ਖਾਸ ਖਬਰਾਂ » ਸਿੱਖ ਖਬਰਾਂ

ਸਿੱਖ ਗੁਰੂ ਸਾਹਿਬਾਨ ’ਤੇ ਬ੍ਰਾਹਮਣਵਾਦੀ ਦ੍ਰਿਸ਼ਟੀਕੋਣ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਦਿੱਲੀ ਕਮੇਟੀ

May 17, 2018 | By

ਨਵੀਂ ਦਿੱਲੀ: ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਨੂੰ ਝੁਠਲਾਉਣ ਅਤੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਕੋਝੀ ਹਰਕਤਾਂ ਕਰਨ ਵਾਲੀਆਂ ਹਿੰਦੂਵਾਦੀ ਤਾਕਤਾਂ ਨੂੰ ਸਖ਼ਤ ਸ਼ਬਦਾਂ ’ਚ ਚੇਤਾਵਨੀ ਦਿੱਤੀ ਹੈ। ਰਾਸ਼ਟਰੀ ਸਵੈਂ ਸੇਵਕ ਸੰਘ ਦੇ ਮੁਖ ਦਫ਼ਤਰ ਨਾਗਪੁਰ ਦੇ ਪਤੇ ਤੋਂ ਚਲਦੀ ਸ੍ਰੀ ਭਾਰਤੀ ਪ੍ਰਕਾਸ਼ਨ ਵੱਲੋਂ ਛਾਪੀਆਂ ਕਿਤਾਬਾਂ ’ਚ ਸਿੱਖ ਗੁਰੂ ਸਾਹਿਬਾਨਾਂ ਨੂੰ ਹਿੰਦੂ ਦਰਸਾਉਣ ਅਤੇ ਇਤਿਹਾਸਿਕ ਤੱਥਾਂ ਨੂੰ ਕਿਤਾਬਾਂ ਰਾਹੀਂ ਵਿਗਾੜਨ ਦੀਆਂ ਮੀਡੀਆ ਰਾਹੀਂ ਆਈਆਂ ਖ਼ਬਰਾਂ ’ਤੇ ਪ੍ਰਤੀਕਰਮ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਆਰ.ਐਸ.ਐਸ. ਨੂੰ ਸਾਡਾ ਇਤਿਹਾਸ ਲਿਖਣ ਦੀ ਕੋਈ ਲੋੜ ਨਹੀਂ ਹੈ। ਇਹ ਸਿੱਧੇ ਤੌਰ ’ਤੇ ਵੱਖਰੀ ਪੱਛਾਣ ਵਾਲੇ ਸਿੱਖ ਧਰਮ ਦੇ ਸ਼ਾਨਾਮੱਤੇ ਅੱਕਸ ਨੂੰ ਭਗਵਾ ਚੋਲਾ ਪਾਉਣ ਦੇ ਸਮਾਨ ਹੈ, ਜਿਸ ਨੂੰ ਇੱਕ ਸੱਚਾ ਸਿੱਖ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ।

ਮਨਜੀਤ ਸਿੰਘ ਜੀਕੇ (ਪੁਰਾਣੀ ਫੋਟੋ)

ਜੀ.ਕੇ. ਨੇ ਕਿਹਾ ਕਿ ਜੇਕਰ ਅੱਜ ਹਿੰਦੁਸਤਾਨ ’ਚ ਹਿੰਦੂ ਧਰਮ ਦੀ ਹੋਂਦ ਹੈ ਤਾਂ ਉਸ ਪਿੱਛੇ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ ਦੀ ਵੱਡੀ ਭੂਮਿਕਾ ਹੈ। ਆਰ.ਐਸ.ਐਸ. ਅਤੇ ਉਸਦੇ ਸਹਿਯੋਗੀ ਸੰਗਠਨਾਂ ਨੂੰ ਸਿੱਖਾਂ ਦਾ ਇਤਿਹਾਸ ਪ੍ਰਦੂਸ਼ਿਤ ਕਰਨ ਦੀ ਥਾਂ ਹਿੰਦੂ ਦੇਵੀ-ਦੇਵਤਿਆਂ ਦੇ ਉਸਾਰੂ ਇਤਿਹਾਸ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰਕੇ ਨੌਜਵਾਨਾਂ ਨੂੰ ਪ੍ਰੇਰ ਕੇ ਧਰਮੀ ਬਣਾਉਣਾ ਚਾਹੀਦਾ ਹੈ, ਨਾ ਕਿ ਦੂਜਿਆ ਦੇ ਦੁੱਧ ਨੂੰ ਆਪਣਾ ਖ਼ੱਟਾ ਲਗਾ ਕੇ ਆਪਣੀ ਦਹੀ ਦੱਸਣ ਵੱਲ ਤੁਰਨਾ ਚਾਹੀਦਾ ਹੈ।

ਉਦਾਸੀਨ ਸੰਪਰਦਾ ਦੇ ਅਖੌਤੀ ਸੰਤ ਨਾਰਾਇਣ ਦਾਸ ਦੀ ਗੁਰੂ ਅਰਜਨ ਦੇਵ ਜੀ ਬਾਰੇ ਸ਼ੋਸ਼ਲ ਮੀਡੀਆ ’ਤੇ ਆਈ ਵੀਡੀਓ ਨੂੰ ਇਤਰਾਜ਼ਯੋਗ ਦੱਸਦੇ ਹੋਏ ਜੀ.ਕੇ. ਨੇ ਗੁਰੂ ਸਾਹਿਬ ’ਤੇ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਵਿਗਾੜਨ ਦੇ ਅਖੋਤੀ ਸਾਧ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਦਿਮਾਗੀ ਦਿਵਾਲਿਏਪਨ ਨਾਲ ਜੋੜਿਆ। ਜੀ.ਕੇ. ਨੇ ਕਿਹਾ ਕਿ ਕੁਝ ਹਿੰਦੂਵਾਦੀ ਤਾਕਤਾਂ ਸਿੱਖਾਂ ਨੂੰ ਆਪਣੇ ’ਚ ਸਮੇਟਣ ਲਈ ਹਤਾਸ਼ਾ ਦੀਆਂ ਸੀਮਾਵਾਂ ਨੂੰ ਪਾਰ ਕਰ ਚੁੱਕੀਆਂ ਹਨ। ਇਸ ਕਰਕੇ ਇਨ੍ਹਾਂ ਦਾ ਮੁੱਖ ਮਨੋਰਥ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਵਾਸਤੇ ਕਾਰਜ ਕਰਨ ਦਾ ਰਹਿ ਗਿਆ ਹੈ। ਜਿਸ ਕਰਕੇ ਸਿੱਖ ਗੁਰੂਆਂ ’ਤੇ ਬ੍ਰਾਹਮਣਵਾਦੀ ਦ੍ਰਿਸ਼ਟੀਕੋਣ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜੀ.ਕੇ. ਨੇ ਇਤਿਹਾਸ ਪ੍ਰਦੂਸ਼ਿਤ ਕਰਨ ਵਾਲੇ ਠੇਕੇਦਾਰਾਂ ਤੋਂ ਕੁਝ ਸਵਾਲ ਵੀ ਪੁੱਛੇ। ਜੇਕਰ ਸਿੱਖ ਹਿੰਦੂ ਧਰਮ ਦਾ ਹਿੱਸਾ ਹਨ ਤਾਂ ਸਿੱਖ ਗੁਰੂਆਂ ਨੇ ਜਾਤ-ਪਾਤ, ਵਰਣ-ਵੰਡ, ਬੁੱਤਪ੍ਰਸ਼ਤੀ, ਬ੍ਰਾਹਮਣੀ ਕਰਮਕਾਂਡਾ ਬਾਰੇ ਆਪਣੇ ਵਿਚਾਰ ਹਿੰਦੂ ਵਿਚਾਰਧਾਰਾ ਦੇ ਉਲਟ ਕਿਉਂ ਰੱਖੇ ਸਨ ? ਗੁਰੂ ਨਾਨਕ ਦੇਵ ਜੀ ਨੇ ਜਨੇਊ ਨੂੰ ਧਾਰਣ ਕਰਨ ਤੋਂ ਇਨਕਾਰ ਕਿਉਂ ਕੀਤਾ ਸੀ ? ਗੁਰੂ ਨਾਨਕ ਸਾਹਿਬ ਨੇ 33 ਕਰੋੜ ਦੇਵੀ-ਦੇਵਤਿਆਂ ਵਾਲੀ ਹਿੰਦੂ ਵਿਚਾਰਧਾਰਾ ਦੇ ਉਲਟ ਇੱਕ ਓਂਕਾਰ ਦਾ ਸਿੰਧਾਂਤ ਕਿਉਂ ਦਿੱਤਾ ਸੀ ? ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਕਰਵਾਇਆ ਸੀ ?

ਜਿਨ੍ਹਾਂ ਭਗਤ ਸਾਹਿਬਾਨਾਂ ਨੂੰ ਜਾਤ ਕਰਕੇ ਹਿੰਦੂ ਵਿਚਾਰਧਾਰਾ ਮੰਦਿਰ ’ਚ ਦਾਖਲ ਹੋਣ ਤੋਂ ਰੋਕਦੀ ਸੀ, ਉਨ੍ਹਾਂ ਦੀ ਬਾਣੀ ਨੂੰ ਆਦਿ ਗ੍ਰੰਥ ’ਚ ਦਰਜ਼ ਕਰਕੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ਕਿਉਂ ਥਾਂ ਦਿੱਤੀ ਸੀ ? ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਅਤੇ ਜਨੇਊ ਨੂੰ ਬਚਾਉਣ ਲਈ ਸ਼ਹੀਦੀ ਕਿਉਂ ਦਿੱਤੀ ਸੀ, ਜਦਕਿ ਖੁਦ ਉਹ ਇਨ੍ਹਾਂ ਧਾਰਮਿਕ ਚਿਨ੍ਹਾਂ ਨੂੰ ਧਾਰਣ ਨਹੀਂ ਕਰਦੇ ਸਨ ? ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ’ਤੇ ਖਾਲਸਾ ਧਰਮ ਦੀ ਨੀਂਹ ਰੱਖਕੇ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਜੋ ਕਾਰਜ ਕੀਤਾ ਸੀ ਕੀ ਉਹ ਸਿੱਖ ਧਰਮ ਦੀ ਵੱਖਰੀ ਹੋਂਦ ਦਾ ਪ੍ਰਤੀਕ ਨਹੀਂ ਸੀ?


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: