ਸਿੱਖ ਖਬਰਾਂ

ਦਰਬਾਰ ਸਾਹਿਬ ਦੀ ਨਕਲ ‘ਤੇ ਇਮਾਰਤ ਬਣਾਉਣ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਢਿੱਲ-ਮੱਠ ਵਿਰੁਧ ਸੰਘਰਸ਼ ਦੀ ਚੇਤਾਨਵੀ

February 10, 2018 | By

ਸੰਗਰੂਰ: ਮਸਤੂਆਣਾ ਵਿਖੇ ਦਰਬਾਰ ਸਾਹਿਬ ਦੀ ਨਕਲ ‘ਤੇ ਤਿਆਰ ਕੀਤੀ ਜਾ ਰਹੀ ਇਕ ਇਮਾਰਤ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੋ.ਗੁ.ਪ੍ਰ.ਕ.) ਇਕ ਵਾਰ ਮੁੜ ਠੋਸ ਕਾਰਵਾਈ ਨਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਇਸ ਇਮਾਰਤ ਬਾਰੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਆਵਾਜ਼ ਚੁੱਕਣ ਵਾਲੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਪਰਸ਼ੋਤਮ ਸਿੰਘ ਫੱਗੂਵਾਲਾ ਨੇ ਸ੍ਰੋ.ਗੁ.ਪ੍ਰ.ਕ. ਵੱਲੋਂ ਮੁੜ ਬਣਾਈ ਗਈ ਜਾਂਚ ਕਮੇਟੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਨਾਕਾਫੀ ਦੱਸਦਿਆਂ ਮੁੜ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।

ਵਿਚਾਰ/ਲੇਖ:ਮਾਲਵੇ ਸਿੱਖ ਦਰਬਾਰ ਸਾਹਿਬ ਦੀ ਨਕਲ ‘ਤੇ ਉਸਾਰੀ ਜਾ ਰਹੀ ਇਮਰਾਤ ਦਾ ਮਸਲਾ ਅਤੇ ਸ਼੍ਰੋਮਣੀ ਕਮੇਟੀ (ਲੇਖਕ: ਸ. ਸੁਖਦੇਵ ਸਿੰਘ ਭੌਰ)

ਜ਼ਿਕਰਯੋਗ ਹੈ ਕਿ ਕਰੀਬ ਤਿੰਨ ਹਫ਼ਤੇ ਪਹਿਲਾਂ ਪਰਸ਼ੋਤਮ ਸਿੰਘ ਫੱਗੂਵਾਲਾ ਨੇ ਅਕਾਲ ਤਖਤ ਵੱਲੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਾਉਣ ਦੀ ਮੰਗ ਸਬੰਧੀ 20 ਜਨਵਰੀ ਨੂੰ ਭਵਾਨੀਗੜ੍ਹ ਵਿੱਚ ਮਰਨ ਵਰਤ ਸ਼ੁਰੂ ਕੀਤਾ ਸੀ। ਸ੍ਰੋ.ਗੁ.ਪ੍ਰ.ਕ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਸੀ, ਜਿਸ ਮਗਰੋਂ 24 ਜਨਵਰੀ ਨੂੰ ਜਾਂਚ ਕਮੇਟੀ ਨੇ ਪਰਸ਼ੋਤਮ ਸਿੰਘ ਫੱਗੂਵਾਲਾ ਦਾ ਮਰਨ ਵਰਤ ਖ਼ਤਮ ਕਰਵਾਇਆ ਸੀ।

ਸਾਲ 2015 ਵਿਚ ਸ਼੍ਰੋ. ਗੁ. ਪ੍ਰ. ਕ. ਦੀ ਜਾਂਚ ਕਮੇਟੀ ਵੱਲੋਂ ਦਰਬਾਰ ਸਾਹਿਬ ਦੀ ਨਕਲ ਕਰਦਿਆਂ ਬਣਾਈ ਜਾ ਰਹੀ ਇਮਾਰਤ ਦੀ ਜਾਂਚ-ਪੜਤਾਲ ਕੀਤੇ ਜਾਣ ਦੀ ਇਕ ਪੁਰਾਣੀ ਤਸਵੀਰ

ਖਬਰਾਂ ਅਨੁਸਾਰ ਜਾਂਚ ਕਮੇਟੀ ’ਚ ਸ਼ਾਮਲ ਚਾਰ ਮੈਂਬਰਾਂ ਵੱਲੋਂ 27 ਜਨਵਰੀ ਨੂੰ ਇੱਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿੱਚ ਮੀਟਿੰਗ ਕਰਕੇ ਇਸ ਮਾਮਲੇ ’ਤੇ ਚਰਚਾ ਕੀਤੀ ਗਈ। ਉਸੇ ਦਿਨ ਸਮੁੱਚੇ ਹਾਲਾਤ ਦਾ ਜਾਇਜ਼ਾ ਲੈਣ ਲਈ 6 ਫਰਵਰੀ ਨੂੰ ਮਸਤੂਆਣਾ ਸਾਹਿਬ ਵਿੱਚ ਦੌਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜੋ ਬਾਅਦ ’ਚ ਮੁਲਤਵੀ ਕਰ ਦਿੱਤਾ ਗਿਆ। ਖਬਰਾਂ ਹਨ ਕਿ ਇਲਾਕੇ ਦੇ ਕੁਝ ਪਿੰਡਾਂ ਦੇ ਲੋਕ ਨੇ ਇਕੱਠ ਕਰਕੇ ਇਹ ਐਲਾਨ ਕੀਤਾ ਹੈ ਕਿ ਇਸ ਇਮਾਰਤ ਦੀ ਦਿੱਖ ਬਦਲਣ ਲਈ ਪਹਿਲਾਂ ਕੀਤੀ ਜਾ ਚੁੱਕੀ ਤਬਦੀਲੀ ਤੋਂ ਵੱਧ ਹੋਰ ਤਬਦੀਲੀ ਨਹੀਂ ਕੀਤੀ ਜਾ ਸਕਦੀ।

ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸ੍ਰੋ.ਗੁ.ਪ੍ਰ.ਕ. ਦੀ ਜਾਂਚ ਕਮੇਟੀ ਦੀ ਢਿੱਲੀ ਕਾਰਵਾਈ ’ਤੇ ਸਵਾਲ ਕਰਦਿਆਂ ਕਿਹਾ ਹੈ ਕਿ ਜਾਂਚ ਕਮੇਟੀ ਵੱਲੋਂ ਦੋ ਵਾਰ ਇਕੱਤਰਤਾ ਚੁੱਕੀ ਹੈ ਪਰ ਮਾਮਲਾ ਉਥੇ ਦਾ ਉਥੇ ਹੈ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਵੀ ਪ੍ਰਸ਼ੋਤਮ ਸਿੰਘ ਫੱਗੂਵਾਲਾ ਸੰਘਰਸ਼ ਕਰਨ ‘ਤੇ ਸ੍ਰੋ.ਗੁ.ਪ੍ਰ.ਕ. ਨੇ ਇਕ ਅਜਿਹੀ ਹੀ ਜਾਂਚ ਕਮੇਟੀ ਬਣਾਈ ਸੀ ਪਰ ਕਮੇਟੀ ਨੇ ਫੱਗੂਵਾਲਾ ਦਾ ਸੰਘਰਸ਼ ਖਤਮ ਕਰਵਾ ਕੇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: