ਖਾਸ ਖਬਰਾਂ » ਸਿੱਖ ਖਬਰਾਂ

ਜਸਟਿਨ ਟਰੂਡੋ ਨੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ, ਗਿਆਨੀ ਗੁਰਬਚਨ ਸਿੰਘ ਅਤੇ ਬਾਬਾ ਹਰਨਾਮ ਸਿੰਘ ਨਾ ਦੇ ਸਕੇ ਸਿਰੋਪਾਉ

February 22, 2018 | By

ਅੰਮ੍ਰਿਤਸਰ: ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪਰਿਵਾਰ , 4 ਸਿੱਖ ਮੰਤਰੀਆਂ ਤੇ ਮੈਂਬਰ ਪਾਰਲੀਮੈਂਟ ਸਾਹਿਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ।ਉਹ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਲਈ ਵੀ ਪੁਜੇ ।ਸਚਖੰਡ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਮੁਚੇ ਟਰੂਡੋ ਪ੍ਰੀਵਾਰ ਤੇ ਸਿੱਖ ਮੰਤਰੀਆਂ ਨੂੰ ਸਿਰੋਪਾਉ,ਪਤਾਸਾ ਪ੍ਰਸ਼ਾਦਿ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਦਿਆਂ ਸਨਮਾਨਿਤ ਕੀਤਾ।

ਜਸਟਿਨ ਟਰੂਡੋ ਨੇ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਦੀ ਤਸਵੀਰ

ਜਸਟਿਨ ਟਰੂਡੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੱਥਾ ਟੇਕਣ ਵੀ ਗਏ ।ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦਰਮਿਆਨ ਤਾਲਮੇਲ ਦੀ ਘਾਟ ਕਾਰਣ ਗਿਆਨੀ ਗੁਰਬਚਨ ਸਿੰਘ ਵਲੋਂ ਜਸਟਿਨ ਟਰੂਡੋ ਨੂੰ ਦਿੱਤਾ ਜਾਣ ਵਾਲਾ ਸਿਰੋਪਾਉ ਤੇ ਸ੍ਰੀ ਸਾਹਿਬ ਹੱਥ ਵਿੱਚ ਹੀ ਫੜੇ ਰਹਿ ਗਏ।ਕੜਾਹ ਪ੍ਰਸ਼ਾਦਿ ਲੈਕੇ ਬਾਹਰ ਨਿਕਲਦਿਆਂ ਹੀ ਜਸਟਿਨ ਟਰੂਡੋ ਨੂੰ ਸਿਰੋਪਾਉ ਬਖਸ਼ਿਸ਼ ਕਰਨ ਲਈ ਅੱਗੇ ਆਏ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਨੇ ਅੱਗੇ ਵੱਧਣ ਤੋਂ ਰੋਕ ਦਿੱਤਾ।ਬਾਬਾ ਹਰਨਾਮ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਅੰਦਰ ਵੀ ਦਾਖਲ ਨਹੀ ਹੋਣ ਦਿੱਤਾ ਗਿਆ।

ਪੂਰੀ ਤਰ੍ਹਾਂ ਪੰਜਾਬੀ ਪਹਿਰਾਵੇ ਨਾਲ ਲੈਸ ਕਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗੋਰ ,ਵੱਡੇ ਬੇਟੇ ਜੇਵੀਅਰ ਗੇਮਜ਼,ਬੇਟੀ ਏਲੀ ਗਰੇਸ ਆਪਣੇ ਵਫਦ ਸਾਹਿਤ ਜਿਉਂ ਹੀ 11.45 ਵਜੇ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਪੁਜੇ ਤਾਂ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਉਨ੍ਹਾਂ ਨੂੰ ਅੱਗੇ ਹੋਕੇ ਜੀ ਆਇਆਂ ਕਿਹਾ।

ਬਾਦਲ ਦਲ ਦੇ ਪਰਧਾਨ ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਨੇ ਟਰੂਡੋ ਪਰਿਵਾਰ ਨੂੰ ਫੁੱਲਾਂ ਦੇ ਬੱੁਕੇ ਭੇਟ ਕਰਦਿਆਂ ਜੀ ਆਇਆ ਕਿਹਾ।ਜਸਟਿਨ ਟਰੂਡੋ ਜਿਉਂ ਹੀ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸਿਉਂ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਏ ਤਾਂ ਕੁਝ ਸਮੇਂ ਲਈ ਸਮੁਚਾ ਪ੍ਰੀਵਾਰ ਤੇ ਨਾਲ ਆਇਆ ਵਫਦ ਚੱੁਪ ਚਾਪ ਖਲੋਕੇ ਸਿੱਖ ਕੌਮ ਦੀ ਆਸਥਾ ਦੇ ਮਹਾਨ ਕੇਂਦਰੀ ਅਸਥਾਨ ਨੂੰ ਸ਼ਰਧਾ ਸਾਹਿਤ ਨਿਹਾਰਦਾ ਨਜਰ ਆਇਆ।ਇਥੋਂ ਪਰਿਵਾਰ ਸਿੱਧਾ ਸ੍ਰੀ ਗੁਰੂ ਰਾਮਦਾਸ ਲੰਗਰ ਪੁਜਾ ਜਿਥੇ ਉਨ੍ਹਾਂ ਆਟੇ ਦੇ ਪੇੜੇ ਕਰਨ ਅਤੇ ਫੁਲਕੇ ਵੇਲਣ ਦੀ ਸੇਵਾ ਨਿਭਾਈ ।ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਚਲਦਿਆਂ ਉਹ ਬਾਰ ਬਾਰ ਦੋਨੋ ਹੱਥ ਜੋੜਕੇ ਸੰਗਤਾਂ ਦੇ ਪਿਆਰ ਸਤਿਕਾਰ ਨੂੰ ਹੁੰਗਾਰਾ ਭਰਦੇ ਰਹੇ ।

ਜਿਉਂ ਹੀ ਜਸਟਿਨ ਟਰੂਡੋ ਤੇ ਪ੍ਰੀਵਾਰ ਦਰਸ਼ਨੀ ਡਿਊੜੀ ਰਾਹੀਂ ਸਚਖੰਡ ਵੱਲ ਵਧਣੇ ਸ਼ੁਰੂ ਹੋਏ ਤਾਂ ਹਜੂਰੀ ਰਾਗੀ ਜਥਾ ‘ਆਵਹੁ ਸਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ’ਦੀ ਸਥਾਈ ਨਾਲ ਗੁਰ ਸ਼ਬਦ ਦਾ ਰਸਭਿੰਨਾ ਕੀਰਤਨ ਕਰ ਰਿਹਾ ਸੀ।ਪਰਿਵਾਰ ਨੇ ਬੜੀ ਹੀ ਸ਼ਰਧਾ ਸਾਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲਾ ਭੇਟ ਕੀਤਾ,ਉਪਰੰਤ ਬੈਠ ਕੇ ਤੇ ਫਿਰ ਸਿਰ ਜਮੀਨ ਤੇ ਰੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕਿਆ।ਸ੍ਰੀ ਦਰਬਾਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੁਰਾਂ ਨੇ ਜਸਟਿਨ ਟਰੂਡੋ ,ਉਨ੍ਹਾਂ ਦੀ ਧਰਮ ਪਤਨੀ,ਦੋਨਾਂ ਬੱਚਿਆਂ,ਚਾਰੇ ਸਿੱਖ ਮੰਤਰੀਆਂ ਨੂੰ ਸਿਰੋਪਾਉ,ਫੱੁਲਾਂ ਦੇ ਹਾਰ,ਗੁਲਦਸਤੇ ਅਤੇ ਪਤਾਸਾ ਪ੍ਰਸ਼ਾਦਿ ਨਾਲ ਸਨਮਾਨਿਤ ਕੀਤਾ।

ਕੜਾਹ ਪਰਸ਼ਾਦਿ ਵਾਲੀ ਬਾਹੀ ਪਾਸਿਉਂ ਬਾਹਰ ਆੳਂੁਦਿਆਂ ਜਿਉਂ ਹੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜਸਟਿਨ ਟਰੂਡੋ ਨੂੰ ਸਿਰੋਪਾਉਣ ਦੇਣ ਲਈ ਅੱਗੇ ਵਧੇ ਤਾਂ ਪਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਨੇ ਉਨ੍ਹਾਂ ਦਾ ਰਾਹ ਰੋਕ ਲਿਆ।ਬਾਬਾ ਹਰਨਾਮ ਸਿੰਘ ਬਾਰ ਬਾਰ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਨੂੰ ਪੁਕਾਰਦੇ ਰਹੇ ਲੇਕਿਨ ਕਿਸੇ ਨੇ ਉਨ੍ਹਾਂ ਵੱਲ ਧਿਆਨ ਹੀ ਨਹੀ ਦਿੱਤਾ।ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੁਜਕੇ ਪ੍ਰੀਵਾਰ ਨੇ ਇੱਕ ਵਾਰ ਫਿਰ ਸਿਰ ਝੁਕਾ ਕੇ ਮੱਥਾ ਟੇਕਿਆ।ਤਖਤ ਸਾਹਿਬ ਦੀ ਫਸੀਲ ਤੇ ਮੌਜੂਦ ਗਿਆਨੀ ਗੁਰਬਚਨ ਸਿੰਘ ਨੇ ਤੁਰੰਤ ਖਲੋ ਕੇ ਹੱਥ ਵਿੱਚ ਸਿਰੋਪਾਉ ਤੇ ਸਿਰੀ ਸਾਹਿਬ ਜਸਟਿਨ ਟਰੂਡੋ ਨੂੰ ਦੇਣ ਲਈ ਸੰਭਾਲੀ ਲੇਕਿਨ ਤਦ ਤੀਕ ਪਰਧਾਨ ਮੰਤਰੀ ਦਾ ਕਾਫਲਾ ਅੱਗੇ ਵੱਧ ਚੱੁਕਾ ਸੀ।ਬਾਬਾ ਹਰਨਾਮ ਸਿੰਘ ਖਾਲਸਾ ਨੇ ਵਾਰ ਸੂਚਨਾ ਕੇਂਦਰ ਦੇ ਪਰਕਰਮਾ ਵਿੱਚ ਖੁਲਦੇ ਦਰਵਾਜੇ ਤੀਕ ਪੁਜਕੇ ਸੁਖਬੀਰ ਬਾਦਲ ਨੂੰ ਅਵਾਜ ਲਗਾਈ ਲੇਕਿਨ ਇਸ ਵਾਰ ਵੀ ਕਿਸੇ ਨੇ ਉਨ੍ਹਾਂ ਨੂੰ ਟਰੂਡੋ ਦੇ ਨੇੜੇ ਨਹੀ ਜਾਣ ਦਿੱਤਾ।

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੁਖਬੀਰ ਬਾਦਲ,ਲੋਂਗੋਵਾਲ ਅਤੇ ਜੀ.ਕੇ. ਨੇ ਸਾਂਝੇ ਤੌਰ ਤੇ ਜਸਟਿਨ ਟਰੂਡੋ ਨੂੰ ਸਿਰੋਪਾਉ , ਲੋਈ, ਸ੍ਰੀ ਦਰਬਾਰ ਸਾਹਿਬ ਦਾ 24 ਕੈਰੈਟ ਸੋਨੇ ਨਾਲ ਤਿਆਰ ਮਾਡਲ, ਇਕ ਗੋਲਡਨ ਤਸਵੀਰ ਤੇ ਧਾਰਮਿਕ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ। ਜਿਉਂ ਮੈਡਮ ਸੋਫੀ ਗ੍ਰੇਗੋਰ ਨੂੰ ਸਨਮਾਨਿਤ ਕਰਨ ਉਪਰੰਤ ਜਸਟਿਨ ਦੇ ਵੱਡੇ ਬੇਟੇ ਜੇਵੀਅਰ ਗੇਮਜ਼ ਤੇ ਬੇਟੀ ਏਲੀ ਗਰੇਸ ਨੂੰ ਬਕਾਇਦਾ ਦਰਬਾਰ ਸਾਹਿਬ ਦੇ ਛੋਟੇ ਮਾਡਲ ਭੇਟ ਕੀਤੇ ਗਏ ਤਾਂ ਅਵਾਜ ਆਈ ਇੱਕ ਛੋਟਾ ਮਾਡਲ ਹੋਰ ਦਿਉ, ਪ੍ਰੀਵਾਰ ਦਾ ਸਭਤੋਂ ਛੋਟਾ ਜੀਅ ਤਬੀਅਤ ਠੀਕ ਨਾ ਹੋਣ ਕਾਰਣ ਹੋਟਲ ਵਿੱਚ ਆਰਾਮ ਕਰ ਰਿਹੈ ਹੈ।

ਇਸਤੋਂ ਪਹਿਲਾਂ ਪਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁਜਣ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ,ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨਵਜੋਤ ਸਿੱਧੂ ,ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਕਮਿਸ਼ਨਰ ਪੁਲਿਸ ਨੇ ਨਿੱਘਾ ਸਵਾਗਤ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,