ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਪੰਜਾਬੀ ਪ੍ਰੇਮੀਆਂ ਦੀ ਪੋਚਾ ਮੁਹਿੰਮ ਜਾਰੀ; ਸ਼ਾਹ ਰਾਹ ਦੇ ਬੋਰਡਾਂ ’ਤੇ ਅੰਗਰੇਜ਼ੀ ਭਾਸ਼ਾ ਉਪਰ ਫੇਰਿਆ ਪੋਚਾ

April 15, 2018 | By

ਪਟਿਆਲਾ: ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਮਾਂ ਬੋਲੀ ਨੂੰ ਪ੍ਰਮੁੱਖਤਾ ਦਿਵਾਉਣ ਲਈ ਸ਼ੁਰੂ ਕੀਤੀ ਪੋਚਾ ਮਾਰੂ ਮੁਹਿੰਮ ਤਹਿਤ ਦੂਜੇ ਪੜਾਅ ’ਚ ਸਥਾਨਕ ਸ਼ਹਿਰ ਦੇ ਨਜ਼ਦੀਕ ਸੜਕਾਂ ’ਤੇ ਲੱਗੇ ਬੋਰਡਾਂ ’ਤੇ ਕਾਲਖ ਪੋਚ ਦਿੱਤੀ ਹੈ। ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦੇ ਤੌਰ ’ਤੇ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਸਤਿਕਾਰ ਕਮੇਟੀ ਨੇ ਮੰਗ ਕੀਤੀ ਹੈ ਕਿ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ, ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ’ਚ ਕੰਮਕਾਜ ਪੰਜਾਬੀ ’ਚ ਹੋਵੇ, ਨਿੱਜੀ ਸਕੂਲਾਂ ’ਚ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਵਜੋਂ ਪੜ੍ਹਾਇਆ ਜਾਵੇ।

ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਵੱਲੋਂ ਸ਼ੁਰੂ ਕੀਤੀ ਪੋਚਾ ਮਾਰੂ ਮੁਹਿੰਮ ਤਹਿਤ ਇਥੇ ਪਟਿਆਲਾ ਰੋਡ ’ਤੇ ਪਿੰਡਾਂ ਦੇ ਨਾਵਾਂ ਵਾਲੇ ਬੋਰਡਾਂ, ਵਿਦਿਅਕ ਸੰਸਥਾਵਾਂ, ਮੈਰਿਜ ਪੈਲੇਸ, ਪੀਜੀਆਈ ਹਸਪਤਾਲ ਘਾਬਦਾਂ ਆਦਿ ਦੇ ਕੌਮੀ ਸ਼ਾਹਰਾਹ ’ਤੇ ਲੱਗੇ ਬੋਰਡਾਂ ’ਤੇ ਅੰਗਰੇਜ਼ੀ ਭਾਸ਼ਾ ’ਚ ਲਿਖੇ ਨਾਵਾਂ ’ਤੇ ਕਾਲਕ ਫੇਰੀ ਗਈ ਹੈ। ਇਨ੍ਹਾਂ ਬੋਰਡਾਂ ’ਤੇ ਉਪਰਲੇ ਪਾਸੇ ਅੰਗਰੇਜ਼ੀ ਭਾਸ਼ਾ ’ਚ ਨਾਂ ਲਿਖੇ ਹੋਏ ਸਨ ਜਦੋਂਕਿ ਹੇਠਾਂ ਪੰਜਾਬੀ ਭਾਸ਼ਾ ’ਚ ਲਿਖੇ ਸਨ। ਵੱਖ-ਵੱਖ ਮਾਰਗਾਂ ਦੇ ਰਾਹ ਦਰਸਾਉਂਦੇ ਬੋਰਡਾਂ ’ਤੇ ਵੀ ਪੋਚਾ ਮਾਰਿਆ ਗਿਆ ਹੈ। ਇਸ ਸਬੰਧ ’ਚ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਪੰਜਾਬ ਦੇ ਆਗੂਆਂ ਲੱਖਾ ਸਿਧਾਣਾ, ਰਾਜਵਿੰਦਰ ਸਿੰਘ ਰਾਏਖਾਨਾ, ਬਾਬਾ ਹਰਦੀਪ ਸਿੰਘ ਮਹਿਰਾਜ ਆਦਿ ਨੇ ਕਿਹਾ ਕਿ ਉਹ ਕਿਸੇ ਭਾਸ਼ਾ ਵਿਰੁੱਧ ਨਹੀਂ ਹਨ ਪਰ ਪੰਜਾਬ ’ਚ ਤਾਂ ਪੰਜਾਬੀ ਨੂੰ ਪਹਿਲਾ ਮਿਲਣੀ ਚਾਹੀਦੀ ਹੈ। ਪਹਿਲੇ ਸਥਾਨ ’ਤੇ ਪੰਜਾਬੀ ਭਾਸ਼ਾ ਹੋਵੇ ਤੇ ਹੇਠਾਂ ਜਿਹੜੀ ਮਰਜ਼ੀ ਭਾਸ਼ਾ ’ਚ ਲਿਖਿਆ ਜਾਵੇ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਪਠਾਨਕੋਟ, ਲੁਧਿਆਣਾ ਆਦਿ ਜ਼ਿਲ੍ਹਿਆਂ ’ਚ ਕਾਲਕ ਫੇਰੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਮਾਤ ਭਾਸ਼ਾ ਐਕਟ 1967 ਬਣਿਆ ਹੋਇਆ ਹੈ ਤੇ ਭਾਸ਼ਾ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਪੰਜਾਬੀ ਨੂੰ ਪ੍ਰਮੁੱਖਤਾ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਰਾਜਪਾਲ ਪੰਜਾਬ, 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਤੇ ਨੈਸ਼ਨਲ ਹਾਈਵੇਅ ਨੂੰ ਕਾਨੂੰਨੀ ਨੋਟਿਸ ਵੀ ਭੇਜ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਮਜ਼ਬੂਰ ਹੋ ਕੇ ਪੋਚੇ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਬੰਗਾਲ ’ਚ ਬੰਗਾਲੀ, ਮਹਾਰਾਸ਼ਟਰ ’ਚ ਮਰਾਠੀ, ਗੁਜਰਾਤ ’ਚ ਗੁਜਰਾਤੀ ਭਾਸ਼ਾ ਪਹਿਲੇ ਸਥਾਨ ’ਤੇ ਹੈ ਤਾਂ ਫਿਰ ਪੰਜਾਬ ’ਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: