ਲੇਖ » ਸਿੱਖ ਖਬਰਾਂ

ਵਿਵਾਦ ਦਾ ਵੇਲਾ (ਲੇਖਕ: ਡਾ. ਸੇਵਕ ਸਿੰਘ)

March 8, 2018 | By

ਕੋਈ ਵੀ ਬੰਦਾ ਕਦੇ ਆਪਣੀ ਸਾਰੀ ਗੱਲ ਨਹੀਂ ਕਹਿ ਸਕਦਾ ਅਤੇ ਨਾ ਹੀ ਕਦੇ ਕਿਸੇ ਨੂੰ ਦੂਜੇ ਦੀ ਸਾਰੀ ਗੱਲ ਸਮਝ ਆਉਂਦੀ ਹੈ ਪਰ ਫੇਰ ਵੀ ਮਨੁੱਖ ਆਪੋ ਵਿਚ ਗੱਲਬਾਤ ਕੀਤੇ ਬਿਨਾ ਨਹੀਂ ਰਹਿ ਸਕਦੇ। ਕਹਿਣ ਸੁਣਨ ਦੇ ਅਧੂਰੇਪਣ ਦੇ ਬਾਵਜੂਦ ਜਿੰਦਗੀ ਚਲਦੀ ਰਹਿੰਦੀ ਹੈ। ਜਦੋਂ ਇਸ ਅਧੂਰੇਪਣ ਵਿਚ ਵੀ ਕਿਸੇ ਥਾਂ, ਬੰਦੇ ਜਾਂ ਵੇਲੇ ਕਰਕੇ ਬੇਮੇਲਤਾ ਹੋ ਜਾਂਦੀ ਹੈ ਤਾਂ ਅਰਥ ਪਰਵਾਹ ਰੁਕ ਜਾਂਦਾ ਹੈ। ਇਹ ਅਰਥ ਪਰਵਾਹ ਦਾ ਕਿਸੇ ਕੁਥਾਂ ਕੁਵੇਲੇ ਜਾਂ ਕੁਬੰਦੇ ਕਰਕੇ ਰੁਕਣਾ ਵਿਵਾਦ ਬਣ ਜਾਂਦਾ ਹੈ। ਇਹ ਅਧੂਰਾ ਕਹਿਣ ਸੁਣਨ ਕਿਵੇਂ ਵਿਵਾਦ ਤੱਕ ਪਹੁੰਚਦਾ ਹੈ?

ਡਾ: ਸੇਵਕ ਸਿੰਘ (ਫਾਈਲ ਫੋਟੋ)

ਇਹਦੇ ਪਿਛੇ ਉਹਨਾਂ ਦੇ ਪਹਿਲਾਂ ਜਾਣੇ ਗਿਆਨ ਦਾ ਹੱਥ ਹੁੰਦਾ ਹੈ। ਬੰਦਾ ਕਿਸੇ ਗੱਲ ਨੂੰ ਗਲਤ ਠੀਕ ਦੀ ਤਕੜੀ ਵਿੱਚ ਤੋਲਣ ਜੋਗਾ ਤਾਂ ਹੀ ਹੁੰਦਾ ਹੈ ਜੇ ਉਹਨੇ ਪਹਿਲਾਂ ਕੁਝ ਜਾਣਿਆ ਹੋਏਗਾ। ਇਹ ਪਹਿਲਾਂ ਜਾਣਿਆ ਹੀ ਅਸਲ ਕਾਰਨ ਹੁੰਦਾ ਹੈ ਜਿਸ ਤੋਂ ਵਿਵਾਦ ਸਮਝ ਆ ਸਕਦਾ ਹੈ।ਮਨੁੱਖ ਜਦੋਂ ਕਿਸੇ ਚੀਜ ਨੂੰ ਗਿਆਨ ਰੂਪ ਵਿੱਚ ਜਾਨਣਾ ਸ਼ੁਰੂ ਕਰਦਾ ਹੈ ਤਾਂ ਇਹ ਸਮਝਣ ਮੋਟੇ ਰੂਪ ਵਿੱਚ ਦੋ ਤਰੀਕੇ ਹਨ। ਪਹਿਲਾ ਤਰੀਕਾ ਬੱਚਿਆਂ ਵਾਂਗ ਸਮਝਾਉਣ ਲਈ ਵਰਤਿਆ ਜਾਂਦਾ ਹੈ ਕਿ ਜਦੋਂ ਕਿਸੇ ਗੱਲ/ਚੀਜ ਨੂੰ ‘ਇਹ ਹੈ ਉਹ ਹੈ ਇਹ ਹੈ ਉਹ ਹੈ’ ਕਰਕੇ ਦੱਸਿਆ ਜਾਂਦਾ ਹੈ। ਦੂਜਾ ਤਰੀਕਾ ਮਨਾਉਣ ਵਾਂਗ ਵਰਤਿਆ ਜਾਂਦਾ ਹੈ ਜਦੋ ਕਿਸੇ ਗੱਲ/ਚੀਜ ਬਾਰੇ ‘ਇਹ ਨਹੀਂ ਉਹ ਨਹੀਂ ਇਹ ਨਹੀਂ ਉਹ ਨਹੀਂ’ ਕਰਕੇ ਦੱਸਿਆ ਜਾਂਦਾ ਹੈ। ਸੌਖੇ ਰੂਪ ਵਿਚ ਕਹਿ ਸਕਦੇ ਹਾਂ ਕਿ ਕਿਸੇ ਚੀਜ ਨੂੰ ਹੋਰਾਂ ਚੀਜਾਂ ਨਾਲ ਮੇਚ ਕੇ ਉਸ ਦੇ ਗੁਣ ਔਗੁਣ ਨੂੰ ਜਾਨਣਾ ਵੀ ਇਕ ਰਾਹ ਹੈ। ਜਾਨਣ ਦਾ ਦੂਜਾ ਰਾਹ ਹੈ ਕਿ ਕਿਸੇ ਚੀਜ ਨੂੰ ਹੋਰਾਂ ਚੀਜਾਂ ਨਾਲ ਟਕਰਾਅ ਕੇ ਉਸ ਦੀ ਵੱਖਰਤਾ ਨੂੰ ਸਮਝਣਾ। ਮਨੁੱਖ ਦੇ ਵਾਦ ਅਤੇ ਵਿਵਾਦ ਦਾ ਉਸਦੇ ਗੱਲਾਂ/ਚੀਜਾਂ ਨੂੰ ਜਾਨਣ ਦੇ ਤਰੀਕੇ ਨਾਲ ਡੂੰਘਾ ਸਬੰਧ ਹੈ। ਕੀ ਕੁਝ ਅਸੀਂ ਮੇਲ ਕੇ ਸਿੱਖਿਆ ਹੈ ਅਤੇ ਕੀ ਕੁਝ ਅਸੀਂ ਟਕਰਾਅ ਕੇ ਸਿੱਖਿਆ ਹੈ? ਅੱਜਕੱਲ੍ਹ ਅਸੀਂ ਸਾਰੇ ਹੀ ਵੱਖ ਵੱਖ ਧੜਿਆਂ ਦੇ ਰੂਪ ਵਿਚ ਕਿਸੇ ਨਾ ਕਿਸੇ ਗੱਲ ਦੀ ਵਧਵੀਂ ਦਾਅਵੇਦਾਰੀ ਕਰ ਰਹੇ ਹਾਂ। ਇਹ ਦਾਅਵੇਦਾਰੀਆਂ ਦੀ ਤੰਦ ਅਸਲ ਵਿਚ ਸਾਡੀ ਆਪਣੇ ਧੜਿਆਂ ਦੀ ਦਾਅਵੇਦਾਰੀ ਨਾਲੋਂ (ਆਪਣੇ ਆਪ,ਵਿਰੋਧੀਆਂ ਅਤੇ ਹੋਰਾਂ ਨੂੰ) ਜਾਨਣ ਸਮਝਣ ਦੇ ਤਰੀਕੇ ਨਾਲ ਵਧੇਰੇ ਜੁੜੀ ਹੋਈ ਹੈ। ਇਸ ਲਈ ਵਿਵਾਦ ਦੀ ਇਕ ਜੜ੍ਹ ਜਾਨਣ ਦੇ ਤਰੀਕੇ ਵਿੱਚ ਪਈ ਹੈ।

ਜਦੋ ਬੰਦਾ ਕਿਸੇ ਵੀ ਤਰੀਕੇ ਕੁਝ ਜਾਣ ਜਾਂਦਾ ਹੈ ਤਾਂ ਉਹ ਫਿਰ ਜਨਾਉਣ ਵੀ ਲਗਦਾ ਹੈ।ਵੱਧ ਜਾਣਕਾਰ ਲੋਕ ਜੋ ਵਿਦਵਾਨ/ਆਗੂ ਬਣਦੇ/ਮੰਨੇ ਜਾਂਦੇ ਹਨ ਉਹ ਅੱਗੋਂ ਆਮ ਲੋਕਾਂ ਨੂੰ ਕੁਝ ਜਨਾਉਣ ਲਈ ਕੁਝ ਤਰੀਕੇ ਵਰਤਦੇ ਹਨ। ਜਨਾਉਣ ਦਾ ਕੰਮ ਵੀ ਇਹ ਲੋਕ ਦੋ ਤਰ੍ਹਾਂ ਨਾਲ ਕਰਦੇ ਹਨ।ਇਕ ਤਾਂ ਉਹ ਲੋਕ ਗਿਆਨ ਦੀ ਵਰਤੋਂ ਕਿਸੇ ਨਵੀਂ ਮਾਨਤਾ ਨੂੰ ਉਸਾਰਣ ਲਈ ਜਾਂ ਪਹਿਲਾਂ ਤੋਂ ਪਰਚਲਤ ਕਿਸੇ ਸਿਧਾਂਤ ਮਾਨਤਾ ਨੂੰ ਵਡਿਆਉਣ ਲਈ ਕਰਦੇ ਹਨ। ਲੋਕਾਂ ਨੂੰ ਜਨਾਉਣ ਦਾ ਇਹ ਤਰੀਕਾ ‘ਮੰਡਣ ਕਰਨਾ’ ਕਹਾਉਂਦਾ ਹੈ। ਇਹ ਤਰੀਕਾ ਆਮ ਤੌਰ ਤੇ ਧਰਮ ਦੀ ਦੁਨੀਆਂ ਵਿਚ ਵਧੇਰੇ ਪਰਚਲਤ ਹੈ। ਧਰਮਾਂ ਦਾ ਅਸਲ ਪਰਚਾਰ ਇਸੇ ਤਰੀਕੇ ਨਾਲ ਵਧੇਰੇ ਹੋਇਆ ਹੈ। ਦੂਜਾ ਤਰੀਕਾ ਹੈ ਕਿਸੇ ਪੁਰਾਣੀ ਜਾਂ ਸਮਕਾਲੀ ਮਾਨਤਾ ਨੂੰ ਖਤਮ ਕਰਨ ਜਾਂ ਬਦਲਣ ਲਈ ਮੈਦਾਨ ਤਿਆਰ ਕਰਨਾ।ਸਮਾਜ ਨੂੰ ਇਸ ਤਰੀਕੇ ਨਾਲ ਗਿਆਨ ਜਨਾਉਣ ਨੂੰ ‘ਖੰਡਨ ਕਰਨਾ’ ਕਿਹਾ ਜਾਂਦਾ ਹੈ। ਇਹ ਤਰੀਕਾ ਆਮ ਤੌਰ ਤੇ ਸਮਾਜ ਸੁਧਾਰ ਕਰਨ ਅਤੇ ਰਾਜਨੀਤੀਕ ਸੱਤਾ ਬਦਲਣ ਵਰਤਿਆ ਜਾਂਦਾ ਹੈ। ਜਾਨਣ ਦੀ ਭਾਰੂ ਵਿਧੀ ਬੰਦੇ ਦੇ ਜਨਾਉਣ ਦੀ ਵਿਧੀ ਤੇ ਵੀ ਅਸਰ ਪਾਉਂਦੀ ਹੈ। ਜਾਨਣ ਦੀ ਵਿਧੀ ਤੋਂ ਬਾਅਦ ਵਿਵਾਦ ਦੀ ਦੂਜੀ ਜੜ੍ਹ ਇਹ ਜਨਾਉਣ ਦਾ ਤਰੀਕਾ ਹੈ ਜੋ ਅਸਲ ਵਿੱਚ ਵਧੇਰੇ ਨਜਰ ਆਉਂਦਾ ਹੈ। ਇਹ ਜਾਨਣ ਜਨਾਉਣ ਦੇ ਦੋਵੇਂ ਤਰੀਕੇ ਲਗਭਗ ਸਾਰੇ ਥਾਂ ਨਾਲ ਨਾਲ ਹੀ ਚਲਦੇ ਰਹਿੰਦੇ ਹਨ ਜਿਸ ਕਰਕੇ ਕਦੇ ਵੀ ਕੋਈ ਸਮਾਜ ਖੰਡਨ/ਮੰਡਣ ਤੋਂ ਬਿਲਕੁਲ ਰਹਿਤ ਨਹੀਂ ਹੁੰਦਾ।

ਜਦੋਂ ਜਾਨਣ ਅਤੇ ਜਨਾਉਣ ਦੇ ਤਰੀਕੇ ਰਾਹੀਂ ਖੰਡਣ ਅਤੇ ਮੰਡਣ (ਮੰਨਣ) ਦੋਵੇਂ ਕੰਮ ਹੰੁਦੇ ਹੋਣ ਤਾਂ ਗਿਆਨ ਦਾ ਇਹ ਰੂਪ ਵਾਦ ਕਹਾਉਂਦਾ ਹੈ। ਜਦੋਂ ਕਿਸੇ ਬੰਦੇ ਨੂੰ ਕਿਤੋਂ ਹਟਾ ਕੇ ਕਿਤੇ ਹੋਰ ਲਾਇਆ ਜਾ ਰਿਹਾ ਹੁੰਦਾ ਹੈ ਤਾਂ ਉਸ ਸਾਹਮਣੇ ਇਕ ਰਾਹ ਹੁੰਦਾ ਹੈ। ਜਦੋਂ ਜਾਨਣਾ ਅਤੇ ਜਨਾਉਣਾ ਦੋਵੇਂ ਰੂਪ ਹੀ ਖੰਡਣੀ ਹੋਣ ਤਾਂ ਗਿਆਨ ਦਾ ਇਹ ਰਾਹ ਵਿਵਾਦ ਵੱਲ ਜਾਂਦਾ ਹੈ। ਆਮ ਬੰਦੇ ਲਈ ਵਿਵਾਦ ਦੀ ਅਸਲ ਹਾਲਤ ਓਦੋਂ ਬਣਦੀ ਹੈ ਜਦੋਂ ਚਾਰੇ ਪਾਸੇ ਨਿਖੇਧ ਹੀ ਨਿਖੇਧ ਹੁੰਦਾ ਹੈ ਉਸ ਕੋਲ ਕੋਈ ਵਿਵਾਦ ਰਹਿਤ ਟੇਕ ਨਹੀਂ ਰਹਿੰਦੀ। ਉਸ ਕੋਲ ਕਿਤੋਂ ਹੱਟ ਕੇ ਕਿਤੇ ਹੋਰ ਜਾਣ ਦਾ ਰਾਹ ਨਹੀਂ ਰਹਿ ਜਾਂਦਾ। ਕਦੇ ਕਦਾਈ ਅਜਿਹੀ ਹਾਲਤ ਲਗਭਗ ਹਰ ਸਮਾਜ ਅੰਦਰ ਵਾਪਰਦੀ ਹੈ ਪਰ ਜੇ ਕਿਸੇ ਸਮਾਜ ਅੰਦਰ (ਖਾਸ ਕਰਕੇ ਕਿਸੇ ਧਰਮ ਅੰਦਰ) ਵਿਵਾਦ ਦੀ ਹਾਲਤ ਲਗਾਤਾਰ ਬਣੀ ਰਹਿੰਦੀ ਹੈ ਇਸ ਦੇ ਕੁਝ ਖਾਸ ਕਾਰਨ ਹੁੰਦੇ ਹਨ।

ਜਦੋਂ ਜਾਣਨ ਅਤੇ ਜਨਾਉਣ ਦੇ ਦੋਵੇਂ ਕੰਮ ਉਸਾਰੂ ਰੂਪ ਵਿਚ ਸ਼ੁਰੂ ਹੋਣ ਤਾਂ ਵਾਦ ਤੋਂ ਸੰਵਾਦ ਬਣ ਜਾਂਦਾ ਹੈ। ਜਦੋਂ ਬੰਦੇ ਨੂੰ ਆਪਣੀਆਂ ਘਾਟਾਂ ਅਤੇ ਕਮਜੋਰੀਆਂ ਵੀ ਸਾਂਭਣਾ ਸਿੱਖਣਾ ਮਿਲੇ ਤਾਂ ਇਹ ਰਾਹ ਉਸ ਲਈ ਰੌਸ਼ਨੀ ਹੋ ਜਾਂਦਾ ਹੈ। ਅਜਿਹੀ ਵਧੀਆ ਹਾਲਤ ਵੀ ਕਿਸੇ ਵੀ ਸਮਾਜ ਵਿਚ ਥੋੜ੍ਹੇ ਸਮੇਂ ਲਈ ਹੀ ਬਣਦੀ ਹੈ। ਗਿਆਨ ਵਿਚਾਰ ਦੇ ਇਹਨਾਂ ਵੱਖ ਵੱਖ ਰੂਪਾਂ ਦੇ ਇਸ਼ਾਰੇ ਗੁਰਬਾਣੀ ਅਤੇ ਪੁਰਾਤਨ ਸਿੱਖ ਗਰੰਥਾਂ ਵਿਚੋਂ ਮਿਲਦੇ ਹਨ। ਜੇ ਗੁਰੂ ਸਾਹਿਬ ਅਤੇ ਵੱਡੇ ਬਜੁਰਗਾਂ ਨੇ ਵਿਚਾਰ ਚਰਚਾ ਦੇ ਪੱਧਰ ਬਾਰੇ ਕੁਝ ਕਿਹਾ ਹੈ ਤਾਂ ਇਹਦਾ ਇਹ ਅਰਥ ਵੀ ਬਣਦਾ ਹੈ ਕਿ ਉਸ ਵੇਲੇ (ਜਦੋਂ ਪੜ੍ਹਾਈ ਦਾ ਘੇਰਾ ਬਹੁਤ ਥੋੜ੍ਹੇ ਲੋਕਾਂ ਤੱਕ ਸੀ ਉਸ ਵੇਲੇ) ਵੀ ਲੋਕ ਵਿਵਾਦ ਵਿਚ ਉਲਝੇ ਹੋਏ ਹੋਣਗੇ।ਇਸ ਕਰਕੇ ਇਹ ਗੱਲ ਕਹਿਣ ਦੀ ਲੋੜ ਪਈ ਕਿ ਵਿਚਾਰ ਚਰਚਾ ਕਿਸ ਤਰ੍ਹਾਂ ਅਤੇ ਕਿਸ ਪੱਧਰ ਦੀ ਕਰਨੀ ਹੈ।

ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿਚ ਉਸ ਵੇਲੇ ਦੇ ਸਮਾਜ ਦੀ ਗਿਆਨ ਦਸ਼ਾ ਦਾ ਵਰਨਣ ਬੜੇ ਸੂਖਮ ਰੂਪ ਵਿੱਚ ਮਿਲਦਾ ਹੈ। ਇਕ ਪਾਸੇ ਉਹ ਹਿੰਦੂ ਮੁਸਲਮ ਵਿਵਾਦ ਦੀ ਦੱਸ ਪਾਉਂਦੇ ਹਨ ।‘ਬ੍ਰਾਹਮਣਾਂ ਮੌਲ਼ਵੀਆਂ ਦੇ ਖਹਿ ਮਰਨ’ ਵਾਲਾ ਕਥਨ ਇਸ ਗੱਲ ਦਾ ਇਸ਼ਾਰਾ ਹੈ ਕਿ ਉਸ ਵੇਲੇ ਵੀ ਹਿੰਦੂ ਮੁਸਲਮ ਆਪਸ ਵਿੱਚ ਉਲ਼ਝੇ ਹੋਏ ਸਨ। ਇਹ ਤੋਂ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਅੰਗਰੇਜਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੋਂ ਪਹਿਲਾਂ ਵੀ ਦੋਹਾਂ ਧਰਮਾਂ ਵਿੱਚ ਵਾਦ ਵਿਵਾਦ ਚਲਦਾ ਸੀ। ਭਾਈ ਗੁਰਦਾਸ ਜੀ ਪਹਿਲੀ ਵਾਰ ਵਿਚ ਹੀ ਹਿੰਦੂਆਂ ‘ਵਰਣ ਵੰਡ ਦੀ ਬਾਂਸਾਂ ਵਰਗੀ ਖਹਿ’ ਦਾ ਜਿਕਰ ਵੀ ਕਰਦੇ ਹਨ। ਜਿਸ ਤੋਂ ਇਹ ਸਮਝ ਵੀ ਮਿਲਦੀ ਹੈ ਸਮਾਜਕ ਵੰਡ ਬਿਖੇੜੇ ਚੋਣ ਰਾਜਨੀਤੀ ਤੋਂ ਪਹਿਲਾਂ ਵੀ ਚਲਦੇ ਸਨ। ਭਾਈ ਗੁਰਦਾਸ ਜੀ ਸਮੁੱਚੇ ਮੁਸਲਮ ਜਗਤ ਦੀ ਅੰਦਰਲੀ ਵਾਦ ਵਿਵਾਦ ਦੀ ਤਸਵੀਰ ‘ਕੌਮ ਬਹਤਰ ਸੰਗ ਕਰ’ ਰਾਹੀ ਪੇਸ਼ ਕੀਤੀ ਹੈ। ਭਾਈ ਗੁਰਦਾਸ ਜੀ ਨੇ ਹਿੰਦੂ ਇਸਲਾਮ ਤੋਂ ਪਹਿਲੇ ਲੋਕਾਂ ਦਾ ਜਿਕਰ ਵੀ ਕੀਤਾ ਹੈ। ਉਹਨਾਂ ਨੇ ਜੋਗੀਆਂ ਦੇ ਵਤੀਰੇ ਨੂੰ ‘ਖਾਧੀ ਖੁਣਸ ਜੋਗੀਸਰਾ’ ਰਾਹੀ ਦਰਸਾਇਆ ਹੈ।

ਭਾਈ ਸਾਹਿਬ ਦੀ ਗਵਾਹੀ ਤੋਂ ਬਿਨਾ ਵੀ ਜੇ ਦੁਨੀਆਂ ਦੇ ਧਰਮਾਂ ਦੇ ਇਤਿਹਾਸ ਦੀ ਸੰਖੇਪ ਝਾਤੀ ਮਾਰੀ ਜਾਵੇ ਤਾਂ ਸਾਨੂੰ ਪਾਰਸੀਆਂ ਦੇ ਵੀ ਧੜੇ ਨਜਰ ਆਉਣਗੇ। ਯਹੂਦੀ ਇਕ ਖਾਨਦਾਨੀ ਧਰਮ ਹੈ ਜਿਹਨਾਂ ਦੀ ਅਕਲ ਅਤੇ ਏਕਤਾ ਦੀਆਂ ਸਾਡੇ ਕੁਝ ਲੋਕ ਬੜੇ ਚਾਅ ਨਾਲ ਮਿਸਾਲਾਂ ਦਿੰਦੇ ਹਨ। ਪੁਰਾਣੀ ਖਾਨਦਾਨੀ ਦੀਆਂ ਆਪਸੀ ਲੜਾਈ ਕਰਕੇ ਉਹਨਾਂ ਨੂੰ ਰਾਜ ਗੁਆ ਕੇ ਸਦੀਆਂ ਤੱਕ ਭਟਕਣ ਪਿਆ। ਇਸਾਈਆਂ ਦੇ ਨਾ ਸਿਰਫ ਤਿੰਨ ਵੱਡੇ ਅਤੇ ਵੱਖਰੇ ਫਿਰਕੇ ਹਨ ਸਗੋਂ ਇਸ ਤੋਂ ਵਧੇਰੇ ਵਖਰੇਵੇਂ ਹਨ।ਉਹਨਾਂ ਦੀਆਂ ਆਪਸੀ ਜੰਗਾਂ ਦੇ ਵੀ ਹਵਾਲੇ ਹਨ। ਏਸ਼ੀਆਈ ਤੇ ਅਫਰੀਕੀ ਗੁਲਾਮਾਂ ਨੂੰ ਵਿਿਗਆਨਕ ਹੋਣ ਦੀ ਪਾਣ ਇਹਨਾਂ ਦੀ ਆਪਸੀ ਦੌੜ ਵਿਚੋਂ ਹੀ ਚੜ੍ਹੀ। ਇਸਲਾਮੀ ਜਗਤ ਦੀ ਆਪਸੀ ਖਹਿ ਦੁਨੀਆ ਵਿਚ ਜਾਹਰ ਹੈ। ਇਸਲਾਮ ਦੇ ਪਹਿਲੇ ਖਲੀਫੇ ਮੁਸਲਮਾਨਾਂ ਦੀ ਆਪਸੀ ਜੰਗ ਵਿਚ ਪੂਰੇ ਹੋ ਗਏ। ਸਾਡੇ ਨੇੜੇ ਦੁਨੀਆ ਦੇ ਸਭ ਤੋਂ ਅਹਿੰਸਕ ਧਰਮਾਂ ਜੈਨ ਅਤੇ ਬੁਧ ਮੱਤ ਵਰਗੇ ਦੇ ਵੀ ਅਨੇਕਾਂ ਧੜੇ ਹਨ। ਜੋ ਨਿਰੋਲ ਵਿਵਾਦ ਦੀ ਉਪਜ ਨਹੀਂ ਹਨ ਸਗੋਂ ਮੂਲ ਸਿਧਾਂਤ ਦੀਆਂ ਬਾਰੀਕ ਬਿਖੇੜਾਂ ਵਿਚੋਂ ਨਿਕਲੇ ਹਨ। ਹਿੰਦੂ ਕਹਾਉਣ ਵਾਲੇ ਲੋਕਾਂ ਦਾ ਇਤਿਹਾਸ ਤਾਂ ਬਾਕੀ ਸਾਰੇ ਧਰਮਾਂ ਦੇ ਕੁੱਲ ਵਖਰੇਵਿਆਂ ਨਾਲੋਂ ਵੀ ਵੱਡਾ ਹੈ। ਵਿਿਗਆਨਕ ਸੋਚ ਵਾਲੇ ਮਾਰਕਸੀ ਜੋ ਮਨੁੱਖਤਾ ਨੰੁ ਸਭ ਧਰਮਾਂ ਤੋਂ ਮੁਕਤ ਕਰਨਾ ਚਾਹੁੰਦੇ ਹਨ, ਵੰਡ ਵਿਵਾਦ ਨੂੰ ਲੈ ਕੇ ਉਹਨਾਂ ਦਾ ਇਤਿਹਾਸ ਵੀ ਧਰਮਾਂ ਨਾਲੋਂ ਵੱਖਰਾ ਨਹੀਂ ਹੈ।ਇਹ ਪੰਛੀ ਝਾਤ ਕਿਸੇ ਇਕ ਦੀ ਨਿੰਦਾ ਲਈ ਨਹੀਂ ਹੈ ਸਗੋਂ ਪੂਰੀ ਮਨੁੱਖਤਾ ਦਾ ਇਕ ਬੁਨਿਆਦੀ ਸਵਾਲ ਸਾਡੇ ਸਾਹਮਣੇ ਆਉਂਦਾ ਹੈ ਕਿ ਮਨੁੱਖ ਕਿਉਂ ਸਾਰੇ ਸਮਿਆਂ, ਸਾਰੇ ਥਾਵਾਂ ਅਤੇ ਸਾਰੀਆਂ ਮਾਨਤਾਵਾਂ ਅਧੀਨ ਵਿਚਰਦਿਆਂ ਵਿਵਾਦ ਵਿਚ ਜਾ ਕੇ ਫਸ ਜਾਂਦਾ ਹੈ?

ਜਦੋਂ ਧਾਰਮਿਕ ਖੇਤਰ ਵਿੱਚ ਅਗਵਾਈ ਢਿੱਲੀ ਪੈ ਜਾਂਦੀ ਹੈ ਤਾਂ ਧਰਮ ਦੇ ਰਾਹ ਤੇ ਤੁਰਨ ਵਾਲੇ ਲੋਕ ਅੱਗੇ ਵੱਧਣ ਦੀ ਥਾਂ ਇਕ ਦੂਜੇ ਵੱਲ ਵੱਧਣ ਦਾ ਸਫਰ ਤੈਅ ਕਰਦੇ ਹਨ। ਜਦੋਂ ਕਿਸੇ ਸਮਾਜ ਵਿੱਚ ਰਾਜਸੀ ਅਗਵਾਈ ਢਿੱਲੀ ਪੈ ਜਾਂਦੀ ਹੈ ਤਾਂ ਸਮਾਜਕ ਜਾਂ ਰਾਜਸੀ ਝਮੇਲੇ ਆਮ ਘਰਾਂ ਤੱਕ ਆ ਜਾਂਦੇ ਹਨ। ਕਈ ਵਾਰ ਕੋਈ ਸਮਾਜ ਦੋਵਾਂ ਤਰ੍ਹਾਂ ਦੀ ਅਗਵਾਈ ਗੁਆ ਲੈਂਦਾ ਹੈ ਤਾਂ ਉਹ ਖੜੋਤ ਦਾ ਸ਼ਿਕਾਰ ਬਣ ਜਾਂਦਾ ਹੈ। ਉਸ ਹਾਲ ਵਿੱਚ ਆਖਰ ਕੁਝ ਵਿਵਾਦ ਹੀ ਉਹਨਾਂ ਦੀ ਸਾਂਝੀ ਜਿੰਦਗੀ ਦਾ ਅਹਾਰ ਬਣ ਜਾਂਦੇ ਹਨ। ਇਹ ਰੁਚੀ ਉਹਨਾਂ ਲਈ ਜਿੰਦਗੀ ਨੂੰ ਚਲਦਾ ਰੱਖਣ ਲਈ ਭੱਠੀ ਦੇ ਬਾਲਣ ਵਾਂਗ ਜਰੂਰੀ ਹੋ ਜਾਂਦੀ ਹੈ। ਉਹਨਾਂ ਲਈ ਕਿਸੇ ਮਸਲੇ ਦਾ ਵੱਡੇ ਛੋਟੇ ਹੋਣਾ ਜਾਂ ਨਵੇਂ ਪੁਰਾਣੇ ਹੋਣਾ ਕੋਈ ਅਰਥ ਨਹੀਂ ਰੱਖਦਾ ਹੁੰਦਾ। ਓਦੋਂ ਵਿਵਾਦ ਸਿਰਫ ਨਸ਼ੇ ਦੇ ਕੰਮ ਕਰਦੇ ਹਨ ਜੋ ਉਹਨਾਂ ਨੂੰ ਜਿੰਦਗੀ ਦੀ ਅਸਲੀਅਤ ਤੋਂ ਦੂਰ ਕਿਸੇ ਮਨਚਾਹੀ ਸੁਪਨ-ਰੰਗੀਨੀ ਵਿੱਚ ਰੱਖ ਸਕਣ। ਜਿਵੇਂ ਜਿਵੇਂ ਕੋਈ ਸਮਾਜ ਬਾਹਰਮੁਖੀ ਰੂਪ ਵਿੱਚ ਆਪਣੀ ਥਾਂ ਗੁਆਉਂਦਾ ਜਾਂਦਾ ਹੈ ਉਵੇਂ ਉਵੇਂ ਉਹ ਅੰਦਰ ਵੱਲ ਘੇਰੇ ਘੱਤੀ ਜਾਂਦਾ ਹੈ ਭਾਵੇਂ ਉਹਨਾਂ ਦੀ ਟੇਕ ਪਦਾਰਥਕ ਸਮਝ ਹੀ ਕਿਉਂ ਨਾ ਹੋਵੇ।

ਜਦੋਂ ਕਿਸੇ ਬੰਦੇ ਦੇ ਕੁਝ ਜਾਨਣ ਦਾ ਪਰਸੰਗ ਹੀ ਢਾਹੂ/ਨਿਖੇਧ ਰੂਪ ਹੋਵੇ ਤਾਂ ਇਹ ਬਹੁਤ ਆਮ ਗੱਲ ਹੈ ਕਿ ਉਹ ਦੂਜਿਆਂ ਨੂੰ ਗਿਆਨ ਜਾਣਕਾਰੀ ਵੀ ਨਿਖੇਧ ਰੂਪ ਵਿਚ ਹੀ ਵੰਡੇਗਾ। ਕਿਸੇ ਗੱਲ ਦੇ ਵਿਰੋਧ ਵਿੱਚੋ ਦਿੱਤਾ ਕੀਮਤੀ ਗਿਆਨ ਵੀ ਬਹੁਤੀ ਵਾਰ ਵਿਰੋਧ ਦੇ ਮੁੱਦੇ ਜਾਂ ਵਿਰੋਧੀ ਦੀ ਹਸਤੀ ਛੋਟੀ ਹੋਣ ਕਰਕੇ ਬੇਮਾਅਨਾ ਚਲਾ ਜਾਂਦਾ ਹੈ। ਵਿਵਾਦ ਦਾ ਸਭ ਤੋਂ ਵੱਡਾ ਨੁਕਸਾਨ ਇਹੋ ਹੁੰਦਾ ਹੈ ਕਿ ਇਸ ਵਿਚ ਬਹੁਤਾ ਸਾਰਾ ਕੀਮਤੀ ਗਿਆਨ ਅਤੇ ਵਧੀਆ ਸਮਰੱਥਾ ਵੀ ਵਿਚੇ ਰੁੜ ਜਾਂਦੇ ਹਨ। ਜੇ ਕੋਈ ਗੱਲ ਜਾਂ ਖਿਆਲ ਕਿਸੇ ਮਨੱਖ ਲਈ ਇਕ ਵਾਰ ਬੇਅਰਥ ਸਿੱਧ ਹੋ ਜਾਵੇ ਤਾਂ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਬੰਦਾ ਮੁੜ ਉਸ ਗੱਲ/ਖਿਆਲ ਦੀ ਕੀਮਤ ਨੂੰ ਸਮਝੇ। ਵਿਵਾਦ ਅਸਲ ਵਿੱਚ ਨਿੱਜੀ ਅਤੇ ਸਾਂਝੀ ਪੰੂਜੀ ਨੂੰ ਬੇਅਰਥ ਗੁਆਉਣ ਦਾ ਕਾਰਜ ਹੀ ਹੁੰਦੇ ਹਨ। ਜਿਵੇਂ ਕੋਈ ਦੁਖ ਨਾਲ ਆਪੇ ਤੋਂ ਬਾਹਰ ਹੋ ਕੇ ਘਰ ਦੀਆਂ ਦੀਆਂ ਚੀਜਾਂ ਵਸਤਾਂ ਤੋੜ ਦਿੰਦਾ ਹੈ। ਇਹ ਕੰਮ ਉਹ ਭਾਵੇਂ ਆਪਣੇ ਦੁਖ ਨੰੁ ਘਟਾਉਣ ਲਈ ਕਰਦਾ ਹੋਵੇ ਪਰ ਇਸ ਤਰ੍ਹਾਂ ਕਰਨ ਨਾਲ ਉਹਦਾ ਜੋ ਨੁਕਸਾਨ ਹੁੰਦਾ ਹੈ ਉਹ ਉਸਨੂੰ ਸੁਰਤ ਆਉਣ ਤੋਂ ਬਾਅਦ ਹੀ ਸਮਝ ਆਉਂਦਾ ਹੁੰਦਾ ਏ।

ਕਿਸੇ ਗੱਲ ਨੂੰ ਵਿਵਾਦ ਰਾਹੀਂ ਜਾਨਣ ਵਾਲੇ ਬੰਦੇ ਨੂੰ ਬਹੁਤੀ ਵਾਰ ਮਾੜੇ ਅਰਥ ਜਾਂ ਪਰਭਾਵ ਹੀ ਮਿਲਦੇ ਹਨ। ਕਿਸੇ ਗੱਲ ਨਾਲ ਵਾਹ/ਵਾਸਤਾ ਪੈਣ ਦੇ ਬਾਵਜੂਦ ਉਸ ਦੀ ਸਹੀ ਸਮਝ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਉਹ ਹਾਲਾਤ ਹੁੰਦੇ ਹਨ ਜਦੋਂ ਉਹ ਗੱਲ ਸਾਨੂੰ ਪਤਾ ਲੱਗੀ।ਕਈ ਵਾਰ ਕਿਸੇ ਮਨੁੱਖ ਦੀ ਆਪਣੀ ਹਾਲਤ ਵੀ ਵੱਡਾ ਕਾਰਨ ਹੁੰਦੀ ਹੈ ਜਦੋਂ ਪਹਿਲੀ ਵਾਰ ਉਹਦਾ ਕਿਸੇ ਗੱਲ ਨਾਲ ਸਾਹਮਣਾ ਹੁੰਦਾ ਹੈ ਤਾਂ ਉਹਦੇ ਲਈ ਤਿਆਰ ਜਾਂ ਜੋਗ ਨਹੀਂ ਹੁੰਦਾ। ਕਿਸੇ ਬੰਦੇ ਦੇ ਮਨ ਵਿਚ ਕੋਈ ਖਿਆਲ ਜੇ ਆਪ ਮੁਹਾਰੇ ਵੀ ਆਉਂਦਾ ਹੈ ਤਾਂ ਵੀ ਉਸ ਖਿਆਲ ਦੇ ਅਰਥ ਤੈਅ ਕਰਨ ਵਿਚ ਉਸ ਦੀ ਅਵਸਥਾ ਸਹਾਇਕ ਹੁੰਦੀ ਹੈ। ਇਹਨਾਂ ਕਾਰਨਾਂ ਕਰਕੇ ਹੀ ਸਭ ਧਰਮ ਕਾਨੂੰਨਾਂ ਵਲੋਂ ਹੀ ਮਨੁੱਖ ਨੂੰ ਚੰਗੀ ਸੰਗਤ ਕਰਨ ਦੀ ਅਤੇ ਵਿਵਾਦਾਂ ਤੋਂ ਦੂਰ ਰਹਿਣ ਅਤੇ ਬੁਰਾ ਨਾ ਸੋਚਣ ਦੀ ਤਾਕੀਦ ਕੀਤੀ ਜਾਂਦੀ ਹੈ।

ਜਦੋਂ ਕੋਈ ਬੰਦਾ ਕਿਸੇ ਖਾਸ ਗੱਲ ਨੂੰ ਸਿੱਖਣ ਦੇ ਯੋਗ ਨਹੀਂ ਜਾਂ ਸਿੱਖਣ ਦੀ ਹਾਲਤ ਵਿਚ ਨਹੀਂ ਹੁੰਦਾ ਤਾਂ ਉਸਨੂੰ ਉਹ ਗੱਲ ਜਾਂ ਕੰਮ ਸਿਖਾਉਣਾ ਫਾਇਦੇ ਦੀ ਥਾਂ ਨੁਕਸਾਨ ਕਰਦਾ ਹੈ। ਬੰਨ੍ਹ ਕੇ ਖੀਰ ਖਵਾਉਣ ਦਾ ਮੁਹਾਵਰਾ ਇਸ ਗੱਲ ਦੀ ਦੱਸ ਪਾਉਂਦਾ ਹੈ ਕਿ ਬਿਨਾ ਵਜਹ ਦਿੱਤਾ ਹੋਈ ਕੋਈ ਚੰਗੀ ਚੀਜ ਵੀ ਕਿਸੇ ਲਈ ਮਾੜੀ ਸਿੱਧ ਹੋ ਸਕਦੀ ਹੈ।ਕਿਸੇ ਜਾਣਕਾਰੀ ਦਾ ਬੇਲੋੜੇ ਰੂਪ ਵਿਚ ਕਿਸੇ ਮਨੁੱਖ ਤੱਕ ਪਹੁੰਚ ਜਾਣਾ ਵੀ ਵਿਵਾਦ ਲਈ ਥਾਂ ਪੈਦਾ ਕਰਦਾ ਹੈ। ਦੁਨੀਆ ਦੇ ਵੱਖ ਵੱਖ ਧਰਮਾਂ, ਵਿਚਾਰਾਂ ਅਤੇ ਦੇਸਾਂ ਨੇ ਆਪਣੀ ਆਪਣੀ ਪੱਧਰ ਉੱਤੇ ਬੰਦੇ ਨੂੰ ਜਿੰਦਗੀ ਜੀਣ ਦੇ ਯੋਗ ਬਣਾਉਣ ਦੇ ਤਰੀਕੇ ਅਤੇ ਮਾਪਦੰਡ ਅਪਣਾਏ ਹਨ। ਅਸਲ ਵਿੱਚ ਬੰਦੇ ਨੂੰ ਉਸਾਰੂ ਰੂਪ ਵਿਚ ਯੋਗ ਬਣਾਉਣਾ ਸਭ ਤੋਂ ਔਖਾ ਕੰਮ ਹੈ। ਕੁਲ ਕਾਨੂੰਨ ਅਤੇ ਸਮਾਜਕ ਮਾਨਤਾਵਾਂ ਬਾਹਰੀ ਹੱਦ ਤੱਕ ਹੀ ਸੀਮਤ ਹਨ ਉਹ ਬੰਦੇ ਅੰਦਰ ਗੁਣ ਪੈਦਾ ਨਹੀਂ ਕਰ ਸਕਦੇ। ਧਰਮਾਂ ਕਾਨੂੰਨਾਂ ਦੇ ਅਨੇਕਾਂ ਤੈਅਸੁਦਾ ਮਾਪਦੰਡਾਂ ਦੇ ਹਾਜਰ ਹੋਣ ਦੇ ਬਾਵਜੂਦ ਬੰਦੇ ਅੰਦਰ ਯੋਗਤਾ ਪੈਦਾ ਕਰਨਾ ਦਾ ਕੰਮ ਓਥੇ ਹੀ ਖੜ੍ਹਾ ਹੈ। ਸਿਆਣੇ ਲੋਕ ਲਗਾਤਾਰ ਕਈ ਤਰੀਕਿਆਂ ਨਾਲ ਇਹ ਗੁਣ ਪੈਦਾ ਕਰਨ ਦਾ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਆਏ ਹਨ ਪਰ ਉਹਨਾਂ ਦੇ ਜਤਨਾਂ ਵਿੱਚ ਵਿਵਾਦ ਕਦੇ ਨਹੀਂ ਆਉਂਦੇ। ਇਸ ਕਰਕੇ ਇਹ ਯਾਦ ਰੱਖਣਾ ਜਰੂਰੀ ਹੈ ਕਿ ਵਿਵਾਦ ਅਕਸਰ ਕਿਸੇ ਮਸਲੇ ਦਾ ਹੱਲ ਕਰਨ ਲਈ ਨਹੀਂ ਹੁੰਦੇ ਸਗੋਂ ਅਯੋਗ ਮਨੁੱਖਾਂ ਹੱਥ ਲੱਗੀ ਜਾਣਕਾਰੀ ਅਤੇ ਅਗਵਾਈ ਕਰਕੇ ਪੈਦਾ ਹੁੰਦੇ ਹਨ।

ਜਦੋਂ ਕੋਈ ਧਰਮ, ਦੇਸ ਜਾਂ ਸਮਾਜ ਆਪਣੀ ਹਿਸਾਬ ਨਾਲ ਅੱਗੇ ਨਹੀਂ ਵੱਧ ਰਿਹਾ ਹੁੰਦਾ ਜਾਂ ਉਹਨਾਂ ਲੋਕਾਂ ਨੂੰ ਆਪਣਾ ਅੱਗੇ ਵਧਣਾ ਮਹਿਸੂਸ ਨਹੀਂ ਹੋ ਰਿਹਾ ਹੁੰਦਾ ਤਾਂ ਉਹਨਾਂ ਵਿਚੋਂ ਕੁਝ ਲੋਕਾਂ ਤੇ ਢਾਹੂ ਵਿਚਾਰ ਭਾਰੂ ਹੋ ਜਾਂਦਾ ਹੈ। ਇਸ ਕਰਕੇ ਬਹੁਤੇ ਲੋਕ ਕਿਸੇ ਖੜੋਤ ਨੂੰ ਤੋੜਣ ਦਾ ਸੌਖਾ ਰਾਹ ਨਿਖੇਧ ਵਿਚੋਂ ਲੱਭਦੇ ਹਨ। ਸਮੁੱਚੇ ਬਦਲ ਦਾ ਸੁਪਨਾ ਕਿਸੇ ਖੰਡਣ ਕਰਨ ਵਾਲੇ ਨੂੰ ਤਾਂ ਕੀ ਇਹ ਤਾਂ ਬਹੁਤੀ ਵਾਰ ਮੰਡਣ ਕਰਨ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ। ਇਸ ਕਰਕੇ ਆਪਣੇ ਅਯੋਗ ਹੋਣ ਜਾਂ ਅੱਗੇ ਨਾ ਵਧ ਸਕਣ ਦਾ ਨਤੀਜਾ ਅਕਸਰ ਲੋਕ ਜਜਬਾਤੀ ਰੂਪ ਵਿਚ ਕੱਢਦੇ ਹਨ। ਜਜਬਾਤੀ ਹਾਲਤ ਵਿਚ ਹੀ ਬਹੁਤੇ ਲੋਕ ਆਪਣੀ ਨਕਾਮੀ ਦਾ ਦੋਸ਼ ਦੂਜਿਆ ਨੂੰ ਦਿੰਦੇ ਹਨ ਜਾਂ ਗਿਲਾਨ ਰੂਪ ਵਿਚ ਸਵੈ ਨਿੰਦਾ ਕਰਨ ਲੱਗਦੇ ਹਨ। ਸਵੈ, ਪਰ ਜਾਂ ਸਮੁੱਚੇ ਵਰਤਾਰੇ ਨੂੰ ਸਮਝਣ ਦੀ ਮਿਹਨਤ ਕਰਨਾ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦਾ ਹੈ। ਇਸ ਕਰਕੇ ਜਜਬਾਤੀ ਰੂਪ ਵਿੱਚ ਢਾਹੂ ਵਿਚਾਰ ਅਧੀਨ ਬੰਦੇ ਆਪਣੀਆਂ ਜੜ੍ਹਾਂ ਵੱਲ ਨੂੰ ਤਾਂ ਪਰਤਦੇ ਹਨ ਪਰ ਉਹ ਉਹਨਾਂ ਤੋਂ ਖੁਰਾਕ ਨਹੀਂ ਲੈ ਸਕਦੇ। ਉਹ ਆਪਣੀਆਂ ਜੜ੍ਹਾਂ ਨੂੰ ਤਕੜੇ ਕਰਨ ਦੀ ਥਾਂ ਉਹਨਾਂ ਦੀ ਮਿੱਟੀ ਜਾਂ ਛਿੱਲ ਹੀ ਲਾਹੁਣ ਲਗਦੇ ਹਨ। ਕੁਝ ਲੋਕ ਆਪਣੀਆਂ ਜੜ੍ਹਾਂ ਨੂੰ ਪੁੱਟ ਕੇ ਕਿਸੇ ਹੋਰ ਥਾਂ ਲਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਉਹ ਆਪਣੀ ਦਿੱਖ, ਬੋਲੀ ਵਿਚਾਰ ਆਦਿ ਸਭ ਕੁਝ ਛੱਡ ਕੇ ਕਿਸੇ ਹੋਰ ਵਰਗਾ ਹੋਣ ਲਗਦੇ ਹਨ। ਕਈ ਵਾਰ ਕੁਝ ਨਵਾਂ ਕਰਨ ਦੇ ਰੂਪ ਵਿਚ ਆਪਣੇ ਪੁਰਖਿਆਂ ਨੂੰ ਵੀ ਆਪਣੇ ਵਾਂਗ ਅਯੋਗ ਸਿੱਧ ਕਰਕੇ ਆਪਣੇ ਆਪ ਨੂੰ ਦੋਸ਼ ਮੁਕਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਦੁਸ਼ਮਣ ਤੋਂ ਵੀ ਜਿਆਦਾ ਮਾੜਾ ਸਮਝਣ ਲਗਦੇ ਹਨ। ਉਹਨਾਂ ਲਈ ਅਸਹਿਮਤੀ ਅਤੇ ਗਦਾਰੀ ਵਿਚਲਾ ਫਰਕ ਮਿਟ ਜਾਂਦਾ ਹੈ। ਇਹ ਗੱਲਾਂ ਕਿਸੇ ਵੀ ਵਿਵਾਦ ਵਾਲੇ ਮਾਹੌਲ ਵਿਚੋਂ ਆਮ ਨਜਰ ਆਉਂਦੀਆਂ ਹਨ।

ਕਿਸੇ ਵੀ ਮਨੁੱਖ ਕੋਲ ਕਿਸੇ ਸ਼ੈਅ ਦੀ ਬੇਲੋੜੀ ਆਮਦ (ਚਾਹੇ ਤੁਰੰਤ ਚਾਹੇ ਸਮਾਂ ਪਾਕੇ) ਵਿਵਾਦ ਪੈਦਾ ਕਰਨ ਜਾਂ ਉਸ ਹਿੱਸਾ ਲੈਣ ਦਾ ਕਾਰਨ ਬਣਦੀ ਹੀ ਹੈ। ਮਿਸਾਲ ਵਜੋਂ ਪੰਜਾਬ ਵਿਚ ਜਾਨਣ ਜਨਾਉਣ ਵਾਲੇ ਲੋਕਾਂ ਕੋਲ ਸਿੱਖੀ ਬਿਨਾ ਕਮਾਈ ਜਾਂ ਵਿਰਸੇ ਵਿੱਚ ਮਿਲੀ ਜਾਇਦਾਦ ਬਣੀ ਹੋਈ ਹੈ। ਇਥੇ ਬਹੁਤੇ ਲੋਕਾਂ ਦੀ ਸਿੱਖੀ ਦੀ ਦਾਅਵੇਦਾਰੀ ਵੀ ਜਮੀਨ ਦੀ ਮਾਲਕੀ ਦੀ ਦਾਅਵੇਦਾਰੀ ਵਰਗੀ ਹੈ। ਜਮੀਨ ਦਾ ਮਾਲਕ ਆਪ ਭਾਵੇਂ ਵਹਾਈ ਬੀਜਾਈ ਨਾ ਕਰੇ ਅਤੇ ਜਮੀਨ ਨੂੰ ਸਾਂਭੇ ਵੀ ਨਾ ਪਰ ਕੋਈ ਹੋਰ ਉਸਦੀ ਮਰਜੀ ਬਿਨਾ (ਅਤੇ ਉਸਨੂੰ ਕੁਝ ਦਿੱਤੇ ਬਿਨਾ) ਉਸ ਜਮੀਨ ਉਤੇ ਕੁਝ ਨਹੀਂ ਕਰ ਸਕਦਾ ਚਾਹੇ ਉਹ ਜਮੀਨ ਨੂੰ ਵਾਹਣ ਬੀਜਣ ਦੀ ਜਿੰਨੀ ਮਰਜੀ ਸਮਝ ਅਤੇ ਯੋਗਤਾ ਰਖਦਾ ਹੋਵੇ। ਕਿਸੇ ਅਯੋਗ ਬੰਦੇ ਦਾ ਕਿਸੇ ਸ਼ੈਅ ਦਾ ਮਾਲਕ ਹੋਣਾ ਕਿਸੇ ਯੋਗ ਬੰਦੇ ਦੇ ਹੱਕੋਂ ਵਾਝੇ ਹੋਣ ਤੋਂ ਵੀ ਬੁਰਾ ਹੁੰਦਾ ਹੈ।ਇਸ ਕਰਕੇ ਜਿਸ ਵੀ ਖੇਤਰ ਦੀ ਮਾਲਕੀ ਅਯੋਗ ਬੰਦਿਆਂ ਦੇ ਹੱਥ ਹੈ ਉਸ ਖੇਤਰ ਵਿਚ ਕੋਈ ਵਿਵਾਦ ਸੁਲ਼ਝਾਉਣ ਦੀ ਕੋਸ਼ਿਸ਼ ਉਹਨਾਂ ਬੰਦਿਆਂ ਨੂੰ ਹੋਰ ਪੱਕੇ ਕਰਨ ਜਾਂ ਹੋਰ ਅਯੋਗ ਬੰਦਿਆਂ ਨੂੰ ਅੱਗੇ ਲਿਆਉਣ ਦੀ ਕਸਰਤ ਹੀ ਹੁੰਦੀ ਹੈ।

ਵਿਵਾਦ ਸਿਰਫ ਆਗੂ ਕਿਸਮ ਦੇ ਲੋਕਾਂ ਦੀ ਲੋੜ ਨਹੀਂ ਹੁੰਦੇ ਸਗੋਂ ਇਸ ਤੋਂ ਵਧੇਰੇ ਵਿਦਵਾਨ ਕਹਾਉਣ ਵਾਲੇ ਲੋਕਾਂ ਦੀ ਲੋੜ ਹੁੰਦੇ ਹਨ। ਜਿਵੇਂ ਸ਼ਹਿਰ ਵਿੱਚ ਚੋਰੀਆਂ ਵਧੇਰੇ ਹੋਣ ਨਾਲ ਲੋਕਾਂ ਨੂੰ ਪੁਲਸ ਦੀ ਲੋੜ ਵਧੇਰੇ ਮਹਿਸੂਸ ਹੁੰਦੀ ਹੈ, ਉਵੇਂ ਵਿਵਾਦਾਂ ਕਾਰਨ ਆਮ ਲੋਕਾਂ ਨੂੰ ਵਿਦਵਾਨਾਂ ਦੀ ਲੋੜ ਵਧੇਰੇ ਮਹਿਸੂਸ ਹੁੰਦੀ ਹੈ। ਇਕ ਆਮ ਬੰਦਾ ਕਦੇ ਸੋਚ ਵੀ ਨਹੀਂ ਸਕਦਾ ਹੁੰਦਾ ਕਿ ਵਿਦਵਾਨ ਕਹਾਉਣ ਵਾਲੇ ਲੋਕ ਹੀ ਅਕਸਰ ਕਿਸੇ ਵਿਵਾਦ ਨੂੰ ਹੱਲ ਕਰਨ ਦੀ ਥਾਂ ਉਸਨੂੰ ਭਖਾਉਣ ਦੇ ਕੰਮ ਆਉਂਦੇ ਹਨ। ਕਿਸੇ ਵਿਵਾਦ ਦੇ ਨਿਬੜਣ ਜਾਂ ਠੰਢਾ ਪੈ ਜਾਣ ਨਾਲ ਰਿਵਾਇਤ ਸਮਝ ਵਾਲੇ ਆਗੂਆਂ ਅਤੇ ਵਿਦਵਾਨਾਂ ਨੂੰ ਇਕੋ ਕਿਸਮ ਘਾਟਾ ਪੈਂਦਾ ਹੈ ਕਿ ਉਹਨਾਂ ਦੇ ਸਰੋਤਿਆਂ ਅਤੇ ਸਨਮਾਨ ਵਿੱਚ ਕਮੀ ਹੋ ਜਾਂਦੀ ਹੈ।

ਧਰਮ ਅਨੁਸਾਰ ਤਾਂ ਪਰਖ ਦੇ ਮਾਪਦੰਡ ਇਹੋ ਹਨ ਕਿ ਬੰਦਾ ਆਪਣੇ ਕਥਨ ਕਰਮ ਨੂੰ ਤੋਲੇ ਤੇ ਧਰਮ ਨਿਭਾਏ।ਇਸ ਕਰਕੇ ਸਿਆਣੇ ਬੰਦੇ ਅਕਸਰ ਚੁੱਪ ਰਹਿੰਦੇ ਹਨ। ਜਦੋਂ ਬੰਦਾ ਦੂਜਿਆਂ ਦੇ ਕਥਨ ਕਰਮ ਨੂੰ ਤੋਲੇ ਅਤੇ ਉਹਨਾਂ ਦੇ ਨੁਕਸ ਗਿਣ ਕੇ ਆਪਣੇ ਆਪ ਨੂੰ ਸਹੀ ਸਮਝੇ ਤਾਂ ਇਹ ਧਰਮ ਤੋਂ ਉਲਟਾ ਮਾਪਦੰਡ ਹੁੰਦਾ ਹੈ ਚਾਹੇ ਬੰਦੇ ਜਿਹੜੇ ਮਰਜੀ ਮਸਲੇ ਲਈ ਵਰਤੇ। ਦੁਨੀਆ ਵਿੱਚ ਵਧੇਰੇ ਲੋਕ ਦੂਜਿਆਂ ਨੂੰ ਪਰਖਣ ਦੀ ਬਿਰਤੀ ਵਾਲੇ ਹੁੰਦੇ ਹਨ ਅਤੇ ਇਹੋ ਸੁਭਾਅ ਹੀ ਵਿਵਾਦ ਪੈਦਾ ਕਰਨ ਅਤੇ ਚਲਾਉਣ ਲਈ ਲੋੜੀਂਦਾ ਅਧਾਰ ਹੁੰਦਾ ਹੈ।

ਸਿੱਖ ਸ਼ਰਧਾ ਅਨੁਸਾਰ ਧਾਰਮਿਕ ਹੋਣ ਦੀ ਦਾਅਵੇਦਾਰੀ ਤਾਂ ਬਹੁਤ ਦੂਰ ਹੈ ਇਥੇ ਤਾਂ ਦਾਖਲਾ ਵੀ ਨਿਰੋਲ ਕਰਮ ਅਧਾਰਤ ਨਹੀਂ ਹੈ। ਧਰਮ ਦੇ ਰਾਹ ਤੁਰਨ ਲਈ ਵੀ ਮਿਹਰ ਦੀ ਲੋੜ ਹੈ। ਧਰਮ ਅਨੁਸਾਰ ਜਿੰਦਗੀ ਤਾਂ ਪੈਰ ਪੈਰ ਤੇ ਰੱਬੀ ਮਿਹਰ ਦੀ ਮੁਹਤਾਜ ਹੈ। ਅਜਿਹੀ ਹਾਲਤ ਵਿਚ ਕਿਸੇ ਧਾਰਮਿਕ ਬਣਨ ਜਾ ਰਹੇ ਜਾਂ ਬਣੇ ਹੋਏ ਮਨੁੱਖ ਦੇ ਜੀਵਨ ਵਿੱਚ ਵਿਵਾਦ ਲਈ ਥਾਂ ਕਿਥੇ? ਕਾਨੂੰਨ ਨੂੰ ਮੰਨਣਾ ਅਤੇ ਉਹਦਾ ਪਰਚਾਰ ਕਰਨ ਵਿੱਚ ਏਡਾ ਫਰਕ ਨਹੀਂ ਹੈ ਜਿੱਡਾ ਧਰਮ ਨਿਭਾਉਣ ਅਤੇ ਪਰਚਾਰ ਕਰਨ ਜਾਂ ਸਮਝਾਉਣ ਵਿਚ ਫਰਕ ਹੈ।ਇਸ ਕਰਕੇ ਧਰਮ ਦੀ ਨੁਕਤਾ ਨਜਰ ਅਨੁਸਾਰ ਜਿੰਨਾ ਕਿਸੇ ਮਨੁੱਖ ਦੇ ਕਥਨ ਅਤੇ ਕਰਮ ਵਿਚ ਫਰਕ ਹੈ ਉਹ ਓਨਾ ਹੀ ਵਿਵਾਦ ਦਾ ਹਿੱਸੇਦਾਰ ਬਣਨ ਦੇ ਵਧੇਰੇ ਯੋਗ ਹੁੰਦਾ ਹੈ। ਕੋਈ ਸਮਾਜ ਜਿੰਨਾ ਵਧੇਰੇ ਵਿਵਾਦ ਵਿਚ ਫਸਿਆ ਹੋਇਆ ਹੈ ਉਹ ਓਨਾ ਵਧੇਰੇ ਹੀ ਕਹਿਣ ਕਰਨ ਦੇ ਫਰਕ ਦਾ ਸ਼ਿਕਾਰ ਹੈ।

ਮਨੁੱਖੀ ਇਤਿਹਾਸ ਵਿਚੋ ਇਸ ਗੱਲ ਦੀਆਂ ਕਈ ਮਿਸਾਲਾਂ ਹਨ ਕਿ ਜਿਉਂ ਹੀ ਕੋਈ ਧਰਮ ਗਿਆਨ ਪਰਚਾਰ ਦੀ ਟੇਕ ਨਾਲ ਚਲਣ ਲਗਦਾ ਹੈ ਤਾਂ ਅਸਲ ਵਿਚ ਉਹ ਰਾਜਸੀ ਚਲਣ ਦਾ ਮੁਹਤਾਜ ਹੋ ਜਾਂਦਾ ਹੈ।ਤਖਤ ਤੇ ਬੈਠਣ ਵਾਲਿਆਂ ਦੀ ਅਕਸਰ ਇਹ ਲੋੜ ਹੁੰਦੀ ਹੈ ਕਿ ਧਰਮ ਦੇ ਖੇਤਰ ਵਿਚ ਅਯੋਗ ਬੰਦਿਆਂ ਨੂੰ ਕਿਸੇ ਰੁਤਬੇ ਤੱਕ ਪਹੁੰਚਦੇ ਕੀਤਾ ਜਾਵੇ। ਧਰਮਾਂ ਵਿੱਚ ਪੈਦਾ ਹੁੰਦੇ ਵਿਵਾਦਾਂ ਨੂੰ ਇਸ ਪੱਖ ਤੋਂ ਵੀ ਸਮਝਣ ਦੀ ਲੋੜ ਹੁੰਦੀ ਹੈ। ਕਿਸੇ ਧਰਮ ਅੰਦਰਲੇ ਵਿਵਾਦ ਕਈ ਵਾਰ ਅੰਦਰੂਨੀ ਸੁਧਾਰ ਦੀ ਥਾਂ ਹਕੂਮਤਾਂ ਦੀਆਂ ਲੋੜਾਂ ਅਨੁਸਾਰ ਵੀ ਉਠਦੇ ਹਨ। ਇਸ ਕਰਕੇ ਕਿਸੇ ਵਿਵਾਦ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਬਾਰੇ ਸੋਚਣ ਤੋਂ ਪਹਿਲਾਂ ਇਹ ਜਾਨਣਾ ਵੀ ਜਰੂਰੀ ਹੁੰਦਾ ਹੈ ਕਿ ਕਿਹੜਾ ਵਿਵਾਦ ਕਿਸ ਵੇਲੇ ਉਠ ਰਿਹਾ ਹੈ।ਉਹ ਕਿਸ ਦੀ ਲੋੜ ਹੈ? ਜੇ ਇਹ ਪਤਾ ਹੀ ਨਾ ਲੱਗੇ ਕਿ ਜਾਨਣ ਜਨਾਉਣ ਦਾ ਕੰਮ ਕਿਸੇ ਸੱਤਾ ਮੁਤਾਬਿਕ ਸੇਧੇ ਰਾਹ ਤੇ ਹੋ ਰਿਹਾ ਹੈ ਜਾਂ ਧਾਰਮਿਕ ਸਾਧਨਾ ਅਤੇ ਦਾਰਸ਼ਨਿਕ ਖੋਜ ਨਾਲ ਸਬੰਧਤ ਹੈ ਤਾਂ ਕਿਸੇ ਵੀ ਪਾਸੇ ਤੋਂ ਹਿੱਸਾ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ।

ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡਾ ਭੇੜ ਇਸੇ ਗੱਲ ਦਾ ਹੈ ਕਿ ਸਮੁੱਚੇ ਸੰਸਾਰ ਦੀ ਕੀਮਤ ਕਿਸ ਤਰ੍ਹਾਂ ਅਤੇ ਕਿਸ ਅਧਾਰ ਤੇ ਤੈਅ ਹੋਵੇ। ਬਾਕੀ ਸਾਰੇ ਭਾਂਤ ਦੇ ਵਿਵਾਦ ਇਸੇ ਕੀਮਤ ਤੈਅ ਕਰਨ ਦੇ ਅਧਾਰ ਅਤੇ ਤਰੀਕੇ ਅਧੀਨ ਹੀ ਆਉਂਦੇ ਹਨ। ਅਜੋਕੇ ਸਮੇਂ ਨੂੰ ਨਵਾਂ ਜਾਂ ਆਧੁਨਿਕ ਸਮਾਂ ਕਹਿਣ ਪਿਛੇ ਵੀ ਇਹੋ ਕੀਮਤ ਤੈਅ ਕਰਨ ਵਾਲਾ ਕਾਰਨ ਹੈ। ਹਰ ਸ਼ੈਅ ਦੀ ਕੀਮਤ ਤੈਅ ਕਰਨ ਦਾ ਸਵਾਲ ਮਨੁੱਖੀ ਸਮਾਜ ਲਈ ਸਦੀਆਂ ਤੋਂ ਮੂਲ ਸਵਾਲ ਹੈ। ਕੀਮਤ ਤੈਅ ਕਰਨ ਦਾ ਅਧਾਰ ਕੀ ਹੋਵੇ ਅਤੇ ਕੀਮਤ ਤੈਅ ਕਰਨ ਦਾ ਹੱਕ ਕਿਸ ਕੋਲ ਹੋਵੇ, ਇਹ ਗੱਲਾਂ ਹੀ ਅਸਲ ਵਿਵਾਦ ਹਨ। ਬੰਦੇ ਨੇ ਖੁਦ ਨੂੰ ਜਾਂ ਖੁਦਾ ਨੂੰ ਕੀਮਤ ਤੈਅ ਕਰਨ ਦਾ ਕੇਂਦਰ ਮੰਨਣ ਹੈ,ਇਹ ਮਸਲਾ ਧਰਮ ਅਤੇ ਰਾਜਨੀਤੀ ਨੂੰ ਇਕੋ ਜਿੰਨਾ ਅਸਰ ਹੇਠ ਲੈਂਦਾ ਹੈ।ਜਦੋਂ ਕੁਝ ਮਨੁੱਖ ਗੁਰੂ ਦੇ ‘ਜਨਮ ਦਿਹਾੜੇ’ ਦੇ ਤਿਥ ਵਾਰ ‘ਕਤਕ ਕਿ ਵੈਸਾਖ’ ਜਾਂ ਪੱਖ/ਮਾਹ ਤੈਅ ਕਰਨ ਪਿਛੇ ਵਿਵਾਦ ਵਿੱਚ ਪੈਂਦੇ ਹਨ ਤਾਂ ਉਹਨਾਂ ਲੋਕਾਂ ਦਾ ਧਰਮ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਹੁੰਦਾ। ਨਾ ਹੀ ਉਹਨਾਂ ਦਾ ਰੀਝ ਕਿਸੇ ਦਿਨ ਤਿਹਾਰ ਨੂੰ ਤੈਅ ਕਰਨ ਜਾਂ ਕਿਸੇ ਮਰਯਾਦਾ ਦਾ ਪਾਲਣ ਕਰਨ ਵਿੱਚ ਹੁੰਦਾ ਹੈ।ਉਹਨਾਂ ਦੀ ਸਾਰੀ ਸਮਝ ਸਿਆਣਪ ‘ਜਨਮ ਮਰਨ’ ਵਾਲੇ ਮਨੁੱਖ ਚੱਕਰੀ ਉਤੇ ਹੁੰਦੀ ਹੈ, ਜੋ ਨਿਰੋਲ ਦੁਨਿਆਵੀ ਹੈ। ਉਹ ਨੰਗੇ ਚਿੱਟੇ ਰੂਪ ਵਿੱਚ ਗੁਰੂ ਦੇ ਰੁਤਬੇ ਨੂੰ ਮਨੁੱਖ ਸਿੱਧ ਕਰਨ ਵੱਲ ਸੇਧਿਤ ਹੁੰਦੇ ਹਨ।

ਇਸ ਕਰਕੇ ਅਜਿਹੇ ਵਿਵਾਦ (ਤਿਥ ਵਾਰ ਤੈਅ ਕਰਨਾ) ਅਕਸਰ ਧਾਰਮਿਕ ਮਸਲੇ ਨਹੀਂ ਹੁੰਦੇ ਸਗੋਂ ਕਾਲ ਚੱਕਰ ਅਧੀਨ ਕਿਸੇ ਸਮਕਾਲੀ ਸਥਾਪਤ ਰਾਜਸੱਤਾ ਦੇ ਹਿੱਤਾਂ ਮੁਤਾਬਿਕ ਧਾਰਮਿਕ ਭਾਵਨਾ ਦੀ ਰਾਜਨੀਤਕ ਕੀਮਤ ਤੈਅ ਕਰਨ ਦੀ ਮਿਹਨਤ ਹੁੰਦੇ ਹਨ।ਜਿਸ ਮਨੱੁਖ ਜਾਂ ਧੜੇ ਦਾ ਵੀ ਇਸ ਰੂਪ ਵਿਚ ਹੱਥ ਉਪਰ ਹੋ ਜਾਵੇ ਉਹ ਸਮਕਾਲੀ ਰਾਜਸੱਤਾ ਨਾਲ ਵਧੇਰੇ ਛੇਤੀ ਜੁੜ ਜਾਂਦਾ ਹੈ ਕਿਉਂਕਿ ਵਿਵਾਦ ਆਸਰੇ ਜੀਣ ਵਾਲੇ ਲੋਕਾਂ ਵਿੱਚ ਧਰਮ ਖਾਤਰ ਹਕੂਮਤ ਨਾਲ ਭਿੜਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਹਨਾਂ (ਰਾਜਸੱਤਾ ਦੇ ਅਸਰ ਅਧੀਨ ਧਾਰਮਿਕ ਖੇਤਰ ਵਿੱਚ ਵਿਚਰਣ ਵਾਲੇ) ਲੋਕਾਂ ਦੀ ਸਭ ਤੋਂ ਪਹਿਲੀ ਪਛਾਣ ਇਹੋ ਹੁੰਦੀ ਹੈ ਕਿ ਉਹ ਕਿਸੇ ਵੀ ਮਾਮਲੇ ਨੂੰ ਆਪ ਦਰਬਾਰ ਲਗਾ ਕੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹਨਾਂ ਦੀ ਸੱਤਾ ਸਿੱਧ ਹੋ ਸਕੇ।ਜੇ ਅਜਿਹਾ ਨਾ ਹੋਵੇ ਤਾਂ ਉਹ ਸਮਕਾਲੀ ਸੱਤਾ ਦੇ ਦਰਬਾਰ ਵਿੱਚ ਜਾਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਸੱਤਾਧਾਰੀ ਧਿਰ ਖੁਸ਼ ਹੋ ਸਕੇ। ਇਸ ਕਰਕੇ ਧਾਰਮਿਕ ਜਾਂ ਹੋਰ ਕਿਸੇ ਵੀ ਕਿਸਮ ਦੇ ਵਿਵਾਦ ਕੁਝ ਲੋਕਾਂ ਲਈ ਰਾਜਸੀ ਤਾਕਤ ਵਜੋਂ ਸਿੱਧ ਹੋਣ ਲਈ ਮੌਕਾ ਹੁੰਦੇ ਹਨ। ਇਹ ਗੱਲ ਥੋੜੀ ਮੋਟੀ ਸਮਝ ਵਾਲੇ ਨੂੰ ਵੀ ਪਤਾ ਹੈ ਕਿ ਰਾਜਨੀਤੀ ਲਈ ਮੌਕੇ ਜੇ ਪੈਦਾ ਨਾ ਹੋਣ ਤਾਂ ਪੈਦਾ ਕਰਨੇ ਪੈਂਦੇ ਹਨ। ਕਿਸੇ ਰਾਜਸੱਤਾ ਦਾ ਹਿੱਤ ਸਿਰਫ ਉਹਦੇ ਹੱਕ ਵਿੱਚ ਭਗਤਣਾ ਨਹੀਂ ਹੁੰਦਾ ਸਗੋਂ ਕਈ ਵਾਰ ਉਹਦੇ ਲਈ ਵਿਰੋਧ, ਹੱਕ ਵਿੱਚ ਖੜ੍ਹਣ ਤੋਂ ਵੀ ਵੱਧ ਕੀਮਤੀ ਹੁੰਦਾ ਹੈ।

ਵਿਵਾਦਾਂ ਵਿੱਚ ਹਿੱਸਾ ਲੈ ਕੇ ਆਪਣੀ ਵਿਦਵਤਾ ਜਾਂ ਧਾਰਮਿਕ ਪਕਿਆਈ ਸਿੱਧ ਕਰਨ ਵਾਲੇ ਲੋਕਾਂ ਦੀ ਧਰਮ ਬਾਰੇ ਅਗਿਆਨਤਾ ਜਾਂ ਦੁਬਿਧਾ ਅਕਸਰ ਪਰਗਟ ਹੁੰਦੀ ਰਹਿੰਦੀ ਹੈ।ਮਿਸਾਲ ਵਜੋਂ ਪਿਛਲੀ ਸਦੀ ਵਿੱਚ ਸਿੱਖ ਧਰਮ ਵਿਚ ਕਿਸੇ ਵੀ ਮਸਲੇ ਤੇ ਵਿਵਾਦਾਂ ਦੀਆਂ ਧਿਰਾਂ ਬਣਨ ਵਾਲਿਆਂ ਦਾ ਸਮੁੱਚੇ ਧਾਰਮਿਕ ਜੀਵਨ ਬਾਰੇ ਨਜਰੀਆ ਵੇਖਣ ਵਾਲਾ ਹੈ। ਕੋਈ ਵੇਲਾ ਸੀ ਜਦੋਂ ਇਲਾਕਈ ਭਿੰਨਤਾ ਅਤੇ ਅਰਥ ਭੇਦ ਨੂੰ ਅਣਡਿੱਠ ਕਰਕੇ ਵੱਖ ਵੱਖ ਧੜੇ ਤੇ ਵਿਦਵਾਨ ਸਾਲਾਂ ਬੱਧੀ ‘ਮਹੱਲਾ/ਮਹਿਲਾ’ ਕਹਿਣ ਤੇ ਆਪਣੀ ਗੱਲ ਇਕ ਦੂਜੇ ਨੂੰ ਮਨਾਉਣ ਲਈ ਵਿਵਾਦ ਚ ਪਏ ਰਹੇ। ਉਹ ਇਕ ਸ਼ਬਦ ਦਾ ਉਚਾਰਣ ਆਪਣੀ ਸਮਝ ਮੁਤਾਬਿਕ ਤੈਅ ਕਰਨ ਵਾਸਤੇ ਸਾਰੇ ਧਰਮ ਇਤਿਹਾਸ ਦੀ ਵਿਆਖਿਆ ਬਦਲਣ ਤੱਕ ਚਲੇ ਗਏ। ਇਸ ਤਰ੍ਹਾਂ ਦੇ ਮਸਲਿਆਂ ਉੱਤੇ ਜਦੋਂ ਕੋਈ ਪੱਕਾ ਪੈਂਤੜਾ ਲੈਂਦਾ ਹੈ ਤਾਂ ਉਹ ਸਾਰੇ ਧਾਰਮਿਕ ਜਗਤ ਦੇ ਅਰਥਾਂ ਨੂੰ ਇਕੋ ਮਸਲੇ ਦੀ ਸੂਈ ਦੇ ਨੱਕੇ ਚ ਲੰਘਾਉਣ ਦੀ ਕਸਰਤ ਕਰਦਾ ਹੈ। ਇਹ ਗੱਲ ਸਮਝਣ ਲਈ ਕਾਫੀ ਹੈ ਕਿ ਉਹਨਾਂ ਦਾ ਜੀਵਨ ਅਮਲ ਧਾਰਮਿਕ ਹੋਣ ਨਾਲੋਂ ਨਿੱਜੀ, ਧੜੇਬੰਦਕ ਜਾਂ ਰਾਜਨੀਤਿਕ ਜਿਆਦਾ ਹੋ ਜਾਂਦਾ ਹੈ। ਸਵੈ ਵਿਰੋਧ ਵਾਲੇ ਵੱਖ ਵੱਖ ਧੜਿਆਂ ਦੀ ਬੁਨਿਆਦੀ ਸਾਂਝ ਇਹੋ ਹੁੰਦੀ ਹੈ ਕਿ ਉਹ ਜਿਸ ਗੱਲ ਦੀ ਰਾਖੀ ਲਈ ਖੜੇ ਹੁੰਦੇ ਹਨ ਅਕਸਰ ਉਸੇ ਗੱਲ ਬਾਰੇ ਵਿਵਾਦ ਹੀ ਉਹਨਾਂ ਦੀ ਖੁਰਾਕ ਹੁੰਦੇ ਹਨ। ਉਹਨਾਂ ਦੀ ਧੜੇਬੰਦੀ ਅਸਲੀ ਧਾਰਮਿਕ ਹੋਣ ਦੇ ਪੈਂਤੜੇ ਤੋਂ ਸ਼ੁਰੂ ਹੁੰਦੀ ਹੈ। ਧੜੇਬੰਦੀ ਦਾ ਅੰਤਮ ਨਿਸ਼ਾਨਾ ਧਾਰਮਿਕ ਹੋਣਾ ਨਹੀਂ ਸਗੋਂ ਧਰਮ ਉਤੇ ਜਾਇਦਾਦ ਵਾਂਗ ਕਬਜਾ ਕਰਨਾ ਹੁੰਦਾ ਹੈ।

ਜਦੋਂ ਕੋਈ ਬੰਦਾ ਧਰਮ ਦੀ ਕੀਮਤ ਰਾਜਸੀ ਭਾਵ ਨਾਲ ਤੈਅ ਕਰਦਾ ਹੈ ਤਾਂ ਫਿਰ ਹਰ ਰਿਸ਼ਤੇ ਨੂੰ ਹੀ ਇਸੇ ਭਾਵ ਨਾਲ ਸਮਝਦਾ ਵੇਖਦਾ ਹੈ। ਮਿਸਾਲ ਵਜੋਂ ਔਰਤ ਨੂੰ ਜਾਇਦਾਦ ਸਮਝਣਾ ਕਿਸੇ ਇਕ ਅੱਧੇ ਸਮਾਜ ਦੀ ਸਭਿਆਚਾਰਕ ਜਾਂ ਕਾਨੂੰਨੀ ਮਾਨਤਾ ਨਹੀਂ ਸੀ ਸਗੋਂ ਸਾਰੀ ਦੁਨੀਆ ਵਿਚ ਲਗਭਗ ਸਾਰੇ ਸਮਾਜਾਂ ਦੀ ਹੀ ਸਮੇਂ ਸਮੇਂ ਤੇ ਇਹ ਸਮਝ ਰਹੀ ਹੈ। ਲੜਾਈ ਦੇ ਮਸ਼ਹੂਰ ਕਾਰਨ (ਜਰ ਜੋਰੂ ਅਤੇ ਜਮੀਨ) ਅਸਲ ਵਿਚ ਇਕੋ ਮਾਲਕੀ ਭਾਵ ਦੇ ਹੀ ਵੱਖ ਵੱਖ ਰੂਪ ਸਨ (ਅਤੇ ਹੁਣ ਵੀ ਹਨ)। ਧਰਮ ਅੰਦਰ ਰੱਬ ਦੀ ਮਾਨਤਾ ਨੂੰ ਵੀ ਇਸੇ ਰੂਪ ਵਿਚ ਜਾਣਿਆ ਜਾ ਸਕਦਾ ਹੈ ਕਿ ਸਭ ਦਾ ਮਾਲਕ ਇਕ ਹੋਣ ਦਾ ਭਾਵ ਹੈ ਕਿ ਹੋਰ ਕਿਸੇ ਮਨੁੱਖ ਦੇ ਮਾਲਕ ਹੋਣ ਦਾ ਦਾਅਵਾ ਖਤਮ ਕਰਨਾ ਹੈ। ਕਿਉਂਕਿ ਮਾਲਕੀ ਦਾ ਦਾਅਵਾ ਹੀ ਮਨੁੱੱਖਾਂ ਦੀਆਂ ਆਪਸੀ ਲੜਾਈਆ ਦੀ ਜੜ੍ਹ ਹੁੰਦਾ ਹੈ। ਪਦਾਰਥਕ ਜਾਇਦਾਦ ਦੀ ਥਾਂ ਧਰਮ ਦੀ ਮਾਲਕੀ ਦੀ ਲੜਾਈ ਜਿਆਦਾ ਖਤਰਨਾਕ ਹੁੰਦੀ ਹੈ ਕਿਉਂਕਿ ਇਹ ਮਾਲਕੀ ਵਧੇਰੇ ਵੱਡੀ ਅਤੇ ਸੂਖਮ ਹੁੰਦੀ ਹੈ। ਕਿਸੇ ਧਰਮ ਦੇ ਨਿਘਾਰ ਦਾ ਅਸਲ ਭਾਵ ਇਹੋ ਹੁੰਦਾ ਹੈ ਕਿ ਉਸ ਧਰਮ ਦੀ ਅਗਵਾਈ ਅਜਿਹੇ ਲੋਕਾਂ ਦੇ ਹੱਥ ਆ ਜਾਂਦੀ ਹੈ ਜੋ ਧਰਮ ਨੂੰ ਜਾਇਦਾਦ ਵਾਂਗ ਸਮਝਦੇ ਹਨ ਅਤੇ ਉਸਦੀ ਵਰਤੋਂ ਵੀ ਨਿੱਜੀ ਜਾਇਦਾਦ ਵਾਂਗ ਕਰਦੇ ਹਨ। ਕਿਸੇ ਵੀ ਧਰਮ ਦੇ ਇਤਿਹਾਸ ਦਾ ਮਾਣਮੱਤਾ ਹਿੱਸਾ ਓਹੀ ਸਮਾਂ ਹੁੰਦਾ ਹੈ ਜਦੋਂ ਉਸ ਧਰਮ ਦੇ ਮੰਨਣ ਵਾਲੇ ਲੋਕਾਂ ਨੇ ਆਪਣੇ ਇਸ਼ਟ ਦੀ ਮਾਲਕੀ ਨੂੰ ਸੱਚ ਜਾਣਕੇ ਉਹਦੇ ਲਈ ਆਪਣਾ ਜੀਵਨ (ਸੇਵਾ ਜਾਂ ਸ਼ਹਾਦਤ ਰੂਪ ਵਿਚ) ਅਰਪਣ ਕੀਤਾ ਹੁੰਦਾ ਹੈ। ਇਸ ਕਰਕੇ ਧਰਮ ਦੇ ਸੱਚੇ ਪੈਰੋਕਾਰਾਂ ਤੋਂ ਬਿਹਤਰ ਇਸ ਗੱਲ ਨੂੰ ਕੋਈ ਨਹੀਂ ਜਾਣ ਸਕਦਾ ਕਿ ਵਿਵਾਦ ਸਿਰਫ ਤਿਆਗ ਭਾਵ ਨਾਲ ਹੀ ਖਤਮ ਹੋ ਸਕਦੇ ਹਨ।

ਮਾਲਕੀ ਭਾਵ ਵਾਲੀ ਸਮਝ ਕਰਕੇ ਧਰਮ ਨੂੰ ਨਿਭਾਉਣ ਦੀ ਥਾਂ ਜਾਇਦਾਦ ਵਾਂਗ ਅਧੀਨ ਵਸਤ ਮੰਨਣਾ ਹੀ ਵਿਵਾਦ ਦਾ ਕਾਰਨ ਬਣਦਾ ਹੈ। ਧਰਮ ਨੂੰ ਨਿਭਾਉਣ ਵਿਚ ਕਦੇ ਝਗੜਾ ਨਹੀਂ ਹੋ ਸਕਦਾ। ਆਪਾ ਵਾਰਨ ਲਈ ਕੇਹਾ ਝਗੜਾ? ਝਗੜਾ ਤਾਂ ਆਪਾ ਬਚਾਉਣ ਜਾਂ ਉਚਾਉਣ ਵਿੱਚ ਹੁੰਦਾ ਹੈ। ਧਰਮ ਨੂੰ ਪਦਾਰਥਕ ਜਾਇਦਾਦ ਵਾਂਗ ਸਮਝਣ ਕਰਕੇ ਧਰਮਾਂ ਵਿਚ ਵੀ ਅੰਦਰੂਨੀ ਝਗੜੇ ਹੁੰਦੇ ਹਨ। ਇਸੇ ਕਾਰਨ ਦੂਜੇ ਧਰਮ ਦੇ ਲੋਕਾਂ ਨਾਲ ਵੀ ਆਮ ਝਗੜੇ ਹੁੰਦੇ ਹਨ। ਅਸਲ ਵਿਚ ਮਨੁੱਖ ਨੇ ਧਰਮ ਨੂੰ ਜਾਇਦਾਦ ਨਾਲ ਜੋੜ ਕੇ ਹੀ ਜਾਣਿਆ ਹੈ, ਇਸ ਕਰਕੇ ਹੀ ਇਹ ਝਗੜੇ ਦੀ ਜੜ੍ਹ ਜਾਪਦਾ ਹੈ। ਕਾਮਰੇਡ ਲੋਕ ਜਦੋਂ ਜਾਇਦਾਦ ਨੂੰ ਮਨੁੱਖ ਦੁਰਦਸ਼ਾ ਦੀ ਅਸਲ ਜੜ੍ਹ ਮੰਨਦੇ ਹਨ ਤਾਂ ਉਹ ਵੀ ਬੁਨਿਆਦੀ ਮਸਲੇ ਦੀ ਇਕ ਤੰਦ ਫੜ ਰਹੇ ਹੁੰਦੇ ਹਨ। ਪਰ ਉਹ ਉਸੇ ਵੇਲੇ ਹੀ ਗਲਤੀ ਕਰ ਰਹੇ ਹੁੰਦੇ ਹਨ ਜਦੋਂ ਉਹ ਮਾਲਕੀ ਵਾਲੇ ਭਾਵ ਨੂੰ ਖਤਮ ਕਰਨ ਵਾਲੇ ਸਭ ਤੋਂ ਬਿਹਤਰ ਤਰੀਕੇ (ਧਰਮ) ਨੂੰ ਵੀ ਜਾਇਦਾਦ ਵਾਂਗ ਹੀ ਝਗੜੇ ਦੀ ਜੜ੍ਹ ਮੰਨ ਬੈਠਦੇ ਹਨ। ਪਦਾਰਥਕ ਸਮਝ ਦੇ ਮੁਕਾਬਲੇ ਧਰਮ ਨੇ ਹੀ ਇਸ ਬਿਮਾਰੀ ਨੂੰ ਬਿਹਤਰ ਤਰੀਕੇ ਨਾਲ ਫੜਿਆ ਹੈ ਕਿ ਮਨੱੁਖ ਦਾ ਅਗਿਆਨ ਅਤੇ ਲਾਲਚ ਹੀ ਅਸਲ ਕਾਰਨ ਹੈ। ਕੁਝ ਚੀਜਾਂ ਬੰਦੇ ਨੂੰ ਅਗਿਆਨ ਕਾਰਨ ਕੀਮਤੀ ਲਗਦੀਆਂ ਹਨ ਅਤੇ ਕੁਝ ਲਾਲਚ ਕਰਕੇ, ਇਸ ਕਰਕੇ ਉਸਦਾ ਜੀਵਨ ਬੇਅਰਥ ਜਾਂਦਾ ਹੈ।

ਵੱਖ ਵੱਖ ਧਰਮਾਂ ਦੀ ਇਕ ਦੂਜੇ ਉਤੇ ਉਤਮਤਾ ਜਾਂ ਧਰਮ ਵਿਰੋਧੀ ਧਿਰਾਂ ਨਾਲ ਲੜਾਈ ਦਾ ਕਾਰਨ ਤਾਂ ਵਾਜਬ ਬਣਦਾ ਹੈ ਕਿਉਂਕਿ ਜਿੰਦਗੀ ਦੀ ਕੀਮਤ ਤੈਅ ਕਰਨ ਦੇ ਦੋ ਵੱਖਰੇ ਵੱਖਰੇ ਪੈਮਾਨੇ ਇਕੋ ਵੇਲੇ ਇਕ ਥਾਂ ਨਹੀਂ ਚੱਲ ਸਕਦੇ। ਪਰ ਜਦੋਂ ਕਿਸੇ ਧਰਮ ਦੇ ਅੰਦਰ ਧੜੇਬੰਦਕ ਕਿਸਮ ਦਾ ਵਿਰੋਧ ਹੁੰਦਾ ਹੈ ਤਾਂ ਇਹ ਬਹੁਤੀ ਵਾਰ ਜਿੰਦਗੀ ਦੀ ਕੀਮਤ ਨੂੰ ਵੱਖਰੇ ਰੂਪ ਵਿਚ ਤੈਅ ਕਰਨ ਦਾ ਸਵਾਲ ਨਹੀਂ ਹੁੰਦਾ ਸਗੋਂ ਧਰਮ ਨੂੰ ਜਾਇਦਾਦ ਮੰਨਕੇ ਇਸ ਜਾਇਦਾਦ ਉਤੇ ਇਕ ਧੜੇ ਵਜੋਂ ਕਾਬਜ ਹੋਣ ਦਾ ਨੁਕਤਾ ਵਧੇਰੇ ਹੁੰਦਾ ਹੈ। ਅਜੋਕੇ ਸਮੇਂ ਵਿਚ ਜੋ ਸਿੱਖਾਂ ਅੰਦਰ ਵਿਵਾਦ ਦੇ ਨੁਕਤੇ ਬਣੇ ਹੋਏ ਹਨ ਉਹ ਕਿਸੇ ਇਕ ਟੋਲੇ ਵਲੋਂ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਸਹੀ ਸਿੱਧ ਕਰਨ ਦੇ ਜਤਨ ਹਨ। ਹਾਲਾਂਕਿ ਸਭ ਨੂੰ ਪਤਾ ਹੈ ਕਿ ਧਰਮ ਦਲੀਲ ਰੂਪ ਵਿਚ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਨਾਮ ਨਹੀਂ ਹੈ। ਇਹ ਨਿਰੋਲ ਰਾਜਨੀਤਕ ਪੈਂਤੜਾ ਹੈ ਜੋ ਦੂਜੇ ਟੋਲੇ ਦੀ ਭੰਡੀ ਰਾਹੀਂ ਆਪਣੀ ਉਤਮਤਾ ਸਿੱਧ ਕਰਨ ਦਾ ਨਾਮ ਹੈ। ਜਦੋਂ ਧਰਮ ਦੇ ਖੇਤਰ ਵਿਚ ਦਲੀਲ ਰੂਪ ਵਿਚ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਸਵਾਲ ਹੁੰਦਾ ਹੈ ਤਾਂ ਇਹ ਸਿਰਫ ਸਹੀ ਗਲਤ ਵਿਆਖਿਆ ਦਾ ਸਵਾਲ ਨਹੀਂ ਹੁੰਦਾ। ਇਸ ਵਿੱਚ ਇਕ ਪਾਸੇ, ਵਿਵਾਦ ਦੇ ਵੇਲੇ ਵਿਚ ਭਾਰੂ ਵਿਚਾਰ ਜਾਂ ਹਕੂਮਤ ਦੇ ਅਨੁਸਾਰੀ ਜਾਂ ਵਿਰੋਧੀ ਹੋਣ ਦਾ ਪੱਖ ਵੀ ਸ਼ਾਮਲ ਹੁੰਦਾ ਹੈ ਅਤੇ ਦੂਜੇ ਪਾਸੇ, ਧਰਮ ਦੇ ਘੇਰੇ ਵਿੱਚ ਆਉਣ ਵਾਲੇ ਰੁਤਬਿਆਂ ਅਤੇ ਜਾਇਦਾਦ ਉਤੇ ਕਾਬਜ ਹੋਣ ਦਾ ਸਵਾਲ ਵੀ ਹੁੰਦਾ ਹੈ। ਵਿਵਾਦ ਵਿਚ ਉਲਝਣ ਵਾਲੇ ਲੋਕ ਧਾਰਮਿਕ ਨਾਲੋਂ ਧੜੇਬੰਦਕ ਜਿਆਦਾ ਹੁੰਦੇ ਹਨ ਅਤੇ ਉਹਨਾਂ ਦਾ ਝੁਕਾਅ ਵਿਰੋਧੀਆਂ ਨੂੰ ਤਾਕਤ ਰੂਪ ਵਿਚ ਨਿਿਜੱਠਣ ਵੱਲ ਵਧੇਰੇ ਹੁੰਦਾ ਹੈ। ਉਹਨਾਂ ਲਈ ਧਰਮ ਦੇ ਪੈਰੋਕਾਰ ਕਦੇ ਵੀ ਰੱਬ ਦੇ ਬੰਦੇ ਜਾਂ ਇਸ਼ਟ ਦੇ ਸ਼ਰਧਾਲੂ ਨਹੀਂ ਹੁੰਦੇ ਸਗੋਂ ਉਹਨਾਂ ਲਈ ਹਿਮਾਇਤੀ ਜਾਂ ਵਿਰੋਧੀਆਂ ਦੀ ਗਿਣਤੀ ਦੇ ਅੰਕੜੇ ਹੁੰਦੇ ਹਨ।ਧਰਮ ਅੰਦਰ ਧੜੇਬਾਜੀ ਦੇ ਸਿਰ ਤੇ ਜੀਣ ਵਾਲੇ ਲੋਕ ਮਰਯਾਦਾ ਨੂੰ ਅਧਾਰ ਬਣਾਕੇ ਸੱਤਾ ਦੀ ਸਭ ਤੋਂ ਪੇਚੀਦਾ ਲੜਾਈ ਲੜਦੇ ਹਨ ਜੋ ਨਿਰੋਲ ਰਾਜਨੀਤਕ ਖੇਡ ਨਾਲੋਂ ਵੀ ਖਤਰਨਾਕ ਹੁੰਦੀ ਹੈ।ਇਥੇ ਧਰਮ, ਵਿਦਵਤਾ ਅਤੇ ਰਾਜਨੀਤੀ ਦਾ ਝੱਸ ਵੀ ਹਾਜਰ ਹੁੰਦਾ ਹੈ ਇਸ ਕਰਕੇ ਜਿਸ ਦੀ ਵੀ ਵਰਤੋਂ ਹੋ ਸਕੇ ਉਸਨੂੰ ਅਪਣਾ ਲਿਆ ਜਾਂਦਾ ਹੈ।

ਕਿਸੇ ਵੀ ਧਰਮ ਅੰਦਰ ਵਿਵਾਦ ਸ਼ਾਇਦ ਹੀ ਕਦੇ ਉਸਾਰੂ ਰੁਝਾਨ ਲੈ ਕੇ ਆਏ ਹੋਣ ਪਰ ਆਮ ਲੋਕਾਂ ਅੰਦਰ ਆਪਣੇ ਸਮਕਾਲੀ ਹਾਲਾਤ ਬਾਰੇ ਨਿਰਾਸ਼ਾ ਜਰੂਰ ਭਰ ਦਿੰਦੇ ਹਨ। ਪੰਥ ਅੰਦਰ ਵਰਤਮਾਨ ਸਮੇਂ ਵਿਚ ਜਿਹੜੀਆਂ ਗੱਲਾਂ ਚੱਲ ਰਹੀਆਂ ਹਨ ਉਹਨਾਂ ਵਿਚੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਹੀ ਜਿੰਦਗੀ ਜੀਣ ਦੀ ਜਿੰਮੇਵਾਰੀ ਤੋਂ ਬਚ ਰਹੇ ਹਾਂ। ਇਹ ਬਚਣ ਦੇ ਰੁਝਾਣ ਦੀ ਫਬਦੀ ਵਿਆਖਿਆ ਇਹੋ ਹੁੰਦੀ ਹੈ ਕਿ ਧਰਮ ਨੂੰ ਸਹੀ ਤਰੀਕੇ ਤਾਂ ਹੀ ਸਮਝਿਆ ਜਾਂ ਜੀਆ ਜਾ ਸਕਦਾ ਹੈ ਜੇ ਉਸ ਨਾਲ ਜੁੜੇ ਅਹਿਮ ਪਹਿਲੂਆਂ ਦੀ ਪੂਰੀ ਜਾਣਕਾਰੀ ਹੋਵੇ।

ਜਿਹੜਾ ਲੋਕਾਂ ਨੂੰ ਅਸੀਂ ਖਿਝ ਕੇ ਮੂਰਖ ਆਖਦੇ ਹਾਂ ਉਹ ਜਦੋਂ ਕੰਨ ਵਿਚ ਕਹੇ ਇਕ ਬੋਲ ਨੂੰ ਮੰਨ ਕੇ ਜਿੰਦਗੀ ਗੁਜਾਰ ਦਿੰਦੇ ਹਨ ਤਾਂ ਸਾਨੂੰ ਆਪਣੀ ਸਮਝ ਵਾਲੇ ਧਰਮ ਦੀ ਮਾਨਤਾ ਵਿਚ ਵਿਸ਼ਵਾਸ ਦੀ ਥਾਂ ਵੇਖਣੀ ਬਣਦੀ ਹੈ।
ਜਿਹੜੇ ਲੋਕ ਇਤਿਹਾਸ ਨੂੰ ਰੁਚੀ ਰੱਖ ਕੇ ਪੜ੍ਹਦੇ ਹਨ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਸਲ ਵਿਚ ਕੋਈ ਇਤਿਹਾਸ ਵੀ ਸਹੀ ਇਤਿਹਾਸ ਨਹੀਂ ਹੁੰਦਾ। ਜਿਹੜੇ ਲੋਕਾਂ ਕੋਲ ਇਤਿਹਾਸ ਦੇ ਢੇਰਾਂ ਲਿਖਤੀ ਸਬੂਤ ਹਨ ਉਹਨਾਂ ਦੀ ਜਿੰਦਗੀ ਉਵੇਂ ਹੀ ਚਲਦੀ ਹੈ ਜਿਵੇਂ ਬਿਨਾ ਸਬੂਤਾਂ ਵਾਲੇ ਇਤਿਹਾਸ ਵਾਲੇ ਲੋਕਾਂ ਦੀ ਚਲਦੀ ਹੈ। ਜਿਹੜੇ ਲੋਕਾਂ ਕੋਲ ਇਤਿਹਾਸ ਦੇ ਸਬੂਤ ਨਾਂ ਮਾਤਰ ਹੀ ਹਨ ਉਹ ਵੀ ਇਤਿਹਾਸ ਤੋਂ ਓਨਾ ਹੀ ਅਸਰ ਧਾਰਨ ਕਰਦੇ ਹਨ ਜਿੰਨੇ ਬਹੁਤੇ ਸਾਰੇ ਸਬੂਤਾਂ ਵਾਲੇ ਵਧੀਆ ਲਿਖੇ ਇਤਿਹਾਸਾਂ ਤੋਂ ਕਰਦੇ ਹਨ। ਜਿਹੜੇ ਹਾਰੇ ਲੋਕਾਂ ਦੇ ਇਤਿਹਾਸ ਨੂੰ ਜੇਤੂਆਂ ਨੇ ਮਿਿਥਹਾਸ ਕਹਿ ਦਿੱਤਾ ਹੈ ਉਹ ਵੀ ਆਪਣੇ ਬੀਤੇ ਨੂੰ ਓਨਾ ਹੀ ਸਤਿਕਾਰ ਨਾਲ ਯਾਦ ਕਰਦੇ ਹਨ। ਧਰਮਾਂ ਅੰਦਰ ਕਈ ਵਿਵਾਦ ਇਤਿਹਾਸ ਬਾਰੇ ਨਵੀਂ ਸਮਝ ਮੰਨਣ ਨਾਲ ਪੈਦਾ ਹੋਏ ਹਨ ਪਰ ਉਹ ਅਸਲ ਵਿੱਚ ਇਤਿਹਾਸ ਦੇ ਮਸਲੇ ਹਨ।

ਇਹ ਮਸਲੇ ਜੇ ਪੜ੍ਹਣ ਖੋਜਣ ਵਾਲੇ ਲੋਕਾਂ ਤੱਕ ਰਹਿਣ ਤਾਂ ਆਮ ਲੋਕਾਂ ਦੇ ਧਰਮ ਨਿਭਾਉਣ ਵਿਚ ਕੋਈ ਫਰਕ ਨਹੀਂ ਪਾਉਂਦੇ। ਕੋਈ ਵੀ ਇਤਿਹਾਸ ਨਿਰੋਲ ਇਤਿਹਾਸ ਨਹੀਂ ਹੁੰਦਾ। ਜੇ ਧਰਮ ਦਾ ਇਤਿਹਾਸ ਹੇ ਤਾਂ ਇਹ ਸਾਖੀ ਰੂਪ ਹੀ ਹੋਏਗਾ। ਜੇ ਧਰਮ ਇਤਿਹਾਸ ਵਿਚ ਸ਼ਰਧਾ ਅਤੇ ਸੋਭਾ ਨਹੀਂ ਹੈ ਤਾਂ ਇਹ ਰਾਜਨੀਤਿਕ ਜਾਂ ਸਮਾਜਕ ਇਤਿਹਾਸ ਹੋ ਸਕਦਾ ਹੈ। ਰਾਜਨੀਤਿਕ ਜਾਂ ਸਮਾਜਿਕ ਇਤਿਹਾਸ ਲਈ ਗੁਰੂ ਦਸ ਰਹਿਣਗੇ ਪਰ ਸਿੱਖ ਇਤਿਹਾਸ ਲਈ ਗੁਰੂ ਜੋਤ ਇਕੋ ਰਹੇਗੀ। ਇਤਿਹਾਸ ਦੇ ਸਬੂਤਾਂ ਦੀ ਮਾਨਤਾ ਬਾਰੇ ਵੀ ਇਹ ਗੱਲ ਨਿਖਰ ਕੇ ਸਾਹਮਣੇ ਆ ਗਈ ਹੈ ਕਿ ਜੇ ਬੰਦਾ ਖੁਦ ਵੀ ਆਪਣੇ ਬਾਰੇ ਲਿਖੇ ਉਹ ਵੀ ਸਹੀ ਨਹੀਂ ਲਿਖ ਸਕਦਾ। ਨਾਲਦਿਆਂ ਵਲੋਂ ਜਾਂ ਬਾਅਦ ਵਿਚ ਕਿਸੇ ਵਲੋਂ ਲਿਖੇ ਜਾਣਾ ਤਾਂ ਨਿਰਾ ਪੜ੍ਹਣ ਵਾਲੇ ਯਕੀਨ ਤੇ ਹੀ ਨਿਰਭਰ ਕਰਦਾ ਹੈ। ਇਸ ਕਰਕੇ ਜਿਹੜੇ ਲੋਕਾਂ ਨੂੰ ਲਗਦਾ ਹੈ ਕਿ ਧਰਮ ਇਤਿਹਾਸ ਨਿਰੋਲ ਗੱਪਾਂ ਹਨ ਉਹਨਾਂ ਨੂੰ ਦੁਨੀਆ ਦੇ ਕਿਸੇ ਇਤਿਹਾਸ ਵਿਚੋਂ ਵੀ ਸਚਾਈ ਲੱਭਣੀ ਸੰਭਵ ਨਹੀਂ ਹੈ ਕਿਉਂਕਿ ਧਰਮ ਦੀ ਭਾਵਨਾ ਅਧੀਨ ਹੀ ਬੰਦਾ ਸਚਾਈ ਦੇ ਸਭ ਤੋਂ ਵੱਧ ਨੇੜੇ ਹੁੰਦਾ ਹੈ।

ਸਰਕਾਰਾਂ ਦੇ ਕਾਨੂੰਨ ਜਾਂ ਸਮਾਜਕ ਮਾਨਤਾਵਾਂ ਇਹ ਸਭ ਧਰਮ ਦੀ ਮਰਯਾਦਾ ਤੋਂ ਤੁਰੇ ਹੋਏ ਰੂਪ ਹੀ ਹਨ। ਜਿੰਦਗੀ ਨੂੰ ਕਿਸੇ ਪਾਸੇ ਵੱਲ ਨੂੰ ਤੋਰਨ ਲਈ ਕੁਝ ਨੇਮਾਂ ਦਾ ਹੋਣਾ ਲਾਜਮੀ ਹੁੰਦਾ ਹੈ। ਇਸ ਕਰਕੇ ਮਰਯਾਦਾ ਧਰਮ ਦਾ ਅਹਿਮ ਹਿੱਸਾ ਹੈ।ਜਿੰਦਗੀ ਦੀ ਤੋਰ ਹਰ ਥਾਂ ਹਰ ਸਮੇਂ ਇਕੋ ਜਿਹੀ ਨਹੀਂ ਹੋ ਸਕਦੀ ਇਸ ਕਰਕੇ ਹਰ ਧਰਮ ਅੰਦਰ ਹੋਣ ਵਾਲੇ ਵਖਰੇਵੇਂ ਵੀ ਬਹੁਤੀ ਵਾਰ ਮਰਯਾਦਾ ਨਾਲ ਹੀ ਸਬੰਧਤ ਹੁੰਦੇ ਹਨ। ਮਰਯਾਦਾ ਦੇ ਕਈ ਰੂਪ ਹੋ ਜਾਣ ਨਾਲ ਆਮ ਲੋਕਾਂ ਨੂੰ ਕੋਈ ਬਹੁਤੇ ਔਖ ਨਹੀਂ ਆਉਂਦੀ ਉਹ ਕਿਸੇ ਇਕ ਰੂਪ ਨਾਲ ਜਿੰਦਗੀ ਗੁਜਾਰ ਲੈਂਦੇ ਹਨ। ਰੌਲ਼ਾ ਸਿਰਫ ਓਦੋਂ ਹੀ ਪੈਂਦਾ ਹੈ ਜਦੋਂ ਕੋਈ ਹੋਰ ਮਰਯਾਦਾ ਵਾਲਾ ਆਪਣੀ ਗੱਲ ਦੂਜਿਆਂ ਉਤੇ ਧੱਕੇ ਨਾਲ ਲਾਗੂ ਕਰਦਾ ਹੈ ਜਾਂ ਕੋਈ ਸਾਰੇ ਰੂਪਾਂ ਨੂੰ ਇਕਦਮ ਇੱਕ ਕਰਦਾ ਹੈ ਜਾਂ ਕੋਈ ਮੂਲ ਸੇਧ ਤੋਂ ਏਨਾ ਪਾਸੇ ਚਲਾ ਜਾਂਦਾ ਹੈ ਕਿ ਉਹ ਮੂਲ ਦੇ ਵਿਰੋਧ ਵਿੱਚ ਹੀ ਹੋ ਜਾਂਦਾ ਹੈ। ਮਰਯਾਦਾ ਸਦਾ ਹੀ ਅਜਿਹਾ ਮਸਲਾ ਹੈ ਜੋ ਜਦ ਮਰਜੀ ਭਖਾਇਆ ਜਾ ਸਕਦਾ ਹੈ ਅਤੇ ਜਿੰਨਾ ਮਰਜੀ ਵਧਾਇਆ ਜਾ ਸਕਦਾ ਹੈ। ਬ੍ਰਾਹਮਣੀ ਮਤ ਵਾਲੇ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਪਤਾ ਨਹੀਂ ਕਿਸ ਵੇਲੇ ਉਹਨਾਂ ਨੇ ਸ਼ੁੱਧਤਾ ਅਤੇ ਮਰਯਾਦਾ ਨੂੰ ਇਕ ਅਰਥ ਮੰਨਕੇ ਪਹਿਲ ਦਿੱਤੀ। ਆਪਣੇ ਭਾਰ ਨਾਲ ਘੁੰਮਣ ਵਾਲੀ ਚਕਰੀ ਵਾਂਗ ਇਹ ਮੁੜ ਰੁਕੀ ਨਹੀਂ ਅੱਜ ਉਹਨਾਂ ਦੇ ਸਮੁੱਚੀ ਜੀਵਨ ਜਾਚ ਦੀ ਇਕ ਵੀ ਵਿਧੀ ਐਸੀ ਨਹੀਂ ਹੈ ਜੋ ਸਾਰੇ ਇਕੋ ਤਰ੍ਹਾਂ ਕਰਦੇ ਹੋਣ।

ਧਰਮ ਸਿਧਾਂਤ ਦੀ ਵਿਆਖਿਆ ਸਭ ਤੋਂ ਪੇਚੀਦਾ ਮਸਲਾ ਹੁੰਦਾ ਹੈ ਪਰ ਆਮ ਲੋਕਾਂ ਵਿਚ ਇਸਤੇ ਮਰਯਾਦਾ ਵਾਂਗ ਵਿਵਾਦ ਨਹੀਂ ਹੁੰਦਾ।ਇਥੇ ਵਿਆਖਿਆ ਵਿਵਾਦ ਵਿਦਵਾਨੀ ਦੇ ਪਿੜ ਵਿੱਚ ਹੁੰਦਾ ਹੈ। ਸਿਧਾਂਤ ਮੁਤਾਬਿਕ ਸਹੀ ਜਿਉਣਾ ਬਹੁਤੇ ਲੋਕਾਂ ਦੀ ਸਚਮੁੱਚ ਦੀ ਇੱਛਾ ਨਹੀਂ ਹੁੰਦੀ ਪਰ ਇਹਦਾ ਭਰਮ ਪਾਲਣਾ ਲਗਭਗ ਸਭ ਦਾ ਹੀ ਸ਼ੌਕ ਹੁੰਦਾ ਹੈ।ਵਿਵਾਦ ਇਹ ਸ਼ੌਕ ਨੂੰ ਸਚਾਈ ਬਣਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ। ਇਸ ਕਰਕੇ ਵਿਵਾਦ ਹਰ ਧੰਦੇ ਨਾਲ ਜੁੜੇ ਲੋਕਾਂ ਲਈ ਲਾਹੇਵੰਦ ਹੁੰਦੇ ਹਨ। ਜੋ ਲੋਕ ਜਿੰਦਗੀ ਵਿੱਚ ਕਿਸੇ ਪਾਸੇ ਅੱਗੇ ਨਹੀਂ ਵੱਧ ਸਕਦੇ ਪਰ ਕਿਸੇ ਪਲ ਉਹਨਾਂ ਨੇ ਆਪਣੇ ਖਾਸ ਹੋਣ ਦਾ ਅਹਿਸਾਸ ਜਰੂਰ ਮਾਣਿਆ ਹੁੰਦਾ ਏ। ਉਹ ਲੋਕ ਆਪਣੇ ਤੋਂ ਛੋਟਿਆਂ ਨੂੰ ਵੱਧ ਮਸ਼ਹੂਰ ਜਾਂ ਸੌਖੇ ਸਮਝ ਕੇ ਅਕਸਰ ਆਪਣੇ ਆਪ ਤੋਂ ਅਸੰਤੁਸ਼ਟ ਹੋ ਜਾਂਦੇ ਹਨ। ਉਹਨਾਂ ਦੀ ਬੇਚੈਨੀ ਅਤੇ ਕਿਸੇ ਮਸਲੇ ਦੇ ਵਿਵਾਦ ਦਾ ਜੇ ਮੌਕਾ ਮੇਲ ਬਣ ਜਾਵੇ ਤਾਂ ਵਿਵਾਦ ਫਿਰ ਉਹਨਾਂ ਨੂੰ ਸੁਨਿਹਰੇ ਭਵਿੱਖ ਦੇ ਆਖਰੀ ਮੌਕੇ ਵਾਂਗ ਖਿਚਦੇ ਹਨ।ਉਹਨਾਂ ਦੇ ਅੰਦਰਲੀ ਔਖ ਕਿਸੇ ਮਸਲੇ ਨਾਲ ਜੁੜ ਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਸਾਂਝੇ ਦਰਦ ਦਾ ਵੱਡਾ ਫਰਜ ਬਣ ਜਾਂਦੀ ਹੈ। ਇਹ ਇਕ ਵਾਰ ਬੜਾ ਸੱਚਾ ਅਤੇ ਸੁਹਾਵਣਾ ਜਾਪਦਾ ਹੈ ਪਰ ਮਸਲੇ ਦਾ ਵੇਗ ਮੱਠਾ ਪੈਣ ਨਾਲ ਜਿੰਦਗੀ ਪਹਿਲਾਂ ਤੋਂ ਵੀ ਵਧੇਰੇ ਬੇਚੈਨ ਹੋ ਜਾਂਦੀ ਹੈ। ਬੰਦੇ ਅਗਲੀ ਵਾਰ ਹੋਰ ਵੱਧ ਇੱਛਾ ਨਾਲ ਜਾਂਦੇ ਅਤੇ ਹੋਰ ਬੇਰੁਖੀ ਨਾਲ ਮੁੜਦੇ ਹਨ। ਹਰ ਸਮਾਜ ਦਾ ਅਜਿਹਾ ਬੇਚੈਨ ਹਿੱਸਾ ਜਰੂਰ ਹੁੰਦਾ ਹੈ ਜੋ ਆਪਣੇ ਭੋਲੇਪਣ, ਅਗਿਆਨ ਅਤੇ ਇਛਾਵਾਂ ਕਰਕੇ ਮੌਕੇ ਮੇਲ ਰਾਹੀਂ ਵਿਵਾਦਾਂ ਦੇ ਕੰਮ ਜਰੂਰ ਆ ਜਾਂਦਾ ਹੈ।

ਹਰ ਧਰਮ ਅੰਦਰ ਕੁਝ ਪੱਕੇ ਸਵਾਲ ਹੁੰਦੇ ਹਨ ਜੋ ਕਿਸੇ ਇਤਿਹਾਸਕ ਮੋੜ ਤੇ ਵਾਪਰੇ ਵਰਤਾਰੇ ਨਾਲ ਜੁੜੇ ਹੁੰਦੇ ਹਨ। ਉਹਨਾਂ ਦਾ ਦਲੀਲ ਰੂਪ ਵਿਚ ਕੋਈ ਪੱਕਾ ਹੱਲ ਨਹੀਂ ਹੁੰਦਾ ਪਰ ਸਮੇਂ ਸਮੇਂ ਤੇ ਅਹਿਮ ਲੋਕ ਉਹਨਾਂ ਬਾਰੇ ਇਕ ਢੁਕਵੀਂ ਵਿਆਖਿਆ ਪੇਸ਼ ਕਰਦੇ ਹਨ। ਮਿਸਾਲ ਵਜੋਂ ਜਦੋਂ ਸਿੱਖ ਇਤਿਹਾਸ ਦੇ ਨਵੇਂ ਲਿਖਾਰੀਆਂ ਨੇ ਖਾਲਸਾ ਸਾਜਨਾ ਦੀ ਤਰਕਪੂਰਨ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ‘ਤੰਬੂ ਅੰਦਰ ਬੱਕਰੇ ਬੰਨ੍ਹੇ ਸਨ’ ਵਰਗੀ ਚਰਚਾ ਨਾਲ ਇਤਿਹਾਸ ਦਾ ਖਾਤਾ ਪੂਰਨ ਦੀ ਕੋਸ਼ਿਸ਼ ਕੀਤੀ। ਸਿਰਦਾਰ ਕਪੂਰ ਸਿੰਘ ਨੇ ਕਿਸੇ ਸਵਾਲ ਪੁਛਣ ਵਾਲੇ ਨੂੰ ਇਸੇ ਸਵਾਲ ਦਾ ਉਤਰ ਦਿੰਦਿਆਂ ਕਿਹਾ ਕਿ ‘ਜੋ ਕੰਮ ਗੁਰੂ ਨੇ ਤੁਹਾਡੇ ਤੋਂ ਓਹਲੇ ਚ ਕੀਤਾ, ਤੁਹਾਨੂੰ ਸਿੱਖ ਹੋਣ ਦੇ ਨਾਤੇ ਕੀ ਹੱਕ ਹੈ ਕਿ ਅਪਣੇ ਗੁਰੂ ਦਾ ਪੱਲਾ ਚੁੱਕ ਕੇ ਵੇਖੋਂ? ਵਿਵਾਦਾਂ ਦਾ ਇਹੋ ਹੱਲ ਹੁੰਦਾ ਹੈ ਕਿ ਬੰਦਾ ਆਪਣੇ ਪੱਲੂ ਚ ਝਾਕੇ।

ਵਿਵਾਦ ਇਕ ਤਰ੍ਹਾਂ ਦੇ ਵਾ ਵਰੋਲੇ ਹੀ ਹੁੰਦੇ ਹਨ ਜੋ ਅਕਸਰ ਕੱਖਾਂ ਨੂੰ ਬੜੀ ਉਪਰ ਚੁੱਕ ਕੇ ਲੈ ਜਾਂਦੇ ਹਨ। ਏਨੇ ਉਚ ਹੋਏ ਕੱਖਾਂ ਨੂੰ ਲੋਕ ਚਾਅ ਜਾਂ ਸ਼ਰਧਾ ਨਾਲ ਨਹੀਂ ਵੇਖਦੇ ਹੁੰਦੇ ਸਗੋਂ ਉਹਨਾਂ ਦੀ ਖਿਚ ਤਾਂ ਇਹ ਵੇਖਣ ਵਿੱਚ ਹੁੰਦੀ ਹੈ ਕਿ ਵੇਖੀਏ ਮੁੜ ਇਹ ਕੱਖ ਕਿਥੇ ਕੁ ਡਿੱਗਦਾ ਹੈ।ਕਈਆਂ ਨੇ ਤਾਂ ਉਹਨਾਂ ਡਿੱਗੇ ਹੋਏ ਕੱਖਾਂ ਤੇ ਪੈਰ ਧਰਕੇ ਉਹੋ ਸਕੂਨ ਹਾਸਲ ਕਰਨਾ ਹੁੰਦਾ ਏ ਜੋ ਉਹਨਾਂ ਕੱਖਾਂ ਨੇ ਉਚੇ ਉਡਣ ਵੇਲੇ ਮਹਿਸੂਸ ਕੀਤਾ ਸੀ।

***


♦ ਸੰਬੰਧਤ ਲੇਖ ਦਾ ਆਵਾਜ਼ ਰੂਪ ਸੁਣੋ –


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: