ਸਿਆਸੀ ਖਬਰਾਂ

ਕੈਪਟਨ ਵੱਲੋਂ ਕੈਨੇਡੀਅਨ ਸਿੱਖ ਮੰਤਰੀਆਂ ਦੀ ਆਲੋਚਨਾ ਕਰਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨਾ ਮੰਦਭਾਗਾ

February 12, 2018 | By

ਚੰਡੀਗੜ੍ਹ: ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਬੇਲੋੜਾ ਤੇ ਬੇਵਕਤਾ ਵਿਵਾਦ ਉਭਾਰ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਵਫਦ ਵਿਚ ਸ਼ਾਮਲ ਕੈਨੇਡੀਅਨ ਸਿੱਖ ਮੰਤਰੀਆਂ ਦੀ ਆਲੋਚਨਾ ਕਰ ਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੰਦਭਾਗੀ ਕਾਰਵਾਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਸੈਕਟਰ 28, ਚੰਡੀਗੜ੍ਹ) ਵਿਖੇ ਸਿੱਖ ਵਿਚਾਰ ਮੰਚ ਦੇ ਵੱਖ-ਵੱਖ ਖੇਤਰਾਂ ਦੇ ਮਾਹਰ ਵਿਚਾਰਵਾਨਾਂ ਦੀ ਇਕੱਤਰਤਾ ਵਿਚ ਬੁਲਾਰਿਆਂ ਨੇ ਕਿਹਾ ਕਿ ਜਦੋਂ ਕੇਂਦਰੀ ਸਰਕਾਰ ਨੂੰ ਵਫਦ ਵਿਚ ਆ ਰਹੇ ਸਿੱਖ ਮੰਤਰੀਆਂ ‘ਤੇ ਕੋਈ ਇਤਰਾਜ ਨਹੀਂ ਤਾਂ ਅਮਰਿੰਦਰ ਸਿੰਘ ਕਿਉਂ ਐਵੇਂ ਮੀਨ-ਮੇਖ ਕਰ ਰਹੇ ਹਨ?

ਉਨ੍ਹਾਂ ਕਿਹਾ ਕਿ ਅਸਲ ਵਿਚ ਅਜਿਹੀ ਬਿਆਨਬਾਂਜ਼ੀ ਕਰ ਕੇ ਕੈਪਟਨ ਨੇ ਸਿੱਖਾਂ ਨੂੰ ਹਿੰਦੂਵਾਦੀ ਤਾਕਤਾਂ ਦੀ ਤਰਜ ‘ਤੇ ਦੇਸ਼ ਵਿਰੋਧੀ ਅਤੇ ਦੇਸ਼ ਧਰੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਭੁੱਲ ਗਿਆ ਕਿ ਉਸਨੂੰ ਤੇ ਕਾਂਗਰਸ ਨੂੂੰ ਪੰਜਾਬ ਦੀ 2017 ਅਸੈਂਬਲੀ ਚੋਣ ਵਿਚ ਵੱਡੀ ਜਿੱਤ ਸਿੱਖਾਂ ਦੀ ਬਦੌਲਤ ਹੋਈ ਹੈ।

ਪੰਜਾਬ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ (ਖੱਬੇ) | ਕਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਸੱਜੇ) | [ਪੁਰਾਣੀਆਂ ਤਸਵੀਰਾਂ]

ਕੈਪਟਨ ਇਸ ਸਚਾਈ ਨੂੰ ਵੀ ਅੱਖੋਂ ਪਰੋਖੇ ਕਰ ਰਹੇ ਹਨ ਕਿ ਸਿੱਖ ਪੰਥ ਨਾਲ ਸਬੰਧਤ ਕੈਨੇਡਾ ਵਿਚ 18 ਐਮ.ਪੀ. ਪਾਰਲੀਮੈਂਟ ਵਿਚ ਜਿੱਤੇ ਹਨ, 17 ਐਮ.ਪੀ. ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਰਕਾਰ ਵਿਚ ਸ਼ਾਮਲ ਹਨ ਅਤੇ ਚਾਰ ਸਿੱਖ ਮੰਤਰੀ ਵੀ ਹਨ। ਦੂਜੇ ਪਾਸੇ ਭਾਰਤੀ ਸਰਕਾਰ ਵਿਚ ਸਿੱਖਾਂ ਦੀ ਨਿਗੂਣੀ ਜਿਹੀ ਭਾਈਵਾਲੀ ਵੀ ਨਹੀਂ, ਸਗੋਂ ਸਿੱਖ ਘੱਟ ਗਿਣਤੀ ਲੰਬੇ ਸਮੇਂ ਤੋਂ ਭਾਰਤ ਵਿਚ ਧਾਰਮਿਕ, ਸੱਭਿਆਚਾਰਕ ਅਤੇ ਸਿਆਸੀ ਧੱਕੇਸ਼ਾਹੀ ਝੱਲ ਰਹੀ ਹੈ।

ਵਿਚਾਰਵਾਨਾਂ ਨੇ ਕੈਪਟਨ ਨੂੰ ਇਹ ਵੀ ਯਾਦ ਕਰਵਾਇਆ ਕਿ ਕੈਨੇਡਾ ਇਕ ਬਹੁ ਸੱਭਿਆਚਾਰਕ ਅਤੇ ਬਹੁ ਧਰਮੀ ਮੁਲਕ ਹੈ ਜਿਥੇ ਕਿਸੇ ਧਾਰਮਿਕ/ਸੱਭਿਆਚਾਰਕ ਭਾਈਚਾਰੇ ਵੱਲੋਂ ਉਠਾਈ ਸਵੈ ਨਿਰਣੈ ਦੀ ਮੰਗ ਨੂੰ ਜੁਰਮ ਨਹੀਂ ਸਮਝਿਆ ਜਾਂਦਾ। ਕਿਊਬਿਕ ਸੂਬੇ ਵਿਚ ਥੋੜ੍ਹਾ ਚਿਰ ਪਹਿਲਾਂ ਕਰਾਏ ਗਏ ‘ਰਿਫਰੈਂਡਮ’ ਇਸ ਦੀ ਉਦਾਹਰਣ ਹੈ।

ਇਸ ਦੇ ਨਾਲ ਹੀ ਭਾਰਤੀ ਸੁਪਰੀਮ ਕੋਰਟ ਦੀ ਰੂਲੰਿਗ ਹੈ ਕਿ ਆਤਮ_ਨਿਰਣੈ ਦੀ ਮੰਗ ਕੋਈ ਦੇਸ਼ ਧਰੋਹੀ ਜੁਰਮ ਨਹੀਂ। ਇਕ ਮਤੇ ਰਾਹੀਂ ਇਕੱਤਰਤਾ ਨੇ ਕਿਹਾ ਕਿ ਕੈਪਟਨ ਇੰਦਰਾ ਗਾਂਧੀ ਦੀ ਤਰਜ ਤੇ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਰਾਹ ਤੁਰਿਆ ਹੋਇਆ ਹੈ ਜੋ ਬੇਲੋੜੇ ਬਿਆਨ ਦੇ ਕੇ ਸਿਆਸੀ ਨਾਦਾਨਗੀ ਦਾ ਪ੍ਰਗਟਾਵਾ ਕਰ ਰਿਹਾ ਹੈ।

ਇਸ ਇਕੱਤਰਤਾ ਵਿਚ ਅਮਰ ਸਿੰਘ ਚਾਹਲ, ਜਗਦੇਵ ਸਿੰਘ ਸੋਢੀ, ਜਸਪਾਲ ਸਿੰਘ ਸਿੱਧੂ, ਗੁਰਦਰਸੳਨ ਸਿੰਘ ਢਿੱਲੋਂ, ਬੀਰੇਂਦਰਾ ਕੌਰ, ਖੁਸੳਹਾਲ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਸਿੰਘ, ਗੁਰਤੇਜ ਸਿੰਘ, ਕਰਤਾਰ ਸਿੰਘ ਗੋਸੳਟੀ ਆਦਿ ਸ਼ਾਮਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,