ਖਾਸ ਖਬਰਾਂ » ਸਾਹਿਤਕ ਕੋਨਾ » ਸਿੱਖ ਖਬਰਾਂ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਪੁਸਤਕ ’ਚੋਂ ਸਿੱਖ ਗੁਰੂ ਸਾਹਿਬਾਨ ਤੇ ਪੰਜਾਬ ਦਾ ਇਤਿਹਾਸ ਕੱਢਿਆ

April 25, 2018 | By

ਚੰਡੀਗੜ੍ਹ: ਬਾਰ੍ਹਵੀਂ ਵਿੱਚ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਕਿਤਾਬ ਵਿੱਚੋਂ ਗੁਰੂ ਸਾਹਿਬਾਨ ਅਤੇ ਪੰਜਾਬ ਇਤਿਹਾਸ ਨੂੰ ਅੱਖੋਂ ਪਰੋਖੇ ਕਰਕੇ ਇਕ ਵਾਰ ਫਿਰ ਤੋਂ ਵਿਵਾਦ ਭਖ਼ਾਇਆ ਜਾ ਰਿਹਾ ਹੈ। ਨਵੇਂ ਸੈਸ਼ਨ ਲਈ ਛਪਾਈ ਅਧੀਨ ਪੁਸਤਕ ਨੂੰ ਅਜੇ ਵਿਦਿਆਥੀਆਂ ਤੱਕ ਪਹੁੰਚਣ ਲਈ ਭਾਵੇਂ ਕੁਝ ਦਿਨ ਲੱਗਣਗੇ, ਪਰ ਇਸ ਦੀ ਪੀਡੀਐੱਫ ਫਾਈਲ ਨੂੰ ਲੈ ਕੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵਿੱਚ ਰੋਹ ਭਖਣਾ ਸ਼ੁਰੂ ਹੋ ਚੁੱਕਾ ਹੈ।

ਸਿੱਖਿਆ ਬੋਰਡ ਵੱਲੋਂ ਛਪਾਈ ਅਧੀਨ ਇਤਿਹਾਸ ਦੀ ਪਾਠ ਪੁਸਤਕ ਦਾ ਸਰਵਰਕ।

ਮਿਲੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਪਾਠ ਪੁਸਤਕ ਛਪਾਈ ਅਧੀਨ ਚੱਲ ਰਹੀ ਹੈ। ਇਹ ਪਾਠ ਪੁਸਤਕ ਵਿਦਿਆਰਥੀ ਹੱਥਾਂ ਵਿੱਚ ਜਾਣ ਤੋਂ ਪਹਿਲਾਂ ਹੀ ਇੱਕ ਵੱਡੇ ਵਿਰੋਧ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਸਿਲੇਬਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ, ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ, ਗੁਰੂ ਹਰਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ, ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ, ਬੰਦਾ ਸਿੰਘ ਬਹਾਦਰ, ਦਲ ਖਾਲਸਾ ਦਾ ਉਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ, ਐਂਗਲੋ ਸਿੱਖ ਸਬੰਧ, ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਆਦਿ ਨੂੰ 12ਵੀਂ ਦੇ ਸਿਲੇਬਸ ’ਚੋਂ ਕੱਢ ਦਿੱਤਾ ਗਿਆ ਹੈ।

ਛੱਪ ਰਹੀ ਪਾਠ ਪੁਸਤਕ ਦੀ ਪੀਡੀਐੱਫ ਫਾਈਲ ਦਰਸਾਉਂਦੀ ਹੈ ਕਿ ਦੋ ਭਾਗਾਂ ਵਾਲੀ ਨਵੀਂ ਪਾਠ ਪੁਸਤਕ ਦੇ 13 ਚੈਪਟਰ ਤੇ 178 ਪੰਨੇ ਹਨ, ਜਿਸ ਵਿੱਚ ਸ਼ਹਿਰ, ਵਪਾਰ ਅਤੇ ਸ਼ਿਲਪ, ਸਰਦਾਰ, ਭਿਕਸ਼ੂ ਅਤੇ ਦਾਨੀ, ਮੱਧਕਾਲੀਨ ਭਾਰਤ ਵਿੱਚ ਰਾਜਨੀਤਕ ਅਤੇ ਆਰਥਿਕ ਵਿਕਾਸ, ਸੁਲਤਾਨ ਅਤੇ ਪਾਦਸ਼ਾਹ, ਭਗਤੀ ਦੇ ਨਵੇਂ ਰੂਪ, ਭਾਗ ਦੂਜਾ ਵਿੱਚ 1857 ਈ. ਦਾ ਵਿਦਰੋਹ, ਭਾਰਤ ਵਿੱਚ ਰਾਸ਼ਟਰਵਾਦ ਦਾ ਉਭਾਰ, ਸੁਤੰਤਰਤਾ ਵੱਲ ਭਾਰਤ, ਸਿੱਖ ਰਾਜ ਵੱਲ, ਬ੍ਰਿਟਿਸ਼ ਰਾਜ ਅਧੀਨ ਪੰਜਾਬ, ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਂਦੇ ਅਧਿਆਪਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਨਵੀਂ ਕਿਤਾਬ ਦੇ ਚੋਣਕਾਰਾਂ ਨੇ ਪੇਜ 93 ’ਤੇ ਸਖੀ ਸਰਵਰ/ਪੀਰ ਲੱਖਦਾਤ ਦਾ ਤਾਂ ਜ਼ਿਕਰ ਕੀਤਾ ਹੈ, ਪਰ ਸਿੱਖਾਂ ਤੇ ਪੰਜਾਬ ਦੇ ਇਤਿਹਾਸ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਬੋਰਡ ਦੇ ਕਿਸੇ ਅਧਿਕਾਰੀ ਵੱਲੋਂ ਕਥਿਤ ਸਾਜ਼ਿਸ਼ ਤਹਿਤ ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ।

ਕੀ ਕਹਿੰਦੇ ਹਨ ਅਧਿਕਾਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੱਤਰ ਹਰਗੁਣਜੀਤ ਕੌਰ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ 12ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਕੁਝ ਚੈਪਟਰ ਕੱਢ ਕੇ 11ਵੀਂ ਦੀ ਪਾਠ ਪੁਸਤਕ ਵਿੱਚ ਪਾ ਦਿੱਤੇ ਜਾਣ ਕਰਕੇ ਇਸ ਵਿੱਚ ਨਵੇਂ ਚੈਪਟਰ ਪਾਉਣੇ ਪਏ ਹਨ। ਉਨ੍ਹਾਂ ਲਾਏ ਗਏ ਦੋਸ਼ਾਂ ਨੂੰ ਮੁੱਢੋ ਰੱਦ ਕਰਦਿਆਂ ਕਿਹਾ ਹੈ ਕਿ ਕਿਸੇ ਇਕ ਫਿਰਕੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਕੋਈ ਗੱਲ ਨਹੀਂ। ਬਾਕੀ ਪਾਠ ਪੁਸਤਕ ਦੇ ਪੇਜ 93 ਨੂੰ ਦੇਖੇ ਬਿਨਾਂ ਉਹ ਕੁਝ ਨਹੀਂ ਆਖ ਸਕਦੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,