ਖਾਸ ਖਬਰਾਂ » ਸਾਹਿਤਕ ਕੋਨਾ

ਭਾਸ਼ਾ ਵਿਭਾਗ ਵਿੱਚ ਪਏ ਪੁਰਾਣੇ ਖਰੜੇ ਆਪਣਾ ਅਸਲ ਵਜੂਦ ਗੁਆ ਰਹੇ ਹਨ

February 2, 2018 | By

ਚੰਡੀਗੜ: ਭਾਸ਼ਾ ਵਿਭਾਗ ਪੰਜਾਬ ਦੇ ‘ਲੋਗੋ’ ਦੀ ਨਵੇਕਲੀ ਪਛਾਣ ਨਾਲ ਕਿਤਾਬਾਂ ਛਪਾਉਣ ਦਾ ਰਿਵਾਜ਼ ਹੁਣ ਖ਼ਤਮ ਹੋਣ ਕਿਨਾਰੇ ਹੈ। ਆਪਣੀਆਂ ਰਚਨਾਵਾਂ ’ਤੇ ਲੋਗੋ ਦੀ ਤਾਂਘ ਲਈ ਸਹਿਕਦੇ ਕਈ ਲਿਖਾਰੀ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਕਈ ਸਾਲਾਂ ਤੋਂ ਪਏ ਕਈ ਖਰੜੇ ਵੀ ਆਪਣਾ ਅਸਲ ਵਜੂਦ ਗੁਆ ਰਹੇ ਹਨ।

ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਲੇਖਕਾਂ ਨੂੰ ਕਿਤਾਬਾਂ ਪ੍ਰਤੀ ਉਤਸ਼ਾਹਿਤ ਕਰਨ ਹਿੱਤ ਖਰੜਿਆਂ ਦੀ ਛਪਾਈ ਵਾਸਤੇ ਮਾਲੀ ਮਦਦ ਦੇਣ ਦਾ ਕਿਸੇ ਸਮੇਂ ਅਹਿਮ ਰਿਵਾਜ ਸੀ।ਮਾਲੀ ਮਦਦ ਨਾਲ ਛਪੀਆਂ ਕਿਤਾਬਾਂ ’ਤੇ ਭਾਸ਼ਾ ਵਿਭਾਗ ਦਾ ਲੋਗੋ ਲਾਉਣਾ ਵੀ ਜ਼ਰੂਰੀ ਸੀ।

ਭਾਸ਼ਾ ਵਿਭਾਗ ਪਟਿਆਲੇ ਦਾ ‘ਲੋਗੋ’

ਜਾਣਕਾਰੀ ਮੁਤਾਬਿਕ ਕਿਤਾਬ ਦੇ ਪੰਨਿਆਂ ਦੇ ਮੁਤੱਲਕ ਖਰੜੇ ਦੇ ਲੇਖਕ ਨੂੰ 10 ਤੋਂ 20 ਹਜ਼ਾਰ ਰੁਪਏ ਤੱਕ ਪੁਸਤਕ ਛਪਾਈ ਲਈ ਮਾਲੀ ਮਦਦ ਦਿੱਤੀ ਜਾਂਦੀ ਸੀ। ਹੁਣ ਤੱਕ ਜਿੰਨੇ ਵੀ ਪੰਜਾਬ ਨਾਲ ਸਬੰਧਤ ਪੰਜਾਬੀ, ਹਿੰਦੀ, ਉਰਦੂ ਤੇ ਸੰਸਕ੍ਰਿਤ ਦੇ ਲੇਖਕ ਹੋਏ ਹਨ, ਉਨ੍ਹਾ ’ਚੋਂ ਬਹੁਤਿਆਂ ਨੇ ਵਿਭਾਗ ਤੋਂ ਮਾਲੀ ਮਦਦ ਲੈ ਕੇ ਪੁਸਤਕਾਂ ਛਪਵਾਈਆਂ ਹਨ। ਅਜਿਹੇ ’ਚ ਗ਼ਰੀਬ ਤੇ ਮੱਧਵਰਗੀ ਲੇਖਕ ਜਿਹੜੇ ਆਪਣੇ ਪੱਲਿਓਂ ਕਿਤਾਬ ਛਪਵਾਉਣ ਤੋਂ ਅਸਮਰੱਥ ਸਨ, ਉਨ੍ਹਾਂ ਵੀ ਇਸ ਸਕੀਮ ਦਾ ਲਾਭ ਲਿਆ ਹੈ। ਵਿਭਾਗ ਦੀ ਮਾਲੀ ਮਦਦ ਨਾਲ ਉਭਰੇ ਅਜਿਹੇ ਲੇਖਕਾਂ ’ਚੋਂ ਕਈ ਆਪਣੀ ਕਲਮ ਦੇ ਸਹਾਰੇ ਕਾਫ਼ੀ ਮਕਬੂਲ ਵੀ ਹੋਏ, ਪਰ ਮਾਲੀ ਮਦਦ ਲਈ ਖਰੜਿਆਂ ਨੂੰ ਪ੍ਰਵਾਨਗੀ ਦੇਣ ਦਾ ਰਿਵਾਜ ਘਟਦਾ ਗਿਆ ਤੇ ਢਾਈ ਸਾਲਾਂ ਤੋਂ ਠੱਪ ਹੈ।

ਜਾਣਕਾਰੀ ਮੁਤਾਬਿਕ ਭਾਸ਼ਾ ਵਿਭਾਗ ਵੱਲੋਂ ਪਿਛਲੀ ਵਾਰ 2013 ਅਤੇ 2014 ਦੋ ਸਾਲਾਂ ਦੇ ਪੰਜਾਬੀ ਵਰਗ ’ਚੋਂ ਮਹਿਜ਼ ਸੱਤ ਤੇ ਇੰਨੇ ਕੁ ਹਿੰਦੀ, ਉਰਦੂ ਤੇ ਸੰਸਕ੍ਰਿਤ ਦੇ ਖਰੜਿਆਂ ਨੂੰ ਮਾਲੀ ਮਦਦ ਵਜੋਂ ਛਪਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਪਰ ਅਜਿਹੇ ਖਰੜਿਆਂ ’ਚੋਂ ਬਹੁਤੇ ਲਿਖਾਰੀਆਂ ਨੂੰ ਕਈ ਸਾਲ ਲੰਘਣ ਦੇ ਬਾਵਜੂਦ ਮਾਲੀ ਮਦਦ ਵਜੋਂ ਗ੍ਰਾਂਟ ਨਹੀਂ ਜੁੜ ਸਕੀ।

ਸੂਤਰਾਂ ਮੁਤਾਬਿਕ ‘ਜਜ਼ਬਾਤੀ ਖ਼ੂਨ’ ਖਰੜੇ ਦਾ ਲੇਖਕ ਕੇਵਲ ਮਾਣਕਪੁਰੀ ਮਾਲੀ ਮਦਦ ਉਡੀਕਦਾ ਰੱਬ ਨੂੰ ਪਿਆਰਾ ਹੋ ਚੁੱਕਾ ਹੈ। ਸੂਤਰਾਂ ਮੁਤਾਬਿਕ ਮਾਲੀ ਮਦਦ ਤਾਂ ਦੂਰ, ਭਾਸ਼ਾ ਵਿਭਾਗ ਕੋਲ ਫ਼ੌਤ ਹੋਏ ਲਿਖਾਰੀਆਂ ਦੇ ਖਰੜਿਆਂ ਨੂੰ ਸੰਭਾਲਣ ਦਾ ਹਾਲੇ ਤੱਕ ਕੋਈ ਉਚਿਤ ਪ੍ਰਬੰਧ ਨਹੀਂ ਹੈ। ਇਸੇ ਕਾਰਨ ਕਈ ਖਰੜੇ ਵੀ ਆਪਣੇ ਅਸਲ ਵਜੂਦ ਤੋਂ ਹੱਥ ਧੋ ਰਹੇ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਖਰੜਿਆਂ ਨੂੰ ਵਿੱਤ ਦੇਣ ਦਾ ਪ੍ਰਾਜੈਕਟ ਪੰਜਾਬ ਸਰਕਾਰ ਦੀ ਡਿੱਗਦੀ ਵਿੱਤੀ ਸਾਖ਼ ਕਾਰਨ ਅੱਧਵਾਟੇ ਘਿਰ ਰਿਹਾ ਹੈ।

ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਕਿਹਾ ਕਿ ਵਿਭਾਗ ਮਾਲੀ ਮਦਦ ਅਤੇ ਖਰੜਿਆਂ ਬਾਰੇ ਸੰਜੀਦਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: