ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਖਾਲਿਸਤਾਨ ਵਿਰੋਧੀ ਮਤੇ ਦੀ ਪੇਸ਼ਕਸ਼ ਕਰਨ ਵਾਲੇ ਕਨੇਡੀਅਨ ਐਮ.ਪੀ ਦਾ ‘ਖਾਲਸਾ ਡੇਅ ਪਰੇਡ’ ਸੱਦਾ ਰੱਦ

March 9, 2018 | By

ਚੰਡੀਗੜ੍ਹ: ਪੰਜਾਬ ਤੋਂ ਬਾਅਦ ਹੁਣ ਖਾਲਿਸਤਾਨ ਦਾ ਰੰਗ ਕੈਨੇਡਾ ਦੀ ਰਾਜਨੀਤੀ ‘ਤੇ ਵੀ ਪੂਰੀ ਤਰ੍ਹਾਂ ਚੜ੍ਹਦਾ ਨਜ਼ਰ ਆ ਰਿਹਾ ਹੈ। ਕੈਨੇਡਾ ਦੀ ਪਾਰਲੀਮੈਂਟ ਵਿਚ ਖਾਲਿਸਤਾਨ ਦੀ ਅਜ਼ਾਦੀ ਲਈ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਅਤੇ ਸੰਯੁਕਤ ਭਾਰਤ ਦੇ ਹੱਕ ਵਿਚ ਮਤਾ ਲਿਆਉਣ ਦੀ ਪੇਸ਼ਕਸ਼ ਕਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ ਦੀਪਕ ਔਬਰਾਏ ਨੂੰ ਵਿਸਾਖੀ ਦੇ ਦਿਹਾੜੇ ਮੌਕੇ ਹੁੰਦੀ ਖਾਲਸਾ ਡੇਅ ਪਰੇਡ (ਨਗਰ ਕੀਰਤਨ) ਵਿਚ ਸ਼ਾਮਿਲ ਹੋਣ ਲਈ ਭੇਜਿਆ ਸੱਦਾ ਗੁਰਦੁਆਰਾ ਦਸ਼ਮੇਸ਼ ਕਲਚਰਲ ਸੁਸਾਇਟੀ ਵਲੋਂ ਵਾਪਿਸ ਲੈ ਲਿਆ ਗਿਆ ਹੈ।

ਜਿਕਰਯੋਗ ਹੈ ਕਿ ਕੈਨੇਡਾ ਦੇ ਸਿੱਖਾਂ ਵਲੋਂ ਦਰਜ ਕਰਾਏ ਗਏ ਭਾਰੀ ਵਿਰੋਧ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਇਹ ਮਤਾ ਪਾਰਲੀਮੈਂਟ ਵਿਚ ਲਿਆਉਣ ਦਾ ਆਪਣਾ ਫੈਂਸਲਾ ਵਾਪਿਸ ਲੈ ਲਿਆ ਸੀ।

ਦੀਪਕ ਔਬਰਾਏ

ਵਿਸਾਖੀ ਦੇ ਦਿਹਾੜੇ ‘ਤੇ ਕੈਨੇਡਾ ਦੇ ਹਜ਼ਾਰਾਂ ਸਿੱਖ ਨਗਰ ਕੀਰਤਨ ਵਿਚ ਸ਼ਾਮਿਲ ਹੁੰਦੇ ਹਨ। ਸੱਦਾ ਰੱਦ ਕਰਨ ਦਾ ਐਲਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਬੀਰ ਸਿੰਘ ਪਰਮਾਰ ਨੇ ਕੀਤਾ ਤੇ ਉਹਨਾਂ ਇਸ ਦੌਰਾਨ ਉਸ ਮਤੇ ਦਾ ਵੀ ਖਾਸ ਤੌਰ ‘ਤੇ ਜ਼ਿਕਰ ਕੀਤਾ। ਪਰਮਾਰ ਵਲੋਂ ਕੀਤੇ ਇਸ ਐਲਾਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਡੇ ਤਬਕੇ ਵਲੋਂ ਸਾਂਝੀ ਕੀਤੀ ਗਈ।

ਇਸ ਦੌਰਾਨ ਔਬਰਾਏ ਵਲੋਂ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾਈ ਗਈ ਕਿ ਭਾਰਤੀ ਏਕਤਾ ਅਤੇ ਕਤਲੇਆਮ ਸਬੰਧੀ ਉਹਨਾਂ ਦੇ ਵਿਚਾਰਾਂ ਕਰਕੇ ਸਿੱਖ ਭਾਈਚਾਰੇ ਵਿਚੋਂ ਕੁਝ ਲੋਕ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਧਮਕੀ ਦਿੱਤੀ ਕਿ ਜੇ ਕੋਈ ਉਹਨਾਂ ਨੂੰ ਸਿੱਖ ਵਿਰੋਧੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਲਾਂਕਿ ਬਾਅਦ ਵਿਚ ਔਬਰਾਏ ਨੇ ਆਪਣੀ ਫੇਸਬੁੱਕ ਪੋਸਟ ਨੂੰ ਡਿਲੀਟ ਕਰ ਦਿੱਤਾ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: