ਖਾਸ ਖਬਰਾਂ » ਸਿੱਖ ਖਬਰਾਂ

ਲੰਗਰ: ਸ਼੍ਰੋਮਣੀ ਕਮੇਟੀ ਨੇ 7 ਮਹੀਨਿਆਂ ਵਿੱਚ ਲਗਭਗ 2 ਕਰੋੜ ਜੀਐਸਟੀ ਟੈਕਸ ਭਰਿਆ

February 10, 2018 | By

ਅੰਮ੍ਰਿਤਸਰ: ਭਾਰਤ ਦੀ ਮੋਦੀ ਸਰਕਾਰ ਵੱਲੋਂ ਜੀਐਸਟੀ ਲੈਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੁਲਾਈ 2017 ਤੋਂ ਲੈ ਕੇ ਹੁਣ ਤੱਕ ਲਗਭਗ 2 ਕਰੋੜ ਰੁਪਏ ਜੀਐਸਟੀ ਟੈਕਸ ਵਜੋਂ ਦੇਣਾ ਪਿਆ ਹੈ।

ਮਿਲੀ ਜਾਣਕਾਰੀ ਮੁਤਾਬਕ 1 ਜੁਲਾਈ 2017 ਤੋਂ ਲੈ ਕੇ 31 ਜਨਵਰੀ 2018 ਤੱਕ 7 ਮਹੀਨਿਆਂ ਵਿੱਚ ਸ਼੍ਰੋਮਣੀ ਕਮੇਟੀ ਨੇ ਗੁਰੂ ਘਰ ਦੇ ਲੰਗਰ ਦੇ ਸਾਮਾਨ, ਜਿਸ ਵਿੱਚ 4188 ਕੁਇੰਟਲ ਦੇਸੀ ਘਿਉ, 6210 ਕੁਇੰਟਲ ਖੰਡ, 1230 ਕੁਇੰਟਲ ਸੁੱਕਾ ਦੁੱਧ, 27240 ਸਿਲੰਡਰਾਂ ਤੋਂ ਇਲਾਵਾ ਰਿਫਾਇੰਡ ਤੇਲ, ਸਰ੍ਹੋਂ ਦਾ ਤੇਲ, ਮੋਟੀ ਲਾਚੀ, ਹਲਦੀ, ਜ਼ੀਰਾ, ਹਰੀ ਲੈਚੀ, ਚਾਹ ਪੱਤੀ, ਅਨਾਰਦਾਣਾ, ਧਣੀਆ, ਕਾਲੀ ਮਿਰਚ, ਮਗਜ਼, ਬੂਰਾ ਗਿਰੀ, ਸੌਂਫ, ਡੂੰਨੇ, ਪਤਲ ਆਦਿ ਵਸਤਾਂ ’ਤੇ ਕਰੀਬ 20 ਕਰੋੜ 17 ਲੱਖ ਰੁਪਏ ਖਰਚ ਕੀਤੇ ਗਏ ਹਨ।

ਇਸ ਵਿੱਚੋਂ ਲਗਭਗ 1 ਕਰੋੜ 89 ਲੱਖ 90 ਹਜ਼ਾਰ ਰੁਪਏ ਬਤੌਰ ਜੀਐਸਟੀ ਟੈਕਸ ਦਿੱਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਦੇਸੀ ਘਿਉ ’ਤੇ 12 ਫੀਸਦ ਜੀਐਸਟੀ ਅਤੇ ਸੁੱਕਾ ਦੁੱਧ, ਖੰਡ, ਰਿਫਾਇੰਡ, ਸਿਲੰਡਰ ਤੇ ਹੋਰ ਸਾਰੀਆਂ ਵਸਤਾਂ ’ਤੇ ਪੰਜ ਫੀਸਦ ਜੀਐਸਟੀ ਫੰਡ ਦਾ ਭੁਗਤਾਨ ਕੀਤਾ ਗਿਆ ਹੈ। ਸਿਰਫ ਦੇਸੀ ਘਿਉ ਦੀ ਖਰੀਦ ’ਤੇ ਹੀ ਡੇਢ ਕਰੋੜ ਰੁਪਏ ਟੈਕਸ ਦੇਣਾ ਪਿਆ ਹੈ ਜਦੋਂਕਿ ਸੁੱਕੇ ਦੁੱਧ ’ਤੇ 10 ਲੱਖ, ਖੰਡ ’ਤੇ 12 ਲੱਖ ਅਤੇ ਗੈਸ ਸਿਲੰਡਰ ’ਤੇ ਲਗਭਗ 9 ਲੱਖ ਰੁਪਏ ਟੈਕਸ ਦਾ ਭੁਗਤਾਨ ਕੀਤਾ ਗਿਆ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਲੰਗਰ ਦੀਆਂ ਵਸਤਾਂ ’ਤੇ ਪਿਛਲੇ ਵਰ੍ਹੇ ਜੁਲਾਈ ਤੋਂ ਲਗਾਤਾਰ ਟੈਕਸ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਸਿੱਖ ਸੰਸਥਾ ਵੱਲੋਂ ਤਿੰਨਾਂ ਤਖ਼ਤਾਂ ਸਮੇਤ ਇਤਿਹਾਸਕ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਵਿੱਚ ਵੀ ਸੰਗਤ ਵਾਸਤੇ ਲੰਗਰ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕਈ ਥਾਵਾਂ ’ਤੇ ਮੁਫਤ ਇਲਾਜ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਅਤੇ ਖਾਸ ਕਰਕੇ ਕੇਂਦਰੀ ਵਿੱਤ ਮੰਤਰੀ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਸਿੱਖ ਸੰਸਥਾ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਿਆਂ ਵਿੱਚ ਲੰਗਰ ਘਰਾਂ ਵਾਸਤੇ ਖਰੀਦੇ ਜਾਂਦੇ ਸਾਮਾਨ ਨੂੰ ਇਸ ਟੈਕਸ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਸੂਬਾ ਸਰਕਾਰ ਵੱਲੋਂ ਅਜਿਹੇ ਟੈਕਸ ਤੋਂ ਰਾਹਤ ਦਿੱਤੀ ਹੋਈ ਸੀ।

ਉਨ੍ਹਾਂ ਕਿਹਾ ਕਿ ਸਗੋਂ ਬੀਤੇ ਦਿਨੀਂ ਕੇਂਦਰੀ ਵਿੱਤ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਗੁਰਦੁਆਰਿਆਂ ਨੂੰ ਇਸ ਟੈਕਸ ਤੋਂ ਰਾਹਤ ਦਿੱਤੀ ਹੋਈ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਵਿੱਤ ਮੰਤਰੀ ਕੋਲੋਂ ਮੁਲਾਕਾਤ ਲਈ ਸਮੇਂ ਦੀ ਮੰਗ ਕੀਤੀ ਗਈ ਹੈ। ਜਦੋਂ ਵੀ ਮੁਲਾਕਾਤ ਹੋਵੇਗੀ, ਕੇਂਦਰੀ ਵਿੱਤ ਮੰਤਰੀ ਕੋਲ ਹੁਣ ਤੱਕ ਭੁਗਤਾਨ ਕੀਤੇ ਜੀਐਸਟੀ ਸਬੰਧੀ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਜਾਣਗੇ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: