ਖਾਸ ਖਬਰਾਂ » ਸਾਹਿਤਕ ਕੋਨਾ » ਸਿੱਖ ਖਬਰਾਂ

ਖ਼ਾਲਸਾ ਕਾਲਜ ਦੀ ਸਿੱਖ ਇਤਿਹਾਸ ਲਾਇਬਰੇਰੀ ਵਿੱਚ ਪਏ ਦਸਤਾਵੇਜ਼ ਅਤੇ ਹੱਥ ਲਿਖਤ ਖਰੜੇ ਨੂੰ ਡਿਜੀਟਲਾਈਜ਼ ਕਰਨ ਦਾ ਕੰਮ ਮੁਕੰਮਲ

February 11, 2018 | By

ਅੰਮ੍ਰਿਤਸਰ: ਖ਼ਾਲਸਾ ਕਾਲਜ ਦੀ 87 ਸਾਲ ਪੁਰਾਤਨ ਸਿੱਖ ਇਤਿਹਾਸ ਲਾਇਬਰੇਰੀ ਵਿੱਚ ਅਨਮੋਲ ਦਸਤਾਵੇਜ਼, ਕਿਤਾਬਾਂ ਤੇ ਸਿੱਖ ਗੁਰੂਆਂ ਦੇ ਹੱਥ ਲਿਖਤ ਖਰੜਿਆਂ ਨੂੰ ਡਿਜੀਟਲਾਈਜ਼ੇਸ਼ਨ ਰਾਹੀਂ ਸੰਭਾਲਣ ਦਾ ਕਾਰਜ ਮੁਕੰਮਲ ਹੋ ਗਿਆ ਹੈ।

ਇਸ ਲਾਇਬ੍ਰੇਰੀ ਦੀ ਸਥਾਪਨਾ 1930 ਈਸਵੀ ਵਿੱਚ ਹੋਈ ਸੀ ਜਿਸ ਵਿੱਚ 6274 ਕਿਤਾਬਾਂ ਹਨ, ਜਿਨ੍ਹਾਂ ਵਿੱਚ 16ਵੀਂ ਅਤੇ 17ਵੀਂ ਸਦੀ ਦੀਆਂ ਅੰਗਰੇਜ਼ੀ, ਪਾਰਸੀ, ਸੰਸਕ੍ਰਿਤ ਅਤੇ ਉਰਦੂ ’ਚ 442 ਤੋਂ ਵੱਧ ਕਿਤਾਬਾਂ ਹਨ। ਇੱਥੇ ਸਿੱਖ ਇਤਿਹਾਸ ਨਾਲ ਸਬੰਧਤ ਮਿਊਜ਼ੀਅਮ ਵੀ ਹੈ, ਜਿਸ ਵਿੱਚ ਸਿੱਖ ਜੰਗਾਂ ਅਤੇ ਇਤਿਹਾਸ ਨਾਲ ਸਬੰਧਤ ਹੋਰ ਘਟਨਾਵਾਂ ਦੇ ਸਬੂਤ ਸੰਭਾਲੇ ਹਨ। ਮਿਊਜ਼ੀਅਮ ਦੀ ਦੇਖਭਾਲ ਸਿੱਖ ਹਿਸਟਰੀ ਰਿਸਰਚ ਵਿਭਾਗ ਵੱਲੋਂ ਕੀਤੀ ਜਾਂਦੀ ਹੈ।

ਸ੍ਰੀ ਦਰਬਾਰ ਸਾਹਿਬ ’ਤੇ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸਿੱਖ ਰੈਫਰੈਂਸ ਲਾਇਬਰੇਰੀ ਦੇ ਅਗਨ ਭੇਂਟ ਹੋਣ ਤੋਂ ਬਾਅਦ ਸਿੱਖ ਇਤਿਹਾਸ ਨਾਲ ਸਬੰਧਤ ਦਸਤਾਵੇਜ਼ ਤੇ ਖਰੜੇ ਹੁਣ ਸਿਰਫ਼ ਖ਼ਾਲਸਾ ਕਾਲਜ ਦੀ ਲਾਇਬਰੇਰੀ ਵਿੱਚ ਹੀ ਮੌਜੂਦ ਹਨ।

ਖ਼ਾਲਸਾ ਕਾਲਜ, ਅੰਮ੍ਰਿਤਸਰ

ਇਸੇ ਤਰ੍ਹਾਂ 1930 ਤੋਂ ਹੁਣ ਤਕ ਟ੍ਰਿਿਬਊਨ ਅਖ਼ਬਾਰ ਦੀਆਂ ਕਾਪੀਆਂ ਤੇ ਪੰਜਾਬੀ ਦੇ ਬਹੁਤ ਸਾਰੇ ਮੈਗਜ਼ੀਨ ਵੀ ਸੰਭਾਲੇ ਹੋਏ ਹਨ। ਇੱਥੇ 43 ਦੁਰਲੱਭ ਪੁਸਤਕਾਂ ਵੀ ਹਨ, ਜਿਹੜੀਆਂ 1833 ਤੋਂ 1900 ਈਸਵੀ ਤਕ ਛਪੀਆਂ ਹਨ। ਇੱਥੇ 1742 ਤੋਂ 1899 ਤਕ ਛਪੀਆਂ ਅੰਗਰੇਜ਼ੀ ਭਾਸ਼ਾ ਵਿੱਚ 442 ਕਿਤਾਬਾਂ ਮੌਜੂਦ ਹਨ। ਲਾਇਬਰੇਰੀ ਵੱਲੋਂ 23 ਪੁਸਤਕਾਂ ਦਾ ਪ੍ਰਕਾਸ਼ਨ ਵੀ ਕੀਤਾ ਗਿਆ ਹੈ।

ਸਿੱਖ ਇਤਿਹਾਸ ਦੇ ਦਸਤਾਵੇਜ਼ਾਂ ਤੋਂ ਇਲਾਵਾ ਇੱਥੇ ਮਹਾਰਾਜਾ ਰਣਜੀਤ ਸਿੰਘ ਕਾਲ, ਖ਼ਾਲਸਾ ਆਰਮੀ ਅਤੇ ਅੰਗਰੇਜ਼ਾਂ ਨਾਲ ਹੋਏ ਯੁੱਧ ਨਾਲ ਸਬੰਧਤ ਬਹੁਤ ਸਾਰੀ ਲਿਖਤੀ ਸਮੱਗਰੀ ਅਤੇ ਪੁਰਾਣੇ ਹਥਿਆਰ ਵੀ ਪਏ ਹਨ। ਲਾਇਬਰੇਰੀ ਵਿੱਚ 590 ਖਰੜੇ ਮੌਜੂਦ ਹਨ, ਜਿਨ੍ਹਾਂ ਵਿੱਚ 287 ਪੰਜਾਬੀ, 42 ਉਰਦੂ, 9 ਸੰਸਕ੍ਰਿਤ, 207 ਪਾਰਸੀ ਅਤੇ 45 ਅੰਗਰੇਜ਼ੀ ਭਾਸ਼ਾ ਵਿੱਚ ਹਨ।

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਪੁਰਾਤਨ ਅਖ਼ਬਾਰਾਂ, ਹੱਥਲਿਖਤ ਖਰੜੇ, ਦੁਰਲੱਭ ਪੁਸਤਕਾਂ ਦੇ ਕਰੀਬ ਤਿੰਨ ਤਿੰਨ ਲੱਖ ਸਫਿਆਂ ਦੀ ਡਿਜੀਟਲਾਈਜ਼ੇਸ਼ਨ ਦੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਇਤਿਹਾਸ ਵਿਭਾਗ ਦੀ ਇਸ ਲਾਇਬਰੇਰੀ ਦੇ ਸੰਚਾਲਕ ਡਾ. ਕੁਲਦੀਪ ਸਿੰਘ ਹਨ।

ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਹੀ ਵਿਿਦਆਰਥੀ ਲਾਇਬਰੇਰੀ ਵਿੱਚ ਰੱਖੇ ਬਹੁਮੁੱਲੇ ਦਸਤਾਵੇਜ਼ਾਂ ਨੂੰ ਆਪਣੇ ਖੋਜ ਪੱਤਰ ਲਿਖਣ ਲਈ ਵਰਤਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ, ’ਚ ਕੁਝ ਅਜਿਹੇ ਦਸਤਾਵੇਜ਼ ਵੀ ਹਨ, ਜਿਹੜੇ ਦੁਨੀਆਂ ਵਿੱਚ ਕਿਤੇ ਹੋਰ ਨਹੀਂ ਮਿਲਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,