ਖਾਸ ਖਬਰਾਂ » ਸਿੱਖ ਖਬਰਾਂ

ਸੂਰਤ ਸਿੰਘ ਖ਼ਾਲਸਾ ਨਾਲ ਪੁਲਿਸ ਵੱਲੋਂ ਕੀਤਾ ਜਾ ਰਿਹਾ ਦੁਰਵਿਹਾਰ ਅਸਹਿ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

April 13, 2018 | By

ਫਤਹਿਗੜ੍ਹ ਸਾਹਿਬ: ਪੰਜਾਬ ਪੁਲਿਸ ਵਲੋਂ ਸੂਰਤ ਸਿੰਘ ਖਾਲਸਾ ਨਾਲ ਕੀਤੇ ਮਾੜੇ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਬਾਪੂ ਸੂਰਤ ਸਿੰਘ (ਫਾਇਲ ਫੋਟੋ)

ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਸੂਰਤ ਸਿੰਘ ਖ਼ਾਲਸਾ ਨਾਲ ਪੁਲਿਸ ਵੱਲੋਂ ਕੀਤੇ ਗਏ ਜ਼ਬਰ-ਜੁਲਮ ਸੰਬੰਧੀ ਪਾਰਟੀ ਨੁਮਾਂਇੰਦੇ ਉਨ੍ਹਾਂ ਨੂੰ ਮਿਲਣ ਗਏ ਤਾਂ ਸੂਰਤ ਸਿੰਘ ਖ਼ਾਲਸਾ ਨੇ ਜਸਵਿੰਦਰ ਸਿੰਘ ਦਾਖਾ ਡੀ.ਐਸ.ਪੀ. ਵੱਲੋਂ ਉਨ੍ਹਾਂ ਨਾਲ ਕੀਤੇ ਗਏ ਅਣਮਨੁੱਖੀ ਵਿਵਹਾਰ ਅਤੇ ਅਤਿ ਅਪਮਾਨਜ਼ਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਜੋ ਸਿੱਖ ਕੌਮ ਦੇ ਚਿੰਨ੍ਹ ਸ੍ਰੀ ਸਾਹਿਬ ਦੀ ਤੋਹੀਨ ਕੀਤੀ ਗਈ, ਉਸ ਸੰਬੰਧੀ ਵਿਸਥਾਰ ਦੱਸਿਆ। ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਜਸਵਿੰਦਰ ਸਿੰਘ ਦਾਖਾ ਵੱਲੋਂ ਸੂਰਤ ਸਿੰਘ ਖ਼ਾਲਸਾ ਨਾਲ ਕੀਤੇ ਗਏ ਦੁਰਵਿਹਾਰ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਸ ਜ਼ਾਬਰ ਪੁਲਿਸ ਅਧਿਕਾਰੀ ਨੇ ਸਿੱਖ ਕੌਮ ਦੇ ਬਜੁਰਗ ਆਗੂ ਸੂਰਤ ਸਿੰਘ ਖ਼ਾਲਸਾ ਨਾਲ ਜ਼ਬਰ-ਜੁਲਮ ਕੀਤਾ ਅਤੇ ਉਨ੍ਹਾਂ ਤੇ ਸਿੱਖ ਕੌਮ ਦੇ ਮਨ-ਆਤਮਾ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ, ਅਜਿਹੇ ਪੁਲਿਸ ਅਧਿਕਾਰੀ ਨੂੰ ਤੁਰੰਤ ਉਸਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ।

ਪਾਰਟੀ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਸਿਵਲ ਅਫ਼ਸਰਸ਼ਾਹੀ ਨੂੰ ਆਪਣੇ ਜ਼ਹਿਨ ਵਿਚ ਰੱਖਣਾ ਪਵੇਗਾ ਕਿ ਬੀਤੇ ਸਮੇਂ ਵਿਚ ਸ਼ਹੀਦ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਨੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾਂ ਸਮਾਂ ਸੰਘਰਸ਼ ਕੀਤਾ ਅਖੀਰ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਜ਼ਬਰ-ਜੁਲਮ ਦੀ ਬਦੌਲਤ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਨੂੰ ਆਪਣੀ ਸ਼ਹੀਦੀ ਦੇਣੀ ਪਈ। ਇਸ ਕਾਰਵਾਈ ਸਮੇਂ ਵੀ ਹਰਿਆਣਾ ਪੁਲਿਸ ਦੇ ਜ਼ਬਰ-ਜੁਲਮ ਮੁੱਖ ਤੌਰ ਤੇ ਜਿ਼ੰਮੇਵਾਰ ਸਨ । ਅਜਿਹਾ ਨਾ ਹੋਵੇ ਕਿ ਪੰਜਾਬ ਪੁਲਿਸ ਉਪਰੋਕਤ ਸੂਰਤ ਸਿੰਘ ਖ਼ਾਲਸਾ ਨਾਲ ਗੈਰ-ਕਾਨੂੰਨੀ ਤੇ ਅਣਮਨੁੱਖੀ ਵਿਵਹਾਰ ਕਰਕੇ ਉਨ੍ਹਾਂ ਨੂੰ ਵੀ ਸ਼ਹਾਦਤ ਦੇ ਰਸਤੇ ਤੇ ਜਾਣ ਲਈ ਮਜ਼ਬੂਰ ਕਰ ਦੇਵੇ ਅਤੇ ਇਸ ਉਪਰੰਤ ਨਿਕਲਣ ਵਾਲੇ ਵਿਸਫੋਟਕ ਨਤੀਜਿਆ ਲਈ ਪੁਲਿਸ ਦਾ ਜ਼ਬਰ-ਜੁਲਮ ਅਤੇ ਪੰਜਾਬ ਪੁਲਿਸ ਦੀਆਂ ਜ਼ਾਬਰ ਨੀਤੀਆ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੀਆ ।

ਉਨ੍ਹਾਂ ਕਿਹਾ, “ਇਸ ਲਈ ਅਸੀਂ ਪੂਰੀ ਗੰਭੀਰਤਾ ਨਾਲ ਲੁਧਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਖ਼ਬਰਦਾਰ ਕਰ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਜਿਨ੍ਹਾਂ ਵੀ ਪੁਲਿਸ ਅਧਿਕਾਰੀਆਂ ਦੀ ਡਿਊਟੀ ਸੂਰਤ ਸਿੰਘ ਖ਼ਾਲਸਾ ਉਤੇ ਲਗਾਈ ਗਈ ਹੈ, ਉਹ ਆਪਣੀ ਤਹਿਜੀਬ ਅਤੇ ਸਲੀਕੇ ਵਿਚ ਰਹਿਣ ਅਤੇ ਸੂਰਤ ਸਿੰਘ ਖ਼ਾਲਸਾ ਵਰਗੀ ਸਖਸ਼ੀਅਤ ਉਤੇ ਹੋਣ ਵਾਲੇ ਕਿਸੇ ਵੀ ਜ਼ਬਰ-ਜੁਲਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਬਰਦਾਸਤ ਨਹੀਂ ਕਰੇਗੀ । ਜੇਕਰ ਕੋਈ ਅਣਹੋਣੀ ਘਟਨਾ ਵਾਪਰ ਗਈ ਤਾਂ ਪੰਜਾਬ ਸੂਬੇ ਦੇ ਹਾਲਾਤ ਸਰਕਾਰ ਅਤੇ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੋ ਜਾਣਗੇ । ਇਸ ਲਈ ਬਿਹਤਰ ਹੋਵੇਗਾ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਬਾਪੂ ਸੂਰਤ ਸਿੰਘ ਦੇ ਬਣਦੇ ਜਾ ਰਹੇ ਗੰਭੀਰ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜੇਲ੍ਹਾਂ ਵਿਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਅਤੇ ਦੂਸਰਿਆ ਦੀ ਤੁਰੰਤ ਰਿਹਾਈ ਦੇ ਹੁਕਮ ਕਰਵਾਉਣ ਅਤੇ ਪੰਜਾਬੀਆਂ ਤੇ ਸਿੱਖਾਂ ਵਿਚ ਇਨਸਾਫ਼ ਨਾ ਮਿਲਣ ਦੀ ਬਦੌਲਤ ਦਿਨ-ਬ-ਦਿਨ ਵੱਧਦੇ ਜਾ ਰਹੇ ਰੋਹ ਨੂੰ ਸ਼ਾਂਤ ਕਰਨ ।”

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: