿਆਂ ਇਕ ਨਵੀਂ ਪੜਤਾਲ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ ਕਿ ਭਾਰਤੀ ਉਪਮਹਾਂਦੀਪ ਵਿਚ ਬੀਤੇ ਵਰ੍ਹੇ ਦੌਰਾਨ ਪੈਦਾ ਹੋਈ ਕੁੱਲ ਆਮਦਨ ਵਿਚੋਂ 73% ਹਿੱਸਾ ਸਿਰਫ 1% ਸਭ ਤੋਂ ਅਮੀਰ ਲੋਕਾਂ ਕੋਲ ਚਲਾ ਗਿਆ।

ਇਹ ਖੁਲਾਸਾ ਔਕਸਫੈਮ ਵੱਲੋਂ ਡਵੋਸ ਵਿਚ ਦੁਨੀਆ ਭਰ ਦੇ ਅਮੀਰ ਲੋਕਾਂ ਦੀ ਹੋਣ ਵਾਲੀ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਹੋਇਆ। ਰਿਪੋਰਟ ਅਨੁਸਾਰ ਭਾਰਤੀ ਉਪਮਹਾਂਦੀਪ ਵਿੱਚ ਰਹਿੰਦੇ 67 ਕਰੋੜ ਗਰੀਬ ਲੋਕਾਂ ਦੀ ਆਮਦਨ ਵਿੱਚ ਸਿਰਫ 1% ਦਾ ਵਾਧਾ ਹੋਇਆ ਹੈ।

OXFAM Report on Global Inequality

ਔਕਸਫੈਮ ਨੇ ਆਰਥਕ ਨਾਬਰਾਬਰੀ ਬਾਰੇ ਸੰਸਾਰ ਪੱਧਰ ਦੀ ਰਿਪੋਰਟ ਜਾਰੀ ਕੀਤੀ ਹੈ

ਇਸ ਪੜਤਾਲ ਅਨੁਸਾਰ ਭਾਰਤੀ ਉਪਹਮਾਂਦੀਪ ਦੇ 1% ਸਭਤੋਂ ਅਮੀਰ ਲੋਕਾਂ ਦੀ ਆਮਦਨ ਵਿੱਚ ਸਾਲ 2017 ਦੌਰਾਨ 20,913 ਅਰਬ (20.9 ਲੱਖ ਕਰੋੜ) ਦਾ ਵਾਧਾ ਹੋਇਆ ਹੈ ਜੋ ਕਿ ਭਾਰਤ ਦੀ ਕੇਂਦਰ ਸਰਕਾਰ ਦੇ ਸਾਲ 2017-18 ਦੇ ਕੁੱਲ ਬਜਟ ਦੇ ਬਰਾਬਰ ਹੈ।

ਇਸ ਰਿਪੋਰਟ (ਜਿਸ ਦੀ ਨਕਲ ਇਸ ਸੰਸਥਾ ਵੱਲੋਂ ਸਿੱਖ ਸਿਆਸਤ ਨੂੰ ਵੀ ਭੇਜੀ ਗਈ ਹੈ) ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸੰਸਾਰ ਦਾ ਅਰਥਚਾਰਾ ਅਜਿਹੀਆਂ ਲੀਹਾਂ ‘ਤੇ ਚਲਾਇਆ ਜਾ ਰਿਹਾ ਹੈ ਕਿ ਅਰਬਪਤੀ ਲੋਕਾਂ ਦੇ ਧੰਨ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਦਕਿ ਲੱਖਾਂ ਲੋਕ ਗਰੀਬੀ ਨਾਲ ਜੂਝਦਿਆਂ ਉਮਰ ਲੰਘਾ ਰਹੇ ਹਨ। ਸਾਲ 2017 ਵਿੱਚ ਅਰਬਪਤੀਆਂ ਦੀ ਗਿਣਤੀ ਤੇਜੀ ਨਾਲ ਵਧੀ ਹੈ। ਰਿਪੋਰਟ ਅਨੁਸਾਰ ਸੰਸਾਰ ਵਿੱਚ ਅਰਬਪਤੀਆਂ ਦੀ ਗਿਣਤੀ 2 ਅਰਬਪਤੀ ਪ੍ਰਤੀ ਦਿਨ ਨਾਲ ਵਧੀ ਹੈ। ਸਾਲ 2010 ਤੋਂ ਲੈ ਕੇ ਹੁਣ ਤੱਕ ਅਰਬਪਤੀਆਂ ਦੀ ਜਾਇਦਾਦ ਵਿੱਚ ਹਰ ਸਾਲ ਔਸਤਨ 13% ਦੀ ਦਰ ਨਾਲ ਵਾਧਾ ਹੋਇਆ ਹੈ ਜੋ ਕਿ ਆਮ ਕਾਮਿਆਂ ਦੀ ਮਜਦੂਰੀ ਦੇ ਮੁਕਾਬਲੇ 6 ਗੁਣਾ (600%) ਵੱਧ ਤੇਜ ਹੈ।

ਬੰਗਲਾਦੇਸ਼ ਵਿੱਚ ਇਕ ਕੱਪੜਾ ਕਾਰੀਗਰ ਆਪਣੀ ਪੂਰੀ ਜ਼ਿੰਦਗੀ ਵਿੱਚ ਜਿੰਨੀ ਕਮਾਈ ਕਰਦਾ ਹੈ ਓਨੀ ਰਕਮ ਸੰਸਾਰ ਦੇ ਚਾਰ ਵੱਡੇ ਫੈਸ਼ਨ ਬਰਾਂਡਾਂ ਦੇ ਸੀ. ਈ. ਓ. ਸਿਰਫ ਚਾਰ ਦਿਨਾਂ ਵਿੱਚ ਕਮਾਂ ਲੈਂਦੇ ਹਨ ਤੇ ਯੂ. ਐਸ. ਦੇ ਸੀ. ਈ. ਓ ਸਿਰਫ ਇਕ ਦਿਨ ਵਿੱਚ ਹੀ ਇੰਨੀ ਕਮਾਈ ਕਰ ਲੈਂਦੇ ਹਨ।

ਵੀਤਨਾਮ ਦੇ 2.5 ਕਰੋੜ ਕੱਪੜਾ ਕਾਰੀਗਰਾਂ ਦੀ ਮਜਦੂਰੀ ਨੂੰ ਵਧਾ ਕੇ ਉਨ੍ਹਾਂ ਦੀ ਕਮਾਈ ਨੂੰ ਗੁਜ਼ਾਰੇਯੋਗ ਬਣਾਉਣ ‘ਤੇ ਇਕ ਸਾਲ ਵਿੱਚ 2.2 ਕਰੋੜ ਖਰਚ ਆਵੇਗਾ ਜਦਕਿ ਇਹ ਰਕਮ ਕੱਪੜਾ ਉਦਯੋਗ ਦੀਆਂ ਮਹਿਜ਼ ਪੰਜ ਵੱਡੀਆਂ ਕੰਪਨੀਆਂ ਵੱਲੋਂ ਆਪਣੇ ਅਮੀਰ ਹਿੱਸੇਦਾਰਾਂ (ਸ਼ੇਅਰਧਾਰਕਾਂ) ਨੂੰ ਦੱਤੀ ਜਾਣ ਵਾਲੀ ਰਕਮ ਦਾ ਸਿਰਫ ਇਕ ਤਿਹਾਈ (1/3) ਹਿੱਸਾ ਬਣਦਾ ਹੈ।

ਔਕਸਫੈਮ ਵੱਲੋਂ ਜਾਰੀ ਰਿਪੋਰਟ ਦਰਸਾਉਂਦੀ ਹੈ ਕਿ ਕਿ ਕਿਵੇਂ ਮਜਦੂਰਾਂ ਦੀ ਆਮਦਨ ਅਤੇ ਤਰਸਯੋਗ ਹਾਲਤ ਦੀ ਕੀਮਤ ‘ਤੇ ਸ਼ੇਅਰਧਾਰਕਾਂ ਤੇ ਕਾਰਪੋਰੇਟ ਮਾਲਕਾਂ ਵੱਲੋਂ ਮੁਨਾਫਾ ਖੱਟਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਘੱਟ ਲਾਗਤ ‘ਤੇ ਵੱਧ ਮੁਨਾਫੇਖੋਰੀ ਲਈ ਵੱਡੇ ਪੂੰਜੀਪਤੀ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਹਨ ਤੇ ਮਜਦੂਰਾਂ/ਕਾਮਿਆਂ ਦੇ ਹੱਕਾਂ ਦਾ ਘਾਣ ਕੀਤਾ ਜਾਂਦਾ ਹੈ।

ਰਿਪੋਰਟ ਅਨੁਸਾਰ ਭਾਰਤ ਵਿੱਚ ਬੀਤੇ ਵਰ੍ਹੇ 17 ਨਵੇਂ ਅਰਬਪਤੀ ਬਣੇ ਹਨ ਜਿਸ ਨਾਲ ਅਰਬਪਤੀਆਂ ਦੀ ਗਿਣਤੀ ਵਧ ਕੇ 101 ਹੋ ਗਈ ਹੈ। ਭਾਰਤੀ ਅਰਬਪਤੀਆਂ ਦੀ ਜਾਇਦਾਦ 4891 ਅਰਬ ਰੁਪਏ ਵਧੀ ਹੈ ਜੋ ਕਿ 15,778 ਅਰਬ ਤੋਂ ਵਧ ਕੇ 20,676 ਅਰਬ ਰੁਪਏ ਹੋ ਗਈ ਹੈ।

ਔਕਸਫੈਮ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਤੁਸੀਂ ਹੇਠਾਂ ਪੜ੍ਹ ਸਕਦੇ ਹੋ। ਇਹ ਰਿਪੋਰਟ ਅੰਗਰੇਜ਼ੀ ਵਿੱਚ ਹੈ:

Download (PDF, 1.03MB)


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: