ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਨੌਜਵਾਨ ਜਗਤਾਰ ਸਿੰਘ ਜੋਹਲ ਦੀ ਗ੍ਰਿਫਤਾਰੀ ਦਾ ਮਸਲਾ ਭਾਰਤ ਸਰਕਾਰ ਨਾਲ ਚੁੱਕੇਗੀ ਬਰਤਾਨੀਆ ਸਰਕਾਰ

March 14, 2018 | By

ਲੰਡਨ: ਯੂ.ਕੇ ਦੀ ਪਾਰਲੀਮੈਂਟ ਵਿਚ ਚੱਲ ਰਹੀ ਇਕ ਬਹਿਸ ਦੌਰਾਨ ਯੂ.ਕੇ ਸਰਕਾਰ ਨੇ ਕਿਹਾ ਹੈ ਕਿ ਉਹ ਪੰਜਾਬ ਵਿਚ ਨਜ਼ਰਬੰਦ ਬਰਤਾਨਵੀ ਸਿੱਖ ਜਗਤਾਰ ਸਿੰਘ ਜੋਹਲ ਦਾ ਮਾਮਲਾ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਅੱਗੇ ਚੁੱਕਣਗੇ।

ਸਕੋਟਲੈਂਡ ਦਾ ਜੰਮਪਲ 30 ਸਾਲਾ ਸਿੱਖ ਨੌਜਵਾਨ ਜਗਤਾਰ ਸਿੰਘ ਜੋਹਲ ਜਦੋਂ ਪੰਜਾਬ ਵਿਆਹ ਕਰਾਉਣ ਲਈ ਆਇਆ ਹੋਇਆ ਸੀ ਤਾਂ ਪੰਜਾਬ ਪੁਲਿਸ ਨੇ ਉਸਨੂੰ ਪੰਜਾਬ ਵਿਚ ਹੋਏ ਹਿੰਦੂ ਆਗੂਆਂ ਦੇ ਕਤਲਾਂ ਵਿਚ ਸ਼ਾਮਿਲ ਦਸ ਕੇ ਗ੍ਰਿਫਤਾਰ ਕਰ ਲਿਆ ਸੀ, ਜੋ ਹੁਣ ਪੰਜਾਬ ਦੀ ਨਾਭਾ ਜੇਲ੍ਹ ਵਿਚ ਨਜ਼ਰਬੰਦ ਹੈ।

ਬਰਤਾਨੀਆ ਦੇ ਸਿੱਖ ਐਮ.ਪੀ ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਵਲੋਂ ਜੋਹਲ ਦੇ ਹਲਕੇ ਦੇ ਐਮ.ਪੀ ਮਾਰਟਿਨ ਡੋਚੇਰਟੀ ਨੇ ਜੋਹਲ ਦੀ ਗ੍ਰਿਫਤਾਰੀ ਦਾ ਮੁੱਦਾ ਚੁਕਦਿਆਂ ਬਰਤਾਨੀਆ ਸਰਕਾਰ ਨੂੰ ਕਿਹਾ ਕਿ ਉਹ ਇਸ ਮਸਲੇ ਨੂੰ ਅਗਲੇ ਮਹੀਨੇ ਬਰਤਾਨੀਆ ਦੌਰੇ ‘ਤੇ ਆ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਚੁੱਕਣ।

ਪੁਲਿਸ ਹਿਰਾਸਤ ‘ਚ ਜਗਤਾਰ ਸਿੰਘ ਜੱਗੀ ਜੋਹਲ

ਇਸ ਦੇ ਜਵਾਬ ਵਿਚ ਬਰਤਾਨੀਆ ਸਰਕਾਰ ਦੇ ਵਿਦੇਸ਼ ਅਤੇ ਕਾਮਨਵੈਲਥ ਦਫਤਰ (ਐਫਸੀਓ) ਵਿਚ ਏਸ਼ੀਆ ਅਤੇ ਪੈਸੀਫਿਕ ਮਾਮਲਿਆਂ ਬਾਰੇ ਇੰਚਾਰਜ ਰਾਜ ਮੰਤਰੀ ਮਾਰਕ ਫੀਲਡ ਨੇ ਇਸ ਲਈ ਯਤਨ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਸਾਹਮਣੇ ਲਗਾਤਾਰ ਚੁੱਕਦੇ ਰਹਿਣਗੇ।

ਉਹਨਾਂ ਕਿਹਾ ਕਿ ਬਰਤਾਨੀਆ ਸਰਕਾਰ ਨੇ ਪਿਛਲੇ ਸਾਲ ਵਿਚ 5000 ਦੇ ਕਰੀਬ ਵਿਦੇਸ਼ਾਂ ਵਿਚਲੇ ਕੇਸਾਂ ਦੀ ਪੈਰਵਾਈ ਕੀਤੀ ਹੈ ਜਿਹਨਾਂ ਵਿਚ ਬਰਤਾਨਵੀ ਨਾਗਰਿਕ ਸ਼ਾਮਿਲ ਸਨ। ਉਹਨਾਂ ਕਿਹਾ ਕਿ ਭਾਰਤ ਕਾਮਨਵੈਲਥ ਅਤੇ ਹੋਰ ਕਈ ਪੱਖਾਂ ਤੋਂ ਬਰਤਾਨੀਆ ਦਾ ਭਾਈਵਾਲ ਹੈ ਅਤੇ ਉੱਥੇ ਇਕ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਸਥਾਪਿਤ ਹੈ ਜੋ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਹੈ। ਪਰ ਉਹਨਾਂ ਕਿਹਾ ਕਿ ਜਦੋਂ ਭਾਰਤ ਦੇ ਸੰਵਿਧਾਨ ਵਿਚ ਦਿੱਤੇ ਗਏ ਬੁਨਿਆਦੀ ਹੱਕਾਂ ਨੂੰ ਜ਼ਮੀਨੀ ਪੱਧਰ ‘ਤੇ ਬਹਾਲ ਕਰਨ ਦੀ ਗੱਲ ਆਉਂਦੀ ਹੈ ਤਾਂ ਜ਼ਰੂਰ ਉਣਤਾਈਆਂ ਨਜ਼ਰ ਆਉਂਦੀਆਂ ਹਨ।

ਬਰਤਾਨੀਆ ਦੀ ਪਾਰਲੀਮੈਂਟ ਵਿਚ ‘ਵਿਦੇਸ਼ਾਂ ਵਿਚ ਨਜ਼ਰਬੰਦ ਬਰਤਾਨਵੀ ਨਾਗਰਿਕ’ ਮੁੱਦੇ ‘ਤੇ ਹੋਈ ਇਸ ਬਹਿਸ ਨੂੰ ਐਮ.ਪੀ ਪ੍ਰੀਤ ਕੌਰ ਗਿੱਲ ਵਲੋਂ ਸ਼ੁਰੂ ਕੀਤਾ ਗਿਆ। ਉਹਨਾਂ ਨਵੰਬਰ ਮਹੀਨੇ ਵਿਚ ਪੰਜਾਬ ਵਿਚ ਜੋਹਲ ਦੀ ਹੋਈ ਗ੍ਰਿਫਤਾਰੀ ਤੋਂ ਬਾਅਦ ਦਾ ਸਾਰਾ ਹਾਲ ਦੱਸਦਿਆਂ ਦਾਅਵਾ ਕੀਤਾ ਕਿ ਜੋਹਲ ਨਾਲ ਪੁਲਿਸ ਹਿਰਾਸਤ ਵਿਚ ਭਾਰੀ ਤਸ਼ੱਦਦ ਕੀਤਾ ਗਿਆ।

ਐਮ.ਪੀ ਢੇਸੀ ਨੇ ਕਿਹਾ ਕਿ ਸਾਨੂੰ ਸਭ ਨੂੰ ਬਰਤਾਨਵੀ ਨਾਗਰਿਕ ਦੇ ਮਨੁੱਖੀ ਹੱਕਾਂ ਲਈ ਖੜੇ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋਹਲ ਨਾਲ ਭਾਰਤ ਵਿਚ ਹੋਏ ਤਸ਼ੱਦਦ ਖਿਲਾਫ ਬਰਤਾਨਵੀ ਸਰਕਾਰ ਦੇ ਨਰਮ ਰਵੱਈਏ ਨੇ ਵਿਦੇਸ਼ਾਂ ਵਿਚ ਜਾਂਦੇ ਬਰਤਾਨਵੀ ਨਾਗਰਿਕਾਂ ਦੀ ਸੁਰੱਖਿਆ ਉੱਤੇ ਸਵਾਲ ਖੜਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,