ਸਿਆਸੀ ਖਬਰਾਂ » ਸਿੱਖ ਖਬਰਾਂ

ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਲਈ ਇੱਕ ਹਫਤੇ ਦਾ ਅਲਟੀਮੈਟਮ: ਜੀ.ਕੇ.

February 8, 2018 | By

ਨਵੀਂ ਦਿੱਲੀ: ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਲੀ ਪੁਲਿਸ ਹੈਡ ਕੁਆਟਰ ਦਾ ਘੇਰਾਊ ਕਰਨ ਦੇ ਮਕਸਦ ਨਾਲ ਬਹਾਦੁਰ ਸ਼ਾਹ ਜ਼ਫ਼ਰ ਮਾਰਗ ’ਤੇ ਰੋਸ਼ ਮਾਰਚ ਕੱਢਿਆ ਗਿਆ। ਆਈ.ਟੀ.ਓ. ਮੈਟਰੋ ਸਟੇਸ਼ਨ ਤੋਂ ਪਹਿਲਾਂ ਇੱਕਤਰ ਹੋਏ ਲੋਕਾਂ ਨੇ ਪੁਲਿਸ ਵੱਲੋਂ ਲਗਾਏ ਗਏ ਅੜੱਕਿਆਂ ਤੋਂ ਪਹਿਲਾ ਸੱਜਣ ਕੁਮਾਰ ਅਤੇ ਟਾਈਟਲਰ ਦੇ ਪੁੱਤਲਿਆ ਨੂੰ ਜੁੱਤਿਆਂ ਨਾਲ ਕੁਟਣ ਉਪਰੰਤ ਫੂਕ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਹੈਡਕੁਆਟਰ ਦੇ ਵੱਲ ਕੂਚ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀ ਜੋਰ ਸ਼ੋਰ ਨਾਲ ਨਾਹਰੇਬਾਜ਼ੀ ਕਰਦੇ ਹੋਏ ਦਿੱਲੀ ਪੁਲਿਸ ’ਤੇ ਟਾਈਟਲਰ ਨੂੰ ਬਚਾਉਣ ਦੇ ਆਰੋਪ ਲਗਾ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥ ਵਿੱਚ 100 ਸਿੱਖਾਂ ਨੂੰ ਮਾਰਨ ਦਾ ਕਬੂਲਨਾਮਾ-ਫਿਰ ਵੀ ਦਿੱਲੀ ਪੁਲਿਸ ਲਾਚਾਰ, ਟਾਈਟਲਰ ਨੂੰ ਗ੍ਰਿਫ਼ਤਾਰ ਕਰੋ, ਸੱਜਣ-ਟਾਈਟਲਰ ਨੂੰ ਫਾਂਸੀ ਦਿਓ ਅਤੇ 1984 ਸਿੱਖਾਂ ਦਾ ਕਤਲੇਆਮ ਸੀ, ਸਾਨੂੰ ਇਨਸਾਫ਼ ਦਿਓ ਵਰਗੇ ਨਾਹਰੇ ਲਿੱਖੀਆਂ ਤਖਤੀਆਂ ਹੱਥ ਵਿਚ ਫੜੀਆਂ ਹੋਈਆਂ ਸਨ।

ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਦਿੱਲੀ ਵਿੱਚ ਰੋਸ਼ ਮਾਰਚ ਕਰਦੇ ਹੋਏ।

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਟਾਈਟਲਰ ਦੀ ਗ੍ਰਿਫ਼ਤਾਰੀ ਤਕ ਲੜਾਈ ਨਹੀਂ ਰੁਕੇਗੀ। ਇਨਸਾਫ ਪ੍ਰਾਪਤੀ ਲਈ ਅਸੀਂ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹਾਂ। ਅਜੇ ਤਕ ਇਨਸਾਫ਼ ਦੇ ਨਾਂ ’ਤੇ ਸਾਨੂੰ ਸਿਰਫ਼ ਭਰੋਸੇ ਮਿਲੇ ਹਨ। ਜੇਕਰ ਹੁਣ ਵੀ ਸਬੂਤ ਮਿਲਣ ਦੇ ਬਾਵਜੂਦ ਦਿੱਲੀ ਪੁਲਿਸ ਟਾਈਟਲਰ ਨੂੰ ਬਚਾਉਣ ਦੀ ਕਾਰਵਾਈ ਕਰਦੀ ਹੈ ਤਾਂ ਵੀ ਹਰ ਹਾਲਾਤ ’ਚ ਇਨਸਾਫ਼ ਪ੍ਰਾਪਤੀ ਲਈ ਅਸੀਂ ਵੱਚਨਬੱਧ ਹਾਂ। ਜੀ.ਕੇ. ਨੇ ਸਾਫ਼ ਕਿਹਾ ਕਿ ਦਿੱਲੀ ਪੁਲਿਸ, ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਾਗੇ।

ਜੀ.ਕੇ. ਨੇ 9 ਫ਼ਰਵਰੀ ਨੂੰ ਰਾਹੁਲ ਗਾਂਧੀ ਦੇ ਘਰ ’ਤੇ ਪੀੜਿਤ ਪਰਿਵਾਰਾਂ ਦੇ ਬੱਚਿਆਂ ’ਤੇ ਵਿਧਵਾਵਾਂ ਵੱਲੋਂ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ। ਅਤੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿਰਫ਼ ਸੱਜਣ ਅਤੇ ਟਾਈਟਲਰ ਦੇ ਪੁੱਤਲੇ ਸਾੜ ਕੇ ਵਾਪਸ ਚਲੇ ਜਾਵਾਂਗੇ ਕੋਈ ਵੀ ਸਾਡਾ ਸਾਥੀ ਨਾ ਤੇ ਪੁਲਿਸ ਅੜੱਕਿਆਂ ਨੂੰ ਟੱਪਣ ਦੀ ਕੋਸ਼ਿਸ਼ ਕਰੇਗਾ ਅਤੇ ਨਾ ਹੀ ਮੈਟਰੋ ਸਟੇਸ਼ਨ ’ਚ ਦਾਖਿਲ ਹੋ ਕੇ ਮੈਟਰੋ ਨੂੰ ਰੋਕੇਗਾ। ਅੱਜ ਅਸੀਂ ਦਿੱਲੀ ਪੁਲਿਸ ਨੂੰ ਟਾਈਟਲਰ ਦੀ ਗ੍ਰਿਫ਼ਤਾਰੀ ਲਈ ਬੇਸ਼ਕ ਇੱਕ ਹਫ਼ਤੇ ਦਾ ਸਮਾਂ ਦੇ ਰਹੇ ਹਾਂ ਪਰ ਇਸ ਹਫ਼ਤੇ ਦੇ ਦੋਰਾਨ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।

ਜੀ.ਕੇ. ਨੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਸਭਾ ਵਿਚ 1984 ਕਤਲੇਆਮ ਬਾਰੇ ਦਿੱਤੇ ਗਏ ਬਿਆਨ ਦਾ ਸਵਾਗਤ ਕਰਦੇ ਹੋਏ ਪ੍ਰਧਾਨਮੰਤਰੀ ਨੂੰ ਬਿਆਨਬਾਜ਼ੀ ਦੇ ਨਾਲ ਹੀ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਢੁੱਕਵੇ ਕਾਰਜ ਕਰਨ ਦੀ ਵੀ ਸਲਾਹ ਦਿੱਤੀ। ਇਸ ਮੌਕੇ ਵੱਡੀ ਗਿਣਤੀ ’ਚ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਮੌਜੂਦ ਸਨ।

Related Topics: , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: