ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਲੇਖ » ਸਿੱਖ ਖਬਰਾਂ

ਸਿਲੇਬਸ ਦਾ ਮੁੱਦਾ: ਕਿਸੇ ਵੀ ਧਿਰ ਦਾ ਦਾਮਨ ਸਾਫ਼ ਨਹੀਂ

May 12, 2018 | By

ਕਰਮਜੀਤ ਸਿੰਘ
ਸੰਪਰਕ: 99150-91063

ਗੱਲ ਵਿੱਚੋਂ ਕੁਝ ਵੀ ਨਹੀਂ ਸੀ। ਆਰੰਭ ਵਿੱਚ ਹੀ ਸੌਖਿਆਂ ਹੀ ਸੁਲਝਾਈ ਜਾ ਸਕਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ੁਦ ਉਲਝਾ ਦਿੱਤੀ ਗਈ ਜੋ ਆਪ ਇਤਿਹਾਸ ਵਿਸ਼ੇ ਦੇ ਨਾ ਕੇਵਲ ਕਦਰਦਾਨ ਹਨ ਸਗੋਂ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਇੱਕ ਅਹਿਮ ਦੌਰ ਉਤੇ ਚਰਚਿਤ ਪੁਸਤਕ ਵੀ ਲਿਖੀ ਹੈ। ਇਥੇ ਹੀ ਬਸ ਨਹੀਂ, ਉਨ੍ਹਾਂ ਨੂੰ ਇਤਿਹਾਸ ਦੇ ਸੰਕਲਪ ਅਤੇ ਇਸ ਦੀਆਂ ਬਾਰੀਕਬੀਨੀਆਂ ਦੀ ਵੀ ਸਮਝ ਹੈ। ਸ਼ੁਰੂ ਵਿੱਚ ਅਕਾਲੀ ਦਲ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਇਤਿਹਾਸ ਦਾ ਸਿਲੇਬਸ ਨਾ ਕੇਵਲ ਗਿਆਰਵੀਂ ਜਮਾਤ ਵਿੱਚ ਲਿਆਂਦਾ ਤੇ ਘਟਾਇਆ ਵੀ ਗਿਆ ਹੈ, ਸਗੋਂ ਇਤਿਹਾਸਕ ਤੱਥਾਂ ਅਤੇ ਉਨ੍ਹਾਂ ਦੀ ਵਿਆਖਿਆ ਵਿੱਚ ਵੀ ਬੱਜਰ ਗਲਤੀਆਂ ਕੀਤੀਆਂ ਗਈਆਂ ਹਨ। ਇਥੇ ਹੀ ਮੁੱਖ ਮੰਤਰੀ ਨੂੰ ਚੌਕੰਨੇ ਹੋ ਜਾਣਾ ਚਾਹੀਦਾ ਸੀ। ਸਿਆਸੀ ਸ਼ਰੀਕ ਨੂੰ ਢੁੱਕਵਾਂ ਜਵਾਬ ਦੇਣ ਲਈ ਸਬਰ ਦੀ ਲੋੜ ਸੀ; ਕੱਪੜੇ ਨੂੰ 10 ਵਾਰ ਮਿਣ ਲੈਣ ਵਿੱਚ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਇਹ ਕੱਟਿਆ ਇੱਕ ਹੀ ਵਾਰ ਜਾ ਸਕਦਾ ਹੈ ਪਰ ਕੈਪਟਨ ਨੇ ਕਾਹਲੇ ਸਿਆਸਤਦਾਨ ਵਾਂਗ ਜਵਾਬ ਦਿੰਦਿਆਂ ਪੂਰੇ ਆਤਮ ਵਿਸ਼ਵਾਸ ਨਾਲ ਦਾਅਵਾ ਕਰ ਦਿੱਤਾ ਕਿ ਇਤਿਹਾਸ ਦੀ ਇੱਕ ਸਤਰ ਵੀ ਨਹੀਂ ਬਦਲੀ ਗਈ ਅਤੇ ਪਹਿਲੇ ਵਾਲਾ ਇਤਿਹਾਸ ਹੀ ਐੱਨਸੀਈਆਰਟੀ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰਖਦਿਆਂ ਬਾਰ੍ਹਵੀਂ ਜਮਾਤ ਤੋਂ ਚੁੱਕ ਕੇ ਗਿਆਰਵੀਂ ਜਮਾਤ ਵਿੱਚ ਲਿਆਂਦਾ ਗਿਆ ਹੈ। ਉਹ ਬੱਸ ਇਥੇ ਹੀ ਗ਼ਲਤੀ ਕਰ ਗਏ। ਉਨ੍ਹਾਂ ਇਹ ਜਾਨਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਸਿਲੇਬਸ ਦੀ ਅਦਲਾ-ਬਦਲੀ ਪਿੱਛੇ ਗੰਭੀਰ ਕਾਰਨਾਂ ਅਤੇ ਇਤਿਹਾਸਕ ਤੱਥਾਂ ਵਿੱਚ ਹੋਈਆਂ ਗ਼ਲਤੀਆਂ ਦੀ ਜਾਂਚ ਆਪਣੇ ਸੁਤੰਤਰ ਸਰੋਤਾਂ ਰਾਹੀਂ ਕਰਵਾ ਲਈ ਜਾਵੇ। ਉਨ੍ਹਾਂ ਨੂੰ ਜਾਪਿਆ ਜਿਵੇਂ ਵਿਰੋਧੀ ਧਿਰ ਦਾ ਹਮਲਾ ਕੇਵਲ ਸੌੜੀ ਸਿਆਸਤ ਤੋਂ ਹੀ ਪ੍ਰੇਰਿਤ ਹੈ ਅਤੇ ਅਕਾਲੀ ਦਲ ਆਪਣੀ ਖੁਸ ਚੁੱਕੀ ਸਿਆਸੀ ਜ਼ਮੀਨ ਨੂੰ ਹਰ ਹਾਲਤ ਬਹਾਲ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ। ਇਉਂ ਮੁੱਖ ਮੰਤਰੀ ਨੇ ਇਤਿਹਾਸ ਵਰਗੇ ਨਾਜ਼ੁਕ ਵਿਸ਼ੇ ਦੇ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਸਿੱਖਿਆ ਬੋਰਡ ਦੀ ਅਫ਼ਸਰਸ਼ਾਹੀ ਉਤੇ ਮੁਕੰਮਲ ਭਰੋਸਾ ਕਰ ਲਿਆ ਜਿਨ੍ਹਾਂ ਨੇ ਤਸਵੀਰ ਦਾ ਇੱਕ ਪਾਸਾ ਹੀ ਉਨ੍ਹਾਂ ਨੂੰ ਦਿਖਾਇਆ ਅਤੇ ਬਰੀਕ ਸੱਚ ਦੇ ਕੁਝ ਹਿੱਸਿਆਂ ਨੂੰ ਲੁਕੋ ਕੇ ਰੱਖਿਆ ਜਾਂ ਧੁੰਦਲਾ ਕਰ ਕੇ ਪੇਸ਼ ਕੀਤਾ ਜਾਂ ਉਨ੍ਹਾਂ ਦੀ ਅਹਿਮੀਅਤ ਹੀ ਨਾ ਸਮਝੀ।

ਇਸ ਵਾਰ ਵਿਰੋਧੀ ਧਿਰ ਵੱਲੋਂ ਪੇਸ਼ ਮੁੱਦੇ ਵਿੱਚ ਜਾਨ ਵੀ ਸੀ ਤੇ ਵਜ਼ਨ ਵੀ ਸੀ। ਬਿਨਾਂ ਸ਼ੱਕ ਬਾਰ੍ਹਵੀਂ ਜਮਾਤ ਦੀ ਕਿਤਾਬ ਵਿੱਚ ਤਰੁੱਟੀਆਂ ਵੀ ਸਨ ਅਤੇ ਬੇਜਾਨ ਵਿਆਖਿਆ ਵੀ ਸੀ। ਗਿਆਰਵੀਂ ਜਮਾਤ ਦੀ ਕਿਤਾਬ ਤਾਂ ਅਜੇ ਛਪੀ ਨਹੀਂ ਸੀ, ਲੇਕਿਨ ਉਸ ਕਿਤਾਬ ਬਾਰੇ ਵੀ ਬਿਨਾਂ ਦੇਖੇ ਪੜ੍ਹੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੇ ਅੰਬਾਰ ਲਗਾ ਦਿੱਤੇ ਗਏ। ਇਸ ਦੌੜ ਵਿੱਚ ਨਿੱਕੇ ਵੱਡੇ ਸਾਰੇ ਆਗੂ ਸ਼ਾਮਿਲ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਵੀ ਮੈਦਾਨ ਵਿੱਚ ਉੱਤਰ ਆਈ। ਹੁਣ ਅਕਾਲੀ ਦਲ ਨੂੰ ਦੋਹਰਾ ਫਾਇਦਾ ਹੋ ਰਿਹਾ ਸੀ: ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਇਸ ਮੁੱਦੇ ਨੂੰ ਆਧਾਰ ਬਣਾ ਕੇ ਉਹ ਮਾਹੌਲ ਨੂੰ ਆਪਣੇ ਹੱਕ ਵਿੱਚ ਪਲਟ ਸਕਦੇ ਸਨ। ਹਾਲਤ ਇਹ ਬਣ ਗਈ ਸੀ ਕਿ ਸੌੜੀ ਸਿਆਸਤ ਅਗਵਾਈ ਕਰ ਰਹੀ ਸੀ ਪਰ ਕਰ ਰਹੀ ਸੀ ਇਤਿਹਾਸ ਦਾ ਮੋਢਾ ਵਰਤ ਕੇ। ਇਤਿਹਾਸ ਰੱਥ ਸੀ ਅਤੇ ਸਿਆਸਤ ਰਥਵਾਨ ਬਣ ਰਹੀ ਸੀ। ਕੈਪਟਨ ਨੂੰ ਇਹ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਸ ਮੁੱਦੇ ‘ਤੇ ਕੂਟਨੀਤਿਕ ਸਿਆਸਤ ਦੀ ਦੌੜ ਵਿੱਚ ਅਕਾਲੀ ਦਲ ਉਨ੍ਹਾਂ ਨਾਲੋਂ ਕਾਫ਼ੀ ਅੱਗੇ ਨਿਕਲ ਗਿਆ ਸੀ। ਦੂਜੇ ਪਾਸੇ ਨਾ ਚਾਹੁੰਦਿਆਂ ਹੋਇਆਂ ਵੀ ਆਮ ਆਦਮੀ ਪਾਰਟੀ ਦੀ ਸਿਆਸੀ ਤਾਕਤ ਵੀ ਅਕਾਲੀ ਦਲ ਦੇ ਖਾਤੇ ਵਿੱਚ ਹੀ ਜਮ੍ਹਾ ਹੋ ਰਹੀ ਸੀ। ਕੈਪਟਨ ਅਤੇ ਕਾਂਗਰਸ ਪਾਰਟੀ ਪਿਛਲੇ ਸਾਲ ਹੋਈਆਂ ਅਸੈਂਬਲੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਪਿੱਛੋਂ ਅਕਾਲੀ ਆਗੂਆਂ ਨੂੰ ਹਾਰੇ ਹੋਏ ਭਲਵਾਨ ਕਹਿ ਕੇ ਅਕਾਲੀ ਦਲ ਦੀ ਅੰਦਰਲੀ ਤਾਕਤ ਤੋਂ ਅੱਖਾਂ ਮੀਟ ਰਹੀ ਸੀ। ਉਹ ਇਹ ਨਹੀਂ ਸਨ ਜਾਣਦੇ ਕਿ ਉਹ ਹਾਰੇ ਹੋਏ ਭਲਵਾਨ ਤਾਂ ਜ਼ਰੂਰ ਹਨ ਪਰ ਉਨ੍ਹਾਂ ਨੇ ਘੁਲਣਾ ਅਜੇ ਛੱਡਿਆ ਨਹੀਂ ਸੀ। ਉਨ੍ਹਾਂ ਦਾ ਪਿਛਲਾ ਸ਼ਾਨਾਮੱਤਾ ਇਤਿਹਾਸ ਅਜੇ ਵੀ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।

ਸਮੁੱਚੇ ਹਾਲਾਤ ਨੇ ਉਸ ਸਮੇਂ ਫ਼ੈਸਲਾਕੁਨ ਮੋੜ ਲੈ ਲਿਆ ਜਦੋਂ ਵਿਦਵਾਨ ਅਤੇ ਇਤਿਹਾਸਕਾਰ ਵੀ ਮੈਦਾਨ ਵਿੱਚ ਆ ਉੱਤਰੇ ਅਤੇ ਉਨ੍ਹਾਂ ਅਜਿਹੇ ਤੱਥ ਸਾਹਮਣੇ ਲਿਆਂਦੇ ਜੋ ਨਜ਼ਰਅੰਦਾਜ਼ ਕਰਨੇ ਔਖੇ ਹੋ ਗਏ। ਇੰਜ ਅਕਾਲੀ ਦਲ ਦਾ ਪਲੜਾ ਹੋਰ ਭਾਰੀ ਹੋ ਰਿਹਾ ਸੀ, ਹਾਲਾਂਕਿ ਵਿਦਵਾਨਾਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਸੀ ਕਿ ਇਤਿਹਾਸ ਦੀ ਪੁਸਤਕ ਵਿੱਚ ਹੋਈਆਂ ਬੱਜਰ ਗ਼ਲਤੀਆਂ ਦੇ ਦੌਰ ਦਾ ਅਸਲ ਉਦਘਾਟਨ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋ ਗਿਆ ਸੀ। ਫਿਰ ਅਚਾਨਕ ਕੈਪਟਨ ਨੇ ਐਲਾਨ ਕਰ ਕੇ ਅਸਿੱਧੇ ਰੂਪ ਵਿੱਚ ਇਹ ਗੱਲ ਸਵੀਕਾਰ ਕਰ ਲਈ ਕਿ ਜੇ ਗ਼ਲਤੀਆਂ ਹੋਈਆਂ ਹਨ, ਉਹ ਠੀਕ ਕਰ ਲਈਆਂ ਜਾਣਗੀਆਂ, ਇਸ ਬਾਰੇ ਕਮੇਟੀ ਵੀ ਬਣਾਈ ਜਾ ਸਕਦੀ ਹੈ। ਸਿੱਖਿਆ ਮੰਤਰੀ ਸਮੇਤ ਤਿੰਨ ਮੰਤਰੀਆਂ ਨੇ ਵਿਸ਼ੇਸ਼ ਕਾਨਫਰੰਸ ਕਰ ਕੇ ਵੀ ਗ਼ਲਤੀਆਂ ਸਵੀਕਾਰ ਲਈਆਂ ਪਰ ਕੈਪਟਨ ‘ਜੇ’ ਅਤੇ ਕਮੇਟੀਆਂ ਕਾਇਮ ਕਰਨ ਦੇ ਭਰੋਸੇ ਵਿੱਚ ਅਜੇ ਵੀ ਕਈ ਸ਼ੱਕ-ਸ਼ੁਬ੍ਹੇ ਮੌਜੂਦ ਸਨ। ਅਗਲੇ ਪੜਾਅ ਵਿੱਚ ਉਨ੍ਹਾਂ ਨੇ ਛੇ ਮੈਂਬਰੀ ਕਮੇਟੀ ਕਾਇਮ ਕਰਨ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਵੀ ਸ਼ਾਮਿਲ ਕਰ ਲਏ। ਆਖਰੀ ਪੜਾਅ ਵਿੱਚ ਮੁੱਖ ਮੰਤਰੀ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ਨੂੰ ਰਿਲੀਜ਼ ਕਰਨ ਉਤੇ ਰੋਕ ਲਾ ਕੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੱਡੀ ਗੜਬੜ ਹੈ। ਉਨ੍ਹਾਂ ਦੇ ਆਪਣੇ ਸੂਬੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਉਨ੍ਹਾਂ ਦੀ ਬੌਧਿਕ ਟੀਮ ਨੇ ਠੋਸ ਤੱਥਾਂ ਦੇ ਹਵਾਲੇ ਨਾਲ ਗੰਭੀਰ ਗ਼ਲਤੀਆਂ ਦੇ ਸਬੂਤ ਵੀ ਪੇਸ਼ ਕੀਤੇ ਅਤੇ ਨਾਲ ਹੀ ਸਿਲੇਬਸ ਦੀ ਸਮੱਗਰੀ ਦੇ ਮਿਆਰ ਤੇ ਪੇਸ਼ਕਾਰੀ ਉਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਨਵੀਂ ਕਿਤਾਬ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਸਿੱਖਿਆ ਬੋਰਡ ਦੀ ਇਤਿਹਾਸਕ ਨਜ਼ਰ ਸਿੱਖ-ਯਾਦ ਦੀਆਂ ਬਹੁ-ਪਰਤਾਂ ਤੇ ਬਹੁ-ਦਿਸ਼ਾਵਾਂ ਦੇਖਣ ਦੇ ਸਮਰੱਥ ਨਹੀਂ ਸੀ। ਇਹ ਜ਼ਿੰਦਾਦਿਲ ਤੱਥ ਵੀ ਉਨ੍ਹਾਂ ਦੀ ਸਮਝ ਵਿੱਚ ਸ਼ਾਮਿਲ ਨਹੀਂ ਸੀ ਕਿ ਸਿੱਖ ਇਤਿਹਾਸ ਦੀਆਂ ਯਾਦਾਂ ਕੇਵਲ ਸਿੱਖਾਂ ਲਈ ਹੀ ਪ੍ਰੇਰਨਾ ਸਰੋਤ ਨਹੀਂ ਸਗੋਂ ਇਹ ਮੁਲਕ ਅਤੇ ਸੰਸਾਰ ਦੀਆਂ ਕੌਮਾਂ ਦਾ ਜਗਦਾ-ਮਘਦਾ ਪ੍ਰਤੀਕ ਹੈ। ਇਸ ਲਈ ਇਤਿਹਾਸਕ ਤੱਥਾਂ ਦੇ ਆਪਸ ਵਿੱਚ ਜੋ ਅੰਤਰ-ਸਬੰਧ ਹੁੰਦੇ ਹਨ, ਉਹ ਬਾਰ੍ਹਵੀਂ ਦੀ ਇਸ ਕਿਤਾਬ ਪੜ੍ਹਨ ਲੱਗਿਆਂ ਵਿਦਿਆਰਥੀਆਂ ਨੂੰ ਵੱਡੀ ਰੌਸ਼ਨੀ ਨਹੀਂ ਦਿੰਦੇ।

ਉਂਜ, ਇਸ ਸਾਰੇ ਵਰਤਾਰੇ ਵਿੱਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਪੰਥਕ ਹਲਕਿਆਂ ਦਾ ਵੀ ਦਾਮਨ ਸਾਫ਼ ਨਹੀਂ ਹੈ ਕਿਉਂਕਿ ਜੇ ਉਨ੍ਹਾਂ ਨੂੰ ਵਿਦਿਆਰਥੀਆਂ ਅੰਦਰ ਇਤਿਹਾਸ ਦਾ ਜਜ਼ਬਾ ਪੈਦਾ ਕਰਨ ਦੀ ਕੋਈ ਰੀਝ ਹੈ ਤਾਂ ਫਿਰ ਉਨ੍ਹਾਂ ਦੀਆਂ ਸੰਸਥਾਵਾਂ ਦੇ ਬਹੁਤੇ ਸਕੂਲਾਂ ਵਿੱਚ ਸੀਬੀਐੱਸਈ ਦੇ ਸਿਲੇਬਸ ਨੂੰ ਹੀ ਕਿਉਂ ਤਰਜੀਹ ਦਿੱਤੀ ਜਾਂਦੀ ਹੈ? ਸ਼੍ਰੋਮਣੀ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਸਿੱਖ ਆਗੂਆਂ ਵੱਲੋਂ ਚਲਾਏ ਜਾ ਰਹੇ ਹੋਰ ਕਈ ਸਕੂਲਾਂ ਵਿੱਚ ਵੀ ਸੀਬੀਐੱਸਈ ਦਾ ਹੀ ਸਿਲੇਬਸ ਕਿਉਂ ਲਾਗੂ ਹੈ ਜਿੱਥੇ ਸਿੱਖ ਇਤਿਹਾਸ ਦਾ ਨਾਮੋ-ਨਿਸ਼ਾਨ ਨਹੀਂ ਹੈ ਅਤੇ ਜਿਥੇ ਮਹਾਂਭਾਰਤ ਨੂੰ ‘ਸਮਾਜਿਕ ਇਤਿਹਾਸ’ ਦੇ ਵਰਗ ਵਿੱਚ ਰੱਖਿਆ ਗਿਆ ਹੈ? ਸਿੱਖ ਆਗੂਆਂ ਦੇ ਜੇ ਸ਼ੱਤ-ਪ੍ਰਤੀਸ਼ੱਤ ਨਹੀਂ ਤਾਂ ਇਸ ਪ੍ਰਤੀਸ਼ੱਤ ਦੇ ਨੇੜੇ ਤੇੜੇ ਬਹੁਤੇ ਬੱਚੇ ਸੀਬੀਐੱਸਈ ਦੇ ਸਿਲੇਬਸ ਅਨੁਸਾਰ ਹੀ ਪੜ੍ਹਦੇ ਹਨ। ਫਿਰ ਇਹ ਸਿੱਖ ਆਗੂ ਸੀਬੀਐੱਸਈ ਦੇ ਸਿਲੇਬਸ ਵਿੱਚ ਪੰਜਾਬ ਦਾ ਇਤਿਹਾਸ ਸ਼ਾਮਿਲ ਕਰਨ ਦੀ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ? ਜੇ ਇਨ੍ਹਾਂ ਸਿੱਖ ਆਗੂਆਂ ਦੇ ਬੱਚੇ ਸੀਬੀਐੱਸਈ ਵਾਲੇ ਸਕੂਲਾਂ ਵਿੱਚ ਹੀ ਪੜ੍ਹਦੇ ਹਨ ਤਾਂ ਫਿਰ ਇਹ ਕਿਨ੍ਹਾਂ ਬੱਚਿਆਂ ਅੰਦਰ ਇਤਿਹਾਸ ਦੀ ਰੂਹ ਫੂਕਣ ਲਈ ਸੰਘਰਸ਼ ਕਰ ਰਹੇ ਸਨ?

ਕੈਪਟਨ ਦੇ ਇੱਕ ਸਾਲ ਦੇ ਰਾਜ ਦਾ ਕਮਜ਼ੋਰ ਪਰ ਮਹੱਤਵਪੂਰਨ ਤੇ ਅਣਪਛਾਤਾ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਦੇ ਆਪਣੇ ਸੁਤੰਤਰ ਤੇ ਨਿਰਪੱਖ ਸਰੋਤ ਨਹੀਂ ਹਨ ਜੋ ਕਿਸੇ ਵੀ ਆਗੂ ਲਈ ਖਬਰਾਂ ਹੇਠਲੀਆਂ ਖਬਰਾਂ ਅਤੇ ਘਟਨਾਵਾਂ ਵਿੱਚ ਲੁਕੀਆਂ ਘਟਨਾਵਾਂ ਜਾਨਣ ਲਈ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕੋਲ ਵਿਦਵਾਨਾਂ ਦੀ ਅਜਿਹੀ ਕੋਈ ਟੀਮ ਨਹੀਂ ਜੋ ਵਿਦਿਆ ਦੇ ਖੇਤਰ ਵਿੱਚ ਹੋ ਰਹੀ ਸਿਆਸਤ ਉਤੇ ਲੰਮੀ ਨਜ਼ਰ ਰੱਖ ਸਕੇ। ਉਨ੍ਹਾਂ ਮੀਡੀਆ ਦੀ ਉਸ ਪਰਤ ਨੂੰ ਹੀ ਨੇੜੇ ਲਾਇਆ ਹੋਇਆ ਹੈ ਜਿਨ੍ਹਾਂ ਦੇ ਧੁਰ ਅੰਦਰ ਪੰਜਾਬ ਅਤੇ ਪੰਜਾਬੀਅਤ ਦਾ ਬਸੇਰਾ ਹੀ ਨਹੀਂ। ਪੰਜਾਬੀ ਦੀਆਂ ਵੱਡੀਆਂ, ਛੋਟੀਆਂ ਤੇ ਅਣਗੌਲੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਛਪ ਰਹੀਆਂ ਅਸਲ ਖ਼ਬਰਾਂ ਅਤੇ ਘਟਨਾਵਾਂ ਦੇ ਵਿਸ਼ਲੇਸ਼ਣ ਉਨ੍ਹਾਂ ਦੀ ਸਿਆਸੀ ਰੂਹ ਤੋਂ ਕਿਤੇ ਦੂਰ ਰਹਿੰਦੇ ਹਨ ਜਦਕਿ ਕਈ ਵਾਰ ਇਤਿਹਾਸਕ ਕਰਿਸ਼ਮੇ ਉਨ੍ਹਾਂ ਹੀ ਸਰੋਤਾਂ ਤੋਂ ਜਨਮ ਲੈਂਦੇ ਹਨ। ਕੈਪਟਨ ਨੂੰ ਹਮਦਰਦੀ ਰੱਖਦਿਆਂ ਇੱਕ ਕਦਮ ਉਨ੍ਹਾਂ ਵੱਲ ਵੀ ਪੁੱਟਣਾ ਚਾਹੀਦਾ ਹੈ ਕਿਉਂਕਿ ਲਹਿੰਦੇ ਵਾਲੇ ਪਾਸੇ ਦੀ ਕੰਧ ਸੰਵਾਰਨ ਅਤੇ ਸ਼ਿੰਗਾਰਨ ਲਈ ਚੜ੍ਹਦੇ ਵਾਲੇ ਪਾਸੇ ਦੀ ਕੰਧ ਢਾਹ ਨਹੀਂ ਦੇਣੀ ਚਾਹੀਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,