ਆਮ ਖਬਰਾਂ » ਸਿੱਖ ਖਬਰਾਂ

ਸਹਾਰਨਪੁਰ ਵਿਖੇ ਇਮਤਿਹਾਨ ਦੇ ਰਹੇ ਵਿਦਿਆਰਥੀਆਂ ਦੀ ਜ਼ਬਰੀ ਕ੍ਰਿਪਾਨ ਉਤਾਰਵਾਉਣਾ ਮੰਦਭਾਗਾ : ਪ੍ਰੋ. ਬਡੂੰਗਰ

March 20, 2018 | By

ਪਟਿਆਲਾ: ਸਹਾਰਨਪੁਰ ਵਿਖੇ ਇਕ ਪ੍ਰਾਈਵੇਟ ਸਕੂਲ ‘ਚ 10ਵੀਂ ਦੇ ਇਮਤਿਹਾਨ ਦੇ ਰਹੇ ਸਿੱਖ ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਜ਼ਬਰੀ ਕ੍ਰਿਪਾਨਾਂ ਉਤਾਰੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੰਭੀਰ ਨੋਟਿਸ ਲੈਂਦਿਆਂ ਸਕੂਲ ਪ੍ਰਸ਼ਾਸਨ ਦੇ ਇਸ ਕਦਮ ਦੀ ਘੋਰ ਨਿੰਦਾ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪਹਿਲਾਂ ਹੀ ਵਿਦੇਸ਼ਾਂ ‘ਚ ਸਿੱਖ ਭਾਈਚਾਰੇ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਪਰ ਆਪਣੇ ਹੀ ਦੇਸ਼ ਵਿਚ ਅੰਮ੍ਰਿਤਧਾਰੀ ਬੱਚਿਆਂ ਨੂੰ ਕ੍ਰਿਪਾਨ ਉਤਾਨ ਲਈ ਮਜ਼ਬੂਰ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਯਾ ਨਾਥ ਨੂੰ ਸਕੂਲੀ ਪ੍ਰਸ਼ਾਸਨ ਵੱਲੋਂ ਕੀਤੀ ਇਸ ਕਾਰਵਾਈ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪੰਜ ਅਹਿਮ ਕੰਕਾਰਾਂ ‘ਚੋਂ ਕ੍ਰਿਪਾਨਾਂ ਨੂੰ ਉਤਰਵਾਉਣ ਵਾਲੇ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।

ਪ੍ਰੋ. ਬਡੂੰਗਰ ਨੇ ਇਸ ਮਾਮਲੇ ‘ਤੇ ਸਿੱਖ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਪ੍ਰਿੰਸੀਪਲ ਵਿਰੁੱਧ ਪ੍ਰਗਟਾਈ ਜਾ ਰਹੀ ਨਰਾਜ਼ਗੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਸਕੂਲ ਪ੍ਰਬੰਧ ਚਲਾ ਰਹੇ ਪ੍ਰਿੰਸੀਪਲ ਖਿਲਾਫ਼ ਵੀ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਸ਼ਾਸਨ ਨੇ ਆਪਣੀ ਇਸ ਗਲਤੀ ਲਈ ਖਿਮਾ ਨਾ ਮੰਗੀ ਤਾਂ ਸਿੱਖ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ, ਜਿਸ ਦੀ ਅੱਡਰੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਕਕਾਰ ਉਤਰਵਾਏ ਜਾਣ ਨਾਲ ਸਿੱਖ ਭਾਈਚਾਰੇ ‘ਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: