ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਸੰਘਰਸ਼ ਦੇ ਹਵਾਲੇ ਨਾਲ ਕੈਨੇਡੀਅਨ ਮੀਡੀਆ ਨੇ ਜਗਮੀਤ ਸਿੰਘ ‘ਤੇ ਸਵਾਲ ਚੁੱਕੇ;ਜਗਮੀਤ ਨੇ ਦਿੱਤਾ ਠੋਸ ਜਵਾਬ

March 15, 2018 | By

ਚੰਡੀਗੜ੍ਹ: ਭਾਰਤ ਦੀ ਸੱਤਾ ਵਲੋਂ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮਸਲੇ ਨੂੰ ਹਮੇਸ਼ਾ ਉੱਚੀ ਸੁਰ ਵਿਚ ਚੁੱਕਣ ਵਾਲੇ ਕੈਨੇਡੀਅਨ ਪਾਰਟੀ ਐਨ.ਡੀ.ਪੀ ਦੇ ਆਗੂ ਜਗਮੀਤ ਸਿੰਘ ਖਿਲਾਫ ਸਿੱਖ ਦਰਦ ਨਾਲ ਖੜਨ ਨੂੰ ਅਧਾਰ ਬਣਾ ਕੇ ਮੀਡੀਆ ਟਰਾਇਲ ਦਾ ਦੌਰ ਸ਼ੁਰੂ ਹੋਇਆ ਹੈ ਜਿਸ ਦਾ ਜਗਮੀਤ ਸਿੰਘ ਵਲੋਂ ਠੋਸ ਜਵਾਬ ਦਿੰਦਿਆਂ ਕਿਹਾ ਗਿਆ ਹੈ ਕਿ ਉਹ ਹਰ ਤਰ੍ਹਾਂ ਦੇ ਹਿੰਸਕ ਅੱਤਵਾਦ ਦਾ ਵਿਰੋਧ ਕਰਦੇ ਹਨ ਪਰ ਉਹ ਮਨੁੱਖੀ ਹੱਕਾਂ ਅਤੇ ਮੂਲ ਅਧਿਕਾਰ ਸਵੈ-ਨਿਰਣੇ ਦੇ ਹੱਕ ਨੂੰ ਬਹਾਲ ਕਰਨ ਲਈ ਸਦਾ ਅਵਾਜ਼ ਚੁੱਕਦੇ ਰਹਿਣਗੇ।

ਜਿਕਰਯੋਗ ਹੈ ਕਿ 2015 ਵਿਚ ਸਨ ਫ੍ਰਾਂਸਿਸਕੋ ਵਿਚ ਸਿੱਖ ਅਜ਼ਾਦ ਦੇਸ਼ ਖਾਲਿਸਤਾਨ ਸਬੰਧੀ ਹੋਈ ਇਕ ਰੈਲੀ ਵਿਚ ਜਗਮੀਤ ਸਿੰਘ ਬੁਲਾਰੇ ਵਜੋਂ ਸ਼ਾਮਿਲ ਹੋਏ ਸਨ ਜਿਸ ਨੂੰ ਅਧਾਰ ਬਣਾ ਕੇ ਕੈਨੇਡੀਅਨ ਮੀਡੀਆ ਵਲੋਂ ਜਗਮੀਤ ਸਿੰਘ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਇਸ ਦੌਰਾਨ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਜਗਮੀਤ ਸਿੰਘ ਲੰਡਨ ਵਿਚ 2016 ‘ਚ ਹੋਏ ਇਕ ਸੈਮੀਨਾਰ ਵਿਚ ਸ਼ਿਰਕਤ ਕੀਤੀ ਸੀ ਜੋ ਸਿੱਖ ਅਜ਼ਾਦੀ ਬਾਰੇ ਹੀ ਸੀ। ਭਾਵੇਂ ਕਿ ਜਗਮੀਤ ਸਿੰਘ ਨੇ ਕਿਸੇ ਵੀ ਥਾਂ ਹਿੰਸਕ ਕਾਰਵਾਈ ਦੀ ਕੋਈ ਗੱਲ ਨਹੀਂ ਕੀਤੀ ਹੈ ਅਤੇ ਸਿਰਫ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਘਾਣ ਅਤੇ ਅਜ਼ਾਦੀ ਦੇ ਸਿਧਾਂਤ ਬਾਰੇ ਕੀਤੀ ਹੈ ਪਰ ਕੈਨੇਡੀਅਨ ਮੀਡੀਆ ਦਾ ਇਕ ਤਬਕਾ ਉਨ੍ਹਾਂ ਦੀ ਮਨੁੱਖੀ ਹੱਕਾਂ ਲਈ ਚੁੱਕੀ ਇਸ ਅਵਾਣ ਨੂੰ ਅਧਾਰ ਬਣਾ ਕੇ ਉਨ੍ਹਾਂ ‘ਤੇ ਸਵਾਲ ਚੁੱਕ ਰਿਹਾ ਹੈ।

ਇਸ ਸਾਰੇ ਮਸਲੇ ਦੌਰਾਨ ਜਗਮੀਤ ਸਿੰਘ ਨੇ ਆਪਣਾ ਪੱਖ ਰਖਦਿਆਂ ਕੱਲ੍ਹ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਨਾ ਉਹ ਭਾਰਤੀ ਨਾਗਰਿਕ ਹਨ ਅਤੇ ਨਾ ਹੀ ਭਾਰਤੀ ਰਾਜਨੇਤਾ। ਉਨ੍ਹਾਂ ਕਿਹਾ ਸਵੈ ਨਿਰਣੇ ਦੇ ਹੱਕ ਦਾ ਮਤਲਬ ਹੈ ਕਿ ਲੋਕ ਭਾਵੇਂ ਕਿਸੇ ਵੀ ਦੇਸ਼ ਦੇ ਹੋਣ ਉਨ੍ਹਾਂ ਨੂੰ ਆਪਣੀ ਹੋਣੀ ਦਾ ਫੈਂਸਲਾ ਆਪ ਕਰਨ ਦਾ ਪੂਰਾ ਹੱਕ ਹੈ ਅਤੇ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਮਜ਼ਬੂਤ ਕੈਨੇਡਾ ਬਣਾਉਣ ਵੱਲ ਧਿਆਨ ਦੇ ਰਹੇ ਹਨ, ਇਕ ਅਜਿਹਾ ਦੇਸ਼ ਜਿੱਥੇ ਸਭ ਨੂੰ ਬਰਾਬਰ ਹੱਕ ਮਿਲਣ ਅਤੇ ਵੱਧ ਰਹੀ ਨਬਰਾਬਰੀ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਕੈਨੇਡਾ ਅਤੇ ਦੁਨੀਆ ਭਰ ਵਿਚ ਸ਼ਾਂਤੀ ਅਤੇ ਮਨੁੱਖੀ ਹੱਕਾਂ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਘਾਣ ਦੁਬਾਰਾ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਪਹਿਲਾਂ ਹੋਏ ਜੁਲਮਾਂ ਨੂੰ ਦੁਨੀਆ ਸਾਹਮਣੇ ਨਸ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1984 ਵਿਚ ਭਾਰਤ ਵਿਚ ਹੋਇਆ ਸਿੱਖ ਕਤਲੇਆਮ ਇਕ ਹੌਲਨਾਕ ਕਾਰਾ ਸੀ ਜਿਸ ਵਿਚ ਹਜ਼ਾਰਾਂ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲਾਪਤਾ ਕਰ ਦਿੱਤੇ ਗਏ। 2017 ਵਿਚ ਓਂਟਾਰੀਓ ਅਸੈਂਬਲੀ ਨੇ ਇਸ ਘਟਨਾ ਨੂੰ ਘੱਟਗਿਣਤੀ ਦਾ ਕਤਲੇਆਮ ਐਲਾਨਿਆ। 1980-90 ਦੇ ਦਹਾਕੇ ਦੌਰਾਨ ਪੰਜਾਬ ਵਿਚ ਚੱਲੀ ਜ਼ੁਲਮ ਦੀ ਹਨੇਰੀ ਵਿਚ ਬਹੁਤ ਸਿੱਖ ਭਾਰਤ ਛੱਡ ਕੇ ਆਏ ਜਿਹਨਾਂ ਨੂੰ ਕੈਨੇਡਾ ਵਿਚ ਰਫਿਊਜ਼ੀ ਵਜੋਂ ਪਨਾਹ ਮਿਲੀ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦਾ ਦਰਦ ਅਤੇ ਦਹਿਸ਼ਤ ਨੂੰ ਭੁੱਲਿਆ ਨਹੀਂ ਜਾ ਸਕਦਾ ਅਤੇ ਇਹ ਦਰਦ ਅਗਲੀਆਂ ਪੀੜੀਆਂ ਤਕ ਵੀ ਵਿਰਸੇ ਵਿਚ ਮਿਲੀਆਂ ਚੀਜਾਂ ਵਾਂਗ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਸਨ ਫਰਾਂਸਿਸਕੋ ਵਿਚ ਸਿੱਖ ਕਤਲੇਆਮ ਦੀ ਯਾਦ ਵਿਚ ਹੋਈ ਰੈਲੀ ਵਿਚ ਉਨ੍ਹਾਂ ਨੂੰ ਬੁਲਾਇਆ ਗਿਆ ਸੀ, ਜਿੱਥੇ ਬੋਲਦਿਆਂ ਉਨ੍ਹਾਂ ਆਪਣੇ ਭਾਈਚਾਰੇ ਦਾ ਦਰਦ ਅਤੇ ਆਪਣੇ ਇਤਿਹਾਸ ਬਿਆਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਰਿਸ਼ਤੇਦਾਰਾਂ ਨੂੰ ਸਿਰਫ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਉਹ ਕੌਣ ਹਨ, ਤਾਂ ਤੁਹਾਡੇ ਸਾਹਮਣੇ ਸਵਾਲ ਹੁੰਦਾ ਹੈ ਕਿ ਤੁਸੀਂ ਹੁਣ ਕੀ ਕਰੋਗੇ। ਉਨ੍ਹਾਂ ਕਿਹਾ ਕਿ ਮੈਂ ਆਪਣੀ ਉਸ ਪਛਾਣ ਨੂੰ ਅਪਣਾਇਆ ਅਤੇ ਮਨੁੱਖੀ ਹੱਕਾਂ ਦੀ ਅਵਾਜ਼ ਚੁੱਕਣ ਲਈ ਸਖਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਇਸੇ ਗੱਲ ਨੇ ਮੇਰੇ ਅੰਦਰ ਹੋਰ ਸੰਘਰਸ਼ਸ਼ੀਲ ਲੋਕਾਂ ਨਾਲ ਸਨੇਹ ਦੀ ਭਾਵਨਾ ਪੈਦਾ ਕੀਤੀ ਜਿਹਨਾਂ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,