ਖਾਸ ਖਬਰਾਂ » ਸਿੱਖ ਖਬਰਾਂ

ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲੇਗਾ: ਜਾਵੜੇਕਰ

May 3, 2018 | By

ਨਵੀਂ ਦਿੱਲੀ: ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਆਖਿਆ ਹੈ ਕਿ ਸਰਕਾਰ ਦਿਆਲ ਸਿੰਘ ਕਾਲਜ ਈਵਨਿੰਗ ਦਾ ਨਾਂ ਦਿਆਲ ਸਿੰਘ ਵੰਦੇ ਮਾਤਰਮ ਕਾਲਜ ਰੱਖਣ ਦੀ ਆਗਿਆ ਨਹੀਂ ਦੇਵੇਗੀ ਅਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਖਿਲਾਫ਼ ਬਿਨਾਂ ਸਹਿਮਤੀ ਤੋਂ ਅਜਿਹਾ ਕਰਨ ਬਦਲੇ ਕਾਰਵਾਈ ਕਰੇਗੀ।

ਇਹ ਰਿਪੋਰਟਾਂ ਆਉਣ ਕਿ ਪ੍ਰਬੰਧਕ ਕਮੇਟੀ ਨੇ ਚੁੱਪ ਚਪੀਤੇ ਹੀ ਕਾਲਜ ਦਾ ਨਾਂ ਬਦਲ ਦਿੱਤਾ ਹੈ ਤੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ’ ਦਾ ਬੈਨਰ ਵੀ ਲਗਾ ਦਿੱਤਾ ਹੈ,ਬਾਰੇ ਮੰਤਰੀ ਨੇ ਕਿਹਾ ਕਿ ਮੂਲ ਨਾਂ ਬਦਲਿਆ ਨਹੀਂ ਜਾ ਸਕਦਾ। ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਮੁੱਦਾ ਉਠਾਇਆ ਸੀ। ਹਰਸਿਮਰਤ ਬਾਦਲ ਨੇ ਆਪਣੇ ਇਕ ਟਵੀਟ ਵਿੱਚ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੂੰ ਬਰਖਾਸਤ ਕਰਨ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਇਕ ਹੋਰ ਟਵੀਟ ਵਿੱਚ ਦੱਸਿਆ ‘‘ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਅਮਿਤਾਭ ਸਿਨਹਾ ਨੇ 25 ਅਪਰੈਲ ਨੂੰ ਸਾਲਾਨਾ ਸਮਾਗਮ ਕਰਾਇਆ ਸੀ ਤੇ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਡੀਐਸਸੀ ਕਰ ਦਿੱਤਾ ਗਿਆ। ਮੈਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਲਜ ਮੈਨੇਜਮੈਂਟ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਨੂੰ ਤਹਿਸ ਨਹਿਸ ਕਰਨ ’ਤੇ ਉਤਾਰੂ ਹੈ ਤੇ ਇਸ ਕੰਮ ਵਿੱਚ ਉਸ ਦੀ ਡੀਯੂ ਦੇ ਵੀਸੀ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਜਿਸ ਕਰ ਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’’

ਜਦੋਂ ਸਿਨਹਾ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ ਤੇ ਉਨ੍ਹਾਂ ਨੂੰ ਸੰਦੇਸ਼ ਭੇਜ ਕੇ ਵੀ ਪੱਖ ਭੇਜਣ ਲਈ ਕਿਹਾ ਗਿਆ। ਜਾਵੜੇਕਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਬਿਆਨ ਦੇ ਬਾਵਜੂਦ ਨਾਂ ਬਦਲੀ ਦੀ ਕੋਸ਼ਿਸ਼ ਕੀਤੇ ਜਾਣ ਕਰ ਕੇ ਪ੍ਰਬੰਧਕ ਕਮੇਟੀ ਖ਼ਿਲਾਫ਼ ਮੰਤਰਾਲਾ ਕਾਰਵਾਈ ਕਰੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ‘‘ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਇਸ ਤਜਵੀਜ਼ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਅਸੀਂ ਕਾਲਜ ਦਾ ਨਾਂ ਬਦਲਣ ਦੀ ਆਗਿਆ ਨਹੀਂ ਦਿਆਂਗੇ। ਜੇ ਦੋ ਦਿਆਲ ਸਿੰਘ ਕਾਲਜ ਹੋਣ ਤਾਂ ਉਹ ਵਖਿਰਾਓਣ ਲਈ ਇਕ ਜਾਂ ਦੋ ਨੰਬਰ ਕਾਲਜ ਕਹਿ ਸਕਦੇ ਹਨ ਪਰ ਮੂਲ ਨਾਂ ਨਹੀਂ ਬਦਲਿਆ ਜਾ ਸਕਦਾ।” 17 ਨਵੰਬਰ 2017 ਨੂੰ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ ਨੇ ਫ਼ੈਸਲਾ ਕੀਤਾ ਸੀ ਕਿ ਦਿਆਲ ਸਿੰਘ (ਈਵਨਿੰਗ) ਕਾਲਜ ਮੌਰਨਿੰਗ ਕਾਲਜ ਹੋਣ ਤੋਂ ਬਾਅਦ ਇਸ ਦਾ ਨਾਂ ‘ਵੰਦੇ ਮਾਤਰਮ ਮਹਾਵਿਦਿਆਲਾ’ ਹੋਵੇਗਾ। ਕਾਲਜ ਦਾ ਨਾਂ ਬਦਲਣ ਦਾ ਵੱਖ ਵੱਖ ਵਰਗਾਂ ਵੱਲੋਂ ਤਿੱਖਾ ਵਿਰੋਧ ਹੋਇਆ ਸੀ ਜਿਸ ਦੇ ਮੱਦੇਨਜ਼ਰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਕਾਲਜ ਮੈਨੇਜਮੈਂਟ ਨੂੰ ਫ਼ੈਸਲਾ ਰੋਕ ਦੇਣ ਲਈ ਕਿਹਾ ਸੀ। ਸ੍ਰੀ ਜਾਵੜੇਕਰ ਨੇ ਦਸੰਬਰ ਮਹੀਨੇ ਰਾਜ ਸਭਾ ਵਿੱਚ ਦੱਸਿਆ ਸੀ ‘‘ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਕਰਨ ਦੇ ਫ਼ੈਸਲੇ ’ਤੇ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਦਾ ਇਸ ਵਿਵਾਦਪੂਰਨ ਫ਼ੈਸਲੇ ’ਚ ਕੋਈ ਹੱਥ ਨਹੀਂ ਸੀ ਤੇ ਨਾ ਹੀ ਉਹ ਉਸ ਦੀ ਪ੍ਰੋੜਤਾ ਕਰਦੀ ਹੈ।’’

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੱਲ੍ਹ ਕਿਹਾ ਸੀ ਕਿ ਸਿੱਖ ਭਾਈਚਾਰਾ ਕਾਲਜ ਦਾ ਨਾਂ ਬਦਲੇ ਜਾਣ ਤੋਂ ਹੈਰਾਨ ਹੈ। ਦਿਆਲ ਸਿੰਘ ਈਵਨਿੰਗ ਕਾਲਜ ਦੀ ਸਥਾਪਨਾ 1958 ਵਿੱਚ ਕੀਤੀ ਗਈ ਸੀ ਤੇ ਅਗਲੇ ਹੀ ਸਾਲ ਇਸ ਦਾ ਕੈਂਪਸ ਦਿਆਲ ਸਿੰਘ ਕਾਲਜ ਨਾਲ ਲਗਦੇ ਲੋਧੀ ਖੇਤਰ ਵਿੱਚ ਬਣਾਇਆ ਗਿਆ ਸੀ। ਦੋਵੇਂ ਸੰਸਥਾਵਾਂ ਦੀ ਗਵਰਨਿੰਗ ਬਾਡੀ ਤੇ ਕਾਲਜ ਇਮਾਰਤਾਂ ਸਾਂਝੀਆਂ ਹਨ ਪਰ ਇਨ੍ਹਾਂ ਦਾ ਅਧਿਆਪਨ ਤੇ ਪ੍ਰਸ਼ਾਸਕੀ ਸਟਾਫ ਵੱਖੋ ਵੱਖਰਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,